ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!

Friday, Jul 31, 2026 - 07:46 PM (IST)

ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!

ਆਏ ਦਿਨ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਉਦਯੋਗ ਜਗਤ, ਮਨੋਰੰਜਨ ਜਗਤ, ਅਧਿਆਤਮਕ ਸੰਸਥਾਵਾਂ ਅਤੇ ਖੇਡ ਜਗਤ ਦੀਆਂ ਕੁਝ ਨਾਮੀ-ਗ੍ਰਾਮੀ ਹਸਤੀਆਂ ਦੇ ਨਾਂ ਵਾਰ-ਵਾਰ ‘ਮਨੀ ਲਾਂਡਰਿੰਗ’, ਫ਼ਰਜ਼ੀ ਸੌਦਿਆਂ ਅਤੇ ਸ਼ੱਕੀ ਵਿੱਤੀ ਲੈਣ-ਦੇਣ ਦੇ ਮਾਮਲਿਆਂ ’ਚ ਚਰਚਾ ’ਚ ਆਉਂਦੇ ਹਨ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਆਪਣੇ-ਆਪਣੇ ਖੇਤਰਾਂ ’ਚ ਆਪਣੀ ਮਿਹਨਤ, ਪ੍ਰਤਿਭਾ ਅਤੇ ਹਰਮਨ-ਪਿਆਰਤਾ ਨਾਲ ਕਰੋੜਾਂ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਫਿਰ ਵੀ ਇਨ੍ਹਾਂ ’ਚੋਂ ਕੁਝ ਲੋਕ ਅਜਿਹੇ ਹਨ, ਜੋ ਆਪਣੀ ਚੰਗੀ ਦਿਖ ਨੂੰ ਦਾਅ ’ਤੇ ਲਗਾ ਕੇ ਕਾਲੇ ਧਨ ਦੇ ਸੌਦਿਆਂ ’ਚ ਉਲਝ ਜਾਂਦੇ ਹਨ।

ਇਸ ਦਾ ਇਕ ਵੱਡਾ ਕਾਰਨ ਲਾਲਚ ਹੈ। ਸਫ਼ਲਤਾ ਤੋਂ ਬਾਅਦ ਵੀ ਹੋਰ ਵੱਧ ਧਨ ਅਤੇ ਵੱਧ ਤਾਕਤ ਦੀ ਭੁੱਖ ਕਦੇ ਨਹੀਂ ਮਿਟਦੀ। ਕਈ ਵਾਰ ਉਹ ਸੋਚਦੇ ਹਨ ਕਿ ਉਨ੍ਹਾਂ ਦੀ ਦਿਖ ਇੰਨੀ ਮਜ਼ਬੂਤ ਹੈ ਕਿ ਕੋਈ ਉਨ੍ਹਾਂ ’ਤੇ ਉਂਗਲ ਨਹੀਂ ਚੁੱਕੇਗਾ। ਕੁਝ ਲੋਕ ਆਪਣੇ ਕਾਰੋਬਾਰ ਨੂੰ ‘ਵਿਭਿੰਨਤਾ’ ਦਾ ਨਾਂ ਦੇ ਕੇ ਰੀਅਲ ਅਸਟੇਟ, ਸ਼ੈੱਲ ਕੰਪਨੀਆਂ, ਦਾਨ ਦੇ ਨਾਂ ’ਤੇ ਕਾਲੇ ਧਨ ਨੂੰ ਸਫ਼ੈਦ ਕਰਨਾ ਜਾਂ ਵਿਦੇਸ਼ੀ ਖਾਤਿਆਂ ਰਾਹੀਂ ਧਨ ਲੁਕਾਉਣ ਦੀ ਕੋਸ਼ਿਸ਼ ਕਰਦੇ ਹਨ।

ਕਈ ਮਾਮਲਿਆਂ ’ਚ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਇਹ ਲੋਕ ਆਪਣੇ ਸਰਕਾਰੀ ਸੰਪਰਕਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਨਾਲ ਜਾਣ-ਪਛਾਣ ਹੋਣ ਕਾਰਨ ਬਹੁਤ ਜ਼ਿਆਦਾ ਆਤਮ-ਵਿਸ਼ਵਾਸ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਜਾਂਚ ਏਜੰਸੀਆਂ ਉਨ੍ਹਾਂ ਦੇ ਵਿਰੁੱਧ ਕਾਰਵਾਈ ਨਹੀਂ ਕਰਨਗੀਆਂ ਜਾਂ ਮਾਮਲਾ ਦਬਾ ਦਿੱਤਾ ਜਾਵੇਗਾ ਪਰ ਲੋਕਤੰਤਰ ’ਚ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ, ਭਾਵੇਂ ਉਹ ਕਿੰਨਾ ਵੀ ਹਰਮਨ-ਪਿਆਰਾ ਕਿਉਂ ਨਾ ਹੋਵੇ। ਫਿਰ ਵੀ ਵਿਵਹਾਰ ’ਚ ਕਈ ਵਾਰ ਪ੍ਰਭਾਵਸ਼ਾਲੀ ਲੋਕਾਂ ਦੇ ਵਿਰੁੱਧ ਜਾਂਚ ਮੱਠੀ ਪੈ ਜਾਂਦੀ ਹੈ ਜਾਂ ਸਬੂਤਾਂ ਦੀ ਘਾਟ ਦਾ ਹਵਾਲਾ ਦੇ ਕੇ ਮਾਮਲੇ ਕਮਜ਼ੋਰ ਹੋ ਜਾਂਦੇ ਹਨ।

ਭਾਰਤ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.), ਆਮਦਨ ਕਰ ਵਿਭਾਗ ਅਤੇ ਹੋਰ ਏਜੰਸੀਆਂ ਜਦੋਂ ਅਜਿਹੇ ਮਾਮਲਿਆਂ ਦੀ ਜਾਂਚ ਕਰਦੀਆਂ ਹਨ, ਤਾਂ ਅਕਸਰ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਪਾਉਂਦੀਆਂ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਗੁੰਝਲਦਾਰ ਕਾਨੂੰਨੀ ਪ੍ਰਕਿਰਿਆਵਾਂ, ਸਬੂਤਾਂ ਦੀ ਘਾਟ, ਗਵਾਹਾਂ ਦਾ ਦਬਾਅ ਹੇਠ ਆਉਣਾ ਜਾਂ ਲੰਬੀ ਅਦਾਲਤੀ ਸੁਣਵਾਈ। ਕਈ ਵਾਰ ਸਿਆਸੀ ਪ੍ਰਭਾਵ ਜਾਂ ਸਰੋਤਾਂ ਦੀ ਘਾਟ ਵੀ ਜਾਂਚ ਨੂੰ ਪ੍ਰਭਾਵਿਤ ਕਰਦੀ ਹੈ ਪਰ ਅਜਿਹੇ ‘ਸਪੱਸ਼ਟ ਕਾਰਨਾਂ’ ਕਰ ਕੇ ਬਰੀ ਹੋਣਾ ਜਾਂ ਮਾਮਲਾ ਰੁਕ ਜਾਣਾ ਸਮਾਜ ’ਚ ਗਲਤ ਸੁਨੇਹਾ ਦਿੰਦਾ ਹੈ।

ਇਸ ਸਥਿਤੀ ’ਚ ਅਦਾਲਤਾਂ ਮਹੱਤਵਪੂਰਨ ਭੂਮਿਕਾ ਨਿਭਾ ਸਕਦੀਆਂ ਹਨ। ਆਜ਼ਾਦ ਨਿਆਂਪਾਲਿਕਾ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਮਾਮਲਿਆਂ ’ਚ ਤੇਜ਼ੀ ਨਾਲ ਸੁਣਵਾਈ ਕਰੇ, ਸਬੂਤਾਂ ਦਾ ਨਿਰਪੱਖ ਮੁਲਾਂਕਣ ਕਰੇ ਅਤੇ ਦੋਸ਼ੀਆਂ ਨੂੰ ਉਚਿਤ ਸਜ਼ਾ ਦੇਵੇ। ਵਿਸ਼ੇਸ਼ ਅਦਾਲਤਾਂ ਜਾਂ ਫਾਸਟ-ਟ੍ਰੈਕ ਪ੍ਰਕਿਰਿਆਵਾਂ ਮਨੀ ਲਾਂਡਰਿੰਗ ਵਰਗੇ ਆਰਥਿਕ ਅਪਰਾਧਾਂ ਲਈ ਬਣਾਈਆਂ ਜਾ ਸਕਦੀਆਂ ਹਨ। ਅਦਾਲਤਾਂ ਏਜੰਸੀਆਂ ਨੂੰ ਸਪੱਸ਼ਟ ਨਿਰਦੇਸ਼ ਦੇ ਸਕਦੀਆਂ ਹਨ ਕਿ ਜਾਂਚ ’ਚ ਦੇਰੀ ਨਾ ਕੀਤੀ ਜਾਵੇ ਅਤੇ ਕੋਈ ਵੀ ਪ੍ਰਭਾਵ ਜਾਂਚ ’ਚ ਰੁਕਾਵਟ ਨਾ ਪਾਵੇ। ਨਾਲ ਹੀ, ਜੇਕਰ ਕੋਈ ਵਿਅਕਤੀ ਆਪਣੀ ਤਾਕਤ ਦੀ ਦੁਰਵਰਤੋਂ ਕਰ ਕੇ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਦੇ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ। ਨਿਆਂ ਉਦੋਂ ਹੀ ਪ੍ਰਭਾਵਸ਼ਾਲੀ ਹੋਵੇਗਾ, ਜਦੋਂ ਉਹ ਬਿਨਾਂ ਭੇਦਭਾਵ ਦੇ ਲਾਗੂ ਹੋਵੇ।

ਏਜੰਸੀਆਂ ਨੂੰ ਚਾਹੀਦਾ ਹੈ ਕਿ ਉਹ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਣ, ਭਾਵੇਂ ਦੋਸ਼ੀ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਮੁੱਢਲੀ ਜਾਂਚ ਤੁਰੰਤ ਸ਼ੁਰੂ ਹੋਣੀ ਚਾਹੀਦੀ ਹੈ ਅਤੇ ਸਬੂਤਾਂ ਨੂੰ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਜੇਕਰ ਸ਼ਿਕਾਇਤ ’ਚ ਗੰਭੀਰ ਦੋਸ਼ ਹੋਣ ਅਤੇ ਉਸ ਦੇ ਪੱਕੇ ਸਬੂਤ ਵੀ ਨਾਲ ਨੱਥੀ ਹੋਣ ਤਾਂ ਜਾਂਚ ਏਜੰਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਿਕਾਇਤਕਰਤਾ ਦੀ ਪਛਾਣ ਨੂੰ ਗੁਪਤ ਰੱਖਿਆ ਜਾਵੇ।

ਆਮ ਦਸਤਾਵੇਜ਼ੀ ਸਬੂਤਾਂ ’ਚ ਬੈਂਕ ਸਟੇਟਮੈਂਟ, ਜਾਇਦਾਦ ਦੇ ਦਸਤਾਵੇਜ਼, ਕੰਪਨੀ ਰਜਿਸਟ੍ਰੇਸ਼ਨ ਪੇਪਰ, ਇਨਕਮ ਟੈਕਸ ਰਿਟਰਨ ਅਤੇ ਸ਼ੱਕੀ ਲੈਣ-ਦੇਣ ਦੇ ਰਿਕਾਰਡ ਸ਼ਾਮਲ ਹੋ ਸਕਦੇ ਹਨ। ਅੱਜ ਦੇ ਸਮੇਂ ’ਚ ਡਿਜੀਟਲ ਸਬੂਤ ਸਭ ਤੋਂ ਮਹੱਤਵਪੂਰਨ ਹਨ। ਆਡੀਓ-ਵੀਡੀਓ ਰਿਕਾਰਡਿੰਗ, ਈਮੇਲ, ਵਟਸਐਪ ਜਾਂ ਹੋਰ ਮੈਸੇਜਿੰਗ ਐਪਸ ਦੀ ਚੈਟ, ਸੋਸ਼ਲ ਮੀਡੀਆ ਪੋਸਟਾਂ, ਡਿਜੀਟਲ ਵਾਲਿਟ ਦੇ ਲੈਣ-ਦੇਣ, ਕ੍ਰਿਪਟੋਕਰੰਸੀ ਟਰਾਂਜ਼ੈਕਸ਼ਨ, ਕਲਾਊਡ ਸਟੋਰੇਜ ’ਚ ਸੇਵ ਕੀਤੀਆਂ ਗਈਆਂ ਫ਼ਾਈਲਾਂ ਅਤੇ ਸਰਵਰ ਲੌਗ। ਇਹ ਸਬੂਤ ਟਾਈਮ-ਸਟੈਂਪ ਦੇ ਨਾਲ ਉਪਲਬਧ ਹੋਣੇ ਚਾਹੀਦੇ ਹਨ ਅਤੇ ‘ਚੇਨ ਆਫ਼ ਕਸਟਡੀ’ ਨੂੰ ਬਣਾਈ ਰੱਖਦੇ ਹੋਏ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਇਸ ਦੇ ਨਾਲ ਹੀ ਗਵਾਹਾਂ ਦੇ ਬਿਆਨ ਅਤੇ ਫੋਰੈਂਸਿਕ ਆਡਿਟ ਰਿਪੋਰਟ ਵੀ ਮਜ਼ਬੂਤ ਆਧਾਰ ਪ੍ਰਦਾਨ ਕਰਦੀਅਾਂ ਹਨ।

ਭਾਵੇਂ ਕੋਈ ਪ੍ਰਸਿੱਧ ਸਮਾਜਿਕ ਕਾਰਕੁੰਨ ਹੋਵੇ, ਅਧਿਆਤਮਕ ਗੁਰੂ, ਉਦਯੋਗਪਤੀ ਜਾਂ ਕੋਈ ਹੋਰ ਮਸ਼ਹੂਰ ਹਸਤੀ, ਜਾਂਚ ਏਜੰਸੀਆਂ ਨੂੰ ਬਿਨਾਂ ਕਿਸੇ ਦਬਾਅ ਦੇ ਕੰਮ ਕਰਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ ਅਤੇ ਅਦਾਲਤਾਂ ਨੂੰ ਸਮਾਂਬੱਧ ਨਿਆਂ ਯਕੀਨੀ ਬਣਾਉਣਾ ਚਾਹੀਦਾ ਹੈ। ਤਾਂ ਹੀ ਅਸੀਂ ਇਕ ਅਜਿਹੇ ਸਮਾਜ ਵੱਲ ਵਧ ਸਕਾਂਗੇ ਜਿੱਥੇ ਵੱਕਾਰ ਅਤੇ ਧਨ ਕਿਸੇ ਨੂੰ ਕਾਨੂੰਨ ਤੋਂ ਉੱਪਰ ਨਾ ਰੱਖ ਸਕਣ। ਕਾਲੇ ਧਨ ਅਤੇ ਗ਼ੈਰ-ਕਾਨੂੰਨੀ ਸੌਦਿਆਂ ਦਾ ਚੱਕਰ ਉਦੋਂ ਹੀ ਟੁੱਟੇਗਾ, ਜਦੋਂ ਹਰ ਨਾਗਰਿਕ, ਹਰ ਸੰਸਥਾ ਅਤੇ ਹਰ ਅਦਾਲਤ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਏ।

— ਰਜਨੀਸ਼ ਕਪੂਰ

kalchakranews@gmail.com


author

Anmol Tagra

Content Editor

Related News