ਭਾਵਨਾ-ਰਹਿਤ ਨੌਜਵਾਨ : ਦੇਸ਼ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਕਤਲ
Monday, Jul 13, 2026 - 03:50 PM (IST)
ਭਾਰਤ ਨੇ ਸਾਲਾਂ ਤੋਂ ਕਈ ਦਿਲ ਦਹਿਲਾ ਦੇਣ ਵਾਲੇ ਅਪਰਾਧ ਦੇਖੇ ਹਨ ਪਰ ਕੁਝ ਮਾਮਲੇ ਦੇਸ਼ ਨੂੰ ਇਕ ਵੱਖਰੇ ਤਰੀਕੇ ਨਾਲ ਝੰਜੋੜ ਦਿੰਦੇ ਹਨ। ਇਹ ਦੰਗੇ, ਯੁੱਧ ਜਾਂ ਸੰਗਠਿਤ ਗੈਂਗਸਟਰ ਸੰਘਰਸ਼ ਦੌਰਾਨ ਕੀਤੇ ਗਏ ਅਪਰਾਧ ਨਹੀਂ ਹਨ, ਇਹ ਸਾਵਧਾਨੀਪੂਰਵਕ ਯੋਜਨਾਬੱਧ ਕੀਤੇ ਗਏ ਕਤਲ ਹਨ, ਜਿਨ੍ਹਾਂ ’ਚ ਅਜਿਹੇ ਨੌਜਵਾਨ ਸ਼ਾਮਲ ਹਨ, ਜੋ ਅਕਸਰ ਗੁਆਂਢੀਆਂ, ਦੋਸਤਾਂ ਅਤੇ ਇੱਥੋਂ ਤੱਕ ਕਿ ਪਰਿਵਾਰਕ ਮੈਂਬਰਾਂ ਲਈ ਆਮ ਦਿਖਾਈ ਦਿੰਦੇ ਸਨ। ਦਿੱਲੀ ’ਚ ਹਾਲ ਹੀ ’ਚ ਹੋਇਆ ਅਲੀਸ਼ਾ ਹੱਤਿਆਕਾਂਡ ਜਾਂ ਪੁਣੇ ’ਚ ਸੀਆ ਹੱਤਿਆਕਾਂਡ ਅਤੇ ਕਈ ਹੋਰ ਹੈਰਾਨ ਕਰਨ ਵਾਲੀਆਂ ਘਟਨਾਵਾਂ ਨੇ ਲੋਕਾਂ ਨੂੰ ਇਕੋ ਦਰਦਨਾਕ ਸਵਾਲ ਪੁੱਛਣ ਲਈ ਮਜਬੂਰ ਕਰ ਦਿੱਤਾ ਹੈ-ਸਾਡੇ ਨੌਜਵਾਨਾਂ ਨੂੰ ਕੀ ਹੋ ਰਿਹਾ ਹੈ? ਹਿੰਸਾ ਹੁਣ ਹਮੇਸ਼ਾ ਹਨੇਰੇ ’ਚੋਂ ਨਹੀਂ ਆਉਂਦੀ, ਕਦੇ-ਕਦੇ ਇਹ ਉਨ੍ਹਾਂ ਘਰਾਂ, ਜਮਾਤਾਂ, ਰਿਸ਼ਤਿਆਂ ਅਤੇ ਸਮਾਜਿਕ ਦਾਇਰਿਆਂ ’ਚੋਂ ਆਉਂਦੀ ਹੈ, ਜੋ ਬਾਹਰੋਂ ਪੂਰੀ ਤਰ੍ਹਾਂ ਆਮ ਲੱਗਦੇ ਸਨ।
ਕਿਸੇ ਨੌਜਵਾਨ ਦਾ ਕਤਲ ਹਮੇਸ਼ਾ ਦੁਖਦਾਈ ਹੁੰਦਾ ਹੈ ਪਰ ਜਦੋਂ ਮੁਲਜ਼ਮ ਵੀ ਨੌਜਵਾਨ ਹੁੰਦੇ ਹਨ, ਤਾਂ ਸਦਮਾ ਹੋਰ ਡੂੰਘਾ ਹੋ ਜਾਂਦਾ ਹੈ। ਲੋਕ ਇਹ ਸਮਝਣ ਲਈ ਸੰਘਰਸ਼ ਕਰਦੇ ਹਨ ਕਿ ਕੋਈ ਵਿਅਕਤੀ ਕਾਲਜ ਕਿਵੇਂ ਜਾ ਸਕਦਾ ਹੈ, ਪਰਿਵਾਰ ਨਾਲ ਖਾਣਾ ਸਾਂਝਾ ਕਰ ਸਕਦਾ ਹੈ, ਦੋਸਤਾਂ ਨਾਲ ਹੱਸ ਸਕਦਾ ਹੈ ਅਤੇ ਫਿਰ ਕਥਿਤ ਤੌਰ ’ਤੇ ਇੰਨੀ ਕਰੂਰਤਾ ਵਾਲੇ ਕਾਰੇ ’ਚ ਸ਼ਾਮਲ ਹੋ ਸਕਦਾ ਹੈ? ਆਮ ਰੋਜ਼ਾਨਾ ਜੀਵਨ ਅਤੇ ਅਸਾਧਾਰਨ ਹਿੰਸਾ ਵਿਚਾਲੇ ਇਹੀ ਫਰਕ ਦੇਸ਼ ਨੂੰ ਪ੍ਰੇਸ਼ਾਨ ਕਰ ਦਿੰਦਾ ਹੈ।
ਸਾਧਾਰਨਤਾ ਦਾ ਭਰਮ : ਇਨ੍ਹਾਂ ਅਪਰਾਧਾਂ ਦੇ ਸਭ ਤੋਂ ਭਿਆਨਕ ਪਹਿਲੂਆਂ ’ਚੋਂ ਇਕ ਇਹ ਹੈ ਕਿ ਕਈ ਮੁਲਜ਼ਮ ਰਵਾਇਤੀ ਅਪਰਾਧੀ ਦੇ ਅਕਸ ’ਚ ਫਿੱਟ ਨਹੀਂ ਬੈਠਦੇ। ਉਹ ਵਿਦਿਆਰਥੀ ਹੋ ਸਕਦੇ ਹਨ, ਨੌਕਰੀਪੇਸ਼ਾ ਹੋ ਸਕਦੇ ਹਨ, ਸਮਾਜਿਕ ਤੌਰ ’ਤੇ ਸਰਗਰਮ ਜਾਂ ਚੰਗੀ ਤਰ੍ਹਾਂ ਗੱਲ ਕਰਨ ਵਾਲੇ ਹੋ ਸਕਦੇ ਹਨ। ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਸ਼ਾਂਤ ਜਾਂ ਅੰਤਰਮੁਖੀ ਨੌਜਵਾਨ ਖ਼ਤਰਨਾਕ ਹੈ। ਇਸ ਦਾ ਮਤਲਬ ਇਹ ਹੈ ਕਿ ਸਿਰਫ਼ ਬਾਹਰੀ ਦਿਖਾਵਾ ਇਹ ਪ੍ਰਗਟ ਨਹੀਂ ਕਰ ਸਕਦਾ ਕਿ ਕਿਸੇ ਵਿਅਕਤੀ ਦੇ ਅੰਦਰ ਭਾਵਨਾਤਮਕ ਜਾਂ ਮਨੋਵਿਗਿਆਨਕ ਤੌਰ ’ਤੇ ਕੀ ਚੱਲ ਰਿਹਾ ਹੈ। ਹਿੰਸਕ ਵਿਵਹਾਰ ਦਾ ਅਧਿਐਨ ਕਰਨ ਵਾਲੇ ਮਾਹਿਰ ਅਕਸਰ ਇਕ ਸਿੰਗਲ ਕਾਰਨ ਦੀ ਬਜਾਏ ਕਈ ਕਾਰਕਾਂ ਦੇ ਸੁਮੇਲ ਵੱਲ ਇਸ਼ਾਰਾ ਕਰਦੇ ਹਨ :
ਭਾਵਨਾਤਮਕ ਅਪਰਿਪੱਕਤਾ : ਨਕਾਰੇ ਜਾਣ, ਅਪਮਾਨ ਜਾਂ ਸੰਘਰਸ਼ ਨੂੰ ਸੰਭਾਲਣ ’ਚ ਅਸਮਰੱਥਾ।
ਹਮਦਰਦੀ ਦੀ ਕਮੀ : ਇਹ ਦੂਜੇ ਵਿਅਕਤੀ ਦੇ ਦਰਦ ਨੂੰ ਪੂਰੀ ਤਰ੍ਹਾਂ ਸਮਝਣ ’ਚ ਅਸਫਲਤਾ ਹੈ।
ਅਧਿਕਾਰ ਦੀ ਭਾਵਨਾ : ਇਹ ਮੰਨਣਾ ਕਿ ਕਿਸੇ ਦੀਆਂ ਇੱਛਾਵਾਂ ਦੂਜੇ ਵਿਅਕਤੀ ਦੇ ਜੀਵਨ ਨਾਲੋਂ ਵੱਧ ਮਹੱਤਵਪੂਰਨ ਹਨ।
ਹਮਲਾਵਰਤਾ ਦਾ ਸਾਹਮਣਾ ਕਰਨਾ : ਹਿੰਸਕ ਸਮੱਗਰੀ ਦਾ ਲਗਾਤਾਰ ਸੇਵਨ ਕਦੇ-ਕਦੇ ਪੀੜਾ ਪ੍ਰਤੀ ਸੰਵੇਦਨਸ਼ੀਲਤਾ ਨੂੰ ਘਟਾ ਸਕਦਾ ਹੈ।
ਵੱਖਵਾਦ : ਅਣਸੁਲਝਿਆ ਗੁੱਸਾ, ਇਕੱਲਾਪਣ ਜਾਂ ਸਮੇਂ ਦੇ ਨਾਲ ਅਣਜਾਣੇ ’ਚ ਵਧਦਾ ਜਾ ਰਿਹਾ ਰੋਸ ਹੋ ਸਕਦਾ ਹੈ।
ਮਾਪੇ ਅਕਸਰ ਕੀ ਖੁੰਝ ਜਾਂਦੇ ਹਨ : ਹਰ ਅਜਿਹੀ ਤ੍ਰਾਸਦੀ ਤੋਂ ਬਾਅਦ, ਪਰਿਵਾਰਾਂ ਨੂੰ ਪੁੱਛਿਆ ਜਾਂਦਾ ਹੈ ਕਿ ਕੀ ਉਨ੍ਹਾਂ ਨੇ ਚਿਤਾਵਨੀ ਦੇ ਸੰਕੇਤ ਦੇਖੇ ਸਨ। ਦਰਦਨਾਕ ਹਕੀਕਤ ਇਹ ਹੈ ਕਿ ਚਿਤਾਵਨੀ ਦੇ ਸੰਕੇਤ ਹਮੇਸ਼ਾ ਸਪੱਸ਼ਟ ਨਹੀਂ ਹੁੰਦੇ। ਇਕ ਬੱਚਾ ਅਜੇ ਵੀ ਜਮਾਤਾਂ ’ਚ ਜਾ ਸਕਦਾ ਹੈ, ਫ਼ੋਨ ਦੀ ਵਰਤੋਂ ਕਰ ਸਕਦਾ ਹੈ, ਪਰਿਵਾਰ ਨਾਲ ਖਾਣਾ ਖਾ ਸਕਦਾ ਹੈ ਅਤੇ ਆਮ ਦਿਖਾਈ ਦੇ ਸਕਦਾ ਹੈ। ਫਿਰ ਵੀ ਸਤਹ ਦੇ ਹੇਠਾਂ ਭਾਵਨਾਤਮਕ ਤਬਦੀਲੀਆਂ ਹੋ ਰਹੀਆਂ ਹੋ ਸਕਦੀਆਂ ਹਨ।
ਮਾਪੇ ਬੱਚੇ ਦੇ ਅੰਕ, ਸਮਾਂ-ਸਾਰਣੀ ਅਤੇ ਸ਼ੌਕ ਜਾਣ ਸਕਦੇ ਹਨ ਪਰ ਫਿਰ ਵੀ ਇਹ ਨਹੀਂ ਜਾਣ ਸਕਦੇ ਕਿ ਬੱਚਾ ਕੀ ਮਹਿਸੂਸ ਕਰ ਰਿਹਾ ਹੈ। ਉੱਤਰ ਡਰ ਜਾਂ ਨਿਗਰਾਨੀ ਨਹੀਂ ਹੈ। ਇਹ ਨਿਰੰਤਰ ਭਾਵਨਾਤਮਕ ਜੁੜਾਅ ਹੈ। ਇਕ ਮਾਪੇ ਨੂੰ ਆਪਣੇ ਬੱਚੇ ਨਾਲ ਇੰਨਾ ਮਿਲਣਸਾਰ ਹੋਣਾ ਚਾਹੀਦਾ ਹੈ ਕਿ ਉਹ ਪੁੱਛ ਸਕਣ ਕਿ ਤੁਹਾਡੇ ਸਭ ਤੋਂ ਨਜ਼ਦੀਕੀ ਦੋਸਤ ਕੌਣ ਹਨ? ਅੱਜ-ਕੱਲ ਤੈਨੂੰ ਕੀ ਪ੍ਰੇਸ਼ਾਨ ਕਰ ਰਿਹਾ ਹੈ?
ਬੱਚੇ ਨੂੰ ਯਕੀਨ ਹੋਣਾ ਚਾਹੀਦਾ ਹੈ ਕਿ ਮਾਪੇ ਉਸ ਨੂੰ ਸਮਝਣ ਲਈ ਕਾਫ਼ੀ ਸਮਝਦਾਰ ਹੋਣਗੇ ਜਦੋਂ ਉਹ ਆਪਣੇ ਮਾਪਿਆਂ ਨੂੰ ਦੱਸੇਗਾ ਕਿ ਉਹ ਗੁੱਸੇ ’ਚ ਹੈ ਜਾਂ ਉਸ ਦਾ ਅਪਮਾਨ ਹੋਇਆ ਹੈ ਜਾਂ ਉਹ ਦੁਖੀ ਹੈ। ਅੱਜ ਦੇ ਬੱਚਿਆਂ ਨੂੰ ਲੈਕਚਰ ਦੀ ਨਹੀਂ, ਸਗੋਂ ਬਿਨਾਂ ਕਿਸੇ ਜੱਜਮੈਂਟ ਦੇ ਗੱਲ ਕਰਨ ਲਈ ਇਕ ਸੁਰੱਖਿਅਤ ਜਗ੍ਹਾ ਦੀ ਲੋੜ ਹੈ।
ਸਕੂਲ ਅਤੇ ਸਮਾਜ ਚੁੱਪ ਨਹੀਂ ਰਹਿ ਸਕਦੇ : ਇਕੱਲੀ ਵਿੱਦਿਅਕ ਸਫਲਤਾ ਕਾਫ਼ੀ ਨਹੀਂ ਹੈ। ਇਕ ਬੱਚਾ ਉੱਚ ਅੰਕ ਪ੍ਰਾਪਤ ਕਰ ਸਕਦਾ ਹੈ ਅਤੇ ਫਿਰ ਵੀ ਭਾਵਨਾਤਮਕ ਤੌਰ ’ਤੇ ਸੰਘਰਸ਼ ਕਰ ਸਕਦਾ ਹੈ। ਸਕੂਲਾਂ ਨੂੰ ਭਾਵਨਾਤਮਕ ਸਿੱਖਿਆ ਨੂੰ ਗਣਿਤ ਅਤੇ ਵਿਗਿਆਨ ਵਾਂਗ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਬੱਚਿਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿ ਨਕਾਰੇ ਜਾਣ ਨੂੰ ਕਿਵੇਂ ਸੰਭਾਲਣਾ ਹੈ, ਗੁੱਸੇ ਨੂੰ ਕਿਵੇਂ ਕਾਬੂ ਕਰਨਾ ਹੈ, ਸੰਘਰਸ਼ ਦੌਰਾਨ ਗੱਲਬਾਤ ਕਿਵੇਂ ਕਰਨੀ ਹੈ, ਸ਼ਰਮ ਤੋਂ ਬਿਨਾਂ ਮਦਦ ਕਿਵੇਂ ਮੰਗਣੀ ਹੈ ਅਤੇ ਆਪਣੇ ਅਤੇ ਦੂਜਿਆਂ ’ਚ ਨੁਕਸਾਨਦੇਹ ਵਿਵਹਾਰ ਨੂੰ ਕਿਵੇਂ ਪਛਾਣਨਾ ਹੈ। ਸਕੂਲਾਂ ’ਚ ਕਾਊਂਸਲਿੰਗ ਹੋਣੀ ਚਾਹੀਦੀ ਹੈ। ਬਹੁਤ ਸਾਰੇ ਪਰਿਵਾਰ ‘ਲੋਕ ਕੀ ਕਹਿਣਗੇ’ ਦੀ ਚਿੰਤਾ ਕਰਦੇ ਹਨ, ਬਜਾਏ ਇਸ ਦੇ ਕਿ ‘ਕਿਸ ਮਦਦ ਦੀ ਲੋੜ ਹੈ’ ਪੁੱਛਣ।
ਪਰਿਵਾਰਾਂ ਵਲੋਂ ਚੁਕਾਈ ਗਈ ਕੀਮਤ : ਜਦੋਂ ਕੋਈ ਕਤਲ ਹੁੰਦਾ ਹੈ, ਤਾਂ ਸੁਰਖੀਆਂ ਜਾਂਚ, ਗ੍ਰਿਫ਼ਤਾਰੀ ਅਤੇ ਅਦਾਲਤੀ ਕਾਰਵਾਈ ’ਤੇ ਕੇਂਦਰਿਤ ਹੁੰਦੀਆਂ ਹਨ ਪਰ ਸਭ ਤੋਂ ਡੂੰਘਾ ਜ਼ਖ਼ਮ ਪੀੜਤ ਦੇ ਪਰਿਵਾਰ ਕੋਲ ਰਹਿ ਜਾਂਦਾ ਹੈ। ਮਾਪੇ ਜੀਵਨ ਭਰ ਅਣਸੁਲਝੇ ਸਵਾਲਾਂ ਦਾ ਸਾਹਮਣਾ ਕਰਦੇ ਹਨ। ਜਨਮਦਿਨ ਦਰਦਨਾਕ ਯਾਦਾਂ ਬਣ ਜਾਂਦੇ ਹਨ। ਖਾਲੀ ਕਮਰੇ ਸਥਾਈ ਸਮਾਰਕ ਬਣ ਜਾਂਦੇ ਹਨ। ਉਸੇ ਸਮੇਂ, ਇਕ ਹੋਰ ਤ੍ਰਾਸਦੀ ਚੁੱਪਚਾਪ ਸਾਹਮਣੇ ਆਉਂਦੀ ਹੈ। ਮੁਲਜ਼ਮ ਦੇ ਪਰਿਵਾਰ ਵੀ ਸਦਮੇ, ਸ਼ਰਮ ਅਤੇ ਬੇਵਿਸ਼ਵਾਸੀ ਦਾ ਅਨੁਭਵ ਕਰਦੇ ਹਨ। ਉਹ ਅਕਸਰ ਖੁਦ ਨੂੰ ਪੁੱਛਦੇ ਹਨ ਕਿ ਕੀ ਉਹ ਤ੍ਰਾਸਦੀ ਨੂੰ ਰੋਕ ਸਕਦੇ ਸਨ ਅਤੇ ਉਨ੍ਹਾਂ ਦਾ ਬੱਚਾ ਅਜਿਹੀ ਭਿਆਨਕਤਾ ਨਾਲ ਕਿਵੇਂ ਜੁੜ ਗਿਆ। ਸਮਾਜ ਸਿਰਫ਼ ਦੁੱਖ ਦੇ ਇਕ ਪੱਖ ਨੂੰ ਦੇਖਦਾ ਹੈ ਪਰ ਹਿੰਸਾ ਕਈ ਜ਼ਿੰਦਗੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਇਕ ਸਾਰਥਕ ਪ੍ਰਤੀਕਿਰਿਆ ਲਈ ਕਈ ਪੱਧਰਾਂ ’ਤੇ ਕਾਰਵਾਈ ਦੀ ਲੋੜ ਹੁੰਦੀ ਹੈ : ਪਰਿਵਾਰ ਬੱਚਿਆਂ ਨਾਲ ਬਿਨਾਂ ਰੁਕਾਵਟ ਸਮਾਂ ਬਿਤਾਉਣ। ਘੱਟ ਲੈਕਚਰ ਦੇਣ ਅਤੇ ਜ਼ਿਆਦਾ ਸੁਣਨ। ਅਚਾਨਕ ਹੋਏ ਵਿਵਹਾਰਿਕ ਬਦਲਾਵਾਂ ਨੂੰ ਗੰਭੀਰਤਾ ਨਾਲ ਲੈਣ। ਉਨ੍ਹਾਂ ਨੂੰ ‘ਮੂਡ ਸਵਿੰਗਜ਼’ ਕਹਿ ਕੇ ਨਾ ਛੱਡਣ। ਲੋੜ ਪੈਣ ’ਤੇ ਪੇਸ਼ੇਵਰ ਮਦਦ ਲੈਣ। ਸਕੂਲ ਸੁਲਭ ਕਾਊਂਸਲਿੰਗ ਪ੍ਰਦਾਨ ਕਰਨ। ਭਾਵਨਾਤਮਕ ਲਚਕੀਲਾਪਨ ਸਿਖਾਉਣ। ਬੁਲਿੰਗ ਅਤੇ ਅਪਮਾਨ ਨੂੰ ਜਲਦੀ ਦੂਰ ਕਰਨ। ਅਜਿਹਾ ਮਾਹੌਲ ਸਿਰਜਣ ਜਿੱਥੇ ਵਿਦਿਆਰਥੀ ਮਦਦ ਮੰਗ ਸਕਣ। ਸਮਾਜ ’ਚ ਥੈਰੇਪੀ ਦੇ ਆਲੇ-ਦੁਆਲੇ ਦੇ ਕਲੰਕ ਨੂੰ ਘੱਟ ਕਰਨ। ਭਾਈਚਾਰਕ ਸਹਾਇਤਾ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ। ਸਿਰਫ਼ ਅਪਰਾਧ ਤੋਂ ਬਾਅਦ ਦੇ ਗੁੱਸੇ ’ਤੇ ਨਹੀਂ, ਬਚਾਅ ’ਤੇ ਧਿਆਨ ਦੇਣ।
ਅਸਲੀ ਸਵਾਲ ਇਹ ਨਹੀਂ ਹੈ ਕਿ ਸਿਰਫ਼ ਇਕ ਨੌਜਵਾਨ ਨੇ ਭਿਆਨਕ ਕਾਰਾ ਕਿਉਂ ਕੀਤਾ। ਡੂੰਘਾ ਸਵਾਲ ਇਹ ਹੈ ਕਿ ਕੀ ਅਸੀਂ ਆਪਣੇ ਆਲੇ-ਦੁਆਲੇ ਦਿਖਾਈ ਦੇਣ ਵਾਲੀਆਂ ਭਾਵਨਾਤਮਕ ਤਰੇੜਾਂ ਨੂੰ ਆਫ਼ਤ ਬਣਨ ਤੋਂ ਪਹਿਲਾਂ ਦੇਖ ਪਾ ਰਹੇ ਹਾਂ। ਜੇਕਰ ਭਾਰਤ ਅਜਿਹੀਆਂ ਹੋਰ ਤ੍ਰਾਸਦੀਆਂ ਨੂੰ ਘੱਟ ਕਰਨਾ ਚਾਹੁੰਦਾ ਹੈ, ਤਾਂ ਹੱਲ ਸਿਰਫ਼ ਸਜ਼ਾ ਨਾਲ ਨਹੀਂ ਆਵੇਗਾ। ਇਹ ਮਜ਼ਬੂਤ ਪਰਿਵਾਰਾਂ, ਭਾਵਨਾਤਮਕ ਤੌਰ ’ਤੇ ਜਾਗਰੂਕ ਸਕੂਲਾਂ, ਸੁਲਭ ਮਾਨਸਿਕ ਸਿਹਤ ਸਹਾਇਤਾ ਅਤੇ ਇਕ ਅਜਿਹੀ ਸੰਸਕ੍ਰਿਤੀ ਤੋਂ ਆਵੇਗਾ ਜੋ ਹਮਦਰਦੀ ਨੂੰ ਅਭਿਲਾਸ਼ਾ ਵਾਂਗ ਗੰਭੀਰਤਾ ਨਾਲ ਸਿਖਾਉਂਦੀ ਹੈ।
ਕਿਉਂਕਿ ਸਭ ਤੋਂ ਦਰਦਨਾਕ ਸੱਚ ਇਹ ਹੈ-ਕਤਲ ਉਸ ਦਿਨ ਸ਼ੁਰੂ ਨਹੀਂ ਹੁੰਦਾ ਜਿਸ ਦਿਨ ਉਹ ਹੁੰਦਾ ਹੈ। ਇਹ ਅਕਸਰ ਬਹੁਤ ਪਹਿਲਾਂ ਸ਼ੁਰੂ ਹੋ ਜਾਂਦਾ ਹੈ-ਅਣਸੁਲਝੇ ਗੁੱਸੇ, ਅਣਦੇਖੀ ਪ੍ਰੇਸ਼ਾਨੀ, ਟੁੱਟੀ ਹੋਈ ਗੱਲਬਾਤ ਅਤੇ ਦੂਜੇ ਮਨੁੱਖੀ ਜੀਵਨ ਨੂੰ ਮਹੱਤਵ ਦੇਣ ਦੀ ਵਧਦੀ ਅਸਮਰੱਥਾ ’ਚ। ਜਿਸ ਸਮੇਂ ਤੱਕ ਰਾਸ਼ਟਰ ਝੰਜੋੜਿਆ ਜਾਂਦਾ ਹੈ, ਕੁਝ ਪਹਿਲਾਂ ਹੀ ਹੱਥੋਂ ਛੁੱਟ ਚੁੱਕਾ ਹੁੰਦਾ ਹੈ।
-ਦੇਵੀ ਐੱਮ. ਚੇਰੀਅਨ
