ਆਜ਼ਾਦੀ ਦੇ 77 ਸਾਲ ਬਾਅਦ ਵੀ ਜਾਰੀ ਹੈ ਦੇਸ਼ ਦੇ ਕੁਝ ਹਿੱਸਿਆਂ ’ਚ ਨਰ ਬਲੀ ਦੀ ਬੁਰੀ ਪ੍ਰਥਾ

Friday, Mar 14, 2025 - 03:29 AM (IST)

ਆਜ਼ਾਦੀ ਦੇ 77 ਸਾਲ ਬਾਅਦ ਵੀ ਜਾਰੀ ਹੈ ਦੇਸ਼ ਦੇ ਕੁਝ ਹਿੱਸਿਆਂ ’ਚ ਨਰ ਬਲੀ ਦੀ ਬੁਰੀ ਪ੍ਰਥਾ

ਭਾਰਤ ਦੀ ਆਜ਼ਾਦੀ ਦੇ 77 ਸਾਲ ਬਾਅਦ ਵੀ ਦੇਸ਼ ਦੇ ਕਈ ਇਲਾਕਿਆਂ ’ਚ ਨਰ ਬਲੀ ਦੀ ਬੁਰੀ ਪ੍ਰਥਾ ਜਾਰੀ ਹੈ। ਇਹ ਬੁਰਾਈ ਕਿੰਨੀ ਗੰਭੀਰ ਹੋ ਚੁੱਕੀ ਹੈ, ਇਹ ਸਿਰਫ ਪਿਛਲੇ ਇਕ ਮਹੀਨੇ ’ਚ ਸਾਹਮਣੇ ਆਈਆਂ ਨਰ ਬਲੀ ਦੀਆਂ ਹੇਠਲੀਆਂ 2 ਘਟਨਾਵਾਂ ਤੋਂ ਸਪੱਸ਼ਟ ਹੈ :

* 9 ਫਰਵਰੀ ਨੂੰ ‘ਚਿਤਰਦੁਰਗ’ (ਕਰਨਾਟਕ) ’ਚ ਆਰਥਿਕ ਤੰਗੀ ਨਾਲ ਜੂਝ ਰਹੇ ‘ਆਨੰਦ ਰੈੱਡੀ’ ਨਾਂ ਦੇ ਇਕ ਵਿਅਕਤੀ ਨੂੰ ਕਿਸੇ ਤਾਂਤਰਿਕ ਨੇ ਸਲਾਹ ਦਿੱਤੀ ਕਿ ਜੇ ਉਹ ਢਿਮਕੀ ਦੇਵੀ ਨੂੰ ਖੁਸ਼ ਕਰਨ ਲਈ ਨਰ ਬਲੀ ਦੇ ਦੇਵੇ ਤਾਂ ਉਸ ਨੂੰ ਦੱਬਿਆ ਹੋਇਆ ਖਜ਼ਾਨਾ ਮਿਲ ਜਾਵੇਗਾ। ਤਾਂਤਰਿਕ ਦੀ ਸਲਾਹ ਮੰਨ ਕੇ ਉਸ ਨੇ ‘ਪ੍ਰਭਾਕਰ’ ਨਾਂ ਦੇ ਇਕ ਗਰੀਬ ਵਿਅਕਤੀ ਨੂੰ ਆਪਣੀਆਂ ਗੱਲਾਂ ’ਚ ਫਸਾ ਕੇ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਛੁਰੇ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

* ਅਤੇ ਹੁਣ 10 ਮਾਰਚ ਨੂੰ ਗੁਜਰਾਤ ਦੇ ‘ਛੋਟਾ ਉਦੈਪੁਰ’ ਜ਼ਿਲੇ ਦੇ ‘ਪਨੇਜ’ ਪਿੰਡ ’ਚ ‘ਲਾਲੋ ਹਿੰਮਤ ਤਾੜਵੀ’ ਨਾਂ ਦੇ ਵਿਅਕਤੀ ਨੇ ਸਵੇਰੇ-ਸਵੇਰੇ ਇਕ 5 ਸਾਲ ਦੀ ਬੱਚੀ ‘ਰੀਟਾ ਤਾੜਵੀ’ ਨੂੰ ਉਸ ਦੇ ਘਰੋਂ ਅਗਵਾ ਕਰ ਕੇ ਆਪਣੇ ਘਰ ਲੈ ਜਾ ਕੇ ਕੁਹਾੜੀ ਨਾਲ ਉਸ ਦੀ ਧੌਣ ਧੜ ਤੋਂ ਵੱਖ ਕਰ ਦਿੱਤੀ।

ਫਿਰ ‘ਲਾਲੋ ਹਿੰਮਤ ਤਾੜਵੀ’ ਨੇ ਉਸ ਦੀ ਧੌਣ ’ਚੋਂ ਵਗਦੇ ਹੋਏ ਖੂਨ ਨੂੰ ਇਕੱਠਾ ਕੀਤਾ ਅਤੇ ਉਸ ’ਚੋਂ ਕੁਝ ਖੂਨ ਦਾ ਆਪਣੇ ਘਰ ’ਚ ਬਣੇ ਹੋਏ ਛੋਟੇ ਜਿਹੇ ਮੰਦਰ ਦੀਆਂ ਪੌੜੀਆਂ ’ਤੇ ਛਿੜਕਾਅ ਕੀਤਾ ਤਾਂ ਕਿ ਉਸ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ। ਮ੍ਰਿਤਕਾ ਦੇ ਮਾਤਾ-ਪਿਤਾ ਦੀ ਸ਼ਿਕਾਇਤ ’ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸਮਾਜ ਲਈ ਚਿਤਾਵਨੀ ਸਿੱਧ ਹੋ ਰਹੀਆਂ ਉਪਰੋਕਤ ਘਟਨਾਵਾਂ ਅੰਧਵਿਸ਼ਵਾਸ ਦੇ ਖਤਰਿਆਂ ਨੂੰ ਉਜਾਗਰ ਕਰਦੀਆਂ ਹਨ। ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਲੋਕ ਅੰਧਵਿਸ਼ਵਾਸ ਦੇ ਚੱਕਰ ’ਚ ਪੈ ਕੇ ਅਨਰਥ ਕਰ ਰਹੇ ਹਨ।

ਸਮਾਜਿਕ ਵਰਕਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਇਸ ਚੱਕਰ ’ਚੋਂ ਕੱਢਣ ਲਈ ਦੇਸ਼ ’ਚ ਜਾਗਰੂਕਤਾ ਮੁਹਿੰਮ ਚਲਾਉਣ ਦੀ ਲੋੜ ਹੈ ਕਿ ਮੁਸ਼ਕਿਲਾਂ ਅਜਿਹੇ ਹੱਥਕੰਡਿਆਂ ਨਾਲ ਨਹੀਂ, ਸਗੋਂ ਮਿਹਨਤ ਨਾਲ ਕੰਮ ਕਰਨ ’ਤੇ ਹੱਲ ਹੁੰਦੀਆਂ ਹਨ। ਇਸ ਦੇ ਨਾਲ ਹੀ ਫੜੇ ਜਾਣ ਵਾਲੇ ਦੋਸ਼ੀਆਂ ਨੂੰ ਤੁਰੰਤ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ।

–ਵਿਜੇ ਕੁਮਾਰ


author

Inder Prajapati

Content Editor

Related News