ਨਸ਼ਿਆਂ ਦੇ ਪਹਾੜ ਥੱਲੇ ਦੱਬਦਾ ਜਾ ਰਿਹਾ ਦੇਸ਼ ਤਬਾਹ ਹੋ ਰਹੀ ਨੌਜਵਾਨ ਪੀੜ੍ਹੀ

Wednesday, Nov 27, 2024 - 02:04 AM (IST)

ਨਸ਼ਿਆਂ ਦੇ ਪਹਾੜ ਥੱਲੇ ਦੱਬਦਾ ਜਾ ਰਿਹਾ ਦੇਸ਼ ਤਬਾਹ ਹੋ ਰਹੀ ਨੌਜਵਾਨ ਪੀੜ੍ਹੀ

ਦੇਸ਼ ਦੇ ਕੋਨੇ-ਕੋਨੇ ’ਚੋਂ ਵੱਡੀ ਮਾਤਰਾ ’ਚ ਡਰੱਗਜ਼ ਅਤੇ ਨਾਜਾਇਜ਼ ਨਸ਼ੀਲੇ ਪਦਾਰਥ ਫੜੇ ਜਾਣ ਕਾਰਨ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਇਕ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ ਨਾਲ ਦੇਸ਼ ਦੀ ਨੌਜਵਾਨ ਪੀੜ੍ਹੀ ਤਬਾਹ ਹੋ ਰਹੀ ਹੈ। ਕੁਝ ਸਾਲਾਂ ਤੋਂ ਡਰੱਗਜ਼ ਦਾ ਕਾਰੋਬਾਰ ਬੇਹੱਦ ਵਧ ਗਿਆ ਹੈ ਅਤੇ ਵੱਖ-ਵੱਖ ਸੂਬਿਆਂ ’ਚ ਵੱਡੀ ਮਾਤਰਾ ’ਚ ਡਰੱਗਜ਼ ਅਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਜਾ ਰਹੇ ਹਨ।

ਸਿਰਫ 25 ਨਵੰਬਰ ਨੂੰ ਇਕ ਹੀ ਦਿਨ ’ਚ ਬਰਾਮਦ ਨਸ਼ੇ ਦੀਆਂ ਹੇਠਲੀਆਂ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਇਹ ਬੁਰਾਈ ਕਿਸ ਤਰ੍ਹਾਂ ਜੜ੍ਹਾਂ ਜਮਾਉਂਦੀ ਜਾ ਰਹੀ ਹੈ :

* 25 ਨਵੰਬਰ ਨੂੰ ਜੰਮੂ-ਕਸ਼ਮੀਰ ਦੇ ‘ਬਿਜ ਬਹੇੜਾ’ ’ਚ ਇਕ ਔਰਤ ਕੋਲੋਂ 8 ਕਿਲੋ ਗਾਂਜਾ ਪਾਊਡਰ ਬਰਾਮਦ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 25 ਨਵੰਬਰ ਨੂੰ ਹੀ ਪੰਜਾਬ ’ਚ ਸੰਗਰੂਰ ’ਚ ਅਧਿਕਾਰੀਆਂ ਨੇ 2 ਨਸ਼ਾ ਸਮੱਗਲਰਾਂ ਤੋਂ 1.20 ਕਿਲੋ ਹੈਰੋਇਨ ਅਤੇ 10 ਕਿਲੋ ਭੁੱਕੀ, ਫਿਰੋਜ਼ਪੁਰ ’ਚ 1 ਸਕੂਟੀ ਸਵਾਰ ਕੋਲੋਂ 1.364 ਕਿਲੋ ਹੈਰੋਇਨ ਅਤੇ ਹੁਸ਼ਿਆਰਪੁਰ ’ਚ ਵੱਡੀ ਗਿਣਤੀ ’ਚ ਨਸ਼ੇ ਦੀਆਂ ਗੋਲੀਆਂ ਜ਼ਬਤ ਕੀਤੀਆਂ।

* 25 ਨਵੰਬਰ ਨੂੰ ਹੀ ਕੁਰੂਕਸ਼ੇਤਰ (ਹਰਿਆਣਾ) ’ਚ ਪੁਲਸ ਨੇ 2 ਟਰੱਕਾਂ ’ਚੋਂ 36.140 ਕਿਲੋ ਅਫੀਮ, ਜਲੰਧਰ ’ਚ 3 ਕਿਲੋ ਅਫੀਮ ਅਤੇ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਜੀ.ਆਰ.ਪੀ. ਨੇ ਬਰੇਲੀ (ਉੱਤਰ ਪ੍ਰਦੇਸ਼) ਤੋਂ ਆਏ ਇਕ ਯਾਤਰੀ ਕੋਲੋਂ 1 ਕਿਲੋ ਅਫੀਮ ਫੜੀ।

* 25 ਨਵੰਬਰ ਨੂੰ ਹੀ ਭਾਰਤੀ ਕੋਸਟਗਾਰਡ ਨੇ ਅੰਡੇਮਾਨ ਜਲ ਖੇਤਰ ’ਚ ਇਕ ਮੱਛੀ ਫੜਨ ਵਾਲੀ ਕਿਸ਼ਤੀ ’ਚੋਂ ਕੌਮਾਂਤਰੀ ਬਾਜ਼ਾਰ ’ਚ 25,000 ਕਰੋੜ ਰੁਪਏ ਮੁੱਲ ਦੀ ਲਗਭਗ 5500 ਕਿਲੋ (ਸਾਢੇ 5 ਟਨ) ਨਸ਼ੀਲੇ ਪਦਾਰਥਾਂ ਦੀ ਇਕ ਖੇਪ ਫੜੀ ਜੋ ਕੋਸਟਗਾਰਡ ਵਲੋਂ ਹੁਣ ਤਕ ਫੜੀ ਗਈ ਨਸ਼ੇ ਦੀ ਸਭ ਤੋਂ ਵੱਡੀ ਖੇਪ ਹੈ।

ਇਸ ਤੋਂ ਪਹਿਲਾਂ 27 ਫਰਵਰੀ, 2024 ਨੂੰ ਗੁਜਰਾਤ ਏ.ਟੀ.ਐੱਸ., ਸਮੁੰਦਰੀ ਫੌਜ ਅਤੇ ਸੈਂਟ੍ਰਲ ਏਜੰਸੀ ਦੀ ਸਾਂਝੀ ਮੁਹਿੰਮ ਦੇ ਤਹਿਤ ਅਰਬ ਸਾਗਰ ’ਚ ਮੱਛੀ ਫੜਨ ਵਾਲੀ ਇਕ ਕਿਸ਼ਤੀ ’ਚੋਂ 3089 ਕਿਲੋ ਚਰਸ, 158 ਕਿਲੋ ‘ਮੇਥਾਮਫੇਟਾਮਾਈਨ’ ਅਤੇ 25 ਕਿਲੋ ‘ਮਾਰਫਿਨ’ ਸਮੇਤ ਅੰਦਾਜ਼ਨ 2000 ਕਰੋਡ਼ ਰੁਪਏ ਮੁੱਲ ਦੀ 3300 ਕਿਲੋ ਡਰੱਗਜ਼ ਬਰਾਮਦ ਕੀਤੀ ਸੀ। ਭਾਰ ਦੇ ਹਿਸਾਬ ਨਾਲ ਇਹ ਭਾਰਤ ’ਚ ਨਸ਼ੀਲੇ ਪਦਾਰਥਾਂ ਦੀ ਉਸ ਸਮੇਂ ਤਕ ਦੀ ਸਭ ਤੋਂ ਵੱਡੀ ਬਰਾਮਦਗੀ ਸੀ।

ਉਕਤ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਦੇਸ਼ ‘ਨਸ਼ੇ ਦੇ ਪਹਾੜ’ ਥੱਲੇ ਦੱਬਦਾ ਜਾ ਰਿਹਾ ਹੈ ਜਿਸ ਤੋਂ ਮੁਕਤੀ ਪਾਉਣ ਲਈ ਯਤਨਾਂ ਨੂੰ ਹੋਰ ਤੇਜ਼ ਕਰਨ ਅਤੇ ਫੜੇ ਜਾਣ ਵਾਲੇ ਜ਼ਹਿਰ ਦੇ ਵਪਾਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਤੁਰੰਤ ਲੋੜ ਹੈ।

-ਵਿਜੇ ਕੁਮਾਰ


author

Harpreet SIngh

Content Editor

Related News