‘ਰੀਲ ਬਣਾਉਣ ਦੇ ਚੱਕਰ ਵਿਚ’ ਜਾਨਾਂ ਗੁਆ ਰਹੇ ਕੁਝ ਨੌਜਵਾਨ!

Thursday, Jul 09, 2026 - 05:03 AM (IST)

‘ਰੀਲ ਬਣਾਉਣ ਦੇ ਚੱਕਰ ਵਿਚ’ ਜਾਨਾਂ ਗੁਆ ਰਹੇ ਕੁਝ ਨੌਜਵਾਨ!

ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਵੱਡੀ ਗਿਣਤੀ ’ਚ ਨੌਜਵਾਨ ਮੁੰਡੇ-ਕੁੜੀਆਂ ’ਤੇ ਚਰਚਾ ’ਚ ਆਉਣ ਲਈ ‘ਰੀਲ’ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣ ਦਾ ਜਨੂੰਨ ਸਵਾਰ ਹੈ। ਰੀਲ ਬਣਾਉਣ ਵਾਲੇ ਨੌਜਵਾਨ ਪੁੱਠੀਆਂ-ਸਿੱਧੀਆਂ ਹਰਕਤਾਂ ਨਾਲ ਕਦੇ ਤਾਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਹਨ ਅਤੇ ਕਦੇ ਜ਼ਖਮੀ ਹੋ ਜਾਂਦੇ ਹਨ ਜਾਂ ਆਪਣੇ ਪ੍ਰਾਣ ਤੱਕ ਗੁਆ ਬੈਠਦੇ ਹਨ, ਜਿਨ੍ਹਾਂ ਦੀਆਂ ਪਿਛਲੇ 5 ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ:

*31 ਜਨਵਰੀ ਨੂੰ ‘ਹਰਦੋਈ’ (ਉੱਤਰ ਪ੍ਰਦੇਸ਼) ’ਚ ਖ਼ਤਰਨਾਕ ਜਗ੍ਹਾ ’ਤੇ ਵੀਡੀਓ ਬਣਾਉਂਦੇ ਸਮੇਂ ਸੰਤੁਲਨ ਵਿਗੜਨ ਕਾਰਨ ਪਿੱਛਿਓਂ ਆ ਰਹੇ ਵਾਹਨ ਦੀ ਲਪੇਟ ’ਚ ਆ ਜਾਣ ਨਾਲ ਇਕ ਵਿਅਕਤੀ ਦੀ ਜਾਨ ਚਲੀ ਗਈ।

*14 ਮਾਰਚ ਨੂੰ ‘ਨੂੰਹ’ (ਹਰਿਆਣਾ) ’ਚ ਦਿੱਲੀ-ਮੁੰਬਈ ਐਕਸਪ੍ਰੈੱਸ-ਵੇਅ ’ਤੇ ‘ਮੋਇਨ’ ਨਾਂ ਦਾ ਇਕ ਅੱਲ੍ਹੜ ਆਪਣੇ ਦੋਸਤਾਂ ਨਾਲ ਰੀਲ ਬਣਾ ਰਿਹਾ ਸੀ। ਰੀਲ ਬਣਾਉਣ ’ਚ ਉਹ ਇੰਨੇ ਮਸਤ ਸਨ ਕਿ ਸਾਹਮਣਿਓਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਦੇ ਹਾਰਨ ਦੀ ਆਵਾਜ਼ ਹੀ ਨਹੀਂ ਸੁਣ ਸਕੇ, ਜਿਸ ਕਾਰਨ ਟਰੱਕ ਦੀ ਸਿੱਧੀ ਟੱਕਰ ਨਾਲ ‘ਮੋਇਨ’ ਦੀ ਮੌਤ ਹੋ ਗਈ ਅਤੇ ਉਸਦੇ 2 ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

*15 ਮਾਰਚ ਨੂੰ ‘ਰਾਜਕੋਟ’ (ਗੁਜਰਾਤ) ਜ਼ਿਲੇ ’ਚ ਲਗਭਗ 150 ਕਿਲੋਮੀਟਰ ਦੀ ਰਫ਼ਤਾਰ ਨਾਲ ਕਾਰ ਦੌੜਾਉਂਦੇ ਹੋਏ ਵੀਡੀਓ ਬਣਾ ਰਹੇ ਨਾਬਾਲਗ ਦੀ ਕਾਰ ਬੇਕਾਬੂ ਹੋ ਕੇ ਇਕ ਕੰਧ ਨਾਲ ਟਕਰਾ ਜਾਣ ਕਾਰਨ ਕਾਰ ਚਲਾ ਰਹੇ ਨਾਬਾਲਗ ਸਮੇਤ 2 ਲੋਕਾਂ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।

*13 ਅਪ੍ਰੈਲ ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ’ਚ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਰੀਲ ਬਣਾਉਣ ਦੌਰਾਨ ਇਕ ਨੌਜਵਾਨ ਦਾ ਮੋਟਰਸਾਈਕਲ ਡਿਵਾਈਡਰ ਨਾਲ ਟਕਰਾ ਕੇ ਦੂਰ ਜਾ ਡਿੱਗਿਆ, ਜਿਸ ਨਾਲ ਮੋਟਰਸਾਈਕਲ ’ਤੇ ਨੌਜਵਾਨ ਦੇ ਪਿੱਛੇ ਬੈਠੀ ਕੁੜੀ ਦੀ ਘਟਨਾ ਵਾਲੀ ਥਾਂ ’ਤੇ ਹੀ ਦਰਦਨਾਕ ਮੌਤ ਹੋ ਗਈ।

*19 ਅਪ੍ਰੈਲ ਨੂੰ ‘ਮਊਗੰਜ’ (ਮੱਧ ਪ੍ਰਦੇਸ਼) ’ਚ ਬੇਹੱਦ ਤੇਜ਼ ਰਫ਼ਤਾਰ ਮੋਟਰਸਾਈਕਲ ’ਤੇ ਬਿਨਾਂ ਹੈਲਮੇਟ ਦੇ ਖ਼ਤਰਨਾਕ ਕਰਤੱਬਾਂ ਦੀ ਰੀਲ ਬਣਾ ਰਹੇ 3 ਸਕੇ ਭਰਾਵਾਂ ਦਾ ਮੋਟਰਸਾਈਕਲ ਸੜਕ ਦੇ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਿਆ, ਜਿਸ ਨਾਲ ਤਿੰਨੋਂ ਭਰਾਵਾਂ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।

*14 ਮਈ ਨੂੰ ‘ਕੋਰਬਾ’ (ਛੱਤੀਸਗੜ੍ਹ) ’ਚ ਇਕ ਨਦੀ ’ਚ ਰੀਲ ਬਣਾਉਣ ਲਈ ‘ਨਿਖਿਲ ਸਿੰਘ’ ਨਾਂ ਦੇ ਨੌਜਵਾਨ ਨੇ ਉਚਾਈ ਤੋਂ ਨਦੀ ’ਚ ਛਾਲ ਮਾਰ ਦਿੱਤੀ ਅਤੇ ਭੰਵਰ ’ਚ ਫਸ ਜਾਣ ਕਾਰਨ ਉਸ ’ਚੋਂ ਬਾਹਰ ਨਿਕਲਣ ਲਈ ਪਾਣੀ ’ਚ ਹੱਥ-ਪੈਰ ਮਾਰਨ ਲੱਗਾ ਪਰ ਉਸਦੇ ਦੋਸਤਾਂ ਨੇ ਸਮਝਿਆ ਕਿ ਉਹ ਮਸਤੀ ਕਰ ਰਿਹਾ ਹੈ, ਇਸ ਲਈ ਉਹ ਵੀਡੀਓ ਬਣਾਉਂਦੇ ਰਹੇ ਅਤੇ ਇਸ ਦੌਰਾਨ ਨਿਖਿਲ ਨਦੀ ’ਚ ਡੁੱਬ ਕੇ ਮਰ ਗਿਆ।

*24 ਅਪ੍ਰੈਲ ਨੂੰ ‘ਜਬਲਪੁਰ’ (ਮੱਧ ਪ੍ਰਦੇਸ਼) ’ਚ ‘ਸਾਲੀਵਾੜਾ’ ਪਿੰਡ ’ਚ ਨਹਿਰ ਦੇ ਕਿਨਾਰੇ ਰੀਲ ਬਣਾ ਰਹੀਆਂ 4 ਕੁੜੀਆਂ ਪੈਰ ਤਿਲਕਣ ਨਾਲ ਡੂੰਘੇ ਪਾਣੀ ’ਚ ਜਾ ਡਿੱਗੀਆਂ ਅਤੇ ਉਨ੍ਹਾਂ ’ਚੋਂ 3 ਕੁੜੀਆਂ ਦੀ ਮੌਤ ਹੋ ਗਈ।

*6 ਜੂਨ ਨੂੰ ‘ਗੋਰਖਪੁਰ’ (ਉੱਤਰ ਪ੍ਰਦੇਸ਼) ਦੇ ‘ਕਰਥਰੀ’ ਪਿੰਡ ਦੇ ਨੇੜੇ ਨਦੀ ’ਚ ਰੀਲ ਬਣਾ ਰਹੇ 2 ਨੌਜਵਾਨ ਡੂੰਘੇ ਪਾਣੀ ’ਚ ਚਲੇ ਗਏ ਅਤੇ ਤੇਜ਼ ਧਾਰਾ ਉਨ੍ਹਾਂ ਨੂੰ ਬਹਾ ਕੇ ਲੈ ਗਈ।

*20 ਜੂਨ ਨੂੰ ‘ਬੈਤੂਲ’ (ਮੱਧ ਪ੍ਰਦੇਸ਼) ’ਚ ਸੜਕ ’ਤੇ ਰੀਲ ਬਣਾਉਣ ’ਚ ਰੁੱਝੇ ਨੌਜਵਾਨ ਦੀ ਸਾਹਮਣਿਓਂ ਆ ਰਹੀ ਕਾਰ ਨਾਲ ਟੱਕਰ ਹੋਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ।

*2 ਜੁਲਾਈ ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ਰੇਲ ਦੀ ਪਟੜੀ ’ਤੇ ਖੜ੍ਹੇ ਹੋ ਕੇ ਰੀਲ ਬਣਾ ਰਿਹਾ ਇਕ ਨੌਜਵਾਨ ਰੇਲਗੱਡੀ ਦੇ ਬਹੁਤ ਨਜ਼ਦੀਕ ਆ ਜਾਣ ’ਤੇ ਵੀ ਪਟੜੀ ਤੋਂ ਨਹੀਂ ਹਟਿਆ, ਜਿਸਦੇ ਨਤੀਜੇ ਵਜੋਂ ਤੇਜ਼ ਰਫ਼ਤਾਰ ਰੇਲਗੱਡੀ ਦੀ ਲਪੇਟ ’ਚ ਆ ਜਾਣ ਨਾਲ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ।

*5 ਜੁਲਾਈ ਨੂੰ ‘ਜੈਸਲਮੇਰ’ (ਰਾਜਸਥਾਨ) ’ਚ ਆਪਣੀ ਦਾਦੀ ਦੀ ਕਬਰ ’ਤੇ ਫੁੱਲ ਚੜ੍ਹਾਉਣ ਤੋਂ ਬਾਅਦ ਮੋਟਰਸਾਈਕਲ ’ਤੇ ਤੇਜ਼ ਰਫ਼ਤਾਰ ਨਾਲ ਰੀਲ ਬਣਾਉਂਦੇ ਹੋਏ ਘਰ ਪਰਤ ਰਿਹਾ ਨੌਜਵਾਨ ‘ਹਾਜੀ ਖਾਨ’ ਰੀਲ ਬਣਾਉਣ ਦੇ ਚੱਕਰ ’ਚ ਇਸ ਕਦਰ ਗੁਆਚ ਗਿਆ ਕਿ ਉਸਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਦੇ ਕੰਢੇ ਪਏ ਪੱਥਰਾਂ ਨਾਲ ਟਕਰਾ ਗਿਆ ਅਤੇ ਸਿਰ ’ਚ ਗੰਭੀਰ ਸੱਟ ਲੱਗਣ ਕਾਰਨ ਉਸਦੀ ਮੌਤ ਹੋ ਗਈ।

* ਅਤੇ ਹੁਣ 5 ਜੁਲਾਈ ਨੂੰ ਹੀ ‘ਲੁਧਿਆਣਾ’ (ਪੰਜਾਬ) ’ਚ ਲਰਨਿੰਗ ਲਾਇਸੈਂਸ ’ਤੇ ਤੇਜ਼ ਰਫ਼ਤਾਰ ਕਾਰ ਚਲਾਉਂਦੇ ਹੋਏ ਰੀਲ ਰਿਕਾਰਡ ਕਰ ਰਹੇ 18 ਸਾਲਾ ਨੌਜਵਾਨ ਦੀ ਕਾਰ ਨੇ ਬੇਕਾਬੂ ਹੋ ਕੇ ਸੜਕ ਕਿਨਾਰੇ ਸਵੇਰ ਦੀ ਸੈਰ ’ਤੇ ਨਿਕਲੀਆਂ 2 ਔਰਤਾਂ ਨੂੰ ਕੁਚਲ ਦਿੱਤਾ, ਜਿਨ੍ਹਾਂ ’ਚੋਂ ਇਕ ਔਰਤ ਦੀ ਉੱਥੇ ਹੀ ਮੌਤ ਹੋ ਗਈ।

ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਰੀਲ ਬਣਾਉਣ ਦੇ ਰੁਝਾਨ ਅਤੇ ਇਸ ਨਾਲ ਹੋਣ ਵਾਲੀਆਂ ਦੁਰਘਟਨਾਵਾਂ ’ਚ ਵਾਧਾ ਹੋਇਆ ਹੈ। ਇਸ ਸਬੰਧ ’ਚ ਅਸੀਂ ਨੌਜਵਾਨਾਂ ਨੂੰ ਇਹੀ ਸਲਾਹ ਦੇਵਾਂਗੇ ਕਿ ਉਹ ਆਪਣੀ ਜਾਨ ਜੋਖਮ ’ਚ ਪਾ ਕੇ ਇਸ ਪ੍ਰਕਾਰ ਦੇ ਕਰਤੱਬ ਨਾ ਕਰਨ ਕਿਉਂਕਿ ਉਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਭੁੱਲਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿੰਦਗੀ ਭਰ ਦੀ ਪੀੜ ਦੇ ਸਕਦੀਆਂ ਹਨ।

—ਵਿਜੇ ਕੁਮਾਰ
 


author

Inder Prajapati

Content Editor

Related News