ਅੱਜ ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ’ਤੇ ਵਿਸ਼ੇਸ਼- ਖੁਦਕੁਸ਼ੀ ਹੀ ਨਹੀਂ, ਸੰਵੇਦਨਹੀਣਤਾ ਵੀ ਰੋਕਣੀ ਹੋਵੇਗੀ
Thursday, Sep 10, 2026 - 05:58 PM (IST)
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਸਫ਼ਲਤਾ, ਮੁਕਾਬਲੇਬਾਜ਼ੀ ਅਤੇ ਪ੍ਰਾਪਤੀਆਂ ਦੀ ਦੌੜ ਜਿੰਨੀ ਤੇਜ਼ ਹੋਈ ਹੈ, ਮਾਨਸਿਕ ਸਿਹਤ ਦੀਆਂ ਚੁਣੌਤੀਆਂ ਵੀ ਓਨੀਆਂ ਹੀ ਡੂੰਘੀਆਂ ਹੋਈਆਂ ਹਨ। ਅਜਿਹੇ ਸਮੇਂ ’ਚ ਖੁਦਕੁਸ਼ੀ ਵਰਗੇ ਸੰਵੇਦਨਸ਼ੀਲ ਵਿਸ਼ੇ ’ਤੇ ਕੇਵਲ ਅੰਕੜਿਆਂ ਦੇ ਜ਼ਰੀਏ ਨਹੀਂ, ਸਗੋਂ ਮਾਨਵੀ ਸੰਵੇਦਨਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਵਿਚਾਰ ਕਰਨਾ ਜ਼ਰੂਰੀ ਹੈ। 10 ਸਤੰਬਰ ਨੂੰ ਮਨਾਇਆ ਜਾਣ ਵਾਲਾ ‘ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ’ ਸਾਨੂੰ ਇਸੇ ਦਿਸ਼ਾ ’ਚ ਸੋਚਣ ਦਾ ਮੌਕਾ ਦਿੰਦਾ ਹੈ। ਸਾਲ 2026 ਲਈ ਵਿਸ਼ਵ ਸਿਹਤ ਸੰਗਠਨ ਦਾ ਸੁਨੇਹਾ ਹੈ ‘ਖੁਦਕੁਸ਼ੀ ’ਤੇ ਦ੍ਰਿਸ਼ਟੀਕੋਣ ਬਦਲਣਾ’ ਅਤੇ ਇਸ ਦੇ ਨਾਲ ਦਿੱਤਾ ਗਿਆ ਸੱਦਾ ਹੈ ‘ਗੱਲਬਾਤ ਸ਼ੁਰੂ ਕਰੋ।’ ਇਸ ਦਾ ਮਕਸਦ ਚੁੱਪੀ ਅਤੇ ਕਲੰਕ ਦੀ ਥਾਂ ਸਮਝ, ਹਮਦਰਦੀ ਅਤੇ ਖੁੱਲ੍ਹੇ ਸੰਵਾਦ ਦਾ ਸੱਭਿਆਚਾਰ ਵਿਕਸਿਤ ਕਰਨਾ ਹੈ।
ਅਸਲ ’ਚ ਵਿਸ਼ਵ ਪੱਧਰ ’ਤੇ ਖੁਦਕੁਸ਼ੀ ਅੱਜ ਵੀ ਗੰਭੀਰ ਜਨਤਕ ਸਿਹਤ ਚੁਣੌਤੀ ਹੈ। ਡਬਲਿਊ. ਐੱਚ. ਓ. ਦੇ ਸੰਸਾਰਿਕ ਅੰਦਾਜ਼ਿਆਂ ਅਨੁਸਾਰ, ਹਰ ਸਾਲ ਲਗਭਗ ਸਾਢੇ 7 ਲੱਖ ਲੋਕਾਂ ਦੀ ਖੁਦਕੁਸ਼ੀ ਨਾਲ ਮੌਤ ਹੁੰਦੀ ਹੈ। ਇਹ 15-29 ਸਾਲ ਉਮਰ ਵਰਗ ’ਚ ਮੌਤ ਦਾ ਤੀਜਾ ਮੁੱਖ ਕਾਰਨ ਹੈ। ਵਿਸ਼ਵ ਪੱਧਰ ’ਤੇ ਖੁਦਕੁਸ਼ੀਆਂ ’ਚ 70 ਫੀਸਦੀ ਤੋਂ ਵੱਧ ਖੁਦਕੁਸ਼ੀਆਂ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ’ਚ ਹੁੰਦੀਆਂ ਹਨ ਅਤੇ ਅੱਧੇ ਤੋਂ ਵੱਧ ਮਾਮਲੇ 50 ਸਾਲ ਤੋਂ ਘੱਟ ਉਮਰ ’ਚ ਹੁੰਦੇ ਹਨ। ਮਾਨਸਿਕ ਸਿਹਤ ਸਮੱਸਿਆਵਾਂ ਦੇ ਨਾਲ ਸਮਾਜਿਕ, ਆਰਥਿਕ, ਪਰਿਵਾਰਕ, ਰਿਸ਼ਤਿਆਂ ਨਾਲ ਜੁੜੇ, ਵਾਤਾਵਰਣ ਅਤੇ ਹਾਲਾਤ ਤੋਂ ਪੈਦਾ ਹੋਏ ਕਾਰਕ ਵੀ ਇਸ ’ਚ ਭੂਮਿਕਾ ਨਿਭਾ ਸਕਦੇ ਹਨ।
ਭਾਰਤ ਦੀ ਤਸਵੀਰ ਵੀ ਘੱਟ ਚਿੰਤਾਜਨਕ ਨਹੀਂ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਦੀ ‘ਐਕਸੀਡੈਂਟਲ ਡੈਥਸ ਐਂਡ ਸੁਸਾਈਡਸ ਇਨ ਇੰਡੀਆ 2024’ ਰਿਪੋਰਟ ਅਨੁਸਾਰ, 2024 ’ਚ ਦੇਸ਼ ’ਚ 1,70,746 ਖੁਦਕੁਸ਼ੀਆਂ ਦਰਜ ਹੋਈਆਂ, ਜਦੋਂ ਕਿ 2023 ’ਚ ਇਹ ਗਿਣਤੀ 1,71,418 ਸੀ। 2024 ’ਚ 14,488 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ, ਜੋ 2023 ਦੇ 13,892 ਮਾਮਲਿਆਂ ਤੋਂ ਲਗਭਗ 4.3 ਫੀਸਦੀ ਵੱਧ ਹੈ। ਵਿਦਿਆਰਥੀ ਖੁਦਕੁਸ਼ੀਆਂ ਦਾ ਹਿੱਸਾ ਵੀ ਕੁੱਲ ਖੁਦਕੁਸ਼ੀਆਂ ’ਚ ਵਧ ਕੇ ਲਗਭਗ 8.5 ਫੀਸਦੀ ਹੋ ਗਿਆ। ਇਹ ਵਿਰੋਧਾਭਾਸ ਬੇਹੱਦ ਮਹੱਤਵਪੂਰਨ ਹੈ ਕਿ ਜਿਥੇ ਦੇਸ਼ ’ਚ ਕੁੱਲ ਖੁਦਕੁਸ਼ੀਆਂ ’ਚ ਮਾਮੂਲੀ ਕਮੀ ਆਈ, ਉੱਥੇ ਹੀ ਵਿਦਿਆਰਥੀ ਖੁਦਕੁਸ਼ੀਆਂ ਵਧ ਗਈਆਂ। 2015 ਤੋਂ 2024 ਵਿਚਕਾਰ ਦੇਸ਼ ’ਚ 1.15 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਖੁਦਕੁਸ਼ੀ ਦਰਜ ਹੋਈ। ਇਸ ਦਾ ਅਰਥ ਇਹ ਨਹੀਂ ਕਿ ਹਰੇਕ ਮਾਮਲੇ ਦਾ ਕਾਰਨ ਪੜ੍ਹਾਈ ਦਾ ਦਬਾਅ ਹੀ ਸੀ, ਸਗੋਂ ਇਹ ਸੰਕੇਤ ਜ਼ਰੂਰ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ, ਪਰਿਵਾਰ, ਸਮਾਜਿਕ ਵਾਤਾਵਰਣ ਅਤੇ ਮਾਨਸਿਕ ਸਿਹਤ ਸਹਾਇਤਾ ਤੰਤਰ ਨੂੰ ਵਿਦਿਆਰਥੀਆਂ ਦੀਆਂ ਬਦਲਦੀਆਂ ਲੋੜਾਂ ਦੇ ਅਨੁਕੂਲ ਵੱਧ ਸੰਵੇਦਨਸ਼ੀਲ ਬਣਾਉਣਾ ਹੋਵੇਗਾ।
ਮੁਕਾਬਲੇਬਾਜ਼ੀ ਪ੍ਰੀਖਿਆਵਾਂ ਦੀ ਗਲਾਕੱਟ ਪ੍ਰਤੀਯੋਗਤਾ, ਮਾਪਿਆਂ ਦੀਆਂ ਉਮੀਦਾਂ, ਕਰੀਅਰ ਨੂੰ ਲੈ ਕੇ ਅਨਿਸ਼ਚਿਤਤਾ, ਅਸਫਲਤਾ ਦਾ ਡਰ, ਸਮਾਜਿਕ ਤੁਲਨਾ, ਇਕੱਲਾਪਣ, ਪਰਿਵਾਰਕ ਤਣਾਅ ਅਤੇ ਡਿਜੀਟਲ ਦੁਨੀਆ ਦਾ ਦਬਾਅ ਨੌਜਵਾਨਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕਿਸੇ ਸੰਸਥਾ ਦੀ ਪ੍ਰਤਿਸ਼ਠਾ ਉਸ ਦੇ ਵਿਦਿਆਰਥੀਆਂ ਨੂੰ ਮਾਨਸਿਕ ਸੰਕਟ ਤੋਂ ਆਪਣੇ ਆਪ ਸੁਰੱਖਿਅਤ ਨਹੀਂ ਕਰ ਦਿੰਦੀ। ਇਸ ਲਈ ਚੰਗੇ ਅੰਕ, ਬਿਹਤਰ ਰੈਂਕ ਅਤੇ ਆਕਰਸ਼ਕ ਪਲੇਸਮੈਂਟ ਤੋਂ ਕਿਤੇ ਵੱਧ ਜ਼ਰੂਰੀ ਹੈ ਕਿ ਵਿਦਿਆਰਥੀ ਕੋਲ ਆਪਣੀ ਪਰੇਸ਼ਾਨੀ ਸਾਂਝੀ ਕਰਨ ਲਈ ਸੁਰੱਖਿਅਤ ਅਤੇ ਭਰੋਸੇਮੰਦ ਵਾਤਾਵਰਣ ਹੋਵੇ।
ਇਥੇ ਪਰਿਵਾਰ ਅਤੇ ਵਿੱਦਿਅਕ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਮਾਪੇ ਜੇਕਰ ਹਰੇਕ ਗੱਲਬਾਤ ਨੂੰ ਅੰਕਾਂ, ਰੈਂਕ ਅਤੇ ਕਰੀਅਰ ਨਾਲ ਜੋੜ ਦੇਣਗੇ ਤਾਂ ਬੱਚਾ ਹੌਲੀ-ਹੌਲੀ ਆਪਣੀਆਂ ਭਾਵਨਾਵਾਂ ਛੁਪਾਉਣਾ ਸਿੱਖ ਸਕਦਾ ਹੈ। ਇਸ ਦੇ ਉਲਟ, ਜੇਕਰ ਘਰ ’ਚ ਇਹ ਵਾਤਾਵਰਣ ਹੋਵੇ ਕਿ ਬੱਚਾ ਬਿਨਾਂ ਡਰ ਆਪਣੀ ਸਮੱਸਿਆ ਦੱਸ ਸਕੇ ਤਾਂ ਸੰਕਟ ਦੀ ਪਛਾਣ ਕਾਫ਼ੀ ਪਹਿਲਾਂ ਹੋ ਸਕਦੀ ਹੈ। ਅਧਿਆਪਕਾਂ ਨੂੰ ਵੀ ਕੇਵਲ ਅਕਾਦਮਿਕ ਕਾਰਗੁਜ਼ਾਰੀ ’ਤੇ ਨਜ਼ਰ ਰੱਖਣ ਦੀ ਬਜਾਏ ਵਿਦਿਆਰਥੀਆਂ ਦੇ ਵਿਵਹਾਰ ’ਚ ਅਚਾਨਕ ਆਏ ਬਦਲਾਅ, ਸਮਾਜਿਕ ਦੂਰੀ, ਨਿਰਾਸ਼ਾ ਜਾਂ ਗੈਰ-ਸਾਧਾਰਨ ਚੁੱਪ ਵਰਗੇ ਸੰਕੇਤਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ।
ਖੁਦਕੁਸ਼ੀ ਨੂੰ ਸਿਰਫ ਡਿਪ੍ਰੈਸ਼ਨ ਦਾ ਨਤੀਜਾ ਮੰਨਣਾ ਵੀ ਵਿਗਿਆਨਕ ਰੂਪ ’ਚ ਸਹੀ ਨਹੀਂ। ਡਬਲਿਊ. ਐੱਚ. ਓ. ਅਨੁਸਾਰ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਮਹੱਤਵਪੂਰਨ ਜੋਖਮ ਕਾਰਕ ਹੋ ਸਕਦੀਆਂ ਹਨ ਪਰ ਖੁਦਕੁਸ਼ੀ ਕਈ ਵਾਰ ਸੰਕਟ ਦੀ ਅਜਿਹੀ ਸਥਿਤੀ ’ਚ ਵੀ ਹੋ ਸਕਦੀ ਹੈ, ਜਿਥੇ ਵਿਅਕਤੀ ਭਾਵਨਾਤਮਕ ਵੇਗ ’ਚ ਫੈਸਲਾ ਲੈਂਦਾ ਹੈ। ਇਕੱਲਾਪਣ, ਰਿਸ਼ਤਿਆਂ ਦਾ ਟੁੱਟਣਾ, ਆਰਥਿਕ ਸੰਕਟ, ਹਿੰਸਾ, ਵਿਤਕਰਾ, ਨਸ਼ੇ ਦੀ ਸਮੱਸਿਆ, ਗੰਭੀਰ ਬੀਮਾਰੀ, ਸਮਾਜਿਕ ਅਲੱਗ-ਥਲੱਗਤਾ ਅਤੇ ਅਚਾਨਕ ਪੈਦਾ ਹੋਇਆ ਸੰਕਟ ਵੀ ਜੋਖਮ ਵਧਾ ਸਕਦੇ ਹਨ।
ਭਾਰਤ ਸਰਕਾਰ ਨੇ ਨਵੰਬਰ 2022 ’ਚ ‘ਨੈਸ਼ਨਲ ਸੁਸਾਈਡ ਪ੍ਰੀਵੈਂਸ਼ਨ ਸਟ੍ਰੈਟਿਜੀ’ ਸ਼ੁਰੂ ਕੀਤੀ, ਜਿਸ ਦਾ ਟੀਚਾ 2030 ਤੱਕ ਦੇਸ਼ ’ਚ ਖੁਦਕੁਸ਼ੀ ਮੌਤ-ਦਰ ’ਚ 10 ਫੀਸਦੀ ਕਮੀ ਲਿਆਉਣਾ ਹੈ। ਇਸ ’ਚ ਸਕੂਲਾਂ-ਕਾਲਜਾਂ ’ਚ ਮਾਨਸਿਕ ਸਿਹਤ ਸਕ੍ਰੀਨਿੰਗ, ਸੰਕਟ-ਹੈਲਪਲਾਈਨ, ਮਨੋਵਿਗਿਆਨਕ ਸਹਾਇਤਾ, ਜਾਗਰੂਕਤਾ ਮੁਹਿੰਮ ਅਤੇ ਉੱਚ-ਜੋਖਮ ਵਾਲੇ ਸਮੂਹਾਂ ਲਈ ਟੀਚਾ ਬੱਧ ਦਖਲਅੰਦਾਜ਼ੀ ਵਰਗੀਆਂ ਵਿਵਸਥਾਵਾਂ ’ਤੇ ਜ਼ੋਰ ਦਿੱਤਾ ਗਿਆ ਹੈ।
ਇਸ ਦਿਸ਼ਾ ’ਚ ਟੈਲੀ-ਮਾਨਸ ਇਕ ਮਹੱਤਵਪੂਰਨ ਪਹਿਲ ਬਣ ਕੇ ਉੱਭਰਿਆ ਹੈ। ਮਾਰਚ 2026 ਤੱਕ ਦੇਸ਼ ਦੇ 36 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 53 ਟੈਲੀ-ਮਾਨਸ ਕੇਂਦਰ ਸੰਚਾਲਿਤ ਹੋ ਰਹੇ ਸਨ ਅਤੇ ਸ਼ੁਰੂਆਤ ਤੋਂ 34.34 ਲੱਖ ਤੋਂ ਵੱਧ ਕਾਲਾਂ ਸੰਭਾਲੀਆਂ ਜਾ ਚੁੱਕੀਆਂ ਸਨ। ਇਹ ਸੇਵਾ 20 ਭਾਸ਼ਾਵਾਂ ’ਚ ਉਪਲਬਧ ਹੈ ਅਤੇ ਲੋੜ ਪੈਣ ’ਤੇ ਕਾਲ ਕਰਨ ਵਾਲਿਆਂ ਨੂੰ ਅੱਗੇ ਮਾਹਿਰ ਅਤੇ ਪ੍ਰਤੱਖ ਮਾਨਸਿਕ ਸਿਹਤ ਸੇਵਾਵਾਂ ਨਾਲ ਜੋੜਿਆ ਜਾਂਦਾ ਹੈ। ਵਿਸ਼ਵ ਪੱਧਰ ’ਤੇ ਵੀ ਚੁਣੌਤੀ ਸਿਰਫ ਜਾਗਰੂਕਤਾ ਤੱਕ ਸੀਮਤ ਨਹੀਂ ਹੈ।
ਮੀਡੀਆ ਦੀ ਭੂਮਿਕਾ ਵੀ ਬਹੁਤ ਸੰਵੇਦਨਸ਼ੀਲ ਹੈ। ਖੁਦਕੁਸ਼ੀ ਦੀਆਂ ਘਟਨਾਵਾਂ ਨੂੰ ਸਨਸਨੀ, ਵਿਸਤ੍ਰਿਤ ਵੇਰਵੇ ਜਾਂ ਰੋਮਾਂਚਕ ਕਹਾਣੀ ਦੇ ਰੂਪ ’ਚ ਪੇਸ਼ ਕਰਨ ਦੀ ਬਜਾਏ ਰਿਪੋਰਟਿੰਗ ਦਾ ਕੇਂਦਰ ਰੋਕਥਾਮ, ਸਹਾਇਤਾ ਅਤੇ ਉਮੀਦ ਹੋਣਾ ਚਾਹੀਦਾ ਹੈ। ਡਿਜੀਟਲ ਯੁੱਗ ’ਚ ਸਾਈਬਰ ਬੁਲਿੰਗ, ਆਨਲਾਈਨ ਤਸ਼ੱਦਦ, ਸਮਾਜਿਕ ਤੁਲਨਾ ਅਤੇ ਲਗਾਤਾਰ ਵਧਦੀ ਡਿਜੀਟਲ ਨਿਰਭਰਤਾ ਵਰਗੀਆਂ ਚੁਣੌਤੀਆਂ ਤੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਸੁਰੱਖਿਅਤ ਰੱਖਣ ਲਈ ਡਿਜੀਟਲ ਸਾਖਰਤਾ ਅਤੇ ਮਾਪਿਆਂ ਨਾਲ ਸੰਵਾਦ ਵੀ ਜ਼ਰੂਰੀ ਹਨ। ਸਭ ਤੋਂ ਮਹੱਤਵਪੂਰਨ ਬਦਲਾਅ ਸਾਡੇ ਦ੍ਰਿਸ਼ਟੀਕੋਣ ’ਚ ਆਉਣਾ ਚਾਹੀਦਾ ਹੈ।
ਸੰਕਟ ’ਚ ਘਿਰੇ ਵਿਅਕਤੀ ਨੂੰ ‘ਕਮਜ਼ੋਰ’, ‘ਅਸਫਲ’ ਜਾਂ ‘ਧਿਆਨ ਖਿੱਚਣ ਵਾਲਾ’ ਕਹਿਣ ਦੀ ਬਜਾਏ ਉਸ ਦੀ ਪੀੜਾ ਨੂੰ ਗੰਭੀਰਤਾ ਨਾਲ ਸਮਝਣਾ ਹੋਵੇਗਾ। ਕਿਸੇ ਪਰੇਸ਼ਾਨ ਵਿਅਕਤੀ ਤੋਂ ਸਹਿਜਤਾ ਨਾਲ ਪੁੱਛਣਾ ‘ਤੂੰ ਠੀਕ ਹੈਂ? ਜੇਕਰ ਕੁਝ ਪਰੇਸ਼ਾਨ ਕਰ ਰਿਹਾ ਹੈ ਤਾਂ ਮੈਂ ਤੈਨੂੰ ਸੁਣਨ ਲਈ ਇਥੇ ਹਾਂ’ ਕਦੇ-ਕਦੇ ਮਦਦ ਦੀ ਦਿਸ਼ਾ ’ਚ ਪਹਿਲਾ ਮਹੱਤਵਪੂਰਨ ਕਦਮ ਹੋ ਸਕਦਾ ਹੈ ਪਰ ਗੰਭੀਰ ਸੰਕਟ ਜਾਂ ਖੁਦਕੁਸ਼ੀ ਦੇ ਵਿਚਾਰ ਦੀ ਸਥਿਤੀ ’ਚ ਕੇਵਲ ਪਰਿਵਾਰਕ ਸਹਾਰੇ ’ਤੇ ਨਿਰਭਰ ਰਹਿਣ ਦੀ ਬਜਾਏ ਸਿਖਲਾਈ ਪ੍ਰਾਪਤ ਮਾਨਸਿਕ ਸਿਹਤ ਮਾਹਿਰ ਦੀ ਸਹਾਇਤਾ ਲੈਣਾ ਜ਼ਰੂਰੀ ਹੈ।
ਖੁਦਕੁਸ਼ੀ ਰੋਕਥਾਮ ਦਾ ਅਰਥ ਕੇਵਲ ਮੌਤ ਰੋਕਣਾ ਨਹੀਂ, ਉਸ ਬਿੰਦੂ ਤੋਂ ਪਹਿਲਾਂ ਉਮੀਦ ਪੈਦਾ ਕਰਨਾ ਹੈ, ਜਿੱਥੇ ਵਿਅਕਤੀ ਨੂੰ ਜ਼ਿੰਦਗੀ ’ਚ ਕੋਈ ਰਾਹ ਦਿਸਣਾ ਬੰਦ ਹੋ ਜਾਵੇ।
- ਯੋਗੋਸ਼ ਕੁਮਾਰ ਗੋਇਲ
