‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!

Tuesday, Aug 04, 2026 - 03:45 AM (IST)

‘ਲੋਕਾਂ ’ਚ ਵਧ ਰਹੀ ਹਿੰਸਾ’ ਕਰ ਰਹੇ ਹੱਦਾਂ ਪਾਰ!

ਪ੍ਰਾਚੀਨ ਸਮੇਂ ਤੋਂ ਹੀ ਭਾਰਤ ਨੂੰ ਉੱਚ ਨੈਤਿਕਤਾ, ਅਹਿੰਸਾ ਅਤੇ ਮਨੁੱਖੀ ਕਦਰਾਂ-ਕੀਮਤਾਂ ਦੇ ਝੰਡਾਬਰਦਾਰ ਵਜੋਂ ਜਾਣਿਆ ਜਾਂਦਾ ਰਿਹਾ ਹੈ ਪਰ ਅੱਜ ਕੁਝ ਲੋਕ ਆਪਣੇ ਉੱਚ ਪ੍ਰਾਚੀਨ ਆਦਰਸ਼ਾਂ ਨੂੰ ਭੁੱਲ ਕੇ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਰਹੇ ਹਨ। ਹਾਲਤ ਕਿੰਨੀ ਗੰਭੀਰ ਹੋ ਚੁੱਕੀ ਹੈ, ਇਹ ਇਸੇ ਸਾਲ ਦੀਆਂ ਹੇਠ ਲਿਖੀਆਂ ਕੁਝ ਘਟਨਾਵਾਂ ਤੋਂ ਸਪੱਸ਼ਟ ਹੈ :

* 18 ਜਨਵਰੀ ਨੂੰ ‘ਝਾਲਾਵਾੜ’ (ਰਾਜਸਥਾਨ) ’ਚ ਇਕ 18 ਸਾਲਾ ਨੌਜਵਾਨ ‘ਸੋਨੂੰ’ ਨੂੰ ਇਕ ਕੁੜੀ ਦੇ ਪਰਿਵਾਰ ਵਾਲਿਆਂ ਨੇ ਬੰਧਕ ਬਣਾ ਕੇ ਤਿੰਨ ਦਿਨਾਂ ਤੱਕ ਗੈਰ-ਮਨੁੱਖੀ ਤਸੀਹੇ ਦਿੱਤੇ, ਬੇਰਹਿਮੀ ਨਾਲ ਕੁੱਟਿਆ ਅਤੇ ਇਕ ਬੀਅਰ ਦੀ ਬੋਤਲ ’ਚ ਪਿਸ਼ਾਬ ਭਰ ਕੇ ਜਬਰੀ ਉਸ ਨੂੰ ਪੀਣ ਲਈ ਮਜਬੂਰ ਕੀਤਾ।

* 19 ਮਾਰਚ ਨੂੰ ‘ਲਾਤੇਹਾਰ’ (ਝਾਰਖੰਡ) ’ਚ ‘ਨੇਤਰਹਾਟ’ ਦੇ ‘ਦੋਨੋ’ ਨਾਂ ਦੇ ਪਿੰਡ ’ਚ ਅੰਧ-ਵਿਸ਼ਵਾਸ ਅਤੇ ਜਾਦੂ-ਟੂਣੇ ਦੇ ਸ਼ੱਕ ’ਚ ਇਕ ਬਜ਼ੁਰਗ ਨੂੰ ਜਬਰੀ ਪਿਸ਼ਾਬ ਪਿਆਉਣ ਦੇ ਦੋਸ਼ ’ਚ ਪੁਲਸ ਨੇ 4 ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ।

* 13 ਅਪ੍ਰੈਲ ਨੂੰ ‘ਬਾੜਮੇਰ’ (ਰਾਜਸਥਾਨ) ਦੇ ‘ਸ਼ਿਵ ਥਾਣਾ’ ਇਲਾਕੇ ’ਚ ਇਕ ਲੜਕੀ ਨਾਲ ਚੈਟਿੰਗ ਕਰਨ ’ਤੇ ਨੌਜਵਾਨ ਨੂੰ ਜਬਰੀ ਪਿਸ਼ਾਬ ਪੀਣ ਅਤੇ ਗੰਦਗੀ ਖਾਣ ਲਈ ਮਜਬੂਰ ਕਰਨ ਦੇ ਦੋਸ਼ ’ਚ ਪੁਲਸ ਵੱਲੋਂ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 17 ਮਈ ਨੂੰ ‘ਅਜਮੇਰ’ (ਰਾਜਸਥਾਨ) ਦੇ ‘ਗਗਵਾਨ’ ਪਿੰਡ ’ਚ ਪਰਿਵਾਰਕ ਝਗੜੇ ਕਾਰਨ ਕੁਝ ਵਿਅਕਤੀਆਂ ਵੱਲੋਂ ਇਕ ਨੌਜਵਾਨ ‘ਜੀਤੂ’ ਦਾ ਅਗਵਾ ਕਰ ਕੇ ਉਸ ਨੂੰ ਜੁੱਤੀਆਂ ਦਾ ਹਾਰ ਪਾਉਣ ਅਤੇ ਜਬਰੀ ਪਿਸ਼ਾਬ ਪਿਆਉਣ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।

* 11 ਜੂਨ ਨੂੰ ‘ਬੇਗੂਸਰਾਏ’ (ਬਿਹਾਰ) ’ਚ ਜੰਗਲ-ਪਾਣੀ ਲਈ ਨਿਕਲੀ ਇਕ ਔਰਤ ਦੇ ਹੱਥ-ਪੈਰ ਬੰਨ੍ਹ ਕੇ ਉਸ ਦੇ ਸਰੀਰ ’ਤੇ ਬਲੇਡ ਨਾਲ ਜ਼ਖਮ ਕਰਨ ਤੋਂ ਬਾਅਦ ਉਸ ਨਾਲ ਗੈਂਗਰੇਪ ਕਰਨ ਅਤੇ ਫਿਰ ਉਸ ਦੇ ਪ੍ਰਾਈਵੇਟ ਪਾਰਟ ’ਚ ਲੱਕੜ ਦੇ ਟੁਕੜੇ ਅਤੇ ‘ਰੋੜੇ’ ਪਾਉਣ ਦੇ ਦੋਸ਼ ’ਚ ਪੁਲਸ ਵੱਲੋਂ 5 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ।

* 14 ਜੂਨ ਨੂੰ ‘ਪੰਡੋਪਾੜਾ’ (ਛੱਤੀਸਗੜ੍ਹ) ’ਚ ਚਰਿੱਤਰ ’ਤੇ ਸ਼ੱਕ ਕਾਰਨ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਨੂੰ ਸ਼ਰੇਆਮ ਘੜੀਸਿਆ, ਬੇਰਹਿਮੀ ਨਾਲ ਕੁੱਟਿਆ, ਉਸ ਦਾ ਸਿਰ ਮੁੰਨ ਦਿੱਤਾ ਅਤੇ ਉਸ ਦੇ ਮੂੰਹ ’ਤੇ ਕਾਲਖ ਮਲ ਦਿੱਤੀ।

* 3 ਜੁਲਾਈ ਨੂੰ ‘ਗੁਰੂਗ੍ਰਾਮ’ (ਹਰਿਆਣਾ) ’ਚ ਇਕ ਨੌਜਵਾਨ ਨੇ ਆਪਣੇ ਵਿਆਹ ਦਾ ਰਾਜ਼ ਖੁੱਲ੍ਹਣ ਦੇ ਡਰੋਂ ਆਪਣੀ ਪ੍ਰੇਮਿਕਾ ਨੂੰ ਜਿਊਂਦਾ ਸਾੜ ਕੇ ਮਾਰ ਦਿੱਤਾ।

* 19 ਜੁਲਾਈ ਨੂੰ ‘ਲੁਧਿਆਣਾ’ (ਪੰਜਾਬ) ’ਚ ਰੰਜਿਸ਼ ਕਾਰਨ ਕੁਝ ਬਦਮਾਸ਼ਾਂ ਵੱਲੋਂ ਇਕ ਵਿਦਿਆਰਥੀ ਨੂੰ ਅਗਵਾ ਕਰ ਕੇ ਕਿਸੇ ਸੁੰਨੀ ਥਾਂ ’ਤੇ ਲਿਜਾ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਣ, ਜਬਰੀ ਪਿਸ਼ਾਬ ਪਿਆਉਣ ਅਤੇ ਥੁੱਕ ਚਟਵਾਉਣ ਦੇ ਦੋਸ਼ ’ਚ ਪੁਲਸ ਵੱਲੋਂ 10 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ।

* 27 ਜੁਲਾਈ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੇ ਇਕ ਪ੍ਰਾਈਵੇਟ ਸਕੂਲ ’ਚ ‘ਪ੍ਰੀਤੀ ਕੁਸ਼ਵਾਹਾ’ ਨਾਂ ਦੀ ਅਧਿਆਪਕਾ ਵੱਲੋਂ ਕਲਾਸ ’ਚ ਇਕ ਬੱਚੇ ਦਾ ਪੈਂਟ ’ਚ ਹੀ ਪਿਸ਼ਾਬ ਨਿਕਲ ਜਾਣ ’ਤੇ ਉਸ ਨੂੰ ਇਕ ਖਾਲੀ ਕਮਰੇ ’ਚ ਲਿਜਾ ਕੇ ਗੈਸ ਸਟੋਵ ’ਤੇ ਚਾਕੂ ਗਰਮ ਕਰ ਕੇ ਉਸ ਦੇ ਪ੍ਰਾਈਵੇਟ ਪਾਰਟ ਨੂੰ ਦਾਗਣ ਦੇ ਦੋਸ਼ ’ਚ ਪੁਲਸ ਨੇ ਅਧਿਆਪਕਾ ਵਿਰੁੱਧ ਕੇਸ ਦਰਜ ਕੀਤਾ।

* 28 ਜੁਲਾਈ ਨੂੰ ‘ਦਿੱਲੀ’ ’ਚ ਪੁਲਸ ਨੇ ਇਕ ਕੈਬ ਚਾਲਕ ਵਿਜੇ ਕੁਮਾਰ ਦੇ ਕਤਲ ਦੇ ਦੋਸ਼ ’ਚ ਇਕ ਨਾਬਾਲਗ ਸਮੇਤ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਅਨੁਸਾਰ ਮੁਲਜ਼ਮ ਚਲਦੀ ਕਾਰ ’ਚ ਚਾਕੂ ਨਾਲ ਕੈਬ ਚਾਲਕ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ’ਤੇ ਬੈਠ ਕੇ ਉਦੋਂ ਤੱਕ ਕਾਰ ਚਲਾਉਂਦੇ ਰਹੇ ਜਦੋਂ ਤੱਕ ਉਹ ਇਕ ਖੰਭੇ ਨਾਲ ਟਕਰਾ ਕੇ ਰੁਕ ਨਹੀਂ ਗਈ।

* 30 ਜੁਲਾਈ ਨੂੰ ‘ਜਾਮਨਗਰ’ (ਗੁਜਰਾਤ) ’ਚ ਆਪਣੇ ਪ੍ਰੇਮੀ ਅਤੇ ਇਕ ਹੋਰ ਵਿਅਕਤੀ ਨਾਲ ਮਿਲ ਕੇ ਸ਼ਰਾਬ ’ਚ ਸਾਇਨਾਈਡ (ਸਭ ਤੋਂ ਤਿੱਖਾ ਜ਼ਹਿਰ) ਮਿਲਾ ਕੇ ਆਪਣੇ ਪਤੀ ਨੂੰ ਮਾਰ ਦੇਣ ਦੇ ਦੋਸ਼ ’ਚ ਪੁਲਸ ਵੱਲੋਂ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 2 ਅਗਸਤ ਨੂੰ ‘ਬਾਲਾਘਾਟ’ (ਮੱਧ ਪ੍ਰਦੇਸ਼) ’ਚ ਇਕ ਵਿਅਕਤੀ ਆਪਣੀ ਕੁਆਰੀ ਧੀ ਦਾ ਰਹੱਸ ਮਿਟਾਉਣ ਲਈ ਉਸ ਦੇ ਨਵਜੰਮੇ ਬੱਚੇ ਨੂੰ ਗੋਹੇ ਦੇ ਢੇਰ ’ਚ ਜ਼ਿੰਦਾ ਦਬਾਉਣ ਤੋਂ ਬਾਅਦ ਖੁਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ ਫੜਿਆ ਗਿਆ।

* ਅਤੇ ਹੁਣ 2 ਅਗਸਤ ਨੂੰ ਹੀ ‘ਸਮਾਲਖਾ’ (ਹਰਿਆਣਾ) ’ਚ ਆਪਣੀ ਵਿਆਹੁਤਾ ਪ੍ਰੇਮਿਕਾ ਨਾਲ ਭੱਜੇ ਇਕ ਵਿਅਕਤੀ ਵੱਲੋਂ ਆਪਣੀ ਪ੍ਰੇਮਿਕਾ ਦੀ ਧੀ ਦੇ ਹੱਥ ਅਤੇ ਬੁੱਲ੍ਹ ਬੀੜੀ ਨਾਲ ਦਾਗਣ ਅਤੇ ਗਲਤ ਢੰਗ ਨਾਲ ਛੂਹਣ ਦੇ ਦੋਸ਼ ’ਚ ਬੱਚੀ ਦੇ ਪਿਤਾ ਨੇ ਮੁਲਜ਼ਮ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।

ਗੁੱਸਾ, ਭਾਵਨਾਵਾਂ ਦੀ ਪ੍ਰਬਲਤਾ ਅਤੇ ਅਣਵਿਹਾਰਕ ਇੱਛਾਵਾਂ ਲੋਕਾਂ ’ਤੇ ਜਿਸ ਤਰ੍ਹਾਂ ਹਾਵੀ ਹੋ ਰਹੀਆਂ ਹਨ, ਉਸ ਦਾ ਨਤੀਜਾ ਇਸ ਤਰ੍ਹਾਂ ਦੀਆਂ ਘਟਨਾਵਾਂ ਵਜੋਂ ਸਾਹਮਣੇ ਆਉਂਦਾ ਹੈ। ਇਸ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ’ਚ ਸ਼ਾਮਲ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ। 

— ਵਿਜੇ ਕੁਮਾਰ


author

Sandeep Kumar

Content Editor

Related News