ਭਾਰਤ ਦੀ ਏਕਤਾ ਅਤੇ ਤਰੱਕੀ ਨੂੰ ਸਮਰਪਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ
Monday, Jul 06, 2026 - 03:53 PM (IST)
ਅੱਜ, 6 ਜੁਲਾਈ, ਰਾਸ਼ਟਰਵਾਦ ਅਤੇ ਨਿਸ਼ਕਾਮ ਸੇਵਾ ਦੇ ਆਦਰਸ਼ਾਂ ਨੂੰ ਸੰਭਾਲਣ ਵਾਲੇ ਅਣਗਿਣਤ ਲੋਕਾਂ ਲਈ ਇਕ ਵਿਸ਼ੇਸ਼ ਦਿਨ ਹੈ। ਅਸੀਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਜਯੰਤੀ ਮਨਾ ਰਹੇ ਹਾਂ, ਜਿਨ੍ਹਾਂ ਦਾ ਜੀਵਨ ਸਾਹਸ ਅਤੇ ਮਾਂ ਭਾਰਤੀ ਪ੍ਰਤੀ ਅਟੁੱਟ ਵਚਨਬੱਧਤਾ ਦੀ ਇਕ ਸਦੀਵੀ ਉਦਾਹਰਣ ਹੈ। ਆਧੁਨਿਕ ਭਾਰਤ ਦੇ ਬਹੁਤ ਘੱਟ ਆਗੂਆਂ ਨੇ ਬੁੱਧੀ, ਜਨਸੇਵਾ ਅਤੇ ਨੈਤਿਕ ਦ੍ਰਿੜ੍ਹਤਾ ਦੇ ਸਹਿਜ ਸੁਮੇਲ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਵਾਂਗ ਇੰਨੀ ਡੂੰਘਾਈ ਨਾਲ ਆਤਮਸਾਤ ਕੀਤਾ ਸੀ।
ਸ਼ਿਆਮਾ ਪ੍ਰਸਾਦ ਦਾ ਜਨਮ ਅਜਿਹੇ ਹਾਲਾਤ ’ਚ ਹੋਇਆ ਸੀ ਜੋ ਉਨ੍ਹਾਂ ਨੂੰ ਆਸਾਨੀ ਨਾਲ ਇਕ ਸੁਰੱਖਿਅਤ ਅਤੇ ਆਰਾਮਦਾਇਕ ਜੀਵਨ ਯਕੀਨੀ ਕਰਵਾ ਸਕਦੇ ਸਨ। ਉਨ੍ਹਾਂ ਦੇ ਪਿਤਾ, ਸਰ ਆਸ਼ੂਤੋਸ਼ ਮੁਖਰਜੀ, ਆਪਣੇ ਸਮੇਂ ਦੇ ਮੋਹਰੀ ਸਿੱਖਿਆ ਸ਼ਾਸਤਰੀਆਂ ਅਤੇ ਬੁੱਧੀਜੀਵੀਆਂ ’ਚੋਂ ਸਨ। ਫਿਰ ਵੀ, ਜਿੱਥੇ ਕਿਸਮਤ ਨੇ ਉਨ੍ਹਾਂ ਦੇ ਸਾਹਮਣੇ ਵਿਸ਼ੇਸ਼ ਅਧਿਕਾਰਾਂ ਵਾਲਾ ਮਾਰਗ ਰੱਖਿਆ, ਉੱਥੇ ਹੀ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਕੁਰਬਾਨੀ ਅਤੇ ਰਾਸ਼ਟਰੀ ਸੇਵਾ ਦੇ ਮਾਰਗ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਹ ਆਪਣੇ ਸਮੇਂ ਦੀ ਉਥਲ-ਪੁਥਲ ਪ੍ਰਤੀ ਮੂਕਦਰਸ਼ਕ ਬਣ ਕੇ ਨਹੀਂ ਰਹਿ ਸਕਦੇ, ਭਾਵੇਂ ਉਹ ਬਸਤੀਵਾਦ, ਫਿਰਕਾਪ੍ਰਸਤੀ, ਮਨੁੱਖੀ ਚੁਣੌਤੀਆਂ ਅਤੇ ਹੋਰ ਚੀਜ਼ਾਂ ਨਾਲ ਲੜਨਾ ਹੋਵੇ। ਇਸ ਯਾਤਰਾ ਦੌਰਾਨ, ਉਨ੍ਹਾਂ ਨੇ ਡੂੰਘੇ ਨਿੱਜੀ ਦੁੱਖਾਂ ਨੂੰ ਸਹਿਣ ਕੀਤਾ, ਜਿਸ ’ਚ ਇਕ ਨਵਜੰਮੇ ਬੱਚੇ ਅਤੇ ਬਾਅਦ ’ਚ ਆਪਣੀ ਪਤਨੀ ਨੂੰ ਖੋਹਣਾ ਸ਼ਾਮਲ ਸੀ। ਫਿਰ ਵੀ, ਇਨ੍ਹਾਂ ਤ੍ਰਾਸਦੀਆਂ ਨੇ ਸੇਵਾ ਕਰਨ ਦੇ ਉਨ੍ਹਾਂ ਦੇ ਸੰਕਲਪ ਨੂੰ ਹੋਰ ਗੂੜ੍ਹਾ ਕੀਤਾ ਅਤੇ ਉਨ੍ਹਾਂ ਦੀ ਅਟੁੱਟ ਵਚਨਬੱਧਤਾ ਨੂੰ ਮਜ਼ਬੂਤ ਕੀਤਾ।
ਜੇਕਰ ਕੋਈ ਅਜਿਹਾ ਆਦਰਸ਼ ਸੀ ਜਿਸ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਤਕ ਜੀਵਨ ਨੂੰ ਹੋਰ ਸਭ ਚੀਜ਼ਾਂ ਤੋਂ ਉੱਪਰ ਪਰਿਭਾਸ਼ਿਤ ਕੀਤਾ, ਤਾਂ ਉਹ ਭਾਰਤ ਦੀ ਅਖੰਡਤਾ ਸੀ। ਵੰਡ ਦੀ ਉਥਲ-ਪੁਥਲ ਦੌਰਾਨ ਉਹ ਇਹ ਯਕੀਨੀ ਬਣਾਉਣ ਲਈ ਦ੍ਰਿੜ੍ਹ ਰਹੇ ਕਿ ਪੱਛਮੀ ਬੰਗਾਲ ਭਾਰਤ ਦਾ ਇਕ ਅਟੁੱਟ ਅੰਗ ਬਣਿਆ ਰਹੇ। ਕੁਝ ਸਾਲਾਂ ਬਾਅਦ, ਉਹੀ ਦ੍ਰਿੜ੍ਹ ਵਿਸ਼ਵਾਸ ਉਨ੍ਹਾਂ ਨੂੰ ਜੰਮੂ-ਕਸ਼ਮੀਰ ਲੈ ਗਿਆ। ਕੈਦ ਉਨ੍ਹਾਂ ਨੂੰ ਡੋਲ ਨਹੀਂ ਸਕੀ ਅਤੇ ਵੱਖਵਾਦ ਉਨ੍ਹਾਂ ਨੂੰ ਕਮਜ਼ੋਰ ਨਾ ਕਰ ਸਕਿਆ। ਉਨ੍ਹਾਂ ਦਾ ਜੀਵਨ ਹਿਰਾਸਤ ’ਚ ਅਚਾਨਕ ਖ਼ਤਮ ਹੋ ਗਿਆ, ਉਨ੍ਹਾਂ ਅਣਗਿਣਤ ਲੋਕਾਂ ਤੋਂ ਦੂਰ ਜਿਨ੍ਹਾਂ ਦੇ ਹਿੱਤਾਂ ਨੂੰ ਉਨ੍ਹਾਂ ਨੇ ਆਪਣਾ ਬਣਾ ਲਿਆ ਸੀ। ਇਤਿਹਾਸ ’ਚ ਅਜਿਹੇ ਪਲ ਆਉਂਦੇ ਹਨ ਜਦੋਂ ਕਿਸੇ ਵਿਅਕਤੀ ਦੀ ਅੰਤਿਮ ਕੁਰਬਾਨੀ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਯਾਦਾਂ ਦੇ ਖੇਤਰ ’ਚ ਪ੍ਰਵੇਸ਼ ਕਰ ਜਾਂਦੀ ਹੈ। ਡਾ. ਮੁਖਰਜੀ ਦੀ ਅੰਤਿਮ ਯਾਤਰਾ ਅਜਿਹਾ ਹੀ ਇਕ ਪਲ ਬਣੀ ਹੋਈ ਹੈ।
ਆਚਾਰੀਆ ਵਿਨੋਬਾ ਭਾਵੇ ਨੇ ਕਿਹਾ ਸੀ ਕਿ ਡਾ. ਮੁਖਰਜੀ ਨੇ ਖੁਦ ਨੂੰ ਉਸ ਉਦੇਸ਼ ਲਈ ਕੁਰਬਾਨ ਕਰ ਦਿੱਤਾ ਜਿਸ ’ਚ ਉਨ੍ਹਾਂ ਦਾ ਵਿਸ਼ਵਾਸ ਸੀ। ਸਾਲਾਂ ਬਾਅਦ, 2019 ’ਚ ਧਾਰਾ 370 ਅਤੇ 35(A) ਨੂੰ ਰੱਦ ਕਰਨਾ ਉਨ੍ਹਾਂ ਦੀ ਸ਼ਹਾਦਤ ਲਈ ਸਭ ਤੋਂ ਢੁੱਕਵੀਂ ਸ਼ਰਧਾਂਜਲੀ ਸੀ।
ਡਾ. ਮੁਖਰਜੀ ਨੇ ਭਾਰਤ ਨੂੰ ਪਹਿਲਾਂ ਅਤੇ ਭਾਰਤੀ ਕਦਰਾਂ-ਕੀਮਤਾਂ ਨੂੰ ਪਹਿਲੇ ਸਥਾਨ ’ਤੇ ਰੱਖਿਆ ਅਤੇ ਉਨ੍ਹਾਂ ਨੇ ਅਜਿਹਾ ਉਨ੍ਹਾਂ ਸੰਸਥਾਵਾਂ ਦਾ ਨਿਰਮਾਣ ਕਰ ਕੇ ਅਤੇ ਉਨ੍ਹਾਂ ਪ੍ਰਣਾਲੀਆਂ ਦੀ ਪਰਵਰਿਸ਼ ਕਰ ਕੇ ਕੀਤਾ ਜਿਨ੍ਹਾਂ ਨੇ ਉਸ ਸਮੇਂ ਦੀ ਰਵਾਇਤੀ ਸੋਚ ਨੂੰ ਚੁਣੌਤੀ ਦਿੱਤੀ ਸੀ। ਉਹ ਕਲਕੱਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ-ਚਾਂਸਲਰ ਬਣੇ। ਆਪਣੀ ਵਿਲੱਖਣ ਸ਼ੈਲੀ ’ਚ, ਉਹ ਸਾਕਾਰਾਤਮਕ ਬਦਲਾਅ ਲਿਆਏ ਜੋ ਦੇਸ਼ ਭਗਤੀ ਤੋਂ ਪ੍ਰੇਰਿਤ ਅਤੇ ਭਵਿੱਖਮੁਖੀ ਸਨ। ਸਿੱਖਿਆ ਸ਼ਾਸਤਰੀਆਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰਦਿਆਂ, ਡਾ. ਮੁਖਰਜੀ ਨੇ ਇਸ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਪ੍ਰਗਟ ਕੀਤਾ ਸੀ ਜਦੋਂ ਉਨ੍ਹਾਂ ਨੇ ਕਿਹਾ ਸੀ, ‘ਵਿੱਦਿਅਕ ਸੰਸਥਾਵਾਂ ਨੂੰ ਸੰਭਾਵੀ ਕਲਰਕਾਂ ਅਤੇ ਘੱਟ ਤਨਖਾਹ ਵਾਲੇ ਕਰਮਚਾਰੀਆਂ ਦਾ ਉਤਪਾਦਨ ਕਰਨ ਵਾਲੇ ਕਾਰਖਾਨਿਆਂ ਵਜੋਂ ਦੇਖਣਾ ਗਲਤ ਹੈ। ਸਾਨੂੰ ਅਜਿਹੇ ਵਿਦਿਆਰਥੀ ਤਿਆਰ ਕਰਨੇ ਹੋਣਗੇ ਜੋ ਸਾਡੀਆਂ ਸਵੈ-ਸ਼ਾਸਿਤ ਸੰਸਥਾਵਾਂ, ਜਿਵੇਂ ਕਿ ਨਗਰ ਨਿਗਮਾਂ, ਸੂਬਾਈ ਅਤੇ ਕੇਂਦਰੀ ਅਸੈਂਬਲੀਆਂ ਨੂੰ ਲੀਡਰਸ਼ਿਪ ਪ੍ਰਦਾਨ ਕਰਨ ਦੇ ਯੋਗ ਹੋਣ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਜਿਵੇਂ ਕਿ ਵਿੱਤੀ, ਵਪਾਰਕ ਅਤੇ ਉਦਯੋਗਿਕ ਖੇਤਰਾਂ ’ਚ ਮਾਮਲਿਆਂ ਦਾ ਨਿਰਦੇਸ਼ਨ ਕਰਨ ਦੇ ਵੀ ਯੋਗ ਹੋਣ।’
ਉਨ੍ਹਾਂ ਦੀ ਅਗਵਾਈ ਹੇਠ, ਕਲਕੱਤਾ ਯੂਨੀਵਰਸਿਟੀ ਨੇ ਲਾਇਬ੍ਰੇਰੀ ਦੇ ਬੁਨਿਆਦੀ ਢਾਂਚੇ ’ਚ ਸੁਧਾਰ, ਵਿਗਿਆਨ ’ਚ ਖੋਜ ਨੂੰ ਉਤਸ਼ਾਹਿਤ ਕਰਨ, ਕਲਾਕ੍ਰਿਤੀਆਂ ਦੇ ਅਧਿਐਨ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ’ਚ ਕੋਰਸ ਸ਼ੁਰੂ ਕਰਨ ਵਰਗੇ ਵਿਲੱਖਣ ਯਤਨ ਕੀਤੇ, ਕੁਝ ਨਾਂ ਗਿਣਾਉਣ ਲਈ। ਉਨ੍ਹਾਂ ਨੇ ਖੇਡਾਂ, ਅਧਿਆਪਕ ਸਿਖਲਾਈ ਅਤੇ ਵਿਦਿਆਰਥੀ ਭਲਾਈ ਵਰਗੇ ਖੇਤਰਾਂ ਵੱਲ ਧਿਆਨ ਖਿੱਚਿਆ। ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ’ਚ ਮਾਣ ਦੀ ਭਾਵਨਾ ਪੈਦਾ ਕਰਨ ਲਈ, ਉਨ੍ਹਾਂ ਨੇ 24 ਜਨਵਰੀ ਨੂੰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਵਜੋਂ ਮਨਾਉਣ ਦੀ ਪ੍ਰਥਾ ਸ਼ੁਰੂ ਕੀਤੀ। ਉਨ੍ਹਾਂ ਨੇ ਯੂਨੀਵਰਸਿਟੀ ਲਈ ਇਕ ਗੀਤ ਲਿਖਣ ਲਈ ਕਿਸੇ ਹੋਰ ਨੂੰ ਨਹੀਂ ਸਗੋਂ ਗੁਰੂਦੇਵ ਟੈਗੋਰ ਨੂੰ ਬੇਨਤੀ ਕੀਤੀ।
ਇਸ ਭਾਵਨਾ ਦੀ ਇਕ ਹੋਰ ਉਦਾਹਰਣ ਉਨ੍ਹਾਂ ਦੇ ਜੀਵਨ ਦੇ ਬਾਅਦ ਦੇ ਹਿੱਸੇ ਵਿਚ ਦੇਖੀ ਜਾ ਸਕਦੀ ਹੈ, ਜਦੋਂ ਉਨ੍ਹਾਂ ਨੇ ਭਾਰਤੀ ਜਨਸੰਘ ਬਣਾਉਣ ਦਾ ਫੈਸਲਾ ਕੀਤਾ। ਅਜਿਹੇ ਸਮੇਂ ਜਦੋਂ ਕਾਂਗਰਸ ਪਾਰਟੀ ਸਰਵਵਿਆਪਕ ਸੀ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੁੜੇ ਰਹਿੰਦਿਆਂ ਭਾਰਤ ਦੀ ਤਰੱਕੀ ਲਈ ਇਕ ਬਦਲਵੀਂ ਆਵਾਜ਼ ਉਠਾਉਣ ਦਾ ਹੋਰ ਵੀ ਵੱਡਾ ਕਾਰਨ ਸੀ। ਇਹ ਸ਼ਾਇਦ ਢੁੱਕਵਾਂ ਹੀ ਸੀ ਕਿ ਪਾਰਟੀ ਦਾ ਪ੍ਰਤੀਕ ਦੀਵਾ, ਮਿੱਟੀ ਦਾ ਦੀਪਕ ਸੀ। ਇਕ ਇਕੱਲਾ ਦੀਵਾ ਮਾਮੂਲੀ ਲੱਗ ਸਕਦਾ ਹੈ, ਫਿਰ ਵੀ ਇਸ ’ਚ ਆਪਣੇ ਆਪ ਤੋਂ ਬਹੁਤ ਦੂਰ ਤੱਕ ਦੇ ਹਨੇਰੇ ਨੂੰ ਦੂਰ ਕਰਨ ਦੀ ਸ਼ਕਤੀ ਹੁੰਦੀ ਹੈ। ਜਨਸੰਘ ਨੇ ਸਰਗਰਮ ਰਹਿਣ ਦੇ ਸਾਲਾਂ ਦੌਰਾਨ ਅਤੇ ਉਸ ਤੋਂ ਬਾਅਦ ਵੀ ਬਿਲਕੁਲ ਇਹੀ ਕੀਤਾ।
ਉਦਯੋਗ ਅਤੇ ਸਪਲਾਈ ਲਈ ਭਾਰਤ ਦੇ ਪਹਿਲੇ ਮੰਤਰੀ ਵਜੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਕਾਰਜਕਾਲ ਇਕ ਅਜਿਹੇ ਰਾਜਨੇਤਾ ਨੂੰ ਪ੍ਰਗਟ ਕਰਦਾ ਹੈ ਜਿਸਦਾ ਵਿਕਾਸ ਦਾ ਦ੍ਰਿਸ਼ਟੀਕੋਣ ਕਮਾਲ ਦਾ ਵਿਆਪਕ ਅਤੇ ਮਨੁੱਖੀ ਸੀ। ਉਨ੍ਹਾਂ ਨੇ ਉਦਯੋਗ ਨੂੰ ਇਕ ਨਵੇਂ ਆਜ਼ਾਦ ਰਾਸ਼ਟਰ ਲਈ ਗੌਰਵ, ਮੌਕਾ ਅਤੇ ਆਤਮ-ਵਿਸ਼ਵਾਸ ਬਹਾਲ ਕਰਨ ਦੇ ਸਾਧਨ ਵਜੋਂ ਦੇਖਿਆ। ਉਨ੍ਹਾਂ ਨੇ ਧਨ ਸਿਰਜਣ ਅਤੇ ਮੁੱਲ ਵਾਧੇ ਦਾ ਸਤਿਕਾਰ ਕੀਤਾ। ਦਾਮੋਦਰ ਘਾਟੀ ਨਿਗਮ, ਸਿੰਦਰੀ ਖਾਦ ਪਲਾਂਟ ਅਤੇ ਇਕ ਮਜ਼ਬੂਤ ਉਦਯੋਗਿਕ ਨੀਤੀ ਵਰਗੀਆਂ ਮੋਹਰੀ ਪਹਿਲਕਦਮੀਆਂ ਰਾਹੀਂ ਆਧੁਨਿਕ ਉਦਯੋਗਿਕ ਭਾਰਤ ਦੀ ਨੀਂਹ ਰੱਖਦਿਆਂ, ਉਨ੍ਹਾਂ ਨੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਕਿ ਭਾਰਤ ਦੀਆਂ ਰਵਾਇਤੀ ਤਾਕਤਾਂ ਦੀ ਅਣਦੇਖੀ ਨਾ ਹੋਵੇ। ਹੱਥ-ਖੱਡੀ, ਕੁਟੀਰ ਉਦਯੋਗ, ਸ਼ਿਲਪਕਾਰ ਅਤੇ ਕੱਪੜਾ ਮਜ਼ਦੂਰਾਂ ਨੂੰ ਉਨ੍ਹਾਂ ’ਚ ਇਕ ਬਰਾਬਰ ਦਾ ਵਚਨਬੱਧ ਸਮਰਥਕ ਮਿਲਿਆ।
ਇੱਥੇ ਮੈਂ ਇਕ ਨਿੱਜੀ ਅਨੁਭਵ ਸਾਂਝਾ ਕਰਨਾ ਚਾਹਾਂਗਾ। ਸਿੰਦਰੀ ਪਲਾਂਟ, ਜਿਸ ਨੂੰ ਡਾ. ਮੁਖਰਜੀ ਨੇ ਆਤਮ-ਨਿਰਭਰਤਾ ਦੇ ਸਪੱਸ਼ਟ ਦ੍ਰਿਸ਼ਟੀਕੋਣ ਨਾਲ ਸਥਾਪਿਤ ਕਰਨ ਲਈ ਕੰਮ ਕੀਤਾ ਸੀ, ਨੂੰ ਕਈ ਦਹਾਕਿਆਂ ਤੱਕ ਦੇਸ਼ ਚਲਾਉਣ ਵਾਲਿਆਂ ਵਲੋਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਸਾਡੀ ਸਰਕਾਰ ਨੂੰ ਇਸਦੀ ਮੁੜ-ਸੁਰਜੀਤੀ ਵਿਚ ਯੋਗਦਾਨ ਪਾਉਣ ਦਾ ਮੌਕਾ ਮਿਲਿਆ। ਉਸ ਪ੍ਰੋਗਰਾਮ ਲਈ ਉੱਥੇ ਹੋਣਾ ਸੱਚਮੁੱਚ ਸਭ ਤੋਂ ਵਿਸ਼ੇਸ਼ ਪਲਾਂ ’ਚੋਂ ਇਕ ਸੀ।
ਭਾਰਤ ਦੀ ਸੱਭਿਅਤਾ ਦੀ ਪਰੰਪਰਾ ਨੇ ਲੰਬੇ ਸਮੇਂ ਤੋਂ ਸੰਵਾਦ ਅਤੇ ਚਰਚਿਆਂ ਦਾ ਜਸ਼ਨ ਮਨਾਇਆ ਹੈ। ਡਾ. ਮੁਖਰਜੀ ਨੇ ਇਸ ਲੋਕਤੰਤਰੀ ਭਾਵਨਾ ਨੂੰ ਮੂਰਤੀਮਾਨ ਕੀਤਾ। ਉਹ ਪੰਡਿਤ ਨਹਿਰੂ ਦੇ ਮੰਤਰਾਲਾ ’ਚ ਸ਼ਾਮਲ ਹੋਏ, ਇਸ ਵਿਸ਼ਵਾਸ ਦੇ ਨਾਲ ਕਿ ਸ਼ੁਰੂਆਤੀ ਸਾਲਾਂ ’ਚ ਰਾਸ਼ਟਰ ਨਿਰਮਾਣ ਦਾ ਕਾਰਜ ਸਿਆਸੀ ਮਤਭੇਦਾਂ ਤੋਂ ਉੱਪਰ ਸੀ। ਉਨ੍ਹਾਂ ਨੇ ਇਮਾਨਦਾਰੀ ਅਤੇ ਰਚਨਾਤਮਕ ਭਾਵਨਾ ਨਾਲ ਸੇਵਾ ਕੀਤੀ। ਪਰ ਜਦੋਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਰਾਸ਼ਟਰੀ ਮਹੱਤਵ ਦੇ ਸਵਾਲਾਂ ਲਈ ਇਕ ਵੱਖਰੇ ਰਸਤੇ ਦੀ ਲੋੜ ਹੈ, ਤਾਂ ਉਨ੍ਹਾਂ ਨੇ ਸਨਮਾਨ ਨਾਲ ਅਹੁਦਾ ਛੱਡ ਦਿੱਤਾ ਅਤੇ ਖੁਦ ਨੂੰ ਪੂਰੀ ਤਰ੍ਹਾਂ ਉਸ ਸਿਆਸੀ ਕਾਰਜ ਲਈ ਸਮਰਪਿਤ ਕਰ ਦਿੱਤਾ ਜੋ ਉਨ੍ਹਾਂ ਦਾ ਮੰਨਣਾ ਸੀ ਕਿ ਰਾਸ਼ਟਰ ਲਈ ਜ਼ਰੂਰੀ ਸੀ।
75 ਸਾਲ ਪਹਿਲਾਂ, ਪੰਡਿਤ ਨਹਿਰੂ ਪਹਿਲੀ ਸੰਵਿਧਾਨਕ ਸੋਧ ਲਿਆਏ ਸਨ, ਜੋ ਪ੍ਰਗਟਾਵੇ ਦੀ ਆਜ਼ਾਦੀ ’ਤੇ ਸਿੱਧਾ ਹਮਲਾ ਸੀ। ਡਾ. ਮੁਖਰਜੀ ਇਸ ਦੇ ਸਭ ਤੋਂ ਕੱਟੜ ਆਲੋਚਕਾਂ ’ਚੋਂ ਸਨ। ਉਹ ਪੂਰੀ ਤਰ੍ਹਾਂ ਸਮਝਦੇ ਸਨ ਕਿ ਕਾਂਗਰਸ ਕੀ ਕਰਨ ਦੇ ਸਮਰੱਥ ਸੀ ਅਤੇ ਉਹ ਸਹੀ ਸਾਬਤ ਹੋਏ। ਜੋ ਲੋਕ 75 ਸਾਲ ਪਹਿਲਾਂ ਪਹਿਲੀ ਸੋਧ ਲਿਆਏ ਸਨ, ਉਨ੍ਹਾਂ ਨੇ 1975 ’ਚ ਐਮਰਜੈਂਸੀ ਲਗਾਈ ਅਤੇ 50 ਸਾਲ ਪਹਿਲਾਂ, 42ਵਾਂ ਸੋਧ ਐਕਟ ਲਿਆਏ, ਜਿਸ ਨੇ ਫਿਰ ਤੋਂ ਉਦਾਰਵਾਦੀ ਲੋਕਤੰਤਰੀ ਕਦਰਾਂ-ਕੀਮਤਾਂ ਦੇ ਮੂਲ ’ਤੇ ਪ੍ਰਹਾਰ ਕੀਤਾ।
ਡਾ. ਮੁਖਰਜੀ ਆਪਣੇ ਮਨੁੱਖੀ ਯਤਨਾਂ ਲਈ ਵੀ ਵੱਖਰੀ ਪਛਾਣ ਰੱਖਦੇ ਸਨ। ਜਦੋਂ 1943 ’ਚ ਬੰਗਾਲ ’ਚ ਸਭ ਤੋਂ ਦੁਖਦਾਈ ਕਾਲ ਪਿਆ, ਤਾਂ ਡਾ. ਮੁਖਰਜੀ ਨੇ ਖੁਦ ਨੂੰ ਪ੍ਰਭਾਵਿਤ ਲੋਕਾਂ ਦੀ ਸੇਵਾ ’ਚ ਝੋਕ ਦਿੱਤਾ। ਉਨ੍ਹਾਂ ਨੇ ਯਕੀਨੀ ਬਣਾਇਆ ਕਿ ਲੋਕਾਂ ਨੂੰ ਭੋਜਨ ਖੁਆਉਣ ਲਈ ਕਈ ਕੰਟੀਨਾਂ ਅਤੇ ਰਾਹਤ ਕੇਂਦਰ ਖੋਲ੍ਹੇ ਜਾਣ। ਇਕ ਪਾਸੇ, ਉਹ ਆਪਣੇ ਲੋਕਾਂ ਦੀ ਦੁਰਦਸ਼ਾ ਤੋਂ ਡੂੰਘੇ ਦੁਖੀ ਸਨ, ਤਾਂ ਦੂਜੇ ਪਾਸੇ, ਉਹ ਬਸਤੀਵਾਦੀ ਸ਼ਾਸਕਾਂ ਦੀ ਬੇਰੁਖ਼ੀ ਤੋਂ ਨਿਰਾਸ਼ ਸਨ। ਉਨ੍ਹਾਂ ਨੇ ਇਕ ਕਿਤਾਬ, ‘ਪੰਚਾਸ਼ੇਰ ਮੰਵੰਤਰ’ (ਪੰਜਾਹ ਦਾ ਕਾਲ) ਵੀ ਲਿਖੀ, ਜਿਸ ’ਚ ਉਨ੍ਹਾਂ ਨੇ ਆਪਣੀ ਪੀੜਾ ਪ੍ਰਗਟ ਕੀਤੀ। ਜਦੋਂ 1942 ’ਚ ਮੇਦਿਨੀਪੁਰ ’ਚ ਇਕ ਭਿਆਨਕ ਚੱਕਰਵਾਤ ਆਇਆ, ਤਾਂ ਸਥਿਤੀ ਨੂੰ ਆਮ ਵਾਂਗ ਕਰਨ ਦੇ ਉਨ੍ਹਾਂ ਦੇ ਯਤਨਾਂ ਦੀ ਵਿਆਪਕ ਰੂਪ ’ਚ ਸ਼ਲਾਘਾ ਕੀਤੀ ਗਈ।
ਕੋਲਕਾਤਾ ਦੇ ਇਕ ਕਾਲਜ ’ਚ ਬੋਲਦਿਆਂ, ਡਾ. ਮੁਖਰਜੀ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ, ‘ਤੁਸੀਂ ਜੋ ਵੀ ਕੰਮ ਹੱਥ ’ਚ ਲਓ, ਉਸ ਨੂੰ ਗੰਭੀਰਤਾ ਨਾਲ, ਪੂਰੀ ਤਰ੍ਹਾਂ ਅਤੇ ਚੰਗੀ ਤਰ੍ਹਾਂ ਕਰੋ; ਇਸ ਨੂੰ ਕਦੇ ਵੀ ਅਧੂਰਾ ਜਾਂ ਬਿਨਾਂ ਕੀਤਾ ਨਾ ਛੱਡੋ, ਜਦੋਂ ਤੱਕ ਕਿ ਤੁਸੀਂ ਇਸ ’ਚ ਆਪਣਾ ਸਰਵੋਤਮ ਨਾ ਦੇ ਦਿੱਤਾ ਹੋਵੇ, ਉਦੋਂ ਤੱਕ ਖੁਦ ਨੂੰ ਸੰਤੁਸ਼ਟ ਨਾ ਸਮਝੋ।’ ਜਿਵੇਂ-ਜਿਵੇਂ ਭਾਰਤ ਇਕ ਵਿਕਸਿਤ ਭਾਰਤ ਦੇ ਟੀਚੇ ਵੱਲ ਵਧ ਰਿਹਾ ਹੈ, ਉਨ੍ਹਾਂ ਨੂੰ ਅਸੀਂ ਜੋ ਸਭ ਤੋਂ ਬਿਹਤਰੀਨ ਸ਼ਰਧਾਂਜਲੀ ਦੇ ਸਕਦੇ ਹਾਂ, ਉਹ ਹੈ ਹਰ ਦਿਨ ਉਸ ਮਜ਼ਬੂਤ, ਸੰਗਠਿਤ, ਆਤਮ-ਵਿਸ਼ਵਾਸੀ ਅਤੇ ਸੰਵੇਦਨਸ਼ੀਲ ਭਾਰਤ ਦੇ ਨਿਰਮਾਣ ਲਈ ਯਤਨ ਕਰਨਾ, ਜਿਸ ’ਚ ਉਨ੍ਹਾਂ ਨੇ ਇੰਨੀ ਡੂੰਘਾਈ ਨਾਲ ਵਿਸ਼ਵਾਸ ਕੀਤਾ ਸੀ ਅਤੇ ਅੱਜ ਦੇ ਨੌਜਵਾਨਾਂ ਨੂੰ ਜਾਣਦਿਆਂ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਮੌਕੇ ’ਤੇ ਖਰੇ ਉਤਰਨਗੇ ਅਤੇ ਬਿਲਕੁਲ ਇਹੀ ਕਰਨਗੇ।
–ਨਰਿੰਦਰ ਮੋਦੀ
