ਵਿਦੇਸ਼ ਜਾਣ ਦੇ ਮੋਹ ’ਚ ਲੁੱਟੇ ਜਾ ਰਹੇ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ!

Friday, Jan 09, 2026 - 03:13 AM (IST)

ਵਿਦੇਸ਼ ਜਾਣ ਦੇ ਮੋਹ ’ਚ ਲੁੱਟੇ ਜਾ ਰਹੇ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ!

ਹਰ ਕੋਈ ਚਾਹੁੰਦਾ ਹੈ ਕਿ ਉਹ ਚੰਗੇ ਪੈਸੇ ਕਮਾਵੇ ਅਤੇ ਵਧੀਆ ਜ਼ਿੰਦਗੀ ਜੀਵੇ। ਇਸੇ ਆਸ ’ਚ ਆਪਣੇ ਸੁਖਾਵੇਂ ਭਵਿੱਖ ਦੇ ਸੁਪਨੇ ਸੰਜੋਅ ਕੇ ਕਈ ਨੌਜਵਾਨ ਕਿਸੇ ਵੀ ਢੰਗ ਨਾਲ ਵਿਦੇਸ਼ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਪਰ ਉਨ੍ਹਾਂ ’ਚੋਂ ਕਈ ਨੌਜਵਾਨ ਜਾਅਲਸਾਜ਼ ਟ੍ਰੈਵਲ ਏਜੰਟਾਂ ਹੱਥੋਂ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਜਿਨ੍ਹਾਂ ਦੀਆਂ ਸਿਰਫ ਇਸੇ ਮਹੀਨੇ ਦੀਆਂ ਚਾਰ ਦਿਨਾਂ ’ਚ ਸਾਹਮਣੇ ਆਈਆਂ ਘਟਨਾਵਾਂ ਹੇਠਾਂ ਦਰਜ ਹਨ :

* 4 ਜਨਵਰੀ, 2026 ਨੂੰ ‘ਸਹਾਰਨਪੁਰ’ (ਉੱਤਰ ਪ੍ਰਦੇਸ਼) ’ਚ ਇਕ ਏਜੰਟ ਵਲੋਂ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਨੂੰ ਅਮਰੀਕਾ ਪਹੁੰਚਾਉਣ ਦਾ ਵਾਅਦਾ ਕਰ ਕੇ ਉਸ ਨਾਲ 60 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤਕਰਤਾ ਦੇ ਅਨੁਸਾਰ ਪਹਿਲਾਂ ਉਸ ਨੂੰ ਦੁਬਈ ਲਿਜਾਇਆ ਗਿਆ ਅਤੇ ਉਥੋਂ ਅਜਰਬੈਜਾਨ ਭੇਜ ਦਿੱਤਾ।

* 6 ਜਨਵਰੀ ਨੂੰ ‘ਜੰਮੂ’ ’ਚ ‘ਅਨਿਲ ਕਿਸ਼ੋਰ’ ਨਾਂ ਦੇ ਪੰਡਿਤ ਨੇ ਇਕ ਟ੍ਰੈਵਲ ਏਜੰਟ ਮਾਂ-ਪੁੱਤ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਕਿ ਮੁਲਜ਼ਮਾਂ ਨੇ ਉਸ ਨੂੰ ‘ਕੰਬੋਡੀਆ’ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ’ਤੇ ਉਸ ਕੋਲੋਂ 1. 20 ਲੱਖ ਰੁਪਏ ਲਏ ਸਨ ਪਰ ਨਾ ਤਾਂ ਵੀਜ਼ਾ ਦੁਆਇਆ ਅਤੇ ਨਾ ਹੀ ਰਕਮ ਵਾਪਸ ਕੀਤੀ ਗਈ।

* 6 ਜਨਵਰੀ ਨੂੰ ਹੀ ‘ਨਵਾਦਾ’ (ਬਿਹਾਰ) ’ਚ ‘ਏਜਾਜੁਲ ਹਸਨ’ ਨਾਂ ਦੇ ਨੌਜਵਾਨ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕਿ ਉਸ ਕੋਲੋਂ 1 ਲੱਖ 30 ਹਜ਼ਾਰ ਰੁਪਏ ਠੱਗਣ ਦੇ ਦੋਸ਼ ’ਚ ਠੱਗ ਟ੍ਰੈਵਲ ਏਜੰਟ ਦੇ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

* 6 ਜਨਵਰੀ ਨੂੰ ਹੀ ‘ਫਤਹਿਪੁਰ’ (ਉੱਤਰ ਪ੍ਰਦੇਸ਼) ’ਚ ਇਕ ਨੌਜਵਾਨ ਨੂੰ ਵਿਦੇਸ਼ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 1.40 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਇਕ ਠੱਗ ਟ੍ਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ ਗਿਆ।

* 7 ਜਨਵਰੀ ਨੂੰ ‘ਹਮੀਰਪੁਰ’ (ਹਿਮਾਚਲ ਪ੍ਰਦੇਸ਼) ਦੇ ਭੋਰੰਜ ’ਚ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਇਕ ਨੌਜਵਾਨ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ। ਦੋਸ਼ ਹੈ ਕਿ ਬੋਗਸ ਠੱਗ ਟ੍ਰੈਵਲ ਏਜੰਟ ਨੇ ਉਕਤ ਨੌਜਵਾਨ ਨੂੰ ‘ਥਾਈਲੈਂਡ’ ’ਚ ਚੰਗੀ ਨੌਕਰੀ ਦਿਵਾਉਣ ਦਾ ਲਾਲਚ ਦੇ ਕੇ ਉੱਥੇ ਭੇਜਣ ਦੀ ਬਜਾਏ ‘ਮਿਆਂਮਾਰ’ ਭੇਜ ਦਿੱਤਾ।

* 7 ਜਨਵਰੀ ਨੂੰ ਹੀ ਇਕ ਵਿਅਕਤੀ ਨੇ ‘ਚੰਡੀਗੜ੍ਹ’ ਦੇ ਸੈਕਟਰ 17 ਥਾਣੇ ’ਚ ‘ਕੈਨੇਡਾ’ ਦਾ ਵਰਕ ਪਰਿਮਟ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 18 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਟ੍ਰੈਵਲ ਏਜੰਟ ਦੇ ਵਿਰੁੱਧ ਸ਼ਿਕਆਇਤ ਦਰਜ ਕਰਵਾਈ।

* 7 ਜਨਵਰੀ ਨੂੰ ‘ਪੰਚਕੂਲਾ’ (ਹਰਿਆਣਾ) ’ਚ ‘ਐਂਟੀ ਇਮੀਗ੍ਰੇਸ਼ਨ ਫਰਾਡ ਯੂਨਿਟ’ ਨੇ ਸ਼ਿਕਾਇਤਕਰਤਾ ਨੂੰ ਸਟੱਡੀ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਉਸ ਕੋਲੋਂ 13 ਲੱਖ ਰੁਪਏ ਠੱਗ ਲੈਣ ਦੇ ਦੋਸ਼ ’ਚ ਇਕ ਬੋਗਸ ਟ੍ਰੈਵਲ ਏਜੰਟ ਨੂੰ ਗ੍ਰਿਫਤਾਰ ਕੀਤਾ।

* 7 ਜਨਵਰੀ ਨੂੰ ਹੀ ‘ਕੌਸ਼ਾਂਬੀ’ (ਉੱਤਰ ਪ੍ਰਦੇਸ਼) ’ਚ ਇਕ ਵਿਅਕਤੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਉਸ ਕੋਲੋਂ 60,000 ਰੁਪਏ ਠੱਗ ਲੈਣ ਦੇ ਦੋਸ਼ ’ਚ ਪੁਲਸ ਨੇ ਇਕ ਠੱਗ ਟ੍ਰੈਵਲ ਏਜੰਟ ਦੇ ਵਿਰੁੱਧ ਕੇਸ ਦਰਜ ਕੀਤਾ। ਸ਼ਿਕਾਇਤਕਰਤਾ ਦੇ ਅਨੁਸਾਰ ਮੁਲਜ਼ਮ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਆਪਣੇ ਪੈਸੇ ਵਾਪਸ ਮੰਗਣ ’ਤੇ ਗੰਭੀਰ ਨਤੀਜਿਆਂ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆ।

* 7 ਜਨਵਰੀ ਨੂੰ ਹੀ ‘ਪ੍ਰਯਾਗਰਾਜ’ ( ਉੱਤਰ ਪ੍ਰਦੇਸ਼) ’ਚ ਇਕ ਨੌਜਵਾਨ ਨੂੰ ‘ਸਾਊਦੀ ਅਰਬ’ ’ਚ ਨੌਕਰੀ ਦਿਵਾਉਣ ਦੇ ਬਹਾਨੇ ਇਕ ਟ੍ਰੈਵਲ ਏਜੰਟ ਵਲੋਂ ਉਸ ਨਾਲ 1.25 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣਾ ਆਇਆ। ਮੁਲਜ਼ਮ ਨੇ ਨਾ ਤਾਂ ਉਸ ਨੂੰ ਵੀਜ਼ਾ ਦਿਵਾਇਆ ਅਤੇ ਨਾ ਹੀ ਨੌਕਰੀ ਦਿਵਾਈ ਅਤੇ ਬਾਅਦ ’ਚ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ।

* 7 ਜਨਵਰੀ ਨੂੰ ਹੀ ‘ਗੋਪਾਲਗੰਜ’(ਬਿਹਾਰ) ’ਚ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਛਾਪੇਮਾਰੀ ਕਰ ਕੇ ਵਿਦੇਸ਼ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਠੱਗਣ ਵਾਲੇ ਇਕ ਫਰਜ਼ੀ ਟ੍ਰੈਵਲ ਏਜੰਟ ‘ਮ੍ਰਿਤੁੰਜਿਆ ਸਿੰਘ’ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 349 ਭਾਰਤੀ ਪਾਸਪੋਰਟ ਬਰਾਮਦ ਕੀਤੇ।

ਅਜਿਹੀਆਂ ਘਟਨਾਵਾਂ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਵਿਦੇਸ਼ ਜਾਣ ਦੇ ਚਾਹਵਾਨ ਲੋਕ ਪਹਿਲਾਂ ਸਬੰਧਤ ਕੰਪਨੀ, ਏਜੰਟ ਅਤੇ ਦਸਤਾਵੇਜ਼ਾਂ ਦੀ ਪੂਰੀ ਜਾਂਚ ਪੜਤਾਲ ਜ਼ਰੂਰ ਕਰਨ ਅਤੇ ਸਿਰਫ ਅਧਿਕਾਰਤ ਅਤੇ ਰਜਿਸਟਰਡ ਏਜੰਟਾਂ ਦੇ ਰਾਹੀਂ ਹੀ ਵਿਦੇਸ਼ ਜਾਣ।

ਇਮੀਗ੍ਰੇਸ਼ਨ ਨਿਯਮਾਂ ’ਚ ਹੋ ਰਹੀ ਸਖਤੀ ਅਤੇ ਵਿਗੜ ਰਹੀ ਅਰਥਵਿਵਸਥਾ ਦੇ ਕਾਰਨ ਉਂਝ ਵੀ ਵਿਦੇਸ਼ ’ਚ ਵੱਸਣਾ ਔਖਾ ਹੋ ਗਿਆ ਹੈ। ਕੈਨੇਡਾ ਅਤੇ ਅਮਰੀਕਾ ਦੇ ਇਲਾਵਾ ਯੂਰਪ ’ਚ ਵੀ ਇਮੀਗ੍ਰੇਸ਼ਨ ਕਾਨੂੰਨ ਸਖਤ ਹੋ ਰਹੇ ਹਨ।

ਇਸ ਲਈ ਜਿੰਨੀ ਰਕਮ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ’ਤੇ ਖਰਚ ਕਰਦੇ ਹਨ, ਓਨੀ ਹੀ ਰਕਮ ਭਾਰਤ ’ਚ ਖਰਚ ਕਰ ਕੇ ਉਹ ਆਪਣੇ ਬੱਚਿਆਂ ਨੂੰ ਚੰਗਾ ਕਾਰੋਬਾਰ ਸ਼ੁਰੂ ਕਰਵਾ ਦੇਣ, ਤਾਂ ਕਿ ਉਹ ਆਪਣੇ ਨਾਲ-ਨਾਲ ਦੂਜਿਆਂ ਲਈ ਵੀ ਰੋਜ਼ਗਾਰ ਅਤੇ ਆਮਦਨ ਦੇ ਸਾਧਨ ਪੈਦਾ ਕਰ ਕੇ ਦੇਸ਼ ’ਚੋਂ ਬੇਰੋਜ਼ਗਾਰੀ ਦੂਰ ਕਰ ਸਕਣ।

–ਵਿਜੇ ਕੁਮਾਰ


author

Inder Prajapati

Content Editor

Related News