ਵਿਦੇਸ਼ਾਂ ’ਚ ਬਦਨਾਮੀ ਦਾ ਕਾਰਨ ਬਣ ਰਹੇ ਕੁਝ ਭਾਰਤੀ!
Sunday, Aug 02, 2026 - 03:51 AM (IST)
ਇਕ ਪਾਸੇ ਭਾਰਤੀ ਮੂਲ ਦੇ ਲੋਕ ਵਿਸ਼ਵ ਦੇ ਕਈ ਦੇਸ਼ਾਂ ’ਚ ਉੱਚੇ ਅਹੁਦਿਆਂ ’ਤੇ ਬਿਰਾਜਮਾਨ ਹਨ ਅਤੇ ਉੱਥੋਂ ਦੇ ਸਿਆਸੀ ਤੇ ਸਮਾਜਿਕ ਜੀਵਨ ’ਚ ਕੰਮ ਕਰ ਕੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ, ਤਾਂ ਦੂਜੇ ਪਾਸੇ ਕੁਝ ਭਾਰਤੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਕਤਲ, ਛੇੜਛਾੜ ਆਦਿ ਜੁਰਮਾਂ ਦੇ ਸਿਲਸਿਲੇ ’ਚ ਫੜੇ ਜਾਣ ’ਤੇ ਦੇਸ਼ ਦੀ ਬਦਨਾਮੀ ਕਰਵਾ ਰਹੇ ਹਨ। ਅਜਿਹੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਨ੍ਹਾਂ ਦੀਆਂ ਇਸੇ ਸਾਲ ਦੇ ਪਿਛਲੇ ਢਾਈ ਮਹੀਨਿਆਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :
* 13 ਮਈ ਨੂੰ ਸ਼੍ਰੀਲੰਕਾ ’ਚ ਸਾਈਬਰ ਅਪਰਾਧ ਵਿਰੁੱਧ ਚੱਲ ਰਹੀ ਵੱਡੀ ਮੁਹਿੰਮ ਤਹਿਤ ਪੁਲਸ ਨੇ ਟੂਰਿਸਟ ਵੀਜ਼ੇ ਦੀ ਗਲਤ ਵਰਤੋਂ ਕਰ ਕੇ ਸਾਈਬਰ ਅਪਰਾਧ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ਹੇਠ 173 ਭਾਰਤੀ ਨਾਗਰਿਕਾਂ ਅਤੇ 25 ਨੇਪਾਲੀਆਂ ਸਮੇਤ ਕੁੱਲ 198 ਵਿਦੇਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ।
* 18 ਜੂਨ ਨੂੰ ਯੂ. ਕੇ. (ਕੈਂਟ ਕਾਊਂਟੀ) ’ਚ ‘ਕੈਂਟਰਬਰੀ ਕ੍ਰਾਊਨ ਕੋਰਟ’ ਨੇ ‘ਜਸਕੀਰਤ ਸਿੰਘ’ ਨਾਂ ਦੇ ਵਿਅਕਤੀ ਨੂੰ ਯੂ. ਕੇ. ਤੋਂ ਫਰਾਂਸ ’ਚ ਪ੍ਰਵਾਸੀਆਂ ਦੀ ਗੈਰ-ਕਾਨੂੰਨੀ ਸਮੱਗਲਿੰਗ ਕਰਨ ਦੀ ਸਾਜ਼ਿਸ਼ ਦਾ ਦੋਸ਼ੀ ਪਾਉਂਦੇ ਹੋਏ ਸਵਾ ਪੰਜ ਸਾਲ ਦੀ ਜੇਲ ਦੀ ਸਜ਼ਾ ਸੁਣਾਈ।
* 10 ਜੁਲਾਈ ਨੂੰ ਕੈਨੇਡਾ ਦੇ ਨਾਗਰਿਕ ‘ਗੁਰ ਅੰਮ੍ਰਿਤ ਸਿੱਧੂ’ ਨੂੰ ਅਮਰੀਕਾ ਦੀ ਇਕ ਅਦਾਲਤ ਨੇ ਅਮਰੀਕਾ ਤੋਂ ਕੈਨੇਡਾ ’ਚ ਨਸ਼ਿਆਂ ਦੀ ਸਮੱਗਲਿੰਗ ਕਰਨ ਅਤੇ ਵੇਚਣ ਦੇ ਦੋਸ਼ ਹੇਠ 20 ਸਾਲ ਕੈਦ ਦੀ ਸਜ਼ਾ ਸੁਣਾਈ। ਉਸ ਨੂੰ ‘ਕੈਨੇਡਾ’ ਦੇ ‘ਬ੍ਰੈਂਪਟਨ’ ਤੋਂ ਗ੍ਰਿਫ਼ਤਾਰ ਕਰ ਕੇ ਉੱਥੋਂ ਦੇ ਅਧਿਕਾਰੀਆਂ ਨੇ ਅਮਰੀਕਾ ਦੇ ਹਵਾਲੇ ਕੀਤਾ ਸੀ।
* 11 ਜੁਲਾਈ ਨੂੰ ‘ਨੇਪਾਲ’ ਪੁਲਸ ਨੇ ‘ਕਾਠਮੰਡੂ’ ’ਚ ਨਸ਼ਾ ਸਮੱਗਲਿੰਗ ਦੇ ਦੋਸ਼ ਹੇਠ 2 ਭਾਰਤੀਆਂ ‘ਇਕਬਾਲ ਖਾਨ’ ਅਤੇ ‘ਰਾਮ ਦਿਆਲ ਸ਼ਰਮਾ’ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਕੋਲੋਂ 300 ਗ੍ਰਾਮ ਹੈਰੋਇਨ ਅਤੇ ਹੋਰ ਇਤਰਾਜ਼ਯੋਗ ਵਸਤਾਂ ਬਰਾਮਦ ਕੀਤੀਆਂ ਗਈਆਂ।
* 12 ਜੁਲਾਈ ਨੂੰ ‘ਮਾਲਦੀਵ’ ਸਰਕਾਰ ਨੇ ‘ਮਾਲੇ’ ’ਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਵਿਦੇਸ਼ੀਆਂ ਵਿਰੁੱਧ ਮੁਹਿੰਮ ’ਚ ਭਾਰਤੀਆਂ ਸਮੇਤ 32 ਲੋਕਾਂ ਨੂੰ ਹਿਰਾਸਤ ’ਚ ਲਿਆ।
* 17 ਜੁਲਾਈ ਨੂੰ ਅਮਰੀਕੀ ਜਾਂਚ ਏਜੰਸੀ ਐੱਫ. ਬੀ. ਆਈ. ਨੇ ‘ਜੱਗੂ ਭਗਵਾਨਪੁਰੀਆ’ ਦੇ ਗੈਂਗਸਟਰ ‘ਨਿਤੀਸ਼ ਕੌਸ਼ਲ’ ਨੂੰ ਵਰਮੋਂਟ ਤੋਂ ਗ੍ਰਿਫ਼ਤਾਰ ਕੀਤਾ। ਨਿਤੀਸ਼ ’ਤੇ ਅਮਰੀਕਾ ’ਚ ਕਤਲ, ਅਗਵਾ, ਡਰੱਗ ਸਮੱਗਲਿੰਗ, ਜਬਰਨ ਉਗਰਾਹੀ ਵਰਗੇ ਕਈ ਅਪਰਾਧ ਦਰਜ ਹਨ।
* 26 ਜੁਲਾਈ ਨੂੰ ‘ਓਂਟਾਰੀਓ’ (ਕੈਨੇਡਾ) ’ਚ ਸਰਹੱਦ ਪਾਰ ਚੱਲ ਰਹੇ ਇਕ ਵੱਡੇ ਨਸ਼ਾ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼ ਕਰ ਕੇ ‘ਬਾਰਡਰ ਸਰਵਿਸਿਜ਼ ਏਜੰਸੀ’ ਨੇ 22 ਥਾਵਾਂ ’ਤੇ ਛਾਪੇਮਾਰੀ ਕਰ ਕੇ 13 ਪੰਜਾਬੀਆਂ ਸਮੇਤ ਭਾਰਤੀ ਮੂਲ ਦੇ ਕਈ ਟਰੱਕ ਡਰਾਈਵਰਾਂ ਸਮੇਤ 19 ਲੋਕਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 139 ਮਿਲੀਅਨ ਡਾਲਰ ਕੀਮਤ ਦੇ 1.7 ਟਨ ਅਣਅਧਿਕਾਰਤ ਨਸ਼ੀਲੇ ਪਦਾਰਥ ਅਤੇ 17 ਖਤਰਨਾਕ ਹਥਿਆਰ ਜ਼ਬਤ ਕੀਤੇ।
* 28 ਜੁਲਾਈ ਨੂੰ ‘ਓਂਟਾਰੀਓ’ (ਕੈਨੇਡਾ) ’ਚ ਭਾਰਤੀ ਮੂਲ ਦੇ ਇਕ ਟੈਕਸੀ ਡਰਾਈਵਰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ‘ਹਾਲਟਨ ਰੀਜਨਲ ਪੁਲਸ ਸਰਵਿਸ’ ਨੇ ਉਸ ਵਿਰੁੱਧ 2 ਦੋਸ਼ ਦਰਜ ਕੀਤੇ ਹਨ। ਮਨਦੀਪ ਸਿੰਘ ਨੇ 2 ਮੌਕਿਆਂ ’ਤੇ ਇਕ ਔਰਤ ਦੇ ਵਿਰੋਧ ਕਰਨ ਦੇ ਬਾਵਜੂਦ ਉਸ ਨਾਲ ਅਣਉਚਿਤ ਵਿਵਹਾਰ ਕੀਤਾ।
* 29 ਜੁਲਾਈ ਨੂੰ ‘ਬੈਂਕਾਕ’ (ਥਾਈਲੈਂਡ) ਪੁਲਸ ਨੇ ਇਕ ਹੋਟਲ ’ਚੋਂ 5 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ’ਤੇ ਦੋਸ਼ ਹੈ ਕਿ ਇਨ੍ਹਾਂ ਨੇ ਸਸਤੇ ਟੂਰ ਪੈਕੇਜ ਦਾ ਲਾਲਚ ਦੇ ਕੇ 3 ਭਾਰਤੀ ਸੈਲਾਨੀਆਂ ਨੂੰ ਫਸਾਇਆ, ਬੰਧਕ ਬਣਾਇਆ, ਤੰਗ-ਪ੍ਰੇਸ਼ਾਨ ਕੀਤਾ ਅਤੇ ਉਨ੍ਹਾਂ ਤੋਂ 70 ਲੱਖ ਰੁਪਏ ਦੀ ਫਿਰੌਤੀ ਮੰਗੀ।
* 29 ਜੁਲਾਈ ਨੂੰ ਹੀ ‘ਮੈਸਾਚੁਸੇਟਸ’ (ਅਮਰੀਕਾ) ਦੀ ਫੈਡਰਲ ਕੋਰਟ ਨੇ ਗੁਜਰਾਤੀ ਮੂਲ ਦੇ 40 ਸਾਲਾ ਭਾਰਤੀ ਨਾਗਰਿਕ ‘ਮਿਤੁਲ ਪਟੇਲ’ ਨੂੰ ਵੀਜ਼ਾ ਧੋਖਾਦੇਹੀ ਅਤੇ ਦੁਕਾਨਾਂ ’ਚ ਨਕਲੀ ਡਕੈਤੀ ਦੀ ਸਾਜ਼ਿਸ਼ ਰਚਣ ਦੇ ਜੁਰਮ ’ਚ ਅਮਰੀਕਾ ਤੋਂ ਡਿਪੋਰਟ ਕਰਨ ਦਾ ਹੁਕਮ ਸੁਣਾਇਆ।
* 30 ਜੁਲਾਈ ਨੂੰ ‘ਵਿਸਕੌਨਸਿਨ’ (ਅਮਰੀਕਾ) ਦੀ ਫੈਡਰਲ ਕੋਰਟ ਨੇ 22 ਸਾਲਾ ਭਾਰਤੀ ਨਾਗਰਿਕ ‘ਰੋਸ਼ਨ ਸ਼ਾਹ’ ਨੂੰ ਭਾਰਤ ’ਚ ਬੈਠੇ ਆਪਣੇ ਸਾਥੀਆਂ ਨਾਲ ਮਿਲ ਕੇ ਅਮਰੀਕੀ ਬਜ਼ੁਰਗਾਂ ਨੂੰ ਡਰਾ ਕੇ ਉਨ੍ਹਾਂ ਤੋਂ ਪੈਸੇ ਅਤੇ ਸੋਨਾ ਵਸੂਲਣ ਦੇ ਦੋਸ਼ ਹੇਠ 4 ਸਾਲ ਕੈਦ ਦੀ ਸਜ਼ਾ ਸੁਣਾਈ। ਉਸ ਨੇ 15 ਪੀੜਤਾਂ ਨਾਲ ਕਰੋੜਾਂ ਡਾਲਰ ਦੀ ਠੱਗੀ ਮਾਰੀ ਸੀ।
ਵਿਦੇਸ਼ ’ਚ ਵਸਣ ਵਾਲਾ ਹਰ ਭਾਰਤੀ ਉਸ ਦੇਸ਼ ’ਚ ਭਾਰਤ ਦੇ ਅੰਬੈਸਡਰ ਦੇ ਰੂਪ ’ਚ ਹੀ ਕੰਮ ਕਰਦਾ ਹੈ ਪਰ ਵਿਦੇਸ਼ਾਂ ’ਚ ਵਸੇ ਕੁਝ ਭਾਰਤੀਆਂ ਦੇ ਇਸ ਤਰ੍ਹਾਂ ਦੇ ਕਾਲੇ ਕਾਰਨਾਮਿਆਂ ਨਾਲ ਨਿਸ਼ਚਿਤ ਤੌਰ ’ਤੇ ਭਾਰਤ ਦਾ ਅਕਸ ਧੁੰਦਲਾ ਹੁੰਦਾ ਹੈ। ਇਸ ਲਈ ਵਿਦੇਸ਼ ਜਾਣ ਅਤੇ ਉੱਥੇ ਵਸਣ ਵਾਲੇ ਭਾਰਤੀਆਂ ਨੂੰ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੇਸ਼ ਦੇ ਅਕਸ ’ਤੇ ਆਂਚ ਆਵੇ।
—ਵਿਜੇ ਕੁਮਾਰ
