‘ਐੱਗ ਫਰੀਜ਼’ : ਕਿਸੇ ਵੀ ਉਮਰ ’ਚ ਮਾਂ ਬਣਨ ਦੀ ਸਹੂਲਤ

Tuesday, Sep 17, 2024 - 06:39 PM (IST)

‘ਐੱਗ ਫਰੀਜ਼’ : ਕਿਸੇ ਵੀ ਉਮਰ ’ਚ ਮਾਂ ਬਣਨ ਦੀ ਸਹੂਲਤ

ਪਿਛਲੇ ਦਿਨੀਂ 2 ਦੋਸਤਾਂ ਦੀਆਂ ਵਾਕਫ ਲੜਕੀਆਂ ਨਾਲ ਮੁਲਾਕਾਤ ਹੋਈ। ਉਨ੍ਹਾਂ ਦੇ ਮਾਪਿਆਂ ਨਾਲ ਅਕਸਰ ਗੱਲ ਹੁੰਦੀ ਹੈ। ਇਨ੍ਹਾਂ ਬੱਚੀਆਂ ਨੂੰ ਜਨਮ ਤੋਂ ਹੀ ਦੇਖਿਆ ਹੈ। ਕੁਝ ਦਿਨ ਪਹਿਲਾਂ ਹੀ ਦੋਵਾਂ ਲੜਕੀਆਂ ਦਾ ਵਿਆਹ ਹੋਇਆ ਹੈ। ਇਹ ਦੋਵੇਂ ਸਹੇਲੀਆਂ ਵੀ ਹਨ। ਹੋਰ ਚੀਜ਼ਾਂ ਦੇ ਨਾਲ, ਉਨ੍ਹਾਂ ਨੇ ਜੋ ਖਬਰ ਦਿੱਤੀ, ਉਹ ਇਹ ਸੀ ਕਿ ਉਨ੍ਹਾਂ ਨੇ ਆਪਣੇ ਅੈੱਗ ਫਰੀਜ਼ ਕਰਵਾ ਲਏ ਹਨ। ਕੁਝ ਹੈਰਾਨੀ ਵੀ ਹੋਈ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਹੁਣੇ-ਹੁਣੇ ਵਿਆਹ ਹੋਇਆ ਹੈ।

ਪਤਾ ਨਹੀਂ ਕਿਹੋ ਜਿਹਾ ਰਹੇਗਾ ਵਿਆਹੁਤਾ ਜੀਵਨ। ਜੇਕਰ ਉਨ੍ਹਾਂ ਦੀ ਆਪਣੇ ਪਤੀ ਨਾਲ ਨਾ ਬਣੀ ਤਾਂ ਉਹ ਵੱਖ ਹੋਣ ਦਾ ਬਦਲ ਵੀ ਚੁਣਨਗੀਆਂ। ਉਨ੍ਹਾਂ ਦੀ ਨੌਕਰੀ ਨਵੀਂ ਹੈ। ਪਹਿਲਾਂ ਉਹ ਆਪਣੇ ਕਰੀਅਰ ’ਤੇ ਧਿਆਨ ਦੇਣਾ ਚਾਹੁੰਦੀਆਂ ਹਨ, ਫਿਰ ਉਹ ਬੱਚੇ ਦੀ ਜ਼ਿੰਮੇਵਾਰੀ ਉਠਾਉਣਗੀਆਂ। ਐੱਗ ਫ੍ਰੀਜ਼ ਹੋਣ ਨਾਲ ਇਹ ਸਹੂਲਤ ਵੀ ਹੋਵੇਗੀ ਕਿ ਦੁਬਾਰਾ ਵਿਆਹ ਕਰਨ ਜਾਂ ਨਾ ਕਰਨ, ਆਈ. ਵੀ. ਐੱਫ. ਜ਼ਰੀਏ ਬੱਚੇ ਨੂੰ ਜਨਮ ਦੇ ਸਕਦੀਆਂ ਹਨ। ਅੱਜ ਵੀ ਸਾਡੇ ਦੇਸ਼ ਵਿਚ ਜਦੋਂ ਕੋਈ ਵਿਆਹ ਹੁੰਦਾ ਹੈ ਤਾਂ ਕੁਝ ਦਿਨਾਂ ਬਾਅਦ ਲੋਕ ਪੁੱਛਣ ਲੱਗ ਪੈਂਦੇ ਹਨ, ‘ਭਾਈ, ਤੁਸੀਂ ਸਾਨੂੰ ਖੁਸ਼ਖਬਰੀ ਕਦੋਂ ਸੁਣਾਉਣ ਜਾ ਰਹੇ ਹੋ?’ ਚੰਗੀ ਖ਼ਬਰ, ਭਾਵ ਬੱਚੇ ਦਾ ਜਨਮ। ਇਹ ਪੁਰਾਣਾ ਮੁਹਾਵਰਾ ਉਸ ਸਮੇਂ ਦਾ ਹੈ ਜਦੋਂ ਔਰਤਾਂ ਘਰ ਵਿਚ ਰਹਿੰਦੀਆਂ ਸਨ, ਪਰ ਅੱਜ ਵੀ ਚੱਲ ਰਿਹਾ ਹੈ।

ਅੱਜਕੱਲ੍ਹ ਜਦੋਂ ਕੁੜੀਆਂ ਦੀ ਪਹਿਲ ਪੜ੍ਹਾਈ, ਕਰੀਅਰ ਅਤੇ ਫਿਰ ਵਿਆਹ ਬਣ ਗਈ ਹੈ ਤਾਂ ਉਨ੍ਹਾਂ ਤੋਂ ਵਿਆਹ ਤੋਂ ਤੁਰੰਤ ਬਾਅਦ ਬੱਚੇ ਨੂੰ ਜਨਮ ਦੇਣ ਦੀ ਉਮੀਦ ਰੱਖਣਾ ਇਸ ਪੀੜ੍ਹੀ ਦੀਆਂ ਕੁੜੀਆਂ ਨੂੰ ਪਸੰਦ ਨਹੀਂ ਹੈ। ਵੈਸੇ ਵੀ ਕੁਝ ਦਹਾਕੇ ਪਹਿਲਾਂ ਕੁੜੀਆਂ ਦੇ 20 ਸਾਲ ਦੀਆਂ ਹੋ ਜਾਣ ’ਤੇ ਉਨ੍ਹਾਂ ਦੇ ਵਿਆਹ ਦੀ ਗੱਲ ਕੀਤੀ ਜਾਣ ਲੱਗਦੀ ਸੀ।

ਕਿਸੇ ਨੂੰ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਜਾਂ ਨਹੀਂ। ਕੁੜੀਆਂ ਦੇ ਵਿਆਹ ਹੋਰ ਚੀਜ਼ਾਂ ਦੇ ਮੁਕਾਬਲੇ ਪਹਿਲਾਂ ਆਉਂਦੇ ਸਨ। ਅਤੇ ਫਿਰ ਬੱਚਾ। ਸ਼ਾਇਦ ਹੀ ਕੋਈ ਇਹ ਸੋਚਦਾ ਸੀ ਕਿ ਕੁੜੀਆਂ ਵੀ ਨੌਕਰੀਆਂ ਕਰ ਸਕਦੀਆਂ ਹਨ, ਆਤਮ-ਨਿਰਭਰ ਹੋ ਸਕਦੀਆਂ ਹਨ।

ਇਨ੍ਹੀਂ ਦਿਨੀਂ ਕਈ ਮਲਟੀਨੈਸ਼ਨਲ ਕੰਪਨੀਆਂ ਨੇ ਵੀ ਆਪਣੀਆਂ ਮਹਿਲਾ ਮੁਲਾਜ਼ਮਾਂ ਨੂੰ ਐੱਗ ਫ੍ਰੀਜ਼ਿੰਗ ਦੀ ਸਹੂਲਤ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ। ਮਤਲਬ ਕੁੜੀਆਂ ਦੀ ਇਹ ਆਪਣੀ ਮਰਜ਼ੀ ਹੁੰਦੀ ਹੈ ਕਿ ਉਹ ਕਦੋਂ ਮਾਂ ਬਣਨਾ ਚਾਹੁੰਦੀਆਂ ਹਨ। ਇਸ ਵਿਚ ਉਮਰ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ।

ਜਦੋਂ ਵੱਡੀ ਗਿਣਤੀ ਵਿਚ ਲੜਕੀਆਂ ਉੱਚ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ, ਉਹ ਆਪਣਾ ਘਰ-ਬਾਰ ਛੱਡ ਕੇ ਨਾ ਸਿਰਫ਼ ਦੂਜੇ ਸ਼ਹਿਰਾਂ ਵਿਚ ਸਗੋਂ ਨੌਕਰੀਆਂ ਲਈ ਵਿਦੇਸ਼ਾਂ ਵਿਚ ਵੀ ਜਾ ਰਹੀਆਂ ਹਨ, ਅਜਿਹੇ ਵਿਚ ਲੜਕੀਆਂ ਦੀ ਪੁਰਾਣੀ ਤਸਵੀਰ ਨੂੰ ਬਦਲਣਾ ਜ਼ਰੂਰੀ ਹੈ। ਇਹ ਵੀ ਕਿ ਵਿਆਹ ਦੀ ਉਮਰ ਜੋ ਪਹਿਲਾਂ 20 ਸਾਲ ਸੀ, ਹੁਣ 30, 35, 40 ਤੱਕ ਪਹੁੰਚ ਗਈ ਹੈ। ਕੁੜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ’ਚ ਚੰਗੇ ਲੜਕਿਆਂ ਦੀ ਕੋਈ ਕਮੀ ਨਹੀਂ ਹੈ, ਪਰ ਉਹ ਇਹ ਯਕੀਨੀ ਬਣਾਉਣਾ ਚਾਹੁੰਦੀਆਂ ਹਨ ਕਿ ਜਿਸ ਲੜਕੇ ਨਾਲ ਉਹ ਵਿਆਹ ਕਰਨਗੀਆਂ, ਉਹ ਚੰਗਾ ਜੀਵਨ ਸਾਥੀ ਵੀ ਹੋਵੇ।

ਉਸ ਨਾਲ ਉਮਰ ਬਤੀਤ ਕੀਤੀ ਜਾ ਸਕੇ। ਕਈ ਵਾਰ ਇਹ ਚੋਣ ਕਰਨ ਵਿਚ ਉਮਰ ਲੰਘ ਜਾਂਦੀ ਹੈ। ਕਈ ਕੁੜੀਆਂ ਤਾਂ ਵਿਆਹ ਵੀ ਨਹੀਂ ਕਰਦੀਆਂ ਪਰ ਉਹ ਬੱਚੇ ਨੂੰ ਜਨਮ ਦੇਣ ਦਾ ਸੁੱਖ ਚਾਹੁੰਦੀਆਂ ਹਨ।

ਅੱਜ ਦੇ ਸਮੇਂ ਨੇ ਉਨ੍ਹਾਂ ਨੂੰ ਇਹ ਸਹੂਲਤ ਦਿੱਤੀ ਹੈ ਕਿ ਉਹ ਜਦੋਂ ਚਾਹੁਣ ਮਾਂ ਬਣ ਸਕਦੀਆਂ ਹਨ। ਕਈ ਕੁੜੀਆਂ ਲੋਕਾਂ ਦੇ ਸਵਾਲਾਂ ਤੋਂ ਵੀ ਤੰਗ ਆ ਜਾਂਦੀਆਂ ਹਨ ਕਿ ਉਨ੍ਹਾਂ ਦਾ ਵਿਆਹ ਕਦੋਂ ਹੋਵੇਗਾ, ਉਹ ਕਦੋਂ ਮਾਂ ਬਣ ਕੇ ਪਰਿਵਾਰ ਨੂੰ ਸੰਭਾਲਣਗੀਆਂ। ਉਪਰੋਕਤ ਕੁੜੀਆਂ ਨੇ ਇਹ ਵੀ ਕਿਹਾ ਕਿ ਉਹ ਕੀ ਕੰਮ ਕਰਦੀਆਂ ਹਨ, ਇਸ ਬਾਰੇ ਕੋਈ ਨਹੀਂ ਪੁੱਛਦਾ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਦਾ ਭਵਿੱਖ ਜੋ ਵੀ ਹੋਵੇ, ਐੱਗ ਨੂੰ ਫ੍ਰੀਜ਼ ਕਰਵਾਉਣ ਦਾ ਫਾਇਦਾ ਇਹ ਹੋਵੇਗਾ ਕਿ ਉਹ ਜਦੋਂ ਚਾਹੁਣ ਮਾਂ ਬਣ ਸਕਣਗੀਆਂ।

ਜਿਹੜੀਆਂ ਕੁੜੀਆਂ ਐੱਗ ਫ੍ਰੀਜ਼ ਕਰਵਾਉਂਦੀਆਂ ਹਨ, ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਲਈ ਉਨ੍ਹਾਂ ਦੇ ਆਂਡੇ ਦੀ ਗੁਣਵੱਤਾ ਵੀ ਅਜੇ ਠੀਕ ਹੋਵੇਗੀ।

ਡਾਇਨਾ ਹੇਡਨ ਨੇ ਭਾਰਤ ਵਿਚ ਪਹਿਲੀ ਵਾਰ 2007 ਵਿਚ ਅਜਿਹਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਐੱਗ ਫਰੀਜ਼ ਕਰਵਾਉਣ ਵਾਲੀਆਂ ਕੁੜੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਇਕ ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਹਰ ਹਫ਼ਤੇ ਘੱਟੋ-ਘੱਟ 3 ਔਰਤਾਂ ਅਜਿਹਾ ਕਰਨ ਲਈ ਉਨ੍ਹਾਂ ਦੇ ਕਲੀਨਿਕ ਵਿਚ ਆਉਂਦੀਆਂ ਹਨ।

ਆਮ ਤੌਰ ’ਤੇ ਉਨ੍ਹਾਂ ਦੀ ਉਮਰ 28 ਤੋਂ 35 ਸਾਲ ਤੱਕ ਹੁੰਦੀ ਹੈ। 35 ਸਾਲ ਤੋਂ ਉੱਪਰ ਦੀਆਂ ਕਈ ਔਰਤਾਂ ਵੀ ਆਉਂਦੀਆਂ ਹਨ। ਇਨ੍ਹਾਂ ਵਿਚੋਂ ਕਈ ਤਲਾਕਸ਼ੁਦਾ ਹੁੰਦੀਆਂ ਹਨ। ਜ਼ਿਆਦਾਤਰ ਔਰਤਾਂ ਗਰਭ ਧਾਰਨ ਕਰਨ ਲਈ ਵਾਪਸ ਆਉਂਦੀਆਂ ਹਨ।

ਇਨ੍ਹਾਂ ਵਿਚੋਂ ਕਈ ਅਜਿਹੀਆਂ ਵੀ ਹੁੰਦੀਆਂ ਹਨ, ਜੋ ਕਿਸੇ ਸਾਥੀ ਨਾਲ ਨਹੀਂ ਰਹਿੰਦੀਆਂ, ਪਰ ਮਾਂ ਬਣਨਾ ਚਾਹੁੰਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਚੰਗੀ ਗੱਲ ਇਹ ਹੈ ਕਿ ਹੁਣ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੀ ਵੀ ਹਮਾਇਤ ਮਿਲ ਰਹੀ ਹੈ।

ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਐੱਗ ਫਰੀਜ਼ ਕਰਨ ਤੋਂ ਬਾਅਦ ਮਾਂ ਬਣਨ ਦੀ ਸਫਲਤਾ ਦੀ ਫੀਸਦੀ ਤੀਹ ਤੋਂ ਸੱਠ ਫੀਸਦੀ ਹੁੰਦੀ ਹੈ। ਇਸ ਸਫਲਤਾ ਦੇ ਕਈ ਹੋਰ ਕਾਰਕ ਵੀ ਹਨ ਜਿਵੇਂ ਕਿ ਉਮਰ, ਸਿਹਤ ਅਤੇ ਆਂਡੇ ਦੀ ਗੁਣਵੱਤਾ।

ਸਾਡੇ ਦੇਸ਼ ਵਿਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿੱਥੇ ਸੱਠ-ਸੱਤਰ ਸਾਲ ਦੀ ਉਮਰ ਵਿਚ ਔਰਤਾਂ ਨੇ ਆਈ. ਵੀ. ਐੱਫ. ਦੀ ਮਦਦ ਨਾਲ ਬੱਚਿਆਂ ਨੂੰ ਜਨਮ ਦਿੱਤਾ ਹੈ। ਉਹ ਬੱਚੇ ਤੰਦਰੁਸਤ ਵੀ ਹਨ। ਬੱਚੇ ਨੂੰ ਜਨਮ ਦੇਣ ਵਾਲੀ 72 ਸਾਲਾ ਔਰਤ ਨੇ ਦੱਸਿਆ ਕਿ ਉਸ ਨੇ ਸਾਰੀ ਉਮਰ ਬਾਂਝਪਨ ਦਾ ਬੋਝ ਝੱਲਿਆ ਹੈ। ਪਰਿਵਾਰਕ ਮੈਂਬਰਾਂ ਤੋਂ ਲੈ ਕੇ ਬਾਹਰਲੇ ਲੋਕਾਂ ਦੇ ਤਾਅਨੇ ਸੁਣੇ ਹਨ। ਹੁਣ ਇਸ ਉਮਰ ਵਿਚ ਜਾ ਕੇ ਇਨ੍ਹਾਂ ਗੱਲਾਂ ਤੋਂ ਛੁਟਕਾਰਾ ਮਿਲਿਆ ਹੈ।

ਸ਼ਮਾ ਸ਼ਰਮਾ


author

Rakesh

Content Editor

Related News