ਨਵਾਂ ਤੇਲ ਸੰਕਟ ਬਹੁਤਾ ਦੂਰ ਨਹੀਂ !
Wednesday, Sep 16, 2026 - 03:54 PM (IST)
ਇਹ ਕਹਿਣਾ ਤਾਂ ਸਰਾਸਰ ਗਲਤ ਹੋਵੇਗਾ ਕਿ ਨਵੀਂ ਦਿੱਲੀ ’ਚ ਹੋਏ ਬ੍ਰਿਕਸ ਸੰਮੇਲਨ ਅਤੇ ਉਸ ’ਚ ਜੁਟੇ ਪ੍ਰਮੁੱਖ ਦੇਸ਼ਾਂ ਨੂੰ ਦੁਨੀਆ ਦੀ ਖ਼ਬਰ ਨਾ ਹੋਵੇਗੀ ਅਤੇ ਯਮਨ ਦੇ ਹੂਤੀ ਵਿਦਰੋਹੀਆਂ ਦੀ ਜਿੱਤ ਦਾ ਪਤਾ ਨਾ ਹੋਵੇਗਾ ਜਾਂ ਖਾੜੀ ’ਚ ਫਿਰ ਤੋਂ ਜੰਗ ਦੀ ਸਥਿਤੀ ਅਤੇ ਸਾਊਦੀ ਤੇਲ ਟਿਕਾਣਿਆਂ ’ਤੇ ਬੰਬਾਰੀ ਨਾਲ ਕੀਮਤਾਂ ’ਚ ਉਛਾਲ ਦਾ ਪਤਾ ਨਾ ਹੋਵੇਗਾ। ਦੁਨੀਆ ਦੀ ਖ਼ਬਰ ’ਚ ਤਾਂ ਈਰਾਨ, ਰੂਸ ਅਤੇ ਚੀਨ ਹੀ ਨਹੀਂ, ਸਾਊਦੀ ਅਰਬ ਵੀ ਵੱਡਾ ਭਾਈਵਾਲ ਹੈ ਅਤੇ ਦਿੱਲੀ ਸੰਮੇਲਨ ਨੇ ਦੂਜੇ ਦੇਸ਼ ’ਤੇ ਹਮਲੇ ਵਰਗੇ ਵੱਡੇ ਵਿਵਾਦਪੂਰਨ ਮਾਮਲੇ ’ਚ ਈਰਾਨ ਅਤੇ ਸਾਊਦੀ ਅਰਬ ਵਿਚਾਲੇ ਇਕ ਐਲਾਨਨਾਮੇ ’ਤੇ ਸਹਿਮਤੀ ਬਣਾ ਕੇ ਦੁਨੀਆ ਨੂੰ ਹੈਰਾਨ ਵੀ ਕੀਤਾ। ਈਰਾਨ ਅਤੇ ਸਾਊਦੀ ਅਰਬ ਸੱਚਮੁੱਚ ਦੁਸ਼ਮਣ ਵਾਂਗ ਲੜ ਰਹੇ ਹਨ ਅਤੇ ਜੇਕਰ ਉਹ ਸ਼ਾਂਤੀ ਦੇ ਐਲਾਨ ਦੇ ਪੱਖ ’ਚ ਆਉਂਦੇ ਹਨ ਤਾਂ ਇਹ ਬ੍ਰਿਕਸ ਦੀ ਵੀ ਸਫਲਤਾ ਸੀ ਪਰ ਈਰਾਨ ਅਤੇ ਅਮਰੀਕਾ ਫਿਰ ਤੋਂ ਉਲਝ ਕੇ ਪੱਛਮੀ ਏਸ਼ੀਆ ਦੇ ਸੰਕਟ ਨਾਲ ਤੇਲ ਦੀਆਂ ਕੀਮਤਾਂ ’ਚ ਨਵੀਂ ਅੱਗ ਲਗਾ ਚੁੱਕੇ ਸਨ। ਹੋਰਮੁਜ਼ ਇਕ ਵਾਰ ਫਿਰ ਤੇਲਵਾਹਕ ਜਹਾਜ਼ਾਂ ਲਈ ਸੰਕਟ ਦਾ ਮਾਰਗ ਬਣ ਗਿਆ ਹੈ ਅਤੇ ਉੱਥੇ ਆ-ਜਾ ਰਹੇ ਜਹਾਜ਼ਾਂ ਨਾਲ ਈਰਾਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸਮੇਤ ਖਾੜੀ ਦੇ ਕਈ ਟਿਕਾਣੇ ਬੰਬਾਰੀ ਦਾ ਨਿਸ਼ਾਨਾ ਬਣੇ। ਇਸ ’ਚ ਅਮਰੀਕਾ ਅੱਗੇ ਰਿਹਾ ਜਦਕਿ ਉਸ ਦੇ ਜਹਾਜ਼ਾਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਦੀ ਖ਼ਬਰ ਆਈ।
ਹੂਤੀ ਵਿਦਰੋਹੀਆਂ ਨੇ ਇਸੇ ਦੌਰਾਨ ਜਿਸ ਆਸਾਨੀ ਨਾਲ ਬਾਬ ਅਲ-ਮਾਂਦੇਬ ਟਾਪੂ ਸਮੇਤ ਕਈ ਨਵੇਂ ਟਾਪੂਆਂ ਅਤੇ ਇਲਾਕਿਆਂ ’ਚ ਆਪਣਾ ਕਬਜ਼ਾ ਜਮ੍ਹਾ ਲਿਆ, ਉਹ ਦੁਨੀਆ ’ਚ ਤੇਲ ਦੀ ਸਪਲਾਈ ਦੇ ਰਸਤੇ ’ਚ ਨਵੀਂ ਰੁਕਾਵਟ ਬਣ ਕੇ ਸਾਹਮਣੇ ਆਇਆ ਅਤੇ ਕੋਹੜ ’ਚ ਖਾਜ ਵਾਂਗ ਟਰੰਪ ਦਾ ਇਹ ਬਿਆਨ ਵੀ ਇਸੇ ਨਾਲ ਆ ਗਿਆ ਕਿ ਅਮਰੀਕਾ ਦੀ ਹੂਤੀ ਵਿਦਰੋਹੀਆਂ ਨਾਲ ਗੱਲਬਾਤ ਹੋਈ ਹੈ ਅਤੇ ਉਹ ਅਮਰੀਕਾ ਵੱਲੋਂ ਕਾਰਵਾਈ ਨਾ ਕਰਨ ਦੀ ਮੰਗ ਕਰ ਰਹੇ ਹਨ। ਇਸ ਮੰਗ ’ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਪਿਛਲੀ ਵਾਰ 3 ਸਾਲ ਪਹਿਲਾਂ ਜਦੋਂ ਇਨ੍ਹਾਂ ਵਿਦਰੋਹੀਆਂ ਦਾ ਇਸ ਟਾਪੂ ’ਤੇ ਕਬਜ਼ਾ ਹੋਇਆ ਸੀ ਤਾਂ ਲਾਲ ਸਾਗਰ ਤੋਂ ਤੇਲ ਦੀ ਸਪਲਾਈ ਅੱਧੀ ਰਹਿ ਗਈ ਅਤੇ ਸਵੇਜ਼ ਨਹਿਰ ਹੋ ਕੇ ਆਉਣ ਵਾਲੀ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸ ਕਬਜ਼ੇ ਤੋਂ ਪਹਿਲਾਂ ਰੋਜ਼ 93 ਲੱਖ ਬੈਰਲ ਤੇਲ ਉੱਥੋਂ ਲੰਘਦਾ ਸੀ ਜੋ ਘਟ ਕੇ 46 ਲੱਖ ਬੈਰਲ ਰਹਿ ਗਿਆ। ਇਸ ਵਾਰ ਉਨ੍ਹਾਂ ਦੀ ਜਿੱਤ ਜ਼ਿਆਦਾ ਵੱਡੇ ਇਲਾਕੇ ’ਚ ਹੋਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਤੇਲ ਸਪਲਾਈ ਵਾਲੇ ਜਹਾਜ਼ਾਂ ਨੂੰ ਜ਼ਿਆਦਾ ਪਰੇਸ਼ਾਨ ਕਰਨਗੇ, ਜ਼ਿਆਦਾ ਵਸੂਲੀ ਕਰਨਗੇ ਅਤੇ ਜੇਕਰ ਅਮਰੀਕਾ ਉਨ੍ਹਾਂ ਖ਼ਿਲਾਫ਼ ਕਾਰਵਾਈ ’ਚ ਖੁੰਝਿਆ ਤਾਂ ਬਾਕੀ ਦੁਨੀਆ ਲਈ ਖ਼ਤਰਾ ਵਧੇਗਾ।
ਟਰੰਪ ਦੀ ਇਸ ਗੱਲ ’ਤੇ ਯਕੀਨ ਕਰਨ ਵਾਲੇ ਘੱਟ ਲੋਕ ਨਹੀਂ ਹਨ ਕਿਉਂਕਿ ਹੋਰਮੁਜ਼ ਅਤੇ ਤੇਲ ਦੇ ਧੰਦੇ ’ਚ ਨਵੀਂ ਦਿਲਚਸਪੀ ਲੈਣ ਦੇ ਬਾਵਜੂਦ ਅਮਰੀਕਾ ਨੇ ਪਹਿਲੀ ਵਾਰ ਸਾਊਦੀ ਅਰਬ ਸਮੇਤ ਖਾੜੀ ਦੇ ਆਪਣੇ ਮਿੱਤਰ ਦੇਸ਼ਾਂ ਨੂੰ ਈਰਾਨੀ ਹਮਲੇ ਦੇ ਮਾਮਲੇ ’ਚ ਇਕੱਲਾ ਜਿਹਾ ਬਣਾ ਦਿੱਤਾ ਹੈ ਜਦਕਿ ਇਨ੍ਹਾਂ ਦੇਸ਼ਾਂ ਨਾਲ ਉਸ ਨੇ ਸੁਰੱਖਿਆ ਸੰਧੀ ਕਰ ਰੱਖੀ ਹੈ। ਅਸਲ ’ਚ ਟਰੰਪ ਅਮਰੀਕਾ ’ਚ ਆਪਣੀ ਕਮਜ਼ੋਰ ਰਾਜਨੀਤਕ ਸਥਿਤੀ ਦੇ ਮੱਦੇਨਜ਼ਰ ਅਜਿਹੀਆਂ ਸਾਰੀਆਂ ਗਾਰੰਟੀਆਂ ਨੂੰ ਭੁੱਲ ਰਹੇ ਹਨ, ਕਿਉਂਕਿ ਅਮਰੀਕੀ ਲੋਕ ਬਾਹਰ ਸੈਨਿਕ ਦਖਲ ਦਾ ਨਾਂ ਸੁਣਦੇ ਹੀ ਹੋਰ ਭੜਕ ਜਾਂਦੇ ਹਨ। ਦੂਜੇ ਪਾਸੇ ਉਹ ਤੇਲ ਦੀ ਕਮਾਈ ਨਾਲ ਅਮਰੀਕੀ ਖਜ਼ਾਨਾ ਭਰ ਕੇ ਆਪਣੀ ਰਾਜਨੀਤੀ ਚਮਕਾਉਣਾ ਵੀ ਚਾਹੁੰਦੇ ਹਨ। ਵੇਨੇਜ਼ੁਏਲਾ ਦਾ ਤੇਲ ਉਹ ਆਪਣਾ ਮੰਨ ਕੇ ਵੇਚ ਹੀ ਰਹੇ ਹਨ ਅਤੇ ਹੋਰਮੁਜ਼ ’ਤੇ ਕੰਟਰੋਲ ਰਾਹੀਂ ਉਹ ਮੱਧ ਪੂਰਬ ਦੇ ਤੇਲ ਬਾਜ਼ਾਰ ਤੋਂ ਮਲਾਈ ਖਾਣਾ ਚਾਹੁੰਦੇ ਹਨ। ਹੁਣ ਉਨ੍ਹਾਂ ਦੀਆਂ ਜੋ ਵੀ ਰਾਜਨੀਤਕ ਅਤੇ ਆਰਥਿਕ ਮਜਬੂਰੀਆਂ ਹੋਣ, ਦੁਨੀਆ ਉਨ੍ਹਾਂ ਦੀ ਯੋਜਨਾ ਨਾਲ ਹੀ ਚੱਲੇ ਇਹ ਜ਼ਰੂਰੀ ਨਹੀਂ ਹੈ। ਦਿੱਲੀ ’ਚ ਸਾਊਦੀ ਅਰਬ ਅਤੇ ਈਰਾਨ ਦਾ ਇਕ ਐਲਾਨਨਾਮੇ ’ਤੇ ਸਹਿਮਤ ਹੋਣਾ ਉਨ੍ਹਾਂ ਨੂੰ ਪਸੰਦ ਨਹੀਂ ਆ ਸਕਦਾ। ਇਸੇ ਤਰ੍ਹਾਂ ਮੱਕਾ ਸੰਧੀ ਦੇ ਜ਼ਰੀਏ ਸਾਊਦੀ ਅਰਬ ਨੇ ਆਪਣੀ ਸੁਰੱਖਿਆ ਦਾ ਬਦਲਵਾਂ ਰਸਤਾ ਵੀ ਬਣਾਇਆ ਹੈ।
ਪਰ ਅਮਰੀਕਾ ਜੇਕਰ ਹੂਤੀ ਵਿਦਰੋਹੀਆਂ ਖ਼ਿਲਾਫ਼ ਕਾਰਵਾਈ ਤੋਂ ਝਿਜਕਦਾ ਹੈ ਜਾਂ ਚੁੱਪ ਬੈਠ ਜਾਂਦਾ ਹੈ, ਤਾਂ ਦੁਨੀਆ ਦਾ ਤੇਲ ਸੰਕਟ ਹੋਰ ਵਧੇਗਾ ਅਤੇ ਹੁਣੇ ਜੇਕਰ ਕੱਚਾ ਤੇਲ 110 ਡਾਲਰ ਪ੍ਰਤੀ ਬੈਰਲ ਪਹੁੰਚਿਆ ਹੈ ਤਾਂ ਕੱਲ ਕਿੱਥੇ ਤੱਕ ਜਾਵੇਗਾ, ਇਹ ਕਹਿਣਾ ਮੁਸ਼ਕਿਲ ਹੈ। ਹੁਣੇ ਈਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਛਿੜੀ ਜੰਗ ਦੇ ਸਮੇਂ ਹੋਰਮੁਜ਼ ਤੋਂ ਆਵਾਜਾਈ ਬੰਦ ਹੋਈ ਜਾਂ ਬਹੁਤ ਘਟ ਗਈ ਸੀ। ਉਸ ਪੂਰੇ ਵੇਰਵੇ ’ਚ ਜਾਣ ਦੀ ਲੋੜ ਨਹੀਂ ਹੈ ਪਰ ਉਦੋਂ ਇਹ ਹੋਇਆ ਕਿ ਚੀਨ ਨੇ ਤੇਲ ਦੀ ਦਰਾਮਦ ਕਾਫ਼ੀ ਘੱਟ ਕਰ ਦਿੱਤੀ ਅਤੇ ਤੇਲ ਦੇ ਜਹਾਜ਼ ਹੋਰਮੁਜ਼ ਦੀ ਬਜਾਏ ਲਾਲ ਸਾਗਰ ਤੋਂ ਆਉਣ-ਜਾਣ ਲੱਗੇ। ਕੀਮਤਾਂ ਵਧੀਆਂ ਪਰ ਅਜਿਹੀਆਂ ਨਹੀਂ, ਜਿਹੀਆਂ ਇਸ ਵਾਰ ਲੱਗ ਰਹੀਆਂ ਹਨ।
ਇਸ ਵਾਰ ਦਾ ਖ਼ਤਰਾ ਵੱਡਾ ਹੋਣ ਦੀ ਵਜ੍ਹਾ ਸਿਰਫ਼ ਹੂਤੀ ਜਮਾਤ ਦੀ ਕਾਰਸਤਾਨੀ ਨਹੀਂ ਹੈ। ਉਸ ਨਾਲ ਕੱਚੇ ਤੇਲ ਦੇ ਨਾਲ-ਨਾਲ ਰਿਫਾਈਂਡ ਤੇਲ ਯਾਨੀ ਡੀਜ਼ਲ ਅਤੇ ਪੈਟਰੋਲ ਦੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ। ਭਾਰਤ ਵਰਗੇ ਦੇਸ਼ ਨੇ ਪਿਛਲੇ ਸੰਕਟ ਦੇ ਸਮੇਂ ਚੁੱਪ ਜਿਹੀ ਸਾਧੀ ਅਤੇ ਰੂਸ ਤੋਂ ਕਾਫ਼ੀ ਕੱਚਾ ਤੇਲ ਲਿਆ ਕੇ ਰਿਫਾਈਨਿੰਗ ਕਰ ਕੇ ਬਰਾਮਦ ਕੀਤਾ ਅਤੇ ਚੰਗੀ ਕਮਾਈ ਕਰ ਕੇ ਅਰਥਵਿਵਸਥਾ ਨੂੰ ਚੰਗੀ ਸਥਿਤੀ ’ਚ ਕਰ ਲਿਆ। ਇਸ ਵਾਰ ਰਿਫਾਈਂਡ ਤੇਲ ਦੀ ਆਵਾਜਾਈ ਰੁਕੇਗੀ ਜਾਂ ਪ੍ਰਭਾਵਿਤ ਹੋਵੇਗੀ ਤਾਂ ਭਾਰਤ ਸਮੇਤ ਕਾਫ਼ੀ ਦੇਸ਼ ਤਾਂ ਪ੍ਰਭਾਵਿਤ ਹੋਣਗੇ ਹੀ, ਡੀਜ਼ਲ-ਪੈਟਰੋਲ ਦੇ ਗਾਹਕ ਪਿਸ ਜਾਣਗੇ। ਅਮਰੀਕਾ ’ਚ ਹੁਣ ਵੀ ਜਿਸ ਰਫ਼ਤਾਰ ਨਾਲ ਡੀਜ਼ਲ ਦੀਆਂ ਕੀਮਤਾਂ ਸਾਲ ਭਰ ’ਚ 2 ਗੁਣਾ ਤੱਕ ਹੋ ਗਈਆਂ ਹਨ, ਉਸ ਤੋਂ ਸਪੱਸ਼ਟ ਹੈ ਕਿ ਉੱਥੇ ਜ਼ਿਆਦਾ ਕੋਹਰਾਮ ਹੋਵੇਗਾ।
ਦੂਜੇ, ਯੂਕ੍ਰੇਨ-ਰੂਸ ਯੁੱਧ ’ਚ, ਜਿਸ ਦਾ ਬ੍ਰਿਕਸ ਐਲਾਨਨਾਮੇ ’ਚ ਜ਼ਿਕਰ ਵੀ ਨਹੀਂ ਹੋਇਆ, ਰੂਸ ਦੀ ਤੇਲ ਉਤਪਾਦਨ ਸਮਰੱਥਾ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੀ ਰਿਫਾਈਨਿੰਗ ਸਮਰੱਥਾ ਤਾਂ ਨਸ਼ਟ ਹੋਈ ਹੀ ਹੈ, ਤੇਲ ਕੱਢਣਾ ਵੀ ਘਟ ਹੋਇਆ ਹੈ। ਅਜਿਹੇ ’ਚ ਜੇਕਰ ਮੌਜੂਦਾ ਸੰਕਟ ਦੇ ਪ੍ਰਤੀ ਬ੍ਰਿਕਸ ਸਮੇਤ ਦੁਨੀਆ ਦੇ ਸਾਰੇ ਸਰਗਰਮ ਰਾਸ਼ਟਰ ਸਮੂਹ ਪਹਿਲ ਨਹੀਂ ਕਰਨਗੇ ਤਾਂ ਤੇਲ ਦਾ ਨਵਾਂ ਵਿਸ਼ਵਵਿਆਪੀ ਸੰਕਟ ਆਵੇਗਾ ਹੀ।
—ਅਰਵਿੰਦ ਮੋਹਨ
