ਖੇਤੀ ਇਕ ਘਾਟੇ ਦਾ ਧੰਦਾ, ਇਸ ਘਾਟੇ ਨਾਲ ਕਿਸਾਨ ਦਮ ਤੋੜ ਰਿਹਾ ਹੈ

Saturday, Oct 11, 2025 - 05:21 PM (IST)

ਖੇਤੀ ਇਕ ਘਾਟੇ ਦਾ ਧੰਦਾ, ਇਸ ਘਾਟੇ ਨਾਲ ਕਿਸਾਨ ਦਮ ਤੋੜ ਰਿਹਾ ਹੈ

ਭਾਰਤੀ ਸੱਭਿਆਚਾਰ ਵਿਚ ਤਿਉਹਾਰ ਅਤੇ ਰੀਤੀ-ਰਿਵਾਜ ਖੇਤੀਬਾੜੀ ਨਾਲ ਜੁੜੇ ਹੋਏ ਹਨ। ਖੇਤੀ ਭਾਰਤ ਦੀ ਸਵੈ-ਨਿਰਭਰਤਾ ਦਾ ਮੂਲ ਕਾਰਨ ਹੈ। ਸਾਡਾ ਸਮਾਜ ਅਤੇ ਅਧਿਆਤਮਿਕਤਾ ਖੇਤੀਬਾੜੀ ਨਾਲ ਜੁੜੀ ਹੋਈ ਹੈ। ਵਿਸਾਖੀ ਪੰਜਾਬ ਵਿਚ ਇਕ ਖੇਤੀਬਾੜੀ-ਆਧਾਰਿਤ ਤਿਉਹਾਰ ਹੈ। ਮੈਨੂੰ ਯਾਦ ਹੈ ਕਿ ਜਦੋਂ ਕਣਕ ਦੀ ਕਟਾਈ ਹੁੰਦੀ ਸੀ, ਤਾਂ ਕਿਸਾਨ ਇਕ ਜਾਂ ਦੋ ਮਰਲੇ ਕਣਕ ਨਹੀਂ ਵੱਢਦੇ ਸਨ, ਸਗੋਂ ਇਸ ਨੂੰ ਪੰਛੀਆਂ ਅਤੇ ਕਬੂਤਰਾਂ ਲਈ ਛੱਡ ਦਿੰਦੇ ਸਨ।

ਮੈਨੂੰ ਇਹ ਵੀ ਯਾਦ ਹੈ ਕਿ ਖੇਤਾਂ ਨੂੰ ਵਾਹੁਣ ਤੋਂ ਪਹਿਲਾਂ ਅਸੀਂ ਵੱਡੀਆਂ ਰੋਟੀਆਂ ਤਿਆਰ ਕਰਦੇ ਸੀ ਅਤੇ ਪਰਿਵਾਰ ਦੇ ਦੇਵਤੇ ਦੇ ਨਾਂ ’ਤੇ ਖੇਤ ਦੇ ਚਾਰਾਂ ਕੋਨਿਆਂ ਵਿਚ ਦੱਬ ਦਿੰਦੇ ਸੀ। ਭਾਰਤ ਵਿਚ ਖੇਤੀਬਾੜੀ ਸਾਡਾ ਜਿਊਣ ਦਾ ਢੰਗ ਹੈ। ਸਮਾਜ ਦਾ 70 ਫੀਸਦੀ ਹਿੱਸਾ ਖੇਤੀਬਾੜੀ ’ਤੇ ਨਿਰਭਰ ਕਰਦਾ ਹੈ ਪਰ ਭਾਰਤ ਵਿਚ ਬ੍ਰਿਟਿਸ਼ ਰਾਜ ਨੇ ਭਾਰਤ ਦੀ ਆਰਥਿਕਤਾ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਜ਼ਮੀਨੀ ਪ੍ਰਣਾਲੀ ਨੂੰ ਬਦਲ ਦਿੱਤਾ ਅਤੇ ਭਾਰਤ ਵਿਚ ਜ਼ਿਮੀਂਦਾਰਾ ਪ੍ਰਣਾਲੀ ਨੂੰ ਜਨਮ ਦਿੱਤਾ ਕਿਉਂਕਿ ਉਨ੍ਹਾਂ ਨੇ ਰਾਜ ਕਰਨਾ ਸੀ। ਇਸ ਤਰ੍ਹਾਂ, ਉਨ੍ਹਾਂ ਨੇ ਸਮਾਜ ਨੂੰ ਵੰਡ ਦਿੱਤਾ। ਦਰਅਸਲ, ਅੰਗਰੇਜ਼ਾਂ ਨੇ ਕਿਸਾਨਾਂ ਨੂੰ ਲਗਾਤਾਰ ਗਰੀਬ ਕੀਤਾ। ਇਸ ਲਈ ਖੇਤੀ ਕਰਨਾ ਘਾਟੇ ਦਾ ਸੌਦਾ ਹੋ ਗਿਆ। ਨਤੀਜੇ ਵਜੋਂ, ਭਾਰਤ ਵਿਚ ਹਰ ਸਾਲ 2,000 ਕਿਸਾਨ ਖੇਤੀ ਛੱਡ ਰਹੇ ਹਨ। ਹਜ਼ਾਰਾਂ ਕਿਸਾਨ ਕਰਜ਼ੇ ਦੇ ਬੋਝ ਹੇਠ ਖੁਦਕੁਸ਼ੀ ਕਰ ਰਹੇ ਹਨ।

ਖੇਤੀਬਾੜੀ ’ਤੇ ਸਵੈ-ਨਿਰਭਰਤਾ ਘਟਦੀ ਜਾ ਰਹੀ ਹੈ। ਇਸ ਤੋਂ ਇਲਾਵਾ, ਮੌਸਮ ਨੇ ਲਗਾਤਾਰ ਖੇਤੀ ਦਾ ਅਪਮਾਨ ਕੀਤਾ ਹੈ। ਪੰਜ ਸਾਲਾਂ ਵਿਚ ਮੌਸਮ ਨੇ ਸਿਰਫ਼ ਇਕ ਵਾਰ ਕਿਸਾਨਾਂ ਦਾ ਪੱਖ ਲਿਆ ਹੈ। ਕਦੇ ਸੋਕਾ, ਕਦੇ ਗੜੇਮਾਰੀ, ਕਦੇ ਤੂਫਾਨ ਅਤੇ ਕਦੇ ਟਿੱਡੀ ਦਲ ਨੇ ਕਿਸਾਨਾਂ ਦੇ ਹੋਸ਼ ਉਡਾ ਦਿੱਤੇ। ਪੰਜਾਬ ਦੇ ਕਿਸਾਨਾਂ ’ਤੇ 1,04,353 ਲੱਖ ਕਰੋੜ ਦਾ ਕਰਜ਼ਾ ਹੈ। 2025 ਦੀ ਪਹਿਲੀ ਤਿਮਾਹੀ ਵਿਚ ਭਾਰਤ ਦੇ ਕਿਸਾਨਾਂ ’ਤੇ ਵਿਦੇਸ਼ੀ ਕਰਜ਼ਾ 736,331 ਡਾਲਰ ਸੀ।

ਸਾਨੂੰ ਇਸ ਗੱਲ ਤੋਂ ਖੁਸ਼ ਨਹੀਂ ਹੋਣਾ ਚਾਹੀਦਾ ਕਿ ਅਮਰੀਕਾ ਅਤੇ ਚੀਨ ਦੇ ਕਿਸਾਨ ਭਾਰਤੀ ਕਿਸਾਨਾਂ ਨਾਲੋਂ ਜ਼ਿਆਦਾ ਕਰਜ਼ਦਾਰ ਹਨ। ਅੱਜ ਖੇਤੀ ਕਿਸਾਨਾਂ ਦਾ ਦਮ ਘੁੱਟ ਰਹੀ ਹੈ। ਕਿਉਂ? ਖੇਤੀਬਾੜੀ ’ਤੇ ਆਬਾਦੀ ਦਾ ਦਬਾਅ ਵਧ ਰਿਹਾ ਹੈ। ਘਟਦੀ ਜ਼ਮੀਨ, ਖੰਡਿਤ ਜ਼ਮੀਨ, ਅਨਿਸ਼ਚਿਤ ਮੌਸਮ, ਸਿੰਚਾਈ ਦੀ ਘਾਟ ਅਤੇ ਲਗਾਤਾਰ ਵਧਦੀ ਖੇਤੀ ਲਾਗਤ ਕਿਸਾਨਾਂ ਨੂੰ ਕਰਜ਼ੇ ਵਿਚ ਫਸਾ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਆਮਦਨ ਘੱਟ ਰਹੀ ਹੈ।

ਇਹੀ ਕਾਰਨ ਹੈ ਕਿ ਦੇਸ਼ ਭਰ ਵਿਚ ਕਿਸਾਨ ਅੰਦੋਲਨ ਤੇਜ਼ ਹੋ ਰਹੇ ਹਨ। ਖੇਤੀਬਾੜੀ ਨੀਤੀਆਂ ਨੂੰ ਬਦਲਣ ਅਤੇ ਕਿਸਾਨਾਂ ਦੀਆਂ ਆਰਥਿਕ ਸਥਿਤੀਆਂ ਵਿਚ ਸੁਧਾਰ ਕਰਨ ਦੀਆਂ ਮੰਗਾਂ ਕੀਤੀਆਂ ਜਾ ਰਹੀਆਂ ਹਨ। ਵਿਸਫੋਟਕ ਆਬਾਦੀ ਵਾਧਾ ਜ਼ਮੀਨਾਂ ਦੇ ਆਕਾਰ ਨੂੰ ਘਟਾ ਰਿਹਾ ਹੈ। ਇਕ ਕਿਸਾਨ ਕੋਲ ਹੁਣ ਇਕ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ। ਜ਼ਮੀਨ ਛੋਟੇ ਟੁਕੜਿਆਂ ਵਿਚ ਵੰਡੀ ਹੋਈ ਹੈ, ਜਿਸ ਨਾਲ ਕਿਸਾਨ ਆਪਣਾ ਗੁਜ਼ਾਰਾ ਨਹੀਂ ਕਰ ਪਾ ਰਹੇ। ਭਾਰਤ ਵਿਚ 60 ਫੀਸਦੀ ਖੇਤੀਬਾੜੀ ਜ਼ਮੀਨ ’ਚ ਸਿੰਚਾਈ ਦੀ ਘਾਟ ਹੈ। ਕਿਸਾਨਾਂ ਨੂੰ ਬਾਜ਼ਾਰ ਵਿਚ ਆਪਣੀ ਉਪਜ ਦੇ ਉਚਿਤ ਮੁੱਲ ਨਹੀਂ ਮਿਲ ਰਹੇ ਹਨ।

ਖੇਤੀ ਲਾਗਤਾਂ ਵਧ ਰਹੀਆਂ ਹਨ। ਇਸੇ ਕਰ ਕੇ ਕਿਸਾਨ ਹਾਲ ਹੀ ਵਿਚ ਮਹਾਰਾਸ਼ਟਰ, ਰਾਜਸਥਾਨ, ਤਾਮਿਲਨਾਡੂ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਅੰਦੋਲਨ ਕਰ ਰਹੇ ਹਨ। ਕਿਸਾਨ ਖੁਦਕੁਸ਼ੀਆਂ ਵਿਚ ਵਾਧਾ ਹੋਇਆ ਹੈ। ਕਿਸਾਨ ਅੰਦੋਲਨ ਅੱਜ ਤੋਂ ਸ਼ੁਰੂ ਨਹੀਂ ਹੋਏ; ਕਿਸਾਨ ਅੰਦੋਲਨਾਂ ਦਾ ਇਤਿਹਾਸ 200 ਸਾਲ ਪੁਰਾਣਾ ਹੈ। 19ਵੀਂ ਸਦੀ ਵਿਚ ਨੀਲ ਵਿਦਰੋਹ, ਮਦਰਾਸ ਅਤੇ ਪੰਜਾਬ ਵਿਚ ਕਿਸਾਨ ਅੰਦੋਲਨ ਇਸ ਦੀਆਂ ਉਦਾਹਰਣਾਂ ਹਨ। ਜੇਕਰ ਅਸੀਂ ਆਜ਼ਾਦੀ ਅੰਦੋਲਨ ਦੇ ਸਬੰਧ ਵਿਚ ਭਾਰਤੀ ਕਿਸਾਨ ਅੰਦੋਲਨ ’ਤੇ ਵਿਚਾਰ ਕਰੀਏ, ਤਾਂ ਕਿਸਾਨ ਅੰਦੋਲਨਾਂ ਨੇ ਆਜ਼ਾਦੀ ਦੀ ਲੜਾਈ ਨੂੰ ਸੁਵਿਧਾਜਨਕ ਬਣਾਇਆ ਸੀ। ਅਪ੍ਰੈਲ 1917 ਦਾ ਨੀਲ ਅੰਦੋਲਨ ਪਹਿਲਾ ‘ਸੰਗਠਿਤ ਅੰਦੋਲਨ’ ਸੀ। ਅੰਗਰੇਜ਼ਾਂ ਨੇ ਇਸ ਕਿਸਾਨ ਸੰਘਰਸ਼ ਨੂੰ ਦੰਗਾ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਵਿਚ ਵਿਘਨ ਕਹਿ ਕੇ ਕੁਚਲ ਦਿੱਤਾ। ਇਸ ‘ਸੰਗਠਿਤ ਕਿਸਾਨ ਸੰਘਰਸ਼’ ਨੂੰ ‘ਕਾਨੂੰਨ ਅਤੇ ਵਿਵਸਥਾ’ ਦਾ ਰੂਪ ਦਿੱਤਾ ਗਿਆ। ਉਦਾਹਰਣ ਵਜੋਂ ਪੰਜਾਬ, ਆਂਧਰਾ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਕਿਸਾਨ ਅੰਦੋਲਨ ‘ਰਾਸ਼ਟਰੀ ਆਜ਼ਾਦੀ’ ਲਈ ਅੰਦੋਲਨ ਬਣ ਗਏ। ਕਿਸਾਨ ਤਲਵਾਰਾਂ ਚਲਾਉਣੀਆਂ ਨਹੀਂ ਜਾਣਦੇ, ਪਰ ਉਨ੍ਹਾਂ ਨੂੰ ਕਿਸੇ ਦੀ ਤਲਵਾਰ ਦੀ ਪ੍ਰਵਾਹ ਨਹੀਂ ਹੈ।

ਹਰ ਜਗ੍ਹਾ ਕਿਸਾਨ ਕਰਜ਼ੇ ਵਿਚ ਫਸੇ ਹੋਏ ਹਨ। ਹਰ ਸਾਲ 2.5 ਲੱਖ ਕਿਸਾਨਾਂ ਨੂੰ ਡਿਫਾਲਟਰ ਐਲਾਨਿਆ ਜਾਂਦਾ ਹੈ। ਆਪਣੇ ਕਰਜ਼ੇ ਵਾਪਸ ਕਰਨ ਤੋਂ ਅਸਮਰੱਥ ਕਿਸਾਨ ਦੁਖੀ ਹਨ। ਉਹ ਮਾਨਸਿਕ ਤੌਰ ’ਤੇ ਅਸਥਿਰ ਹੋ ਗਏ ਹਨ ਅਤੇ ਇਸ ਲਈ ਖੁਦਕੁਸ਼ੀਆਂ ਕਰਨ ’ਤੇ ਮਜਬੂਰ ਹਨ।

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਦਹਾਕੇ ਵਿਚ ਖੇਤੀ ਵਿਚ ਲੱਗੇ 12,000 ਕਿਸਾਨਾਂ ਨੇ ਖੁਦਕੁਸ਼ੀ ਕੀਤੀ। ਤਾਜ਼ਾ ਉਪਲੱਬਧ ਅੰਕੜਿਆਂ ਅਨੁਸਾਰ ਸਿਰਫ਼ 2022 ਵਿਚ 11,290 ਕਿਸਾਨਾਂ ਅਤੇ ਖੇਤੀਬਾੜੀ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ। ਸੰਯੁਕਤ ਕਿਸਾਨ ਮੋਰਚਾ ਨੇ ਰਿਪੋਰਟ ਦਿੱਤੀ ਕਿ 10 ਜੁਲਾਈ 2021 ਤੱਕ ਵਿਰੋਧ ਪ੍ਰਦਰਸ਼ਨਾਂ ਵਿਚ 537 ਤੋਂ ਵੱਧ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ।

ਅਕਤੂਬਰ ਅਤੇ ਨਵੰਬਰ 2021 ਵਿਚ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਲਗਭਗ 750 ਪ੍ਰਦਰਸ਼ਨਕਾਰੀ ਮਾਰੇ ਗਏ ਸਨ। ਕਿਸਾਨਾਂ ਦੀ ਸਥਿਤੀ ਸੁਧਾਰਨ ਲਈ ਸਰਕਾਰ ਅਤੇ ਕਿਸਾਨ ਮਿਲ ਕੇ ਸਿੰਚਾਈ ਪ੍ਰਬੰਧਨ, ਕੁਦਰਤੀ ਖੇਤੀ ਨੂੰ ਉਤਸ਼ਾਹ ਦੇਣਾ, ਫਸਲਾਂ ਦਾ ਬੀਮਾ ਕਰਨਾ, ਸਸਤੇ ਕਰਜ਼ੇ, ਆਧੁਨਿਕ ਤਕਨੀਕ ਦੀ ਵਰਤੋਂ, ਬਿਹਤਰ ਬਾਜ਼ਾਰ ਤੱਕ ਪਹੁੰਚ, ਖੇਤੀ ਸਿੱਖਿਆ ਅਤੇ ਟ੍ਰੇਨਿੰਗ ’ਚ ਸੁਧਾਰ ਕਰ ਸਕਦੇ ਹਨ।

-ਮਾਸਟਰ ਮੋਹਨ ਲਾਲ
(ਸਾਬਕਾ ਟਰਾਂਸਪੋਰਟ ਮੰਤਰੀ)


author

Harpreet SIngh

Content Editor

Related News