‘ਵਿਦੇਸ਼ ਭੇਜਣ ਦੇ ਨਾਂ ’ਤੇ’ ਜਾਅਲਸਾਜ਼ ਏਜੰਟਾਂ ਦੀ ਠੱਗੀ ਜਾਰੀ!
Wednesday, Jul 23, 2025 - 07:36 AM (IST)

ਹਰ ਕੋਈ ਚਾਹੁੰਦਾ ਹੈ ਕਿ ਉਹ ਚੰਗੇ ਪੈਸੇ ਕਮਾਏ ਅਤੇ ਵਧੀਆ ਜ਼ਿੰਦਗੀ ਜੀਵੇ। ਇਸੇ ਆਸ ’ਚ ਆਪਣੇ ਸੁਖਾਵੇਂ ਭਵਿੱਖ ਦੇ ਸੁਪਨੇ ਸਜਾ ਕੇ ਕਈ ਨੌਜਵਾਨ ਕਿਸੇ ਵੀ ਢੰਗ ਨਾਲ ਵਿਦੇਸ਼ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸੇ ਜਨੂੰਨ ’ਚ ਇਨ੍ਹਾਂ ’ਚੋਂ ਕਈ ਨੌਜਵਾਨ ਜਾਅਲਸਾਜ਼ ਏਜੰਟਾਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਦੀਆਂ ਸਿਰਫ ਪਿਛਲੇ 4 ਮਹੀਨਿਆਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 12 ਮਾਰਚ, 2025 ਨੂੰ ‘ਰਾਏਬਰੇਲੀ’ (ਉੱਤਰ ਪ੍ਰਦੇਸ਼) ਜ਼ਿਲੇ ’ਚ 500 ਤੋਂ ਵੱਧ ਫਰਜ਼ੀ ਵੀਜ਼ੇ ਬਣਾ ਕੇ ਬੇਰੋਜ਼ਗਾਰ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਮਾਮਲੇ ’ਚ ਪੁਲਸ ਨੇ ‘ਨਸੀਮ’ ਨਾਂ ਦੇ ਠੱਗ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 26 ਪਾਸਪੋਰਟ, ਫਰਜ਼ੀ ਵੀਜ਼ਾ ਅਤੇ ਹੋਰ ਸਮੱਗਰੀ ਬਰਾਮਦ ਕੀਤੀ।
* 13 ਜੂਨ ਨੂੰ ‘ਮਧੂਬਨੀ’ (ਬਿਹਾਰ) ’ਚ ਮੁਹੰਮਦ ਮਖਸੂਦ ਨਾਂ ਦੇ ਠੱਗ ਟ੍ਰੈਵਲ ਏਜੰਟ ਨੇ ਅਬਦੁੱਲ ਮਜੀਦ ਨਾਂ ਦੇ ਨੌਜਵਾਨ ਨੂੰ ਵਿਦੇਸ਼ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 1 ਲੱਖ 40 ਹਜ਼ਾਰ ਰੁਪਏ ਲੈ ਕੇ ਬੋਗਸ ਟਿਕਟ ਤੇ ਵੀਜ਼ਾ ਫੜਾ ਦਿੱਤਾ।
* 16 ਜੂਨ ਨੂੰ ‘ਰਾਏਪੁਰ’ (ਛੱਤੀਸਗੜ੍ਹ) ’ਚ ਇਕ ਨੌਜਵਾਨ ਨੂੰ ਪੁਰਤਗਾਲ ਭੇਜਣ ਅਤੇ ਉੱਥੇ ਨੌਕਰੀ ਦਿਵਾਉਣ ਦੇ ਨਾਂ ’ਤੇ ਉਸ ਨੂੰ ਨਕਲੀ ਟਿਕਟ ਅਤੇ ਹੋਰ ਦਸਤਾਵੇਜ਼ ਫੜਾ ਕੇ 7 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਪੁਲਸ ਨੇ ਇਕ ਪਿਓ-ਪੁੱਤ ਦੇ ਵਿਰੁੱਧ ਕੇਸ ਦਰਜ ਕੀਤਾ।
* 14 ਜੁਲਾਈ ਨੂੰ ‘ਗੰਗੋਹ’ (ਉੱਤਰ ਪ੍ਰਦੇਸ਼) ’ਚ ‘ਸ਼ਾਵੇਜ’ ਨਾਂ ਦੇ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 19 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਉਸ ਦੇ ਪਿਤਾ ‘ਮਸਹੂਕ ਹਸਨ’ ਨੇ 3 ਠੱਗਾਂ ਦੇ ਵਿਰੁੱਧ ਪੁਲਸ ਕੋਲ ਰਿਪੋਰਟ ਦਰਜ ਕਰਵਾ ਕੇ ਆਪਣੀ ਰਕਮ ਵਾਪਸ ਦਿਵਾਉਣ ਦੀ ਅਪੀਲ ਕੀਤੀ ਜੋ ਉਸ ਨੇ ਆਪਣੀ ਜ਼ਮੀਨ ਵੇਚ ਕੇ ਮੁਲਜ਼ਮਾਂ ਨੂੰ ਦਿੱਤੀ ਸੀ।
* 17 ਜੁਲਾਈ ਨੂੰ ‘ਪੁਵਾਯਾਂ’ (ਬਰੇਲੀ, ਉੱਤਰ ਪ੍ਰਦੇਸ਼) ’ਚ ਰਹਿਣ ਵਾਲੀ ਇਕ ਔਰਤ ਨੇ ਹਰਿਆਣਾ ਨਿਵਾਸੀ ਇਕ ਜੋੜੇ ਦੇ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਔਰਤ ਨੇ ਦੋਸ਼ ਲਾਇਆ ਕਿ ਉਕਤ ਜੋੜੇ ਨੇ ਉਸ ਨੂੰ ਵਰਕ ਵੀਜ਼ਾ ਅਤੇ ਵਿਦੇਸ਼ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 5 ਲੱਖ ਰੁਪਏ ਠੱਗ ਲਏ ਪਰ ਆਪਣਾ ਵਾਅਦਾ ਪੂਰਾ ਨਾ ਕੀਤਾ ਜਿਸ ਨਾਲ ਉਹ ਸਦਮੇ ’ਚ ਆ ਗਈ।
* 20 ਜੁਲਾਈ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ‘ਘਰਿੰਡਾ’ ਦੀ ਪੁਲਸ ਨੇ ‘ਦਰਸ਼ਨ ਿਸੰਘ’ ਅਤੇ ‘ਅਮਰਜੀਤ ਕੌਰ’ ਵਿਰੁੱਧ ਕੇਸ ਦਰਜ ਕੀਤਾ, ਜਿਨ੍ਹਾਂ ’ਚੋਂ ‘ਦਰਸ਼ਨ ਿਸੰਘ’ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਸ਼ਿਕਾਇਤਕਰਤਾ ‘ਬਲਜਿੰਦਰ ਿਸੰਘ’ ਦੇ ਅਨੁਸਾਰ ਮੁਲਜ਼ਮਾਂ ਨੇ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 4 ਲੱਖ ਰੁਪਏ ਠੱਗ ਲਏ ਅਤੇ ਨਾ ਤਾਂ ਮੁਲਜ਼ਮਾਂ ਨੇ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਰਕਮ ਵਾਪਸ ਮੋੜੀ।
* 21 ਜੁਲਾਈ ਨੂੰ ‘ਆਜ਼ਮਗੜ੍ਹ’ (ਉੱਤਰ ਪ੍ਰਦੇਸ਼) ਦੇ ‘ਕਰਮੈਨੀ’ ਪਿੰਡ ਦੇ ਰਹਿਣ ਵਾਲੇ ‘ਧਰਮਵੀਰ’ ਨੂੰ ‘ਸਾਊਦੀ ਅਰਬ’ ਭੇਜਣ ਅਤੇ ਨੌਕਰੀ ’ਤੇ ਲਗਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 70 ਹਜ਼ਾਰ ਰੁਪਏ ਅਤੇ ਪਾਸਪੋਰਟ ਲੈ ਲੈਣ ਅਤੇ ਵਾਰ-ਵਾਰ ਚੱਕਰ ਕਟਵਾਉਣ ਦੇ ਬਾਵਜੂਦ ‘ਸਾਊਦੀ ਅਰਬ’ ਨਾ ਭੇਜਣ ਦੇ ਦੋਸ਼ ’ਚ ‘ਧਰਮਵੀਰ’ ਨੇ ਠੱਗ ਟ੍ਰੈਵਲ ਏਜੰਟ ਦੇ ਵਿਰੁੱਧ ਕੇਸ ਦਰਜ ਕਰਵਾਇਆ।
ਇਹ ਤਾਂ ਉਹ ਕੁਝ ਉਦਾਹਰਣਾਂ ਹਨ ਜੋ ਸਾਹਮਣੇ ਆਈਆਂ ਹਨ। ਇਨ੍ਹਾਂ ਦੇ ਇਲਾਵਾ ਪਤਾ ਨਹੀਂ ਅਜਿਹੇ ਕਿੰਨੇ ਮਾਮਲੇ ਹੋਏ ਹੋਣਗੇ ਜਿਨ੍ਹਾਂ ਦੀ ਰਿਪੋਰਟ ਦਰਜ ਨਾ ਹੋਈ ਹੋਵੇ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ‘ਅਣਰਜਿਸਟਰਡ’ ਅਤੇ ਨਾਜਾਇਜ਼ ਏਜੰਟ ਕਈ ਵਾਰ ਲੋਕਾਂ ਨੂੰ ਖਤਰਨਾਕ ਕਿਸਮ ਦੇ ਕੰਮ ’ਚ ਫਸਾ ਦਿੰਦੇ ਹਨ, ਜਿੱਥੇ ਉਨ੍ਹਾਂ ਦੀਆਂ ਜਾਨਾਂ ਲਈ ਜੋਖਮ ਹੁੰਦਾ ਹੈ।
ਉਂਝ ਵੀ ਵਿਦੇਸ਼ ਜਾਣ ਦੀ ਇੱਛਾ ਰੱਖਣ ਦੀ ਬਜਾਏ ਚੰਗਾ ਹੋਵੇਗਾ ਕਿ ਜਿੰਨੀ ਰਕਮ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ’ਤੇ ਖਰਚ ਕਰਦੇ ਹਨ, ਓਨੀ ਰਕਮ ਭਾਰਤ ’ਚ ਖਰਚ ਕਰ ਕੇ ਉਹ ਆਪਣੇ ਬੱਚਿਆਂ ਨੂੰ ਚੰਗਾ ਕਾਰੋਬਾਰ ਸ਼ੁਰੂ ਕਰਵਾ ਦੇਣ ਤਾਂ ਕਿ ਉਹ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਰੋਜ਼ਗਾਰ ਅਤੇ ਆਮਦਨ ਦੇ ਸਾਧਨ ਪੈਦਾ ਕਰਕੇ ਦੇਸ਼ ’ਚ ਬੇਰੋਜ਼ਗਾਰੀ ਦੂਰ ਕਰ ਸਕਣ।
ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਵਿਦੇਸ਼ ਮੰਤਰਾਲਾ ਨੇ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਗਾਈਡਲਾਈਨ ਜਾਰੀ ਕਰਕੇ ਉਨ੍ਹਾਂ ਨੂੰ ਚੌਕਸ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੂੰ ਨੌਕਰੀ ਦੀਆਂ ਫਰਜ਼ੀ ਤਜਵੀਜ਼ਾਂ ਦੇ ਝਾਂਸੇ ’ਚ ਨਹੀਂ ਆਉਣਾ ਚਾਹੀਦਾ ਅਤੇ ਰਜਿਸਟਰਡ ਏਜੰਟਾਂ ਨਾਲ ਹੀ ਸੰਪਰਕ ਕਰਨਾ ਚਾਹੀਦਾ ਹੈ।
–ਵਿਜੇ ਕੁਮਾਰ