ਸਤਲੁਜ ਅਤੇ ਇਤਿਹਾਸ ਨੂੰ ਯਾਦ ਰੱਖਣ ਦੀ ਜ਼ਿੰਮੇਵਾਰੀ

Monday, Jul 13, 2026 - 06:18 PM (IST)

ਸਤਲੁਜ ਅਤੇ ਇਤਿਹਾਸ ਨੂੰ ਯਾਦ ਰੱਖਣ ਦੀ ਜ਼ਿੰਮੇਵਾਰੀ

ਸਿਨੇਮਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹੁੰਦਾ, ਇਹ ਸਮਾਜ ਦੀ ਸਾਂਝੀ ਯਾਦ ਨੂੰ ਵੀ ਘੜਦਾ ਹੈ। ਇਕ ਪ੍ਰਭਾਵਸ਼ਾਲੀ ਫ਼ਿਲਮ ਅਕਸਰ ਇਤਿਹਾਸ ਦੀਆਂ ਕਿਤਾਬਾਂ ਨਾਲੋਂ ਵੱਧ ਲੋਕਾਂ ਦੇ ਮਨ ’ਚ ਵੱਸ ਜਾਂਦੀ ਹੈ। ਇਸ ਲਈ ਜਦੋਂ ਕੋਈ ਫ਼ਿਲਮ ਅਜਿਹੇ ਦੌਰ ਨੂੰ ਦਰਸਾਉਂਦੀ ਹੈ ਜਿਸ ਨੇ ਹਜ਼ਾਰਾਂ ਪਰਿਵਾਰਾਂ ਨੂੰ ਅਸਹਿਣਯੋਗ ਦਰਦ ਦਿੱਤਾ ਹੋਵੇ, ਤਾਂ ਕਲਾਤਮਕ ਆਜ਼ਾਦੀ ਦੇ ਨਾਲ ਇਤਿਹਾਸਕ ਜ਼ਿੰਮੇਵਾਰੀ ਵੀ ਨਿਭਾਉਣੀ ਪੈਂਦੀ ਹੈ।

ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਸਤਲੁਜ’ ਇਸੇ ਕਾਰਨ ਚਰਚਾ ਦਾ ਵਿਸ਼ਾ ਬਣੀ ਹੈ। ਫ਼ਿਲਮ ਦੀ ਤਕਨੀਕੀ ਗੁਣਵੱਤਾ, ਦ੍ਰਿਸ਼ ਪੇਸ਼ਕਾਰੀ ਅਤੇ ਅਦਾਕਾਰੀ ਦੀ ਪ੍ਰਸ਼ੰਸਾ ਹੋ ਸਕਦੀ ਹੈ ਪਰ ਇਹ ਵੀ ਜ਼ਰੂਰੀ ਹੈ ਕਿ ਅਸੀਂ ਇਹ ਪੁੱਛੀਏ ਕਿ ਕੀ ਇਹ ਪੰਜਾਬ ਦੇ ਅੱਤਵਾਦੀ ਦੌਰ ਦੀ ਪੂਰੀ ਤਸਵੀਰ ਦਰਸਾਉਂਦੀ ਹੈ ਜਾਂ ਸਿਰਫ਼ ਉਸ ਦਾ ਇਕ ਹਿੱਸਾ।

ਪੰਜਾਬ ਨੇ 1980 ਅਤੇ 1990 ਦੇ ਦਹਾਕਿਆਂ ’ਚ ਅਜਿਹਾ ਖੂਨੀ ਦੌਰ ਵੇਖਿਆ ਜਿਸ ਨੇ ਅਣਗਿਣਤ ਪਰਿਵਾਰਾਂ ਦੀ ਜ਼ਿੰਦਗੀ ਬਦਲ ਦਿੱਤੀ। ਨਿਰਦੋਸ਼ ਨਾਗਰਿਕ, ਪੁਲਸ ਮੁਲਾਜ਼ਮ, ਸਰਕਾਰੀ ਅਧਿਕਾਰੀ, ਪੱਤਰਕਾਰ, ਧਾਰਮਿਕ ਆਗੂ ਅਤੇ ਆਮ ਲੋਕ ਇਸ ਹਿੰਸਾ ਦਾ ਸ਼ਿਕਾਰ ਬਣੇ। ਪਿੰਡਾਂ ਅਤੇ ਸ਼ਹਿਰਾਂ ’ਚ ਡਰ ਦਾ ਮਾਹੌਲ ਸੀ। ਕਈ ਪਰਿਵਾਰਾਂ ਨੇ ਆਪਣੇ ਪਿਆਰੇ ਗੁਆਏ ਅਤੇ ਇਕ ਪੂਰੀ ਪੀੜ੍ਹੀ ਨੇ ਅਸੁਰੱਖਿਆ ਦੇ ਸਾਏ ਹੇਠ ਬਚਪਨ ਬਿਤਾਇਆ।

ਇਸ ਹਕੀਕਤ ਨੂੰ ਕਿਸੇ ਵੀ ਕਲਾਤਮਕ ਪੇਸ਼ਕਾਰੀ ’ਚ ਕੇਂਦਰੀ ਸਥਾਨ ਮਿਲਣਾ ਚਾਹੀਦਾ ਹੈ।

ਬੇਸ਼ੱਕ, ਹਰ ਫ਼ਿਲਮ ਕਿਸੇ ਵਿਅਕਤੀ ਦੀ ਕਹਾਣੀ ਰਾਹੀਂ ਵੱਡੇ ਸੰਘਰਸ਼ ਨੂੰ ਦਿਖਾਉਂਦੀ ਹੈ। ਮਨੁੱਖੀ ਪੀੜਾ, ਭਾਵਨਾਵਾਂ ਅਤੇ ਨੈਤਿਕ ਉਲਝਣਾਂ ਨੂੰ ਦਰਸਾਉਣਾ ਕਲਾ ਦਾ ਹਿੱਸਾ ਹੈ ਪਰ ਜਦੋਂ ਵਿਅਕਤੀਗਤ ਦਰਦ ਨੂੰ ਇਤਿਹਾਸਕ ਪ੍ਰਸੰਗ ਤੋਂ ਵੱਖ ਕਰ ਦਿੱਤਾ ਜਾਂਦਾ ਹੈ, ਤਾਂ ਦਰਸ਼ਕਾਂ ਲਈ ਸੱਚਾਈ ਦਾ ਸੰਤੁਲਨ ਵਿਗੜ ਸਕਦਾ ਹੈ।

ਇਹ ਖ਼ਤਰਾ ਅੱਜ ਹੋਰ ਵੀ ਵਧ ਗਿਆ ਹੈ। ਸੋਸ਼ਲ ਮੀਡੀਆ ਦੇ ਯੁੱਗ ’ਚ ਫ਼ਿਲਮਾਂ ਦੇ ਛੋਟੇ-ਛੋਟੇ ਦ੍ਰਿਸ਼ ਸੰਦਰਭ ਤੋਂ ਬਿਨਾਂ ਵਾਇਰਲ ਹੋ ਜਾਂਦੇ ਹਨ। ਇਕ ਭਾਵਨਾਤਮਕ ਦ੍ਰਿਸ਼ ਕਈ ਵਾਰ ਪੂਰੇ ਇਤਿਹਾਸ ਦੀ ਥਾਂ ਲੈ ਲੈਂਦਾ ਹੈ। ਇਸ ਤਰ੍ਹਾਂ ਲੋਕਾਂ ਦੀ ਧਾਰਨਾ ਅਧੂਰੀ ਜਾਣਕਾਰੀ ਦੇ ਆਧਾਰ ’ਤੇ ਬਣਨ ਲੱਗਦੀ ਹੈ।

ਦੁਨੀਆ ਭਰ ਵਿਚ ਇਹ ਵੇਖਿਆ ਗਿਆ ਹੈ ਕਿ ਦ੍ਰਿਸ਼ ਮਾਧਿਅਮ ਜਨਮਤ ਨੂੰ ਪ੍ਰਭਾਵਿਤ ਕਰਨ ਦਾ ਸਭ ਤੋਂ ਸ਼ਕਤੀਸ਼ਾਲੀ ਸਾਧਨ ਬਣ ਚੁੱਕਾ ਹੈ। ਇਸ ਲਈ ਇਤਿਹਾਸਕ ਘਟਨਾਵਾਂ ਨੂੰ ਪੇਸ਼ ਕਰਦੇ ਸਮੇਂ ਸੰਤੁਲਨ ਅਤੇ ਤੱਥਾਂ ਦੀ ਪੂਰੀ ਪਾਲਣਾ ਕਰਨਾ ਪਹਿਲਾਂ ਨਾਲੋਂ ਵੱਧ ਮਹੱਤਵਪੂਰਨ ਹੈ।

ਇਸ ਦਾ ਮਤਲਬ ਇਹ ਨਹੀਂ ਕਿ ਰਾਜ ਦੀ ਕਾਰਵਾਈ ਜਾਂ ਸੁਰੱਖਿਆ ਏਜੰਸੀਆਂ ਬਾਰੇ ਕੋਈ ਸਵਾਲ ਨਹੀਂ ਪੁੱਛੇ ਜਾਣੇ ਚਾਹੀਦੇ। ਇਕ ਲੋਕਤੰਤਰ ’ਚ ਹਰ ਨੀਤੀ ਅਤੇ ਹਰ ਕਾਰਵਾਈ ਦੀ ਸਮੀਖਿਆ ਹੋਣੀ ਹੀ ਚਾਹੀਦੀ ਹੈ। ਜੇ ਕਿਤੇ ਗ਼ਲਤੀਆਂ ਹੋਈਆਂ ਹਨ, ਤਾਂ ਉਨ੍ਹਾਂ ’ਤੇ ਚਰਚਾ ਹੋਣੀ ਚਾਹੀਦੀ ਹੈ।

ਪਰ ਇਹ ਵੀ ਓਨਾ ਹੀ ਸੱਚ ਹੈ ਕਿ ਅੱਤਵਾਦ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਕਿਸੇ ਵੀ ਸਮਾਜ ਵਿਚ ਨਿਰਦੋਸ਼ ਲੋਕਾਂ ਦੀ ਹੱਤਿਆ, ਡਰ ਦਾ ਮਾਹੌਲ ਬਣਾਉਣਾ ਅਤੇ ਹਿੰਸਾ ਰਾਹੀਂ ਰਾਜਨੀਤਿਕ ਮਕਸਦ ਹਾਸਲ ਕਰਨ ਦੀ ਕੋਸ਼ਿਸ਼ ਨੂੰ ਇਤਿਹਾਸ ’ਚ ਰੋਮਾਂਚਕ ਜਾਂ ਮਹਿਮਾ ਦੇ ਰੂਪ ’ਚ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ।

ਅੱਜ ਦਾ ਪੰਜਾਬ ਉਸ ਹਨੇਰੇ ਦੌਰ ’ਚੋਂ ਬਾਹਰ ਨਿਕਲ ਕੇ ਵਿਕਾਸ, ਮਿਹਨਤ ਅਤੇ ਅਮਨ ਦੀ ਰਾਹ ’ਤੇ ਅੱਗੇ ਵਧ ਰਿਹਾ ਹੈ। ਇਸ ਬਦਲਾਅ ਦਾ ਸਿਹਰਾ ਪੰਜਾਬ ਦੇ ਉਨ੍ਹਾਂ ਲੱਖਾਂ ਲੋਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੇ ਹਿੰਸਾ ਨੂੰ ਨਕਾਰਿਆ ਅਤੇ ਸ਼ਾਂਤੀ ਨੂੰ ਚੁਣਿਆ। ਉਨ੍ਹਾਂ ਦੀ ਕਹਾਣੀ ਵੀ ਓਨੀ ਹੀ ਮਹੱਤਵਪੂਰਨ ਹੈ ਜਿੰਨੀ ਸੰਘਰਸ਼ ਦੀ ਕਹਾਣੀ।

ਸਿਨੇਮਾ ਦਾ ਮਕਸਦ ਸੋਚਣ ਲਈ ਮਜਬੂਰ ਕਰਨਾ ਹੈ, ਭਰਮ ਪੈਦਾ ਕਰਨਾ ਨਹੀਂ। ਇਕ ਚੰਗੀ ਫ਼ਿਲਮ ਮੁਸ਼ਕਲ ਸਵਾਲ ਪੁੱਛ ਸਕਦੀ ਹੈ ਪਰ ਉਹ ਇਤਿਹਾਸ ਦੇ ਮੂਲ ਸੱਚ ਨੂੰ ਧੁੰਦਲਾ ਨਹੀਂ ਕਰਨੀ ਚਾਹੀਦੀ।

ਸਤਲੁਜ ਬਾਰੇ ਚਰਚਾ ਸਿਰਫ਼ ਇਕ ਫ਼ਿਲਮ ਦੀ ਨਹੀਂ ਹੈ। ਇਹ ਇਸ ਗੱਲ ਬਾਰੇ ਹੈ ਕਿ ਅਸੀਂ ਆਪਣੇ ਇਤਿਹਾਸ ਨੂੰ ਕਿਵੇਂ ਯਾਦ ਰੱਖਦੇ ਹਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਕਿਹੜੀ ਯਾਦ ਪਹੁੰਚਾਉਂਦੇ ਹਾਂ, ਕਿਉਂਕਿ ਜਦੋਂ ਯਾਦ ਅਧੂਰੀ ਹੋਵੇ, ਤਾਂ ਇਤਿਹਾਸ ਤੋਂ ਸਿੱਖਣ ਦੀ ਸਮਰੱਥਾ ਵੀ ਅਧੂਰੀ ਰਹਿ ਜਾਂਦੀ ਹੈ।

–ਨਵੀਨ ਸੂਰੀ

(ਨਵੀਨ ਸੂਰੀ ‘ਦਿ ਡੇਲੀ ਮਿਲਾਪ’ ਦੇ ਮੁੱਖ ਸੰਪਾਦਕ ਹਨ)


author

Anmol Tagra

Content Editor

Related News