ਨਸ਼ਾ ਮੁਕਤ ਨੌਜਵਾਨ, ਵਿਕਸਿਤ ਭਾਰਤ ਦਾ ਰੱਥਵਾਨ

Saturday, Jul 19, 2025 - 05:19 PM (IST)

ਨਸ਼ਾ ਮੁਕਤ ਨੌਜਵਾਨ, ਵਿਕਸਿਤ ਭਾਰਤ ਦਾ ਰੱਥਵਾਨ

ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਦੇਸ਼ ਨੇ ਤਰੱਕੀ ਅਤੇ ਵਿਕਾਸ ਕਰਨਾ ਹੈ, ਤਾਂ ਉਸਦੀ ਨੌਜਵਾਨ ਸ਼ਕਤੀ ਮਜ਼ਬੂਤ ਅਤੇ ਸਮਰੱਥ ਹੋਣੀ ਚਾਹੀਦੀ ਹੈ। ਭਾਰਤ ਦੁਨੀਆ ਦੀ ਸਭ ਤੋਂ ਵੱਡੀ ਨੌਜਵਾਨ ਆਬਾਦੀ ਵਾਲਾ ਦੇਸ਼ ਹੈ। ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਜੇਕਰ ਭਾਰਤ ਨੇ 2047 ਤੱਕ ਇਕ ਵਿਕਸਿਤ ਰਾਸ਼ਟਰ ਬਣਨਾ ਹੈ, ਤਾਂ ਸਾਡੀ ਨੌਜਵਾਨ ਸ਼ਕਤੀ ਇਸ ਵਿਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਏਗੀ। ਦੇਸ਼ ਦੇ ਵਿਕਾਸ ਦੀ ਰਫ਼ਤਾਰ ਨੌਜਵਾਨਾਂ ਦੀ ਊਰਜਾ, ਵਿਚਾਰਾਂ ਅਤੇ ਦ੍ਰਿੜ੍ਹਤਾ ਨਾਲ ਤੈਅ ਹੁੰਦੀ ਹੈ।

ਪਰ ਅੱਜ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਆਪਣੇ ਨੌਜਵਾਨਾਂ ਨੂੰ ਨਸ਼ੇ ਦੀ ਆਦਤ ਤੋਂ ਦੂਰ ਰੱਖਣਾ ਹੈ। ਇਸ ਸਮੇਂ, ਨੌਜਵਾਨ ਨਸ਼ੇ ਦੀ ਆਦਤ ਦੇ ਚੱਕਰ ਵਿਚ ਫਸ ਰਹੇ ਹਨ। ਇਹ ਆਦਤ ਨਾ ਸਿਰਫ ਉਨ੍ਹਾਂ ਦੀ ਸਿਹਤ ਨੂੰ ਪ੍ਰਭਾਵਿਤ ਕਰ ਰਹੀ ਹੈ, ਸਗੋਂ ਉਨ੍ਹਾਂ ਦੇ ਕਰੀਅਰ, ਸੁਪਨਿਆਂ ਅਤੇ ਦੇਸ਼ ਦੀ ਤਾਕਤ ’ਤੇ ਵੀ ਅਸਰ ਪਾ ਰਹੀ ਹੈ। ਇਕ ਅਧਿਐਨ ਅਨੁਸਾਰ, ਭਾਰਤ ਵਿਚ 10 ਤੋਂ 24 ਸਾਲ ਦੀ ਉਮਰ ਸਮੂਹ ਦੇ ਹਰ 5 ਨੌਜਵਾਨਾਂ ਵਿਚੋਂ 1 ਨੇ ਕਿਸੇ ਨਾ ਕਿਸੇ ਸਮੇਂ ਨਸ਼ੇ ਦਾ ਸੇਵਨ ਕੀਤਾ ਹੈ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੀ ਰਿਪੋਰਟ ਅਨੁਸਾਰ, 8.5 ਲੱਖ ਤੋਂ ਵੱਧ ਬੱਚੇ ਨਸ਼ੇ ਦੀ ਆਦਤ ਦਾ ਸ਼ਿਕਾਰ ਹਨ। ਇਹ ਅੰਕੜੇ ਬਹੁਤ ਭਿਆਨਕ ਅਤੇ ਚਿੰਤਾਜਨਕ ਹਨ।

ਭਾਰਤ ਸਰਕਾਰ ਨੇ ਪਿਛਲੇ 11 ਸਾਲਾਂ ਵਿਚ ਡਰੱਗਜ਼ ਅਤੇ ਹੋਰ ਨਸ਼ਿਆਂ ਨੂੰ ਖਤਮ ਕਰਨ ਲਈ ਕਈ ਅਸਰਦਾਰ ਕਦਮ ਚੁੱਕੇ ਹਨ। ਸਾਲ 2020 ਵਿਚ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਨੇ ‘ਨਸ਼ਾ ਮੁਕਤ ਭਾਰਤ ਅਭਿਆਨ’ ਸ਼ੁਰੂ ਕੀਤਾ। ਨਸ਼ਿਆਂ ਦੀ ਆਦਤ ਨੂੰ ਰੋਕਣ ਅਤੇ ਪੀੜਤਾਂ ਦੀ ਮਦਦ ਕਰਨ ਲਈ ਸਰਕਾਰ ਨੇ ਰਾਸ਼ਟਰੀ ਨਸ਼ਾ ਮੁਕਤੀ ਕੇਂਦਰ ਅਤੇ ਆਊਟਰੀਚ-ਕਮ-ਡ੍ਰੌਪ-ਇਨ ਸੈਂਟਰ ਸਥਾਪਿਤ ਕੀਤੇ। ਸਕੂਲਾਂ ਅਤੇ ਕਾਲਜਾਂ ਵਿਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ਡਰੱਗ ਮਾਫੀਆ ਵਿਰੁੱਧ ਸਖ਼ਤ ਕਾਰਵਾਈਆਂ ਕੀਤੀਆਂ। ਇਸਦੇ ਨਾਲ ਹੀ, ਨੌਜਵਾਨਾਂ ਦੀ ਕੌਂਸਲਿੰਗ ਲਈ ਦੇਸ਼ ਭਰ ਵਿਚ ਹੈਲਥ ਐਂਡ ਵੈੱਲਨੈੱਸ ਸੈਂਟਰ ਸਥਾਪਿਤ ਕੀਤੇ ਗਏ। ਇਸ ਤੋਂ ਇਲਾਵਾ, ਸਥਾਨਕ ਪ੍ਰਸ਼ਾਸਨ, ਗੈਰ-ਸਰਕਾਰੀ ਸੰਗਠਨਾਂ ਅਤੇ ਸਮਾਜਿਕ ਕਾਰਕੁੰਨਾਂ ਦੇ ਸਹਿਯੋਗ ਨਾਲ ਵੱਖ-ਵੱਖ ਸੂਬਿਆਂ ਵਿਚ ਨਸ਼ੇ ਦੀ ਆਦਤ ਵਿਰੁੱਧ ਕਈ ਵੱਡੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਭਾਰਤ ਇਸ ਲੜਾਈ ਨੂੰ ਹੋਰ ਮਜ਼ਬੂਤ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਸਬੰਧ ਵਿਚ ‘ਮਾਈ ਭਾਰਤ’ (MY Bharat) ਨੇ ਇਕ ਵੱਡੀ ਪਹਿਲ ਕੀਤੀ ਹੈ। ‘ਯੁਵਾ ਅਧਿਆਤਮਕ ਸੰਮੇਲਨ’ 19-20 ਜੁਲਾਈ ਤੱਕ ਬਾਬਾ ਕਾਸ਼ੀ ਵਿਸ਼ਵਨਾਥ ਦੀ ਧਰਤੀ ’ਤੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸਦਾ ਵਿਸ਼ਾ ‘ਵਿਕਸਿਤ ਭਾਰਤ ਲਈ ਨਸ਼ਾ ਮੁਕਤ ਨੌਜਵਾਨ’ ਹੋਵੇਗਾ। ਵਾਰਾਣਸੀ ਦੇ ਪਵਿੱਤਰ ਘਾਟਾਂ ’ਤੇ ਹੋਣ ਵਾਲੇ ਇਸ ਸੰਮੇਲਨ ਦਾ ਮੰਤਵ ਇਕ ਰਾਸ਼ਟਰੀ ਨੀਤੀ ਤਿਆਰ ਕਰਨਾ ਹੈ, ਜੋ ਨੌਜਵਾਨਾਂ ਦੀ ਅਗਵਾਈ ਵਾਲੀ ਨਸ਼ਾ ਛੁਡਾਊ ਮੁਹਿੰਮ ਨੂੰ ਮਜ਼ਬੂਤ ਕਰੇਗੀ।

ਦੇਸ਼ ਭਰ ਦੇ 100 ਤੋਂ ਵੱਧ ਅਧਿਆਤਮਕ ਸੰਗਠਨਾਂ ਦੇ ਨੌਜਵਾਨ ਪ੍ਰਤੀਨਿਧੀਆਂ ਨੂੰ ਇਸ ਸੰਮੇਲਨ ਲਈ ਸੱਦਾ ਦਿੱਤਾ ਗਿਆ ਹੈ। ਇਸ ਦੇ ਨਾਲ ਸਿਹਤ ਮੰਤਰਾਲਾ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਸੱਭਿਆਚਾਰ ਮੰਤਰਾਲਾ, ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਹੋਰ ਮਹੱਤਵਪੂਰਨ ਸੰਸਥਾਵਾਂ ਵੀ ਇਸ ਵਿਚ ਹਿੱਸਾ ਲੈਣਗੀਆਂ। ਇਸ ਰਾਹੀਂ ਨੌਜਵਾਨਾਂ ਨੂੰ ਇਕ ਮੰਚ ਮਿਲੇਗਾ, ਜਿੱਥੇ ਉਹ ਆਪਣੀ ਆਵਾਜ਼ ਸਰਕਾਰ ਅਤੇ ਨੀਤੀ ਘਾੜਿਆਂ ਤੱਕ ਪਹੁੰਚਾ ਸਕਣਗੇ।

ਇਸ ਸੰਮੇਲਨ ਵਿਚ ਦੇਸ਼ ਦੀ ਨਸ਼ਾਖੋਰੀ ਵਿਰੁੱਧ ਲੜਾਈ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਜਾਣਗੇ। ਇਸ ਵਿਚ ਨਸ਼ਾਖੋਰੀ, ਇਸਦੀ ਪ੍ਰਕਿਰਤੀ, ਕਿਸਮਾਂ, ਪੀੜਤਾਂ ਦੀ ਗਿਣਤੀ, ਅੰਤਰਰਾਸ਼ਟਰੀ ਪ੍ਰਭਾਵ ਅਤੇ ਸਰਕਾਰ ਅਤੇ ਮਾਈ ਭਾਰਤ ਦੇ ਨੌਜਵਾਨ ਵਲੰਟੀਅਰਾਂ ਦੀ ਭੂਮਿਕਾ ਵਰਗੇ ਵਿਸ਼ਿਆਂ ’ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਹੋਵੇਗਾ। ਇਸ ਦੇ ਨਾਲ ਹੀ, ਨਸ਼ਿਆਂ ’ਤੇ ਕਾਬੂ ਪਾਉਣ ਵਾਲੇ ਨੌਜਵਾਨਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਅਤੇ ਤਜਰਬੇ ਵੀ ਸਾਂਝੇ ਕੀਤੇ ਜਾਣਗੇ ਤਾਂ ਜੋ ਹੋਰ ਨੌਜਵਾਨ ਉਨ੍ਹਾਂ ਤੋਂ ਪ੍ਰੇਰਣਾ ਲੈ ਸਕਣ।

ਅੰਤ ਵਿਚ, ਇਕ ‘ਕਾਸ਼ੀ ਐਲਾਨਨਾਮਾ’ ਜਾਰੀ ਕੀਤਾ ਜਾਵੇਗਾ, ਜੋ ਅਗਲੇ ਪੰਜ ਸਾਲਾਂ ਲਈ ਨਸ਼ਾ ਛੁਡਾਊ ਮੁਹਿੰਮ ਲਈ ਰੋਡਮੈਪ ਹੋਵੇਗਾ। ਇਹ ਤੈਅ ਕੀਤਾ ਜਾਵੇਗਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਕਿਵੇਂ ਦੂਰ ਰੱਖਿਆ ਜਾਵੇ, ਨਸ਼ਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਕਿਵੇਂ ਕੀਤੀ ਜਾਵੇ ਅਤੇ ਦੇਸ਼ ਭਰ ਵਿਚ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕਿਵੇਂ ਕੀਤਾ ਜਾਵੇ।

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹਮੇਸ਼ਾ ਦੇਸ਼ ਦੀ ਅੰਮ੍ਰਿਤ ਪੀੜ੍ਹੀ ਦੇ ਸੁਪਨਿਆਂ ਦੇ ਭਾਰਤ ਨੂੰ ਬਣਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਦੇ ਦ੍ਰਿਸ਼ਟੀਕੋਣ ਅਨੁਸਾਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵਲੋਂ ਚੁੱਕਿਆ ਗਿਆ ਇਹ ਕਦਮ ਇਕ ਵਿਆਪਕ ਅਤੇ ਅਸਰਦਾਰ ਪਹਿਲਕਦਮੀ ਦੀ ਉਦਾਹਰਣ ਬਣੇਗਾ। ਇਹ ਪਹਿਲ ਨਾ ਸਿਰਫ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਮਦਦ ਕਰੇਗੀ, ਸਗੋਂ ਉਨ੍ਹਾਂ ਨੂੰ ਰਾਸ਼ਟਰ ਨਿਰਮਾਣ ਦੀ ਮੁੱਖ ਧਾਰਾ ਵਿਚ ਮਜ਼ਬੂਤ ਭੂਮਿਕਾ ਨਿਭਾਉਣ ਲਈ ਵੀ ਪ੍ਰੇਰਿਤ ਕਰੇਗੀ।

ਸਾਡੀ ਨੌਜਵਾਨ ਸ਼ਕਤੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਦੇਸ਼ ਨੂੰ ਇਕ ਵਿਕਸਿਤ ਰਾਸ਼ਟਰ ਬਣਾਉਣ ਦੀ ਹੈ। ਕਾਸ਼ੀ ਵਿਚ ਹੋਣ ਵਾਲਾ ‘ਯੁਵਾ ਅਧਿਆਤਮਕ ਸੰਮੇਲਨ’ ਨਾ ਸਿਰਫ਼ ਇਸ ਟੀਚੇ ਦੀ ਦਿਸ਼ਾ ਵਿਚ ਇਕ ਪ੍ਰੋਗਰਾਮ ਹੋਵੇਗਾ, ਸਗੋਂ ਰਾਸ਼ਟਰੀ ਚੇਤਨਾ ਦਾ ਇਕ ਸ਼ੁਰੂਆਤੀ ਬਿੰਦੂ ਬਣੇਗਾ। ਇਹ ਨਸ਼ਿਆਂ ਵਿਰੁੱਧ ਦੇਸ਼ ਵਿਆਪੀ ਮੁਹਿੰਮ ਨੂੰ ਨਵੀਂ ਦਿਸ਼ਾ ਅਤੇ ਊਰਜਾ ਦੇਵੇਗਾ। ਨਾਲ ਹੀ, ਇਹ ਨੌਜਵਾਨਾਂ ਵਿਚ ਨੈਤਿਕ ਕਦਰਾਂ-ਕੀਮਤਾਂ, ਸਮਾਜਿਕ ਜ਼ਿੰਮੇਵਾਰੀ ਅਤੇ ਆਤਮ-ਸੰਜਮ ਦੀ ਅਜਿਹੀ ਭਾਵਨਾ ਜਗਾਏਗਾ ਜੋ ਨਾ ਸਿਰਫ਼ ਉਨ੍ਹਾਂ ਦੇ ਜੀਵਨ ਨੂੰ ਸਾਰਥਕਤਾ ਦੇਵੇਗੀ ਬਲਕਿ ਦੇਸ਼ ਨੂੰ ਇਕ ਆਤਮਨਿਰਭਰ, ਮਜ਼ਬੂਤ ਅਤੇ ਵਿਕਸਿਤ ਰਾਸ਼ਟਰ ਵਜੋਂ ਸਥਾਪਤ ਕਰਨ ਦਾ ਜ਼ਰੀਆ ਵੀ ਬਣੇਗੀ। ਕਾਸ਼ੀ ਦੀ ਪਵਿੱਤਰ ਧਰਤੀ ਤੋਂ ਉੱਠਣ ਵਾਲੀ ਇਹ ਗੂੰਜ ਹਰ ਨੌਜਵਾਨ ਦੇ ਮਨ ਨੂੰ ਜਾਗ੍ਰਿਤੀ ਅਤੇ ਦੇਸ਼ ਭਗਤੀ ਦੇ ਨਵੇਂ ਚਾਨਣ ਨਾਲ ਭਰ ਦੇਵੇਗੀ ਅਤੇ ਇਹ ਸੰਕਲਪ 2047 ਦੇ ਵਿਕਸਿਤ ਭਾਰਤ ਦੀ ਮਜ਼ਬੂਤ ਨੀਂਹ ਬਣੇਗਾ।

-ਡਾ. ਮਨਸੁਖ ਮਾਂਡਵੀਆ (ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਭਾਰਤ ਸਰਕਾਰ)


author

Harpreet SIngh

Content Editor

Related News