ਚੋਣਾਂ ’ਚ ਧਰਮ ਦੀ ਵਰਤੋਂ, ਸਭ ਕੁਝ ਧਰਮ ਦੇ ਨਾਂ ’ਤੇ

Wednesday, Nov 12, 2025 - 04:12 PM (IST)

ਚੋਣਾਂ ’ਚ ਧਰਮ ਦੀ ਵਰਤੋਂ, ਸਭ ਕੁਝ ਧਰਮ ਦੇ ਨਾਂ ’ਤੇ

ਬਿਹਾਰ ਵਿਧਾਨ ਸਭਾ ਚੋਣਾਂ ’ਚ ਵੋਟ ਪੇਟੀ ’ਚ ਆਖਰੀ ਵੋਟ ਪਾਈ ਜਾ ਚੁੱਕੀ ਹੈ। ਇਨ੍ਹਾਂ ਚੋਣਾਂ ਨੇ ਸਿਆਸਤ ਦਾ ਅਜਿਹਾ ਮੰਥਨ ਕੀਤਾ ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਗੱਲਬਾਤ ਅਤੇ ਭਾਸ਼ਣ ਸਿਰਫ ਭਾਵਨਾਵਾਂ ਭੜਕਾਉਣ, ਨਫਰਤ ਫੈਲਾਉਣ ਅਤੇ ਧਾਰਮਿਕ ਆਧਾਰ ’ਤੇ ਫਿਰਕੂਪੁਣੇ ਦਾ ਪਾੜਾ ਵਧਾਉਣਾ ਰਹਿ ਗਿਆ ਹੈ। ਬਦਕਿਸਮਤੀ ਨਾਲ ਆਪਣੇ ਵਿਰੋਧੀਆਂ ਕੋਲੋਂ ਇਹ ਪੁੱਛਣ ਦੀ ਬਜਾਏ ਕਿ ਉਨ੍ਹਾਂ ਦੀ ਸੂਬੇ ਬਾਰੇ ਕੀ ਯੋਜਨਾ ਹੈ, ਕੀ ਨਜ਼ਰੀਆ ਹੈ, ਉਨ੍ਹਾਂ ਸਾਰਿਆਂ ਨੇ ਚੋਣਾਂ ਦੇ ਕਾਰਜ ਨੂੰ ਕਿਵੇਂ ਅਪਣਾਇਆ, ਅਸੀਂ ਮਤਭੇਦ ਅਤੇ ਫੁੱਟ ਪੈਦਾ ਕਰਨ ’ਚ ਆਨੰਦ ਿਕਉਂ ਲੈਂਦੇ ਹਾਂ ਅਤੇ ਅਸੀਂ ਹਿੱਤਾਂ ’ਤੇ ਸਿਧਾਂਤਾਂ ਦਾ ਕਵਰ ਕਿਉਂ ਚੜ੍ਹਾ ਦਿੰਦੇ ਹਾਂ? ਨਾਲ ਹੀ ਅਸੀਂ ਚੋਣਾਂ ਵੇਲੇ ਰਾਮ-ਰਹੀਮ ਦਾ ਮੁੱਦਾ ਜ਼ੋਰ-ਸ਼ੋਰ ਨਾਲ ਕਿਉਂ ਉਠਾਉਂਦੇ ਹਾਂ।

ਸਿਆਸਤ ’ਚ ਧਰਮ ਵੋਟਾਂ ਵਧਾਉਣ ਦਾ ਸਾਧਨ ਬਣਦਾ ਜਾ ਰਿਹਾ ਹੈ ਅਤੇ ਵੋਟਰਾਂ ਨੂੰ ਭਰਮਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਪ੍ਰਵਾਹ ਨਹੀਂ ਕੀਤੀ ਜਾਂਦੀ ਕਿ ਇਹ ਤਬਾਹਕੁੰਨ ਹੈ, ਫਿਰਕੂ ਹਿੰਸਾ ਨੂੰ ਸ਼ਹਿ ਦਿੰਦਾ ਹੈ ਅਤੇ ਹਰੇਕ ਪਾਰਟੀ ਇਸ ਆਸ ਨਾਲ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦੀ ਹੈ ਕਿ ਇਸ ਨਾਲ ਉਨ੍ਹਾਂ ਨੂੰ ਲਾਭ ਮਿਲੇਗਾ ਅਤੇ ਇਹ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਾਡੇ ਸਿਆਸੀ ਆਗੂ ਆਪਣੇ ਬੇਸਮਝ ਵੋਟ ਬੈਂਕ ਨੂੰ ਭੜਕਾਈ ਰੱਖਦੇ ਹਨ ਤਾਂ ਕਿ ਉਨ੍ਹਾਂ ਦਾ ਮੰਤਵ ਪੂਰਾ ਹੋ ਸਕੇ।

ਬਿਹਾਰ ’ਚ ਇੰਡੀਆ ਗੱਠਜੋੜ ਦੀ ਪਾਰਟੀ ਮੁਸਲਮਾਨਾਂ ਨੂੰ ਭਰਮਾਉਣ ’ਚ ਰੁੱਝੀ ਰਹੀ। ਇਸ ਦੇ ਲਈ ਉਸ ਨੇ ਇਸ ਭਾਈਚਾਰੇ ਦੇ ਲੋਕਾਂ ਨੂੰ ਟਿਕਟ ਦਿੱਤੀ। ਬਿਹਾਰ ’ਚ ਮੁਸਲਮਾਨਾਂ ਦੀ ਆਬਾਦੀ 2 ਕਰੋੜ ਤੋਂ ਵੱਧ ਹੈ, ਤਾਂ ਦੂਜੇ ਪਾਸੇ ਭਾਜਪਾ ਹਿੰਦੂ ਵੋਟਾਂ ਨੂੰ ਇਕਜੁੱਟ ਕਰਨ ’ਚ ਲੱਗੀ ਰਹੀ। ਬਿਹਾਰ ਦੇ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ’ਚ ਪੁਲਸ ਧਾਰਮਿਕ ਸਥਾਨਾਂ ਤੋਂ ਲਾਊਡ ਸਪੀਕਰ ਹਟਾਉਣ ’ਚ ਰੁੱਝੀ ਹੈ, ਕਿਉਂਕਿ ਉਸ ਨੂੰ ਸ਼ਿਕਾਇਤ ਮਿਲੀ ਕਿ ਇਨ੍ਹਾਂ ਦੀ ਆਵਾਜ਼ ਨਿਰਧਾਰਿਤ ਹੱਦ ਤੋਂ ਵੱਧ ਹੈ ਅਤੇ ਇਹ ਹਿੰਦੂ-ਮੁਸਲਿਮ ਦਰਮਿਆਨ ਵਿਵਾਦ ਪੈਦਾ ਕਰਨ ਲਈ ਕਾਫੀ ਹੈ।

ਭਾਜਪਾ ਦਾ ਕਹਿਣਾ ਹੈ ਕਿ ਕੀ ਜਨਤਕ ਥਾਂ ’ਤੇ ਨਮਾਜ਼ ਪੜ੍ਹਨ ਦੀ ਇਜਾਜ਼ਤ ਦਿੱਤੀ ਗਈ ਸੀ ਅਤੇ ਇਸ ਬਾਰੇ ’ਚ ਜਵਾਬਦੇਹੀ ਦੀ ਮੰਗ ਕੀਤੀ ਗਈ। ਭਾਜਪਾ ਨੇ ਪੁੱਛਿਆ ਕਿ ਸੂਬਾ ਸਰਕਾਰ ਰਾਸ਼ਟਰੀ ਸਵੈਮਸੇਵਕ ਸੰਘ ਵਲੋਂ ਉਚਿਤ ਇਜਾਜ਼ਤ ਪ੍ਰਾਪਤ ਕਰਨ ਦੇ ਬਾਅਦ ਵੀ ਇਸ ਦੇ ਪਥ ਸੰਚਾਲਨ ’ਤੇ ਕਿਉਂ ਰੋਕ ਲਗਾ ਰਹੀ ਹੈ।

ਮੁੱਖ ਮੰਤਰੀ ਸਿੱਧਰਮਈਆ ਨੇ ਇਸ ਦਾ ਢੁੱਕਵਾਂ ਉੱਤਰ ਦਿੱਤਾ ਹੈ ਕਿ ਇਹ ਹੁਕਮ ਸਰਕਾਰੀ ਜਾਇਜਾਦਾਂ ’ਚ ਨਿੱਜੀ ਸੰਗਠਨਾਂ ਦੇ ਕਾਰਜਾਂ ਨੂੰ ਵਿਨਿਯਮਿਤ ਕਰਨ ਲਈ ਹੈ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਇਸ ਹੁਕਮ ’ਚ ਨਹੀਂ ਹੈ। ਇਸ ਵਿਵਾਦ ਦੇ ਦਰਮਿਆਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਹੁਕਮ ਦਿੱਤਾ ਕਿ ਉਹ ਤਾਮਿਲਨਾਡੂ ਸਰਕਾਰ ਵਲੋਂ ਸਵੈਮਸੇਵਕ ਸੰਘ ਦੇ ਕਾਰਜਾਂ ਨੂੰ ਵਿਨਿਯਮਿਤ ਕਰਨ ਲਈ ਉਸ ਵਲੋਂ ਚੁੱਕੇ ਕਦਮਾਂ ਦਾ ਅਧਿਐਨ ਕਰੇ।

ਸਵਾਲ ਉੱਠਦਾ ਹੈ ਕਿ ਅਜਿਹੇ ਦੁਸ਼ਮਣੀ ਪੈਦਾ ਕਰਨ ਵਾਲੇ ਦੋਸ਼ਾਂ ਤੋਂ ਕੀ ਹਾਸਲ ਹੁੰਦਾ ਹੈ? ਕੁਝ ਵੀ ਨਹੀਂ। ਸਿਰਫ ਆਮ ਆਦਮੀ ਨਿਸ਼ਾਨਾ ਬਣਦਾ ਹੈ। ਉਹ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਵਿਵਾਦ ਅਤੇ ਮਤਭੇਦ ਪੈਦਾ ਕਰਨ ਤੋਂ ਕੁਝ ਵੀ ਹਾਸਲ ਨਹੀਂ ਹੁੰਦਾ।

ਸਾਡੇ ਨੇਤਾਵਾਂ ਨੇ ਅੱਜ ਧਰਮ ਨੂੰ ਸਿਆਸਤ ਦਾ ਮੁੱਖ ਮੁੱਦਾ ਬਣਾ ਦਿੱਤਾ ਹੈ, ਜਿਸ ’ਚ ਧਰਮ ਦੀ ਵਰਤੋਂ ਨੂੰ ਸ਼ਹਿ ਦੇਣੀ ਇੰਨੀ ਵੱਡੀ ਹੈ ਕਿ ਇਹ ਹੋਰ ਸਾਰੀਆਂ ਅਪੀਲਾਂ ਅਤੇ ਦਲੀਲਾਂ ਨੂੰ ਨਕਾਰ ਦਿੰਦੀ ਹੈ। ਇਸ ਲਈ ਮੁਕਾਬਲੇਬਾਜ਼ੀ ਲੋਕਤੰਤਰ ਦੇ ਇਸ ਵਾਤਾਵਰਣ ’ਚ ਵਿਕਾਸ ਦੇ ਵਾਅਦੇ ਪਿੱਛੇ ਰਹਿ ਜਾਂਦੇ ਹਨ ਅਤੇ ਧਰਮ ਦੇ ਆਧਾਰ ’ਤੇ ਸਿਆਸਤ ਸਿਆਸੀ ਚੋਣਾਂ ਦੇ ਲਾਭ ਯਕੀਨੀ ਬਣਾਉਂਦੀ ਹੈ, ਹਰਮਨਪਿਆਰਤਾ ਵਧਾਉਂਦੀ ਹੈ ਅਤੇ ਵੋਟਰਾਂ ਦਾ ਧਰੁਵੀਕਰਨ ਕਰਦੀ ਹੈ ਅਤੇ ਸਿਆਸੀ ਆਗੂ ਚਾਹੁੰਦੇ ਹਨ ਕਿ ਅਜਿਹਾ ਹੋਵੇ।

ਕਾਂਗਰਸ ਭਾਜਪਾ ’ਤੇ ਦੋਸ਼ ਲਗਾਉਂਦੀ ਹੈ ਕਿ ਉਹ ਫਿਰਕੂਪੁਣੇ ਨੂੰ ਹਵਾ ਦੇ ਕੇ ਮੁਸਲਮਾਨਾਂ ਨੂੰ ਹਾਸ਼ੀਏ ’ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਉਹ ਬਹੁਗਿਣਤੀ ਵੋਟ ਬੈਂਕ ਦੀ ਸਿਆਸਤ ਕਰ ਸਕੇ, ਜਦਕਿ ਵਿਰੋਧੀ ਪਾਰਟੀਆਂ ਵਲੋਂ ਆਪਣੇ ਵਿਰੋਧੀਆਂ ਦੀ ਘੱਟਗਿਣਤੀ ਵਿਰੋਧੀ ਮੁੱਦੇ ’ਤੇ ਆਲੋਚਨਾ ਕਰਨ ਅਤੇ ਹਮਲਾਵਰ ਤੌਰ ’ਤੇ ਹਿੰਦੂ ਏਕੀਕਰਨ ਦਾ ਵਿਰੋਧ ਕਰਨ ਦੇ ਬਾਵਜੂਦ ਉਹ ਮੁਸਲਿਮ ਸਮਰਥਕ ਨਹੀਂ ਦਿਸਣਾ ਚਾਹੁੰਦੀਆਂ। ਮੁਸਲਿਮ ਸੋਚ ਨੂੰ ਭਾਜਪਾ ਵਿਰੋਧੀ ਮੰਨਣਾ ਉਨ੍ਹਾਂ ਦੀ ਰਣਨੀਤਿਕ ਸਿਆਸਤ ਦਾ ਆਧਾਰ ਹੈ।

ਬਿਨਾਂ ਸ਼ੱਕ ਭਾਜਪਾ ਧਰੁਵੀਕਰਨ ਦੀ ਨਵੀਂ ਹਿੰਦੂਤਵ ਸਿਆਸਤ ਰਾਹੀਂ ਉਨ੍ਹਾਂ ਇਲਾਕਿਆਂ ’ਚ ਆਪਣਾ ਲੋਕ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿੱਥੇ ਉਸ ਦੀ ਹਾਜ਼ਰੀ ਨਹੀਂ ਹੈ ਜਾਂ ਮਾਮੂਲੀ ਹੈ ਅਤੇ ਇਸ ਦੇ ਲਈ ਉਸ ਨੇ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਦਿੱਤਾ ਹੈ, ਜਿਸ ਦਾ ਭਾਵ ਹੈ ਕਿ ਮੁਸਲਮਾਨਾਂ ਨੂੰ ਇਕ ਵੱਖਰੀ ਸਮਾਜਿਕ ਇਕਾਈ ਮੰਨਣ ਦੀ ਲੋੜ ਨਹੀਂ ਹੈ, ਫਿਰ ਵੀ ਉਹ ਮੰਨਦੀ ਹੈ ਕਿ ਮੁਸਲਿਮ ਸੋਚ ਇਕ ਸਮੱਸਿਆ ਹੈ ਅਤੇ ਆਪਣੇ ਵਿਰੋਧੀਆਂ ਨੂੰ ਟੁਕੜੇ-ਟੁਕੜੇ ਗੈਂਗ ਦੀ ਮੁਸਲਿਮ ਪਾਰਟੀ ਕਹਿੰਦੀ ਹੈ।

ਭਾਰਤ ਦੀ ਬਦਕਿਸਮਤੀ ਇਹ ਹੈ ਕਿ ਇੱਥੇ ਸਿਆਸੀ ਅਤੇ ਬੌਧਿਕ ਦੋਗਲੇਪਨ ਦੇ ਕਾਰਨ ਹਿੰਦੂ, ਮੁਸਲਿਮ ਅਤੇ ਈਸਾਈਆਂ ’ਚ ਕੱਟੜਤਾ ਵਧ ਰਹੀ ਹੈ, ਜਿਸ ਕਾਰਨ ਧਰਮਨਿਰਪੱਖਤਾ ਸਾਰੇ ਧਰਮਾਂ ਲਈ ਇਕਸਾਰ ਸਨਮਾਨ ਦੇ ਉੱਚ ਆਦਰਸ਼ਾਂ ਤੋਂ ਬਦਲ ਕੇ ਬੰਧਕ ਧਾਰਮਿਕ ਵੋਟ ਬੈਂਕ ਬਣਨ ਦੀ ਰਾਕਸ਼ੀ ਸਿਆਸਤ ਬਣ ਗਈ ਹੈ ਅਤੇ ਇਸ ਲੜੀ ’ਚ ਸਾਡੇ ਸਿਆਸੀ ਇਹ ਪ੍ਰਵਾਨ ਨਹੀਂ ਕਰਦੇ ਕਿ ਉਹ ਅਸਲੀ ਦੋਸ਼ੀ ਹਨ।

ਸਪੱਸ਼ਟ ਹੈ ਕਿ ਅਜਿਹੇ ਮੁਕਾਬਲੇਬਾਜ਼ੀ ਲੋਕਤੰਤਰ ਦੇ ਵਾਤਾਵਰਣ ’ਚ ਜੇਕਰ ਜਾਤੀਵਾਦੀ ਸਿਆਸਤ ਚੋਣਾਂ ’ਚ ਲਾਭ ਦਿੰਦੀ ਹੈ ਤਾਂ ਨਫਰਤ ਪੈਦਾ ਕਰਨ ਵਾਲੇ ਭਾਸ਼ਣਾਂ ਰਾਹੀਂ ਧਰਮ ਦੇ ਆਧਾਰ ’ਤੇ ਸਿਆਸੀ ਵੋਟਰਾਂ ਦੇ ਧਰੁਵੀਕਰਨ ’ਚ ਸਹਾਇਤਾ ਕਰਦੀ ਹੈ। ਸਾਡੇ ਸਿਆਸੀ ਆਗੂਆਂ ’ਚ ਸਾਰੇ ਧਰਮਾਂ ਨੂੰ ਸਨਮਾਨ ਦੇਣ ਦੀ ਕੋਈ ਇੱਛਾ ਨਹੀਂ ਹੈ। ਇਸ ਦੀ ਬਜਾਏ ਉਹ ਧਰਮ ਦੀ ਵਰਤੋਂ ਵੋਟਾਂ ਹਾਸਲ ਕਰਨ ਲਈ ਕਰਦੇ ਹਨ। ਜਦੋਂ ਸਥਾਈ ਵੋਟ ਬੈਂਕ ਦੀ ਸਿਆਸਤ ਸਾਡੇ ਸਿਆਸੀ ਆਗੂਆਂ ਦੀ ਸਿਆਸੀ ਵਿਚਾਰਧਾਰਾ ਅਤੇ ਨਜ਼ਰੀਏ ਨੂੰ ਨਿਰਦੇਸ਼ਿਤ ਕਰਦੀ ਹੈ ਅਤੇ ਜਦੋਂ ਸਾਰੀਆਂ ਪਾਰਟੀਆਂ ਅਤੇ ਨੇਤਾ ਇਸ ਰੰਗ ’ਚ ਰੰਗੇ ਹੁੰਦੇ ਹਨ ਤਾਂ ਇਸ ਸਮੱਸਿਆ ਦਾ ਹੱਲ ਨਹੀਂ ਹੈ।

ਸਮਾਂ ਆ ਗਿਆ ਹੈ ਕਿ ਸਿਆਸੀ ਪਾਰਟੀਆਂ ਇਸ ਗੱਲ ਨੂੰ ਸਮਝਣ ਕਿ ਇਸ ਦੇ ਕਾਰਨ ਹੋਣ ਵਾਲਾ ਨੁਕਸਾਨ ਸਥਾਈ ਹੋਵੇਗਾ। ਇਹ ਸੂਬੇ ਦੀ ਭੰਨਤੋੜ ਕਰਨਗੇ ਕਿਉਂਕਿ ਸੂਬੇ ਦੀ ਸੰਵਿਧਾਨ ਤੋਂ ਸਿਵਾਏ ਕੋਈ ਧਾਰਮਿਕ ਪਛਾਣ ਨਹੀਂ ਹੈ। ਇਸ ਲਈ ਸਾਡਾ ਨੈਤਿਕ ਗੁੱਸਾ ਚੋਣਵਾਂ ਨਹੀਂ ਹੋ ਸਕਦਾ ਸਗੋਂ ਇਹ ਨਿਆਂਪੂਰਨ ਅਤੇ ਸਨਮਾਨ ਵਾਲਾ ਹੋਣਾ ਚਾਹੀਦਾ ਹੈ।

ਮੌਜੂਦਾ ਸਿਆਸੀ ਦ੍ਰਿਸ਼ ’ਚ ਜੇਕਰ ਸਾਡੇ ਨੇਤਾ ਧਰਮ ਨੂੰ ਸਿਆਸਤ ਨਾਲੋਂ ਅਲੱਗ ਕਰ ਸਕਣ ਤਾਂ ਫਿਰਕੂ ਹਿੰਸਾ ਖਤਮ ਹੋ ਜਾਵੇਗੀ ਅਤੇ ਇਸ ਸਭ ਲਈ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਚਾਹੀਦੀ ਹੈ। ਸਾਰੀਆਂ ਪਾਰਟੀਆਂ ’ਚ ਇਹ ਸਹਿਮਤੀ ਬਣਨੀ ਚਾਹੀਦੀ ਹੈ ਕਿ ਵੋਟ ਬੈਂਕ ਸਿਆਸਤ ਲਈ ਧਰਮ ਦੀ ਵਰਤੋਂ ਕੀਤੀ ਜਾਵੇ। ਬਦਕਿਸਮਤੀ ਨਾਲ ਭਾਰਤ ਦੀ ਮੌਜੂਦਾ ਖੰਡਿਤ ਸਿਆਸੀ ਸਥਿਤੀ ’ਚ ਅਜਿਹੀ ਅਸਲੀਅਤ ਲਈ ਕੋਈ ਥਾਂ ਨਹੀਂ ਹੈ।

ਕੁਲ ਮਿਲਾ ਕੇ ਹਰ ਕੀਮਤ ’ਤੇ ਸੱਤਾ ਹਾਸਲ ਕਰਨ ਵਾਲੇ ਸਾਡੇ ਸਿਆਸੀ ਆਗੂਆਂ ਨੂੰ ਵੋਟ ਬੈਂਕ ਦੀ ਸਿਆਸਤ ਤੋਂ ਪਰ੍ਹੇ ਸੋਚਣਾ ਹੋਵੇਗਾ ਅਤੇ ਆਪਣੇ ਫੈਸਲਿਆਂ ਦੇ ਖਤਰਨਾਕ ਪ੍ਰਭਾਵਾਂ ’ਤੇ ਵਿਚਾਰ ਕਰਨਾ ਹੋਵੇਗਾ। ਕਿਉਂਕਿ ਉਨ੍ਹਾਂ ਦੇ ਇਨ੍ਹਾਂ ਕਦਮਾਂ ਨਾਲ ਦੇਸ਼ ਫਿਰਕੂਪੁਣੇ ਵੱਲ ਵਧ ਰਿਹਾ ਹੈ। ਉਨ੍ਹਾਂ ਨੂੰ ਧਰਮ ਨੂੰ ਸਿਆਸਤ ਨਾਲੋਂ ਵੱਖ ਕਰਨਾ ਹੋਵੇਗਾ।

ਸਾਡੇ ਸਿਆਸੀ ਆਗੂਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਸਿਆਣਪ ਅਤੇ ਠਰ੍ਹੰਮੇ ਦੀ ਵਰਤੋਂ ਕਰਨ। ਉਨ੍ਹਾਂ ਨੂੰ ਇਸ ਗੱਲ ਨੂੰ ਸਮਝਣਾ ਹੋਵੇਗਾ ਕਿ ਰਾਸ਼ਟਰ ਮੁੱਖ ਤੌਰ ’ਤੇ ਮਨ ਅਤੇ ਦਿਲਾਂ ਦਾ ਮਿਲਨ ਹੈ ਅਤੇ ਉਸ ਦੇ ਬਾਅਦ ਇਹ ਭੂਗੋਲਿਕ ਇਕਾਈ ਹੈ। ਅਸਲ ’ਚ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਸ਼ਾਸਨ ਅਤੇ ਬਰਾਬਰੀ ਦੇ ਮਾਪਦੰਡ ਵਧਾਏ ਜਾਣ, ਨਾ ਕਿ ਉਨ੍ਹਾਂ ਨੂੰ ਘੱਟ ਕੀਤਾ ਜਾਵੇ।

-ਪੂਨਮ ਆਈ. ਕੌਸ਼ਿਸ਼


author

Harpreet SIngh

Content Editor

Related News