ਰਾਜਨੀਤੀ ਵਿਚ ਕਦੇ ਵੀ ਵਿਰਾਮ ਨਹੀਂ ਲੱਗਦਾ

Thursday, Nov 20, 2025 - 04:47 PM (IST)

ਰਾਜਨੀਤੀ ਵਿਚ ਕਦੇ ਵੀ ਵਿਰਾਮ ਨਹੀਂ ਲੱਗਦਾ

ਅਖੀਰ ਸਭ ਸੁਖਦਾਈ ਰਿਹਾ। ਬਿਹਾਰ ’ਚ 2 ਪੜਾਵਾਂ ’ਚ ਸੰਪੰਨ ਵਿਧਾਨ ਸਭਾ ਚੋਣਾਂ ’ਚ ਅਖੀਰ ਰਾਜਗ ਦੀ ਜਿੱਤ ਹੋਈ ਅਤੇ ਨਿਤੀਸ਼ ਕੁਮਾਰ ਮੁੜ ਬਿਹਾਰ ਦੇ ਮੁੱਖ ਮੰਤਰੀ ਦੇ ਰੂਪ ’ਚ ਅਹੁਦੇ ’ਤੇ ਬਿਰਾਜਮਾਨ ਹੋਣਗੇ। 74 ਸਾਲਾ ਇੰਜੀਨੀਅਰ ਤੋਂ ਰਾਜਨੇਤਾ ਬਣੇ ਨਿਤੀਸ਼ ਕੁਮਾਰ ਨੇ ਸਿਆਸੀ ਖੇਡ ਦੇ ਨਿਯਮ ਨਵੇਂ ਸਿਰੇ ਤੋਂ ਲਿਖੇ ਅਤੇ ਕਾਂਗਰਸ-ਰਾਜਗ ਮਹਾਗੱਠਜੋੜ ਦੇ ਵਿਰੁੱਧ ਸਖਤ ਮੁਕਾਬਲੇ ’ਚ ਜਿੱਤ ਦਰਜ ਕਰ ਕੇ ਆਪਣੀ ਸਿਆਸੀ ਹੋਂਦ ਨੂੰ ਮਜ਼ਬੂਤ ਬਣਾਇਆ।

ਸ਼ੁਕਰਗੁਜ਼ਾਰ ਵੋਟਰਾਂ ਨੇ ਨਿਤੀਸ਼ ਵਲੋਂ ਆਖਰੀ ਪਲ ’ਚ ਚੁੱਕੇ ਗਏ ਕਲਿਆਣਕਾਰੀ ਕਦਮਾਂ ਦਾ ਫਲ ਦਿੱਤਾ, ਜਿਸ ’ਚ ਬਿਜਲੀ 125 ਯੂਨਿਟ ਮੁਫਤ, 1.2 ਕਰੋੜ ਮਹਿਲਾਵਾਂ ਨੂੰ 10-10 ਹਜ਼ਾਰ ਰੁਪਏ, ਦਿਹਾਤੀ ਸੜਕਾਂ ਆਦਿ ਸ਼ਾਮਲ ਹਨ। ਸੋਸ਼ਲ ਮੀਡੀਆ ’ਚ ਇਹ ਗੱਲ ਵੱਧ-ਚੜ੍ਹ ਕੇ ਆ ਰਹੀ ਹੈ ਕਿ ਇਨ੍ਹਾਂ ਕਲਿਆਣਕਾਰੀ ਕਦਮਾਂ ਨਾਲ ਨਿਤੀਸ਼ ਕੁਮਾਰ ਨੂੰ ਵੱਡੀ ਗਿਣਤੀ ’ਚ ਵੋਟ ਮਿਲੇ ਪਰ ਬਿਹਾਰ ਦੀ ਸਿਆਸਤ ਮੁੱਖ ਤੌਰ ’ਤੇ ਸਮਾਜਿਕ ਗੱਠਜੋੜ ’ਤੇ ਆਧਾਰਤ ਹੈ। ਜੋ ਦਲ ਜਾਤੀ ਗੱਠਜੋੜ ਕਰਨ ’ਚ ਸਫਲ ਹੁੰਦਾ ਹੈ ਉਹ ਚੁਣਾਵੀ ਮੁਕਾਬਲੇ ’ਚ ਵੀ ਸਫਲ ਹੁੰਦਾ ਹੈ।

ਚਿਰਾਗ ਪਾਸਵਾਨ ਦੀ ਰਾਜਗ ’ਚ ਵਾਪਸੀ ਨਾਲ ਜ਼ਮੀਨੀ ਪੱਧਰ ’ਤੇ ਇਕ ਮਜ਼ਬੂਤ ਗੱਠਜੋੜ ਬਣਿਆ, ਜਿਸ ’ਚ ਇਕ ਪਾਸੇ ਉੱਚ ਜਾਤੀਆਂ ਤਾਂ ਦੂਜੇ ਪਾਸੇ ਗੈਰ ਯਾਦਵ, ਅਤੇ ਪਿਛੜੇ ਵਰਗ ਅਤੇ ਦਲਿਤ ਸਨ ਜਿਸ ਦਾ ਵਿਆਪਕ ਪੈਮਾਨੇ ’ਤੇ ਪ੍ਰਭਾਵ ਪਿਆ। 90 ਦੇ ਦਹਾਕੇ ’ਚ ਲਾਲੂ ਦਾ ਯਾਦਵ ਕੇਂਦਰਿਤ ਉਦੇ ਤੋਂ ਲੈ ਕੇ ਨਿਤਸ਼ੀ ਵਲੋਂ ਪਿਛੜੇ ਵਰਗਾਂ ਦਾ ਵਿਆਪਕ ਸਮਰਥਨ ਹਾਸਲ ਕਰਨਾ, ਜਿਸ ’ਚ ਪੁਰਾਣੇ ਮੰਡਲ ਬਨਾਮ ਕਮੰਡਲ ਭਾਵ ਜਦ (ਯੂ) - ਭਾਜਪਾ ਦਾ ਰਾਹ ਪੱਧਰਾ ਕੀਤਾ। ਇਸ ਚੋਣਾਂ ’ਚ ਰਾਜਗ ਨੂੰ 202 ਸੀਟਾਂ ਮਿਲੀਆਂ ਜਿਸ ’ਚ ਭਾਜਪਾ 89 ਸੀਟਾਂ ਲੈ ਕੇ ਉਹ ਇਕੱਲੀ ਸਭ ਤੋਂ ਵੱਡੀ ਪਾਰਟੀ ਬਣੀ ਜਦ (ਯੂ) ਨੂੰ 85 ਅਤੇ ਲੋਜਪਾ ਨੂੰ 19 ਸੀਟਾਂ ਮਿਲੀਆਂ ਅਤੇ ਹੋਰ ਦੋ ਸਹਿਯੋਗੀ ਦਲਾਂ ਨੂੰ 9 ਸੀਟਾਂ ਮਿਲੀਆਂ। ਇਸ ਦੀ ਤੁਲਨਾ ’ਚ ਮਹਾਗੱਠਜੋੜ ਨੂੰ ਸਿਰਫ 35 ਸੀਟਾਂ ਮਿਲੀਆਂ ਜਿਸ ’ਚ ਰਾਜਦ ਨੂੰ 25 ਅਤੇ ਕਾਂਗਰਸ ਨੂੰ 6 ਸੀਟਾਂ ਮਿਲੀਆਂ।

ਵੱਡੇ-ਵੱਡੇ ਚਮਤਕਾਰ ਕਰ ਦਿੰਦੇ ਹਨ ਨਿਤੀਸ਼ : ਅਸਲ ’ਚ ਨਿਤੀਸ਼ ਨੂੰ ਕਮਜ਼ੋਰ ਮੰਨਿਆ ਜਾ ਰਿਹਾ ਸੀ ਪਰ ਉਹ ਇਕ ਅਜਿਹੇ ਰਾਜਨੇਤਾ ਹਨ ਜੋ ਵੱਡੇ-ਵੱਡੇ ਚਮਤਕਾਰ ਕਰ ਦਿੰਦੇ ਹਨ। ਹੁਣ ਬੇਸ਼ੱਕ ਉਨ੍ਹਾਂ ਦੀ ਸਿਹਤ ਬਹੁਤ ਚੰਗੀ ਨਹੀਂ ਹੈ ਪਰ ਉਨ੍ਹਾਂ ਨੂੰ ਮਿਲੀ ਹਰੇਕ ਚੁਣੌਤੀ ਦਾ ਉਹ ਹਿੰਮਤ ਨਾਲ ਮੁਕਾਬਲਾ ਕਰਦੇ ਹਨ। ਉਨ੍ਹਾਂ ਦੀ ਅਪੀਲ ਇਸ ’ਚ ਨਹੀਂ ਹੈ ਕਿ ਉਹ ਕੀ ਵਾਅਦੇ ਕਰਦੇ ਹਨ ਸਗੋਂ ਇਹ ਕਿ ਉਹ ਜੰਗਲਰਾਜ ਦੀ ਵਾਪਸੀ ਨੂੰ ਰੋਕ ਸਕਦੇ ਹਨ। ਉਹ ਖੁਦ ਨੂੰ ਬਿਹਾਰ ਦੇ ਨਾਜ਼ੁਕ ਸਮਾਜਿਕ ਅਤੇ ਸਿਆਸੀ ਸੰਤੁਲਨ ਦੇ ਸਫਲ ਸਰਪ੍ਰਸਤ ਦੇ ਰੂਪ ’ਚ ਪੇਸ਼ ਕਰਦੇ ਹਨ। ਇਸ ਦੇ ਨਾਲ ਹੀ ਉਹ ਦੋਵਾਂ ਪੱਖਾਂ ਦਾ ਸਾਥ ਲੈ ਸਕਦੇ ਹਨ। ਸੀਟਾਂ ਦੇ ਗਣਿਤ ਨੇ ਦਲ-ਬਦਲ ਦੀ ਸੰਭਾਵਨਾ ਨੂੰ ਘੱਟ ਕਰ ਦਿੱਤਾ ਹੈ। 2025 ਦੇ ਫਤਵੇ ’ਚ ਕੋਈ ਅਜਿਹਾ ਰਾਹ ਨਹੀਂ ਖੁੱਲ੍ਹਾ ਹੈ।

ਭਾਜਪਾ ਨੇ ਆਪਣੀ ਸੁਚੱਜੀ ਪਾਰਟੀ ਮਸ਼ੀਨਰੀ, ਰਾਸ਼ਟਰੀ ਸਵੈਮ-ਸੇਵਕ ਸੰਘ ਅਤੇ ਸੰਖਿਆ ਦੀ ਖੇਡ ’ਚ ਆਪਣੇ ਆਪ ਨੂੰ ਅੱਗੇ ਰੱਖਿਆ, ਇਸ ਨਾਲ ਪਹਿਲੀ ਵਾਰ ਉਸ ਨੂੰ ਗੱਠਜੋੜ ਨੂੰ ਅਨੁਸ਼ਾਸਿਤ ਕਰਨ ਦੀ ਸ਼ਕਤੀ ਮਿਲੀ ਹੈ। ਨਿਤੀਸ਼ ਗੱਠਜੋੜ ਦੇ ਕੇਂਦਰ ’ਚ ਹਨ ਪਰ ਉਨ੍ਹਾਂ ਦੀ ਧੁਰੀ ਹੁਣ ਬਦਲ ਗਈ ਹੈ। ਲਾਲੂ ਦੇ ਯੁਵਰਾਜ ਵਲੋਂ ਲਾਲੂ ਦੇ ਜੰਗਲਰਾਜ ਦੀ ਵਾਪਸੀ ਦਾ ਖਦਸ਼ਾ ਅਤੇ ਬਦਲਹੀਣਤਾ ਦੀ ਸਥਿਤੀ ਬਿਹਾਰ ’ਚ ਬਣੀ ਹੋਈ ਸੀ। ਤੇਜਸਵੀ ਯਾਦਵ ਤਬਦੀਲੀ ਦੀ ਗੱਲ ਕਰ ਰਹੇ ਸਨ ਪਰ ਤਬਦੀਲੀ ਦੇ ਲਈ ਵਿਸ਼ਵਾਸ ਅਤੇ ਭਰੋਸੇ ਦਾ ਮਿਲਣਾ ਵੀ ਜ਼ਰੂਰੀ ਹੈ ਅਤੇ ਨਿਤੀਸ਼ ਕੁਮਾਰ ਉਸ ਵਿਸ਼ਵਾਸ ਅਤੇ ਭਰੋਸੇ ਦੇ ਪ੍ਰਤੀਕ ਹਨ। ਨਿਤੀਸ਼ ਕੁਮਾਰ ਦੇ ਨਾਲ ਇਕ ਵੱਡਾ ਵਰਗ ਵੀ ਜੁੜਿਆ ਹੈ ਜੋ ਉੱਚ ਜਾਤੀਆਂ ਤੋਂ ਹੈ ਅਤੇ ਜਿਨ੍ਹਾਂ ਦੀ ਨਿਸ਼ਠਾ ਮੋਦੀ ਦੇ ਨਾਲ ਹੈ। ਨਿਤੀਸ਼ ਦੀ ਰਾਜਨੀਤੀ ਅਤਿ ਪੱਛੜੇ ਵਰਗਾਂ, ਗੈਰ ਯਾਦਵ ’ਚ ਪੱਛੜੇ ਵਰਗ ਅਤੇ ਮਹਾ-ਦਲਿਤਾਂ ’ਚ ਉਨ੍ਹਾਂ ਦੀ ਅਪੀਲ ਦੇ ਆਲੇ-ਦੁਆਲੇ ਹੈ ਤਾਂ ਤੇਜਸਵੀ ਯਾਦਵ-ਮੁਸਲਿਮ ਅਤੇ ਚਿਰਾਗ ਪਾਸਵਾਨ ਵੋਟ ਬੈਂਕ ’ਤੇ ਨਿਰਭਰ ਹਨ।

ਭਾਜਪਾ ਦਾ ਉੱਚ ਜਾਤੀਆਂ ’ਚ ਜਨ ਆਧਾਰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਹੋਇਆ ਹੈ। ਰਾਜਗ ਦਾ ਜਨ ਆਧਾਰ ਵਧਿਆ ਹੈ। ਨਵੇਂ ਚੁਣੇ ਗਏ ਵਿਧਾਇਕਾਂ ਦਾ ਸਮਾਜਿਕ ਪ੍ਰੋਫਾਈਲ ਇਸ ਪੈਟਰਨ ਨੂੰ ਦੱਸਦਾ ਹੈ ਜਿਸ ’ਚ ਉੱਚ ਜਾਤੀਆਂ ਦੇ ਵਿਧਾਇਕਾਂ ਦੀ ਗਿਣਤੀ ਵਧੀ। ਗੈਰ ਯਾਦਵ, ਹੋਰ ਪੱਛੜੇ ਵਰਗਾਂ ਦੀ ਹਾਜ਼ਰੀ ਸਾਫ ਦਿੱਸ ਰਹੀ ਹੈ। ਬਹੁਤ ਜ਼ਿਆਦਾ ਪੱਛੜੇ ਵਰਗਾਂ ਦੀ ਪ੍ਰਤੀਨਿਧਤਾ ਵਧੀ। ਇਹ ਸਮਾਜਿਕ ਗੱਠਜੋੜ ਹੁਣ ਬਿਹਾਰ ਦੀ ਚੋਣ ਰਾਜਨੀਤੀ ਦਾ ਆਧਾਰ ਬਣ ਗਿਆ ਹੈ। ਇਹ ਆਧਾਰ ਨਿਤੀਸ਼ ਕੁਮਾਰ ਨੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਬਣਾਇਆ ਅਤੇ ਇਹ ਉਨ੍ਹਾਂ ਦਾ ਸਮਾਨਰਥੀ ਬਣ ਗਿਆ ਹੈ।

ਬਿਹਾਰ ’ਚ ਉੱਚ ਜਾਤੀਆਂ, ਗੈਰ ਯਾਦਵ, ਹੋਰ ਪੱਛੜੇ ਵਰਗ ਅਤੇ ਬਹੁਤ ਜ਼ਿਆਦਾ ਪੱਛੜੇ ਵਰਗ ਦਾ ਗੱਠਜੋੜ ਮਜ਼ਬੂਤ ਬਣ ਗਿਆ ਹੈ। ਦ੍ਰਮੁਕ ਦੇ ਸਟਾਲਿਨ ਨੇ ਕਾਂਗਰਸ ਨੂੰ ਸਲਾਹ ਦਿੱਤੀ ਹੈ ਕਿ ਚੋਣ ਨਤੀਜੇ ਕਲਿਆਣਕਾਰੀ ਯੋਜਨਾਵਾਂ, ਸਮਾਜਿਕ ਅਤੇ ਵਿਚਾਰਕ ਗੱਠਜੋੜ ਦੇ ਨਤੀਜਿਆਂ ਨੂੰ ਦਰਸਾਉਂਦੇ ਹਨ। ਇਹ ਇਕ ਸਪੱਸ਼ਟ ਰਾਜਨੀਤੀ ਸੰਦੇਸ਼ ਹੈ ਅਤੇ ਆਖਰੀ ਵੋਟ ਦੇ ਪੈਣ ਤੱਕ ਸਮਰਪਿਤ ਪ੍ਰਬੰਧਨ ਦਾ ਨਤੀਜਾ ਹੈ।

ਸਟਾਲਿਨ ਨੇ ਇਹ ਵੀ ਸਲਾਹ ਦਿੱਤੀ ਕਿ ਆਪਣੀਆਂ ਅਸਫਲਤਾਵਾਂ ਦੇ ਲਈ ਕਾਂਗਰਸ ਚੋਣ ਕਮਿਸ਼ਨ ਨੂੰ ਦੋਸ਼ ਨਾ ਦੇਵੇ ਅਤੇ ਵੋਟ ਚੋਰੀ ਦਾ ਦੋਸ਼ ਨਾ ਲਗਾਏ। ਇਹ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਸੜੇ ਖਾਣੇ ਲਈ ਅੱਗ ਨੂੰ ਦੋਸ਼ੀ ਦੱਸਿਆ ਜਾਏ। ਰਾਹੁਲ ਨੂੰ ਇਸ ਗੱਲ ਦਾ ਆਤਮ ਜਾਇਜ਼ਾ ਲੈਣਾ ਚਾਹੀਦਾ ਹੈ ਕਿ ਉਹ ਇਨ੍ਹਾਂ ਦੋਸ਼ਾਂ ਨਾਲ ਵੋਟਰਾਂ ਦਾ ਅਪਮਾਨ ਕਰ ਰਹੇ ਹਨ ਅਤੇ ਆਪਣਾ ਅਤੇ ਆਪਣੀ ਪਾਰਟੀ ਦਾ ਨੁਕਸਾਨ ਕਰ ਰਹੇ ਹਾਂ। ਰਾਹੁਲ ਵਲੋਂ ਵਾਰ-ਵਾਰ ਭਾਜਪਾ ਅਤੇ ਚੋਣ ਕਮਿਸ਼ਨ ਵਲੋਂ ਸਾਜ਼ਿਸ਼ ਦੇ ਦੋਸ਼ਾਂ ਨਾਲ ਕਾਂਗਰਸ ਨੂੰ ਨੁਕਸਾਨ ਪਹੁੰਚਿਆ ਹੈ।

ਜੀਵਨਹੀਣ ਕਠਪੁਤਲੀ ਵਾਂਗ ਕਿਉਂ ਦਿਖਾਈ ਦੇ ਰਹੀ ਕਾਂਗਰਸ : ਕਾਂਗਰਸ ਨੂੰ ਇਸ ਗੱਲ ਦਾ ਜਵਾਬ ਦੇਣਾ ਹੋਵੇਗਾ ਕਿ ਉਹ ਜੀਵਨਹੀਣ ਕਠਪੁਤਲੀ ਵਾਂਗ ਕਿਉਂ ਦਿਖਾਈ ਦੇ ਰਹੀ ਹੈ ਜਿਸ ਦੀ ਡੋਰ ਉਸ ਦੇ ਯੁਵਰਾਜ ਕਦੇ-ਕਦੇ ਖਿੱਚਦੇ ਰਹਿੰਦੇ ਹਨ। ਪਾਰਟੀ ਜ਼ਮੀਨੀ ਪੱਧਰ ’ਤੇ ਆਪਣਾ ਸੰਦੇਸ਼ ਦੇਣ ’ਚ ਕਿਉਂ ਅਸਫਲ ਰਹੀ ਹੈ? ਲਾਲੂ ਦਾ ਰਾਜਦ ਵੰਸ਼ ਚੋਣ ਦੇ ਬਾਅਦ ਖਿੰਡ ਗਿਆ ਹੈ ਅਤੇ ਅਜਿਹਾ ਲੱਗਦਾ ਹੈ ਕਿ ਵੰਸ਼ਵਾਦੀ ਰਾਜਨੀਤੀ ਧਰਾਸ਼ਾਈ ਹੋ ਰਹੀ ਹੈ। ਇਸ ਵੰਸ਼ਵਾਦੀ ਰਾਜਨੀਤੀ ’ਚ ਜਿਥੇ ਸੱਤਾ ਮਾਣ ਅਤੇ ਪਰਿਵਾਰਕ ਬੰਧਨ ਮਜ਼ਬੂਤ ਸਨ ਉਹ ਹੁਣ ਆਪਣੇ ਹੀ ਵਿਰੋਧਾਭਾਸਾਂ ਨਾਲ ਧਰਾਸ਼ਾਈ ਹੋ ਰਹੀ ਹੈ।

ਬਿਹਾਰ ਦਾ ਫਤਵਾ ਵਿਰੋਧਾਭਾਸਾਂ ਨਾਲ ਭਰਿਆ ਹੋਇਆ ਹੈ। ਜਿਥੇ ਉਸ ਨੇ ਇਕ ਪਾਸੇ ਤਿੰਨ ਦਹਾਕੇ ਪੁਰਾਣੀ ਰਾਜਨੀਤੀ ਦਾ ਖਾਤਮਾ ਕਰ ਦਿੱਤਾ ਹੈ ਤਾਂ ਦੂਜੇ ਪਾਸੇ ਉਸ ਨੇ ਨਵੀਆਂ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ। ਬਿਹਾਰ ’ਚ ਪਾਰਟੀਆਂ ਦੀ ਪ੍ਰਣਾਲੀ ਦੋ ਗੱਠਜੋੜਾਂ ਦੇ ਆਲੇ-ਦੁਆਲੇ ਇਕਜੁੱਟ ਹੋ ਰਹੀ ਹੈ ਜਿਸ ’ਚ ਛੋਟੀਆਂ ਪਾਰਟੀਆਂ ਨੂੰ ਉਨ੍ਹਾਂ ਦੇ ਨਾਲ ਜੁੜਣਾ ਪਏਗਾ ਨਹੀਂ ਤਾਂ ਉਹ ਗੈਰ-ਪ੍ਰਾਸੰਗਿਕ ਹੋ ਜਾਣਗੀਆਂ। ਕੁਲ ਮਿਲਾ ਕੇ ਇਨ੍ਹਾਂ ਚੋਣਾਂ ਨੇ ਇਕ ਨਵੀਂ ਚਿੰਗਾਰੀ ਸੁਲਗਾ ਦਿੱਤੀ ਹੈ ਅਤੇ ਇਹ ਦੱਸ ਦਿੱਤਾ ਹੈ ਕਿ ਸਿਆਸਤ ’ਚ ਕਦੇ ਵੀ ਵਿਰਾਮ ਨਹੀਂ ਲੱਗਦਾ ਹੈ।

-ਪੂਨਮ ਆਈ. ਕੌਸ਼ਿਸ਼


author

Harpreet SIngh

Content Editor

Related News