ਸਪੇਨ ਦੁਨੀਆ ਨੂੰ ਰੋਜ਼ਗਾਰ ਦੇ ਰਿਹਾ ਹੈ, ਭਾਰਤ ਆਪਣੇ ਲੋਕਾਂ ਨੂੰ ਕਿਉਂ ਨਹੀਂ ?

Tuesday, Jul 07, 2026 - 05:30 PM (IST)

ਸਪੇਨ ਦੁਨੀਆ ਨੂੰ ਰੋਜ਼ਗਾਰ ਦੇ ਰਿਹਾ ਹੈ, ਭਾਰਤ ਆਪਣੇ ਲੋਕਾਂ ਨੂੰ ਕਿਉਂ ਨਹੀਂ ?

ਦੁਨੀਆ ਭਰ ’ਚ ਪ੍ਰਵਾਸ ਅੱਜ ਸਭ ਤੋਂ ਵੱਧ ਚਰਚਿਤ ਵਿਸ਼ਿਆਂ ’ਚੋਂ ਇਕ ਹੈ। ਇਕ ਸਮਾਂ ਸੀ ਜਦੋਂ ਵਿਕਸਿਤ ਦੇਸ਼ ਪ੍ਰਵਾਸੀਆਂ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਸਨ ਪਰ ਹੁਣ ਸਥਿਤੀ ਬਦਲ ਰਹੀ ਹੈ। ਯੂਰਪ, ਅਮਰੀਕਾ ਅਤੇ ਹੋਰ ਵਿਕਸਿਤ ਦੇਸ਼ਾਂ ’ਚ ਪ੍ਰਵਾਸੀਆਂ ਨੂੰ ਲੈ ਕੇ ਸਿਆਸੀ ਬਹਿਸ ਤੇਜ਼ ਹੋ ਗਈ ਹੈ। ਇਸ ਦੇ ਬਾਵਜੂਦ ਯੂਰਪ ਦਾ ਇਕ ਦੇਸ਼ ਸਪੇਨ ਇਸ ਰੁਝਾਨ ਦੇ ਉਲਟ ਦਿਸ਼ਾ ’ਚ ਅੱਗੇ ਵਧ ਰਿਹਾ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਪ੍ਰਵਾਸੀਆਂ ਨੂੰ ਆਰਥਿਕ ਵਿਕਾਸ ਦਾ ਸਾਧਨ ਮੰਨਿਆ ਹੈ ਅਤੇ ਵੱਡੀ ਗਿਣਤੀ ’ਚ ਵਿਦੇਸ਼ੀ ਕਾਮਿਆਂ ਨੂੰ ਦੇਸ਼ ’ਚ ਆਉਣ ਦੀ ਮਨਜ਼ੂਰੀ ਦਿੱਤੀ ਹੈ। ਇਹੀ ਕਾਰਨ ਹੈ ਕਿ ਅੱਜ ਸਪੇਨ ਯੂਰਪ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਅਰਥਵਿਵਸਥਾਵਾਂ ’ਚ ਸ਼ਾਮਲ ਹੈ। ਦੂਜੇ ਪਾਸੇ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਹੋਣ ਦੇ ਬਾਵਜੂਦ ਆਪਣੇ ਸਾਰੇ ਨਾਗਰਿਕਾਂ ਨੂੰ ਲੋੜੀਂਦਾ ਰੋਜ਼ਗਾਰ ਉਪਲਬਧ ਕਰਵਾਉਣ ਦੀ ਚੁਣੌਤੀ ਨਾਲ ਜੂਝ ਰਿਹਾ ਹੈ।

ਸਪੇਨ ਦੀ ਕੁੱਲ ਆਬਾਦੀ 2016 ’ਚ ਲੱਗਭਗ 4.67 ਕਰੋੜ ਸੀ, ਜੋ 2026 ’ਚ ਲਗਭਗ 4.79 ਕਰੋੜ ਹੋ ਗਈ ਹੈ। ਇਹ ਵਾਧਾ ਮੁੱਖ ਤੌਰ ’ਤੇ ਪ੍ਰਵਾਸੀਆਂ ਕਰ ਕੇ ਹੋਇਆ ਹੈ। ਸਪੇਨ ’ਚ ਜਨਮ ਦਰ ਬੇਹੱਦ ਘੱਟ ਹੈ ਅਤੇ ਪ੍ਰਤੀ ਔਰਤ ਔਸਤਨ ਕੇਵਲ 1.2 ਬੱਚੇ ਪੈਦਾ ਹੋ ਰਹੇ ਹਨ, ਜੋ ਜਨਸੰਖਿਆ ਨੂੰ ਸਥਿਰ ਰੱਖਣ ਲਈ ਜ਼ਰੂਰੀ 2.1 ਦੀ ਦਰ ਤੋਂ ਬਹੁਤ ਘੱਟ ਹੈ। ਇਸ ਦੇ ਨਾਲ ਹੀ ਹਰ ਸਾਲ ਲੱਗਭਗ 1 ਲੱਖ ਲੋਕ ਸੇਵਾਮੁਕਤ ਹੋ ਜਾਂਦੇ ਹਨ, ਜਿਸ ਨਾਲ ਕਿਰਤ ਬਾਜ਼ਾਰ ’ਚ ਵੱਡੀ ਗਿਣਤੀ ’ਚ ਅਸਾਮੀਆਂ ਪੈਦਾ ਹੁੰਦੀਆਂ ਹਨ। ਇਸ ਘਾਟ ਨੂੰ ਪੂਰਾ ਕਰਨ ਲਈ ਸਪੇਨ ਨੇ ਪ੍ਰਵਾਸੀਆਂ ਨੂੰ ਅਵਸਰ ਦੇਣਾ ਸ਼ੁਰੂ ਕੀਤਾ। ਸਾਲ 2022 ’ਚ ਲਗਭਗ 6.65 ਲੱਖ ਵਿਦੇਸ਼ੀ ਸਪੇਨ ਪਹੁੰਚੇ। ਅੱਜ ਸਥਿਤੀ ਇਹ ਹੈ ਕਿ ਸਾਲ 2000 ’ਚ ਜਿੱਥੇ ਹਰ 20ਵਾਂ ਵਿਅਕਤੀ ਵਿਦੇਸ਼ੀ ਮੂਲ ਦਾ ਸੀ, ਉੱਥੇ ਹੀ ਹੁਣ ਲੱਗਭਗ ਹਰ 5ਵਾਂ ਵਿਅਕਤੀ ਵਿਦੇਸ਼ੀ ਮੂਲ ਦਾ ਹੈ।

ਸਪੇਨ ਦੀ ਸਰਕਾਰ ਨੇ ਹਾਲ ਦੇ ਸਾਲਾਂ ’ਚ ਗੈਰ-ਕਾਨੂੰਨੀ ਰੂਪ ’ਚ ਰਹਿ ਰਹੇ ਪ੍ਰਵਾਸੀਆਂ ਨੂੰ ਕਾਨੂੰਨੀ ਦਰਜਾ ਦੇਣ ਲਈ ‘ਐਮਨੈਸਟੀ’ ਅਥਵਾ ਨਿਯਮਿਤੀਕਰਨ ਯੋਜਨਾ ਵੀ ਸ਼ੁਰੂ ਕੀਤੀ ਹੈ। ਇਸ ਦਾ ਉਦੇਸ਼ ਕਿਰਤ ਬਾਜ਼ਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਆਰਥਿਕ ਸਰਗਰਮੀਆਂ ਨੂੰ ਰਫਤਾਰ ਦੇਣਾ ਹੈ। ਨਤੀਜੇ ਵਜੋਂ ਯੂਰਪ ’ਚ 2020 ਦੇ ਬਾਅਦ ਪੈਦਾ ਹੋਏ ਹਰ 4 ਨਵੇਂ ਰੋਜ਼ਗਾਰਾਂ ’ਚੋਂ ਲਗਭਗ 1 ਸਪੇਨ ’ਚ ਪੈਦਾ ਹੋਇਆ। ਸਪੇਨ ’ਚ ਹਾਲ ਦੇ ਸਾਲਾਂ ’ਚ ਸਿਰਜੀਆਂ ਨੌਕਰੀਆਂ ’ਚੋਂ ਲੱਗਭਗ 70 ਫੀਸਦੀ ਨੌਕਰੀਆਂ ਪ੍ਰਵਾਸੀਆਂ ਨੂੰ ਮਿਲੀਆਂ ਹਨ।

ਜੇਕਰ ਆਲਮੀ ਪ੍ਰਵਾਸ ਦੀ ਗੱਲ ਕਰੀਏ ਤਾਂ ਅਮਰੀਕਾ ’ਚ ਲੱਗਭਗ 5.21 ਕਰੋੜ, ਜਰਮਨੀ ’ਚ 1.58 ਕਰੋੜ, ਸਾਊਦੀ ਅਰਬ ’ਚ 1.37 ਕਰੋੜ, ਬ੍ਰਿਟੇਨ ’ਚ 1.18 ਕਰੋੜ, ਫਰਾਂਸ ’ਚ 92 ਲੱਖ, ਕੈਨੇਡਾ ’ਚ ਲਗਭਗ 90 ਲੱਖ ਅਤੇ ਸਪੇਨ ’ਚ ਲੱਗਭਗ 83 ਲੱਖ ਪ੍ਰਵਾਸੀ ਰਹਿੰਦੇ ਹਨ। ਵਿਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਦੀ ਗਿਣਤੀ ਲੱਗਭਗ 1.8 ਕਰੋੜ ਹੈ, ਜੋ ਦੁਨੀਆ ਦਾ ਸਭ ਤੋਂ ਵੱਡਾ ਪ੍ਰਵਾਸੀ ਭਾਈਚਾਰਾ ਹੈ। ਇਹ ਅੰਕੜਾ ਭਾਰਤ ਦੀ ਮਨੁੱਖੀ ਸਰੋਤ ਸਮਰੱਥਾ ਨੂੰ ਦਰਸਾਉਂਦਾ ਹੈ ਪਰ ਨਾਲ ਹੀ ਇਹ ਵੀ ਸੰਕੇਤ ਦਿੰਦਾ ਹੈ ਕਿ ਵੱਡੀ ਗਿਣਤੀ ’ਚ ਭਾਰਤੀ ਬਿਹਤਰ ਮੌਕਿਆਂ ਦੀ ਭਾਲ ’ਚ ਵਿਦੇਸ਼ ਜਾ ਰਹੇ ਹਨ।

ਭਾਰਤ ਅਤੇ ਸਪੇਨ ਦੀ ਤੁਲਨਾ ਕਰਨ ’ਤੇ ਸਭ ਤੋਂ ਵੱਡਾ ਅੰਤਰ ਆਬਾਦੀ ਢਾਂਚੇ ਦਾ ਦਿਖਾਈ ਦਿੰਦਾ ਹੈ। ਭਾਰਤ ਦੀ ਆਬਾਦੀ 140 ਕਰੋੜ ਤੋਂ ਵੱਧ ਹੈ ਅਤੇ ਇਸ ਦੀ ਲਗਭਗ 65 ਫੀਸਦੀ ਆਬਾਦੀ ਕਾਰਜਸ਼ੀਲ ਉਮਰ ਵਰਗ ’ਚ ਆਉਂਦੀ ਹੈ। ਇਸ ਨੂੰ ‘ਆਬਾਦੀ ਅੰਕੜਾ ਲਾਭਾਂਸ਼’ ਕਿਹਾ ਜਾਂਦਾ ਹੈ। ਇਸ ਦੇ ਉਲਟ ਸਪੇਨ ਬੁੱਢੀ ਹੁੰਦੀ ਆਬਾਦੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਜਿੱਥੇ ਸਪੇਨ ਨੂੰ ਕਾਮਿਆਂ ਦੀ ਕਮੀ ਹੈ, ਉੱਥੇ ਹੀ ਭਾਰਤ ਦੇ ਸਾਹਮਣੇ ਲੋੜੀਂਦਾ ਰੋਜ਼ਗਾਰ ਸਿਰਜਨ ਦੀ ਚੁਣੌਤੀ ਹੈ।

ਭਾਰਤ ’ਚ ਰੋਜ਼ਗਾਰ ਦੀ ਸਮੱਸਿਆ ਦੇ ਕਈ ਕਾਰਨ ਹਨ। ਪਹਿਲਾ ਕਾਰਨ ਹੁਨਰ ਅਤੇ ਉਦਯੋਗ ਦੀ ਲੋੜ ਵਿਚਾਲੇ ਅੰਤਰ ਹੈ। ਵੱਡੀ ਗਿਣਤੀ ’ਚ ਨੌਜਵਾਨ ਡਿਗਰੀ ਪ੍ਰਾਪਤ ਕਰ ਰਹੇ ਹਨ ਪਰ ਉਦਯੋਗਾਂ ਨੂੰ ਜਿਨ੍ਹਾਂ ਤਕਨੀਕੀ ਅਤੇ ਵਿਹਾਰਕ ਹੁਨਰਾਂ ਦੀ ਲੋੜ ਹੈ, ਉਹ ਅਕਸਰ ਮੁਹੱਈਆ ਨਹੀਂ ਹੁੰਦੇ। ਦੂਜਾ ਕਾਰਨ ਵਿਨਿਰਮਾਣ ਖੇਤਰ ਦਾ ਆਸ ਅਨੁਸਾਰ ਮੱਠਾ ਵਿਸਤਾਰ ਹੈ। ਚੀਨ ਨੇ ਕਰੋੜਾਂ ਲੋਕਾਂ ਨੂੰ ਰੋਜ਼ਗਾਰ ਦੇਣ ਲਈ ਵਿਨਿਰਮਾਣ ਖੇਤਰ ਨੂੰ ਮਜ਼ਬੂਤ ਬਣਾਇਆ, ਜਦਕਿ ਭਾਰਤ ਦੀ ਅਰਥਵਿਵਸਥਾ ਆਸ ਅਨੁਸਾਰ ਵਧੇਰੇ ਸੇਵਾ ਖੇਤਰ ਆਧਾਰਿਤ ਰਹੀ ਹੈ। ਤੀਸਰਾ ਕਾਰਨ ਖੇਤੀ ’ਤੇ ਬਹੁਤ ਜ਼ਿਆਦਾ ਨਿਰਭਰਤਾ ਹੈ। ਅੱਜ ਵੀ ਵੱਡੀ ਗਿਣਤੀ ’ਚ ਲੋਕ ਖੇਤੀ ’ਚ ਲੱਗੇ ਹੋਏ ਹਨ, ਜਦਕਿ ਖੇਤੀ ਦੀ ਆਮਦਨ ਸੀਮਤ ਹੈ। ਚੌਥਾ ਕਾਰਨ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਲੋੜੀਂਦਾ ਵਿੱਤ, ਤਕਨੀਕ ਅਤੇ ਬਾਜ਼ਾਰ ਨਾ ਮਿਲ ਪਾਉਣਾ ਹੈ।

ਸਪੇਨ ਦੀ ਸਫ਼ਲਤਾ ਦਾ ਇਕ ਮਹੱਤਵਪੂਰਨ ਪਹਿਲੂ ਇਹ ਹੈ ਕਿ ਉਸ ਨੇ ਕਿਰਤ ਦੀ ਘਾਟ ਨੂੰ ਮੌਕੇ ’ਚ ਬਦਲ ਦਿੱਤਾ। ਭਾਰਤ ਦੇ ਕੋਲ ਇਸ ਦੇ ਉਲਟ ਕਿਰਤ ਦੀ ਭਰਮਾਰ ਹੈ, ਜਿਸ ਨੂੰ ਆਰਥਿਕ ਸ਼ਕਤੀ ’ਚ ਬਦਲਣ ਦੀ ਲੋੜ ਹੈ। ਭਾਰਤ ਜੇਕਰ ਅਗਲੇ 2 ਦਹਾਕਿਆਂ ’ਚ ਵੱਡੇ ਪੱਧਰ ’ਚ ਰੋਜ਼ਗਾਰ ਸਿਰਜਨਾ ਚਾਹੁੰਦਾ ਹੈ ਤਾਂ ਉਸ ਨੂੰ ਵਿਨਿਰਮਾਣ, ਹਰੀ ਊਰਜਾ, ਡਿਜੀਟਲ ਅਰਥਵਿਵਸਥਾ, ਸੈਰ-ਸਪਾਟਾ, ਲਾਜਿਸਟਿਕਸ ਅਤੇ ਖੇਤੀ ਆਧਾਰਿਤ ਉਦਯੋਗਾਂ ’ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।

ਭਾਰਤ ’ਚ ਰੋਜ਼ਗਾਰ ਸਿਰਜਨ ਲਈ ਸਭ ਤੋਂ ਪਹਿਲਾਂ ਕਿਰਤ-ਪ੍ਰਧਾਨ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਕੱਪੜਾ, ਚਮੜਾ, ਖਿਡੌਣੇ, ਫੂਡ ਪ੍ਰੋਸੈਸਿੰਗ, ਇਲੈਕਟ੍ਰਾਨਿਕਸ ਅਸੈਂਬਲੀ ਅਤੇ ਫਰਨੀਚਰ ਵਰਗੇ ਖੇਤਰਾਂ ’ਚ ਲੱਖਾਂ ਰੋਜ਼ਗਾਰ ਪੈਦਾ ਕੀਤੇ ਜਾ ਸਕਦੇ ਹਨ। ਦੂਜਾ, ਹੁਨਰ ਵਿਕਾਸ ਨੂੰ ਉਦਯੋਗਾਂ ਦੀਆਂ ਅਸਲ ਜ਼ਰੂਰਤਾਂ ਨਾਲ ਜੋੜਨਾ ਹੋਵੇਗਾ। ਤੀਜਾ, ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਨੂੰ ਸਸਤਾ ਕਰਜ਼ਾ, ਸਰਲ ਨਿਯਮ ਅਤੇ ਬਿਹਤਰ ਬਾਜ਼ਾਰ ਮੁਹੱਈਆ ਕਰਵਾਉਣਾ ਹੋਵੇਗਾ, ਕਿਉਂਕਿ ਭਾਰਤ ’ਚ ਰੋਜ਼ਗਾਰ ਦਾ ਵੱਡਾ ਹਿੱਸਾ ਇਨ੍ਹਾਂ ਹੀ ਉਦਯੋਗਾਂ ਤੋਂ ਆਉਂਦਾ ਹੈ।

ਚੌਥਾ, ਪੇਂਡੂ ਖੇਤਰਾਂ ’ਚ ਖੇਤੀ ਆਧਾਰਿਤ ਉਦਯੋਗਾਂ ਦਾ ਵਿਸਤਾਰ ਕਰਨਾ ਹੋਵੇਗਾ। ਜੇਕਰ ਫਲ, ਸਬਜ਼ੀ, ਡੇਅਰੀ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਪੇਂਡੂ ਨੌਜਵਾਨਾਂ ਨੂੰ ਆਪਣੇ ਇਲਾਕੇ ’ਚ ਹੀ ਰੋਜ਼ਗਾਰ ਮਿਲ ਸਕਦਾ ਹੈ। ਪੰਜਵਾਂ, ਸੈਰ-ਸਪਾਟਾ ਖੇਤਰ ’ਚ ਅਪਾਰ ਸੰਭਾਵਨਾਵਾਂ ਹਨ। ਭਾਰਤ ਦੀ ਸੱਭਿਆਚਾਰਕ, ਧਾਰਮਿਕ ਅਤੇ ਕੁਦਰਤੀ ਵਨ-ਸੁਵੰਨਤਾ ਦੁਨੀਆ ’ਚ ਬੇਮਿਸਾਲ ਹੈ। ਇਸ ਨਾਲ ਕਰੋੜਾਂ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ ਪੈਦਾ ਹੋ ਸਕਦੇ ਹਨ।

ਛੇਵਾਂ, ਡਿਜੀਟਲ ਅਰਥਵਿਵਸਥਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ’ਚ ਭਾਰਤ ਨੂੰ ਆਲਮੀ ਸੇਵਾ ਕੇਂਦਰ ਦੇ ਰੂਪ ’ਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨੀ ਹੋਵੇਗੀ। ਸੂਚਨਾ ਤਕਨਾਲੋਜੀ, ਡਾਟਾ ਵਿਸ਼ਲੇਸ਼ਣ, ਸਾਈਬਰ ਸੁਰੱਖਿਆ, ਆਨਲਾਈਨ ਸਿੱਖਿਆ ਅਤੇ ਸਿਹਤ ਸੇਵਾਵਾਂ ’ਚ ਭਾਰਤ ਵਿਸ਼ਵ ਪੱਧਰ ’ਤੇ ਰੋਜ਼ਗਾਰ ਅਤੇ ਸੇਵਾਵਾਂ ਉਪਲਬਧ ਕਰਵਾ ਸਕਦਾ ਹੈ। ਸੱਤਵਾਂ, ਔਰਤਾਂ ਦੀ ਕਿਰਤ ਹਿੱਸੇਦਾਰੀ ਵਧਾਉਣਾ ਵੀ ਜ਼ਰੂਰੀ ਹੈ, ਜਿਸ ਨਾਲ ਆਰਥਿਕ ਵਿਕਾਸ ਦੀ ਰਫਤਾਰ ਹੋਰ ਤੇਜ਼ ਹੋ ਸਕਦੀ ਹੈ।

ਸਪੇਨ ਦੀ ਤੁਲਨਾ ’ਚ ਭਾਰਤ ਦੀ ਚੁਣੌਤੀ ਕਿਤੇ ਵੱਧ ਵੱਡੀ ਅਤੇ ਗੁੰਝਲਦਾਰ ਹੈ। ਫਿਰ ਵੀ, ਭਾਰਤ ਦੇ ਕੋਲ ਨੌਜਵਾਨ ਸ਼ਕਤੀ, ਵਿਸ਼ਾਲ ਬਾਜ਼ਾਰ, ਤਕਨੀਕੀ ਸਮਰੱਥਾ ਅਤੇ ਉੱਦਮਤਾ ਵਰਗੀਆਂ ਅਨੇਕਾਂ ਤਾਕਤਾਂ ਹਨ। ਭਵਿੱਖ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਭਾਰਤ ਕੇਵਲ ਆਪਣੇ ਨਾਗਰਿਕਾਂ ਨੂੰ ਹੀ ਨਹੀਂ, ਸਗੋਂ ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀ ਰੋਜ਼ਗਾਰ ਦੇਣ ਦੀ ਸਮਰੱਥਾ ਵਿਕਸਿਤ ਕਰ ਸਕਦਾ ਹੈ। ਇਸ ਦੇ ਲਈ ਉੱਚ ਆਰਥਿਕ ਵਿਕਾਸ, ਮਜ਼ਬੂਤ ਮੁੜਨਿਰਮਾਣ ਆਧਾਰ, ਆਲਮੀ ਨਿਵੇਸ਼ ਆਕਰਸ਼ਿਤ ਕਰਨ ਵਾਲੀਆਂ ਨੀਤੀਆਂ ਅਤੇ ਵਿਸ਼ਵ ਪੱਧਰੀ ਹੁਨਰ ਵਿਕਾਸ ਪ੍ਰਣਾਲੀ ਜ਼ਰੂਰੀ ਹੋਵੇਗੀ। ਇਹੀ ਉਹ ਟੀਚਾ ਹੈ ਜੋ ਭਾਰਤ ਨੂੰ ਆਉਣ ਵਾਲੇ ਸਾਲਾਂ ’ਚ ਵਿਸ਼ਵ ਪੱਧਰੀ ਅਗਵਾਈ ਵੱਲ ਲੈ ਕੇ ਜਾ ਸਕਦਾ ਹੈ।

-ਦੀਪਕ ਕੁਮਾਰ ਸ਼ਰਮਾ


author

Harpreet SIngh

Content Editor

Related News