ਤਬਦੀਲੀ ਸੰਸਾਰ ਦਾ ਹੈ ਨਿਯਮ ਹੈ
Saturday, Aug 10, 2024 - 02:41 PM (IST)
ਜ਼ਿੰਦਗੀ ’ਚ ਅਕਸਰ ਅਜਿਹੇ ਮੌਕੇ ਆਉਂਦੇ ਰਹਿੰਦੇ ਹਨ ਜਦ ਕਿਸੇ ਤਰ੍ਹਾਂ ਦੀ ਹਾਨੀ ਜਿਵੇਂ ਨੌਕਰੀ ਨਾ ਰਹੇ, ਦੁਰਘਟਨਾ ਜਾਂ ਕਿਸੇ ਆਪਣੇ ਦੀ ਮੌਤ ਹੋ ਜਾਵੇ, ਵਪਾਰ ’ਚ ਘਾਟਾ ਜਾਂ ਕਿਸੇ ਅਣਜਾਣ ਕਾਰਨ ਜਾਂ ਨਿਯਮ-ਕਾਨੂੰਨ ਦੀ ਜਾਣਕਾਰੀ ਨਾ ਹੋਣ ਕਾਰਨ ਭੁੱਲ-ਚੁੱਕ ਹੋਣ ਦਾ ਖਮਿਆਜ਼ਾ ਭਰਨਾ ਪਵੇ। ਵਿਅਕਤੀਗਤ ਅਤੇ ਪਰਿਵਾਰਕ ਹਾਨੀ ਤੋਂ ਵੱਧ ਵਿਅਕਤੀ ਤਦ ਜ਼ਿਆਦਾ ਟੁੱਟਦਾ ਹੈ ਜਦ ਜਮ੍ਹਾ-ਪੂੰਜੀ ਦਾ ਸਹਾਰਾ ਖੋਹੇ ਜਾਣ ਦੀ ਨੌਬਤ ਆਉਣ ਨਾਲ ਦਰ-ਦਰ ਦਾ ਭਿਖਾਰੀ ਬਣ ਜਾਵੇ। ਅਜਿਹੀ ਸਥਿਤੀ ’ਚ ਕੋਈ ਕਿੰਨਾ ਵੀ ਹੌਸਲੇ ਵਾਲਾ ਹੋਵੇ, ਹੌਸਲੇ ਪਸਤ ਹੋ ਹੀ ਜਾਂਦੇ ਹਨ।
ਸਵੈ-ਭਰੋਸੇ ’ਚ ਸੰਤੁਲਨ ਨਾ ਹੋਣਾ
ਇਸ ਤੋਂ ਚੰਗੀ ਗੱਲ ਕੋਈ ਹੋ ਨਹੀਂ ਸਕਦੀ ਕਿ ਮਨੁੱਖ ਦਾ ਸਭ ਤੋਂ ਵੱਡਾ ਸਹਾਰਾ ਆਪਣੇ ਉੱਪਰ ਭਰੋਸੇ ਦਾ ਹੁੰਦਾ ਹੈ। ਜ਼ਰੂਰੀ ਇਹ ਹੈ ਕਿ ਇਹ ਸੰਤੁਲਿਤ ਹੋਵੇ, ਨਾ ਬਹੁਤ ਵੱਧ ਅਤੇ ਨਾ ਬਹੁਤ ਘੱਟ ਕਿਉਂਕਿ ਥੋੜ੍ਹਾ ਵੀ ਅਸੰਤੁਲਨ ਹੋਣ ਨਾਲ ਸਭ ਕੁਝ ਗੜਬੜਾ ਜਾਂਦਾ ਹੈ ਅਤੇ ਫਿਰ ਸੰਭਲਣਾ ਮੁਸ਼ਕਿਲ ਹੀ ਨਹੀਂ, ਕਈ ਵਾਰ ਅਸੰਭਵ ਹੋ ਜਾਂਦਾ ਹੈ। ਵਿਨੇਸ਼ ਫੋਗਾਟ ਦੀ ਉਦਾਹਰਣ ਕਾਫੀ ਹੈ। ਉਹ ਗੋਲਡ ਮੈਡਲ ਤੋਂ ਹੀ ਨਹੀਂ ਖੁੰਝੀ, ਮੁਕਾਬਲੇ ਤੋਂ ਬਾਹਰ ਹੋ ਗਈ। ਸੌ ਗ੍ਰਾਮ ਭਾਰ ਦਾ ਜ਼ਿਆਦਾ ਹੋਣਾ ਭਾਰੀ ਪੈ ਗਿਆ।
ਬਹੁਤ ਸਾਰੀਆਂ ਉਦਾਹਰਣਾਂ ਹਨ ਜਿਵੇਂ ਪਰਿਵਾਰਕ ਜਾਇਦਾਦ ਝਗੜਾ ਜਿਸ ਕਾਰਨ ਅਚਾਨਕ ਸੁਖੀ ਜ਼ਿੰਦਗੀ ’ਚ ਦੁੱਖ ਆਪਣਾ ਘਰ ਬਣਾ ਲੈਂਦਾ ਹੈ। ਵਸੀਅਤ ਅਜਿਹੀ ਕਿ ਸਭ ਕੁਝ ਗੁਆਉਣ ਦੀ ਸਥਿਤੀ ਬਣ ਜਾਂਦੀ ਹੈ। ਜਿਸ ਨੂੰ ਹੁਣ ਤੱਕ ਆਪਣਾ ਸਮਝਿਆ, ਉਹ ਤਾਂ ਕਿਸੇ ਹੋਰ ਦੇ ਨਾਂ ਹੋ ਗਿਆ। ਜਿੱਥੇ ਸਵੈ-ਭਰੋਸਾ ਜਾਂ ਕਹੀਏ ਕਿ ਖੁਦ ’ਤੇ ਭਰੋਸਾ ਨਾ ਹੋਵੇ ਤਾਂ ਆਦਮੀ ਮੂੰਹ ਲੁਕਾਉਣ ਲੱਗਦਾ ਹੈ, ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਇਸ ਤੋਂ ਵੀ ਜ਼ਿਆਦਾ ਆਪਣੇ ਪਰਿਵਾਰ ਦੀ ਪਹਿਲਾਂ ਵਾਂਗ ਦੇਖਭਾਲ ਕਰਨ ਦੀ ਅਯੋਗਤਾ ਉਸਨੂੰ ਸਵੈ-ਦੋਸ਼ ਜਾਂ ਨਫ਼ਰਤ ਵੱਲ ਧੱਕਣ ਲੱਗਦੀ ਹੈ। ਉਹ ਅੰਦਰ ਹੀ ਅੰਦਰ ਘੁੱਟਣ ਲੱਗਦਾ ਹੈ। ਹੋਰ ਬੀਮਾਰੀਆਂ ਉਸ ਨੂੰ ਜਕੜਨ ਲਈ ਤਿਆਰ ਰਹਿੰਦੀਆਂ ਹਨ ਅਤੇ ਸਭ ਤੋਂ ਵੱਧ ਮਾਨਸਿਕ ਵਿਕਾਰਾਂ ਨਾਲ ਗ੍ਰਸਤ ਹੋਣ ਲੱਗਦਾ ਹੈ।
ਇਕ ਘਟਨਾ ਮੇਰੇ ਇਕ ਸਹਿਯੋਗੀ ਦੀ ਹੈ। ਨੌਕਰੀ ਚਲੀ ਗਈ, ਪਰਿਵਾਰ ਵੱਡਾ ਸੀ, ਘਰ ਦੀਆਂ ਕਈ ਚੀਜ਼ਾਂ ਕਿਸ਼ਤਾਂ ’ਤੇ ਲਈਆਂ ਸਨ, ਘਰ ਵਾਲਿਆਂ ਨੂੰ ਅਸਲ ਸਥਿਤੀ ਦੱਸਣ ’ਚ ਝਿਜਕ ਅਤੇ ਇਸ ਸਭ ਤੋਂ ਘਬਰਾ ਕੇ ਜ਼ਹਿਰ ਨਾਲ ਸਮੂਹਿਕ ਆਤਮਹੱਤਿਆ ਕਰਨੀ ਸਭ ਤੋਂ ਬਿਹਤਰ ਲੱਗਣ ਲੱਗਾ। ਦੁਕਾਨ ’ਤੇ ਪੁੱਜਾ ਅਤੇ ਦੇਖਿਆ ਕਿ ਉੱਥੇ ਲੋਕ ਚਰਚਾ ਕਰ ਰਹੇ ਹਨ ਕਿ ਸਰਕਾਰ ਨੇ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਦਾ ਲਾਭ ਲੈ ਕੇ ਆਪਣਾ ਖੁਦ ਦਾ ਕੰਮ-ਧੰਦਾ ਕੀਤਾ ਜਾ ਸਕਦਾ ਹੈ। ਸੋਚਣ ਲੱਗਾ ਕਿ ਜਦ ਇਹ ਹੋ ਸਕਦਾ ਹੈ ਤਾਂ ਆਪਣੀ ਜਾਨ ਦੇਣ ਦੀ ਕੀ ਲੋੜ ਹੈ? ਘਰ ਆਇਆ, ਪਰਿਵਾਰ ਇਕੱਠਾ ਕੀਤਾ, ਨੌਕਰੀ ਜਾਣ ਦੀ ਗੱਲ ਕੀਤੀ ਅਤੇ ਕਿਹਾ ਕਿ ਹੁਣ ਪਹਿਲਾਂ ਵਰਗੇ ਖਰਚ ਬੰਦ ਕਰਨੇ ਪੈਣਗੇ, ਜ਼ਰੂਰੀ ਸਹੂਲਤਾਂ ਤੱਕ ’ਚ ਕਟੌਤੀ ਕਰਨੀ ਪਵੇਗੀ, ਘੁੰਮਣਾ-ਫਿਰਨਾ ਅਤੇ ਪਹਿਲਾਂ ਵਰਗੇ ਖਰਚ ਕਰਨ ਦੀ ਆਦਤ ਬੰਦ ਅਤੇ ਜ਼ਿੰਦਗੀ ਨੂੰ ਨਵੇਂ ਨਜ਼ਰੀਏ ਅਤੇ ਬਦਲੇ ਹਾਲਾਤ ਅਨੁਸਾਰ ਦੇਖਣਾ ਪਵੇਗਾ। ਪਹਿਲਾਂ ਤਾਂ ਘਰ ਵਾਲਿਆਂ ਦੀ ਅਸਹਿਮਤੀ ਅਤੇ ਉਸ ਨੂੰ ਹੀ ਬੁਰਾ-ਭਲਾ ਕਹਿਣ ਨਾਲ ਸ਼ੁਰੂਆਤ ਹੋਈ ਪਰ ਇਹ ਮਿੱਤਰ ਆਪਣੀ ਗੱਲ ’ਤੇ ਅੜਿਆ ਰਿਹਾ, ਇੱਥੋਂ ਤੱਕ ਕਿ ਸਖਤੀ ਵਰਤਣ ਲੱਗਾ, ਕੋਈ ਰਿਆਇਤ ਨਹੀਂ ਅਤੇ ਇਕ ਦਿਨ ਆਇਆ ਅਤੇ ਉਹ ਵੀ ਕੁਝ ਹੀ ਮਹੀਨਿਆਂ ’ਚ ਕਿ ਉਹ ਫਿਰ ਤੋਂ ਆਪਣੇ ਪੁਰਾਣੇ ਦਿਨਾਂ ਨੂੰ ਪ੍ਰਤੱਖ ਦੇਖਣ ਲੱਗਾ।
ਆਤਮਹੀਣਤਾ ਅਤੇ ਆਤਮਵਿਸ਼ਵਾਸ (ਸਵੈ-ਭਰੋਸਾ) ’ਚ ਸਿਰਫ ਇਕ ਲਕੀਰ ਦਾ ਫਰਕ ਹੈ, ਇਕ ਪਾਸੇ ਮਰਨ ਅਤੇ ਦੂਜੇ ਪਾਸੇ ਜ਼ਿੰਦਗੀ, ਇਹੀ ਭੇਤ ਹੈ। ਇਸੇ ਤਰ੍ਹਾਂ ਦੀ ਇਕ ਘਟਨਾ ਇਕ ਹੋਰ ਮਿੱਤਰ ਨਾਲ ਹੋਈ। ਅੱਜਕੱਲ੍ਹ ਜੀ. ਐੱਸ. ਟੀ. ਤੋਂ ਡਰ ਦੇ ਹਾਲਾਤ ਬਣੇ ਹੋਏ ਹਨ। ਕਾਨੂੰਨ ਦੀ ਪੇਚੀਦਗੀ ਇੰਨੀ ਹੈ ਕਿ ਭੁੱਲ ਹੋ ਹੀ ਜਾਂਦੀ ਹੈ। ਉਸ ਨੇ ਇਕ ਪ੍ਰਾਪਰਟੀ ਆਪਣੀ ਮਜਬੂਰੀ ਕਾਰਨ ਜੀ. ਐੱਸ. ਟੀ. ਦੇ ਲਾਗੂ ਹੋਣ ਦੇ ਕੁਝ ਹੀ ਸਮੇਂ ਬਾਅਦ ਵੇਚੀ ਅਤੇ ਜਾਣਕਾਰੀ ਦੀ ਘਾਟ ’ਚ ਜੀ. ਐੱਸ. ਟੀ. ਲੈਣ ਵੱਲ ਧਿਆਨ ਨਹੀਂ ਗਿਆ।
ਹੁਣ ਉਸ ’ਤੇ ਬਹੁਤ ਸਾਲਾਂ ਬਾਅਦ ਕਰੋੜਾਂ ਦੀ ਦੇਣਦਾਰੀ ਵਿਭਾਗ ਵੱਲੋਂ ਖੜ੍ਹੀ ਕਰ ਦਿੱਤੀ ਜਾਂਦੀ ਹੈ ਅਤੇ ਉਸ ਦੀ ਸਥਿਤੀ ਇਹ ਹੈ ਕਿ ਸਭ ਕੁਝ ਵੇਚ ਦੇਵੇ ਤਾਂ ਵੀ ਇਸ ਨੂੰ ਪੂਰਾ ਨਹੀਂ ਕਰ ਸਕਦਾ। ਕਾਨੂੰਨ ਇੰਨਾ ਸਖਤ ਅਤੇ ਕਾਨੂੰਨੀ ਲੜਾਈ ਲੜਨਾ ਇੰਨਾ ਮਹਿੰਗਾ ਕਿ ਉਸ ਨੂੰ ਸਮਝ ਹੀ ਨਹੀਂ ਆ ਰਹੀ ਕਿ ਇਸ ਔਖੀ ਸਥਿਤੀ ’ਚੋਂ ਕਿਵੇਂ ਬਾਹਰ ਨਿਕਲੇ। ਇਹੀ ਸੰਤੁਲਿਤ ਸਵੈ-ਭਰੋਸੇ ਦਾ ਨਿਯਮ ਲਾਗੂ ਹੁੰਦਾ ਹੈ। ਇਹ ਹੋਰ ਕੁਝ ਨਹੀਂ ਸਿਰਫ ਖੁਦ ਨੂੰ ਸਥਿਤੀ ਅਨੁਸਾਰ ਢਾਲਣਾ ਹੈ ਅਤੇ ਸਵੀਕਾਰ ਕਰਨਾ ਹੈ ਕਿ ਮਨ ਜੇ ਹਾਰ ਗਿਆ ਤਾਂ ਕੁਝ ਨਹੀਂ ਬਚੇਗਾ ਅਤੇ ਜੇ ਨਹੀਂ ਹਾਰਿਆ ਤਾਂ ਫਿਰ ਜਿੱਤ ਹੀ ਜਿੱਤ ਹੈ। ਔਖੇ ਹਾਲਾਤ ’ਚੋਂ ਬਾਹਰ ਨਿਕਲਣ ਦੇ ਰਾਹ ਮਿਲ ਹੀ ਜਾਂਦੇ ਹਨ ਕਿਉਂਕਿ ਅਸੰਭਵ ਕੁਝ ਵੀ ਨਹੀਂ। ਬਸ ਇਹੀ ਕਰਨਾ ਹੈ ਕਿ ਨਾ ਮੂੰਹ ਲੁਕੋ ਕੇ ਜਿਊਣਾ ਹੈ ਅਤੇ ਨਾ ਹੀ ਵਰਤਮਾਨ ਨੂੰ ਨਾ-ਮਨਜ਼ੂਰ ਕਰਨਾ ਹੈ। ਇੱਥੇ ਸਿਰਫ ਇਕ ਸ਼ਰਤ ਹੈ ਕਿ ਸੱਚਾਈ ਅਤੇ ਈਮਾਨਦਾਰੀ ਦਾ ਪੱਲਾ ਇਸ ਤਰ੍ਹਾਂ ਫੜ ਕੇ ਰੱਖਣਾ ਹੈ ਕਿ ਉਹ ਬੇਦਾਗ ਰਹੇ।
ਤਬਦੀਲੀ ਸੰਸਾਰ ਦਾ ਨਿਯਮ
ਇਹ ਸੁਭਾਵਿਕ ਨਿਯਮ ਹੈ ਕਿ ਅਸੀਂ ਜ਼ਿੰਦਗੀ ’ਚ ਬਹੁਤ ਸਾਰੀਆਂ ਗੱਲਾਂ ਅੱਖਾਂ ਮੀਟ ਕੇ ਮੰਨ ਲੈਂਦੇ ਹਾਂ ਕਿ ਜਿਹੋ-ਜਿਹੀ ਸਾਡੀ ਜੀਵਨ-ਸ਼ੈਲੀ ਹੈ, ਸਾਡਾ ਵਿਅਕਤੀਗਤ, ਪਰਿਵਾਰਕ, ਸਮਾਜਿਕ ਅਤੇ ਕਾਰੋਬਾਰੀ ਰੂਪ ਅਤੇ ਵਾਤਾਵਰਣ ਹੈ, ਹਮੇਸ਼ਾ ਉਹੀ ਰਹੇਗਾ ਜਿਵੇਂ ਅਸੀਂ ਕਲਪਨਾ ਕੀਤੀ ਹੈ। ਅਸੀਂ ਇਹ ਵੀ ਭੁੱਲ ਜਾਂਦੇ ਹਾਂ ਕਿ ਸਾਡੇ ਅੰਦਰ ਤਬਦੀਲੀ ਦੀ ਇੱਛਾ ਰਹਿੰਦੀ ਹੈ ਅਤੇ ਬਦਲਣ ਦੀ ਤਾਕਤ ਵੀ ਹੈ ਪਰ ਖੁਦ ਨੂੰ ਜਿਵੇਂ ਹੈ ਉਂਝ ਹੀ ਚੱਲਦੇ ਰਹਿਣ ਨੂੰ ਕਿਸਮਤ ਨਾਲ ਬੰਨ੍ਹ ਦਿੰਦੇ ਹਾਂ। ਅਜਿਹੀ ਸਥਿਤੀ ਹੋਣ ’ਤੇ ਜੋ ਬਾਹਰਲੀਆਂ ਸ਼ਕਤੀਆਂ ਹਨ, ਭਾਵੇਂ ਆਰਥਿਕ ਹੋਣ ਜਾਂ ਸਿਆਸਤ, ਸਾਡੀ ਇਸ ਅਣਗਹਿਲੀ ਦਾ ਫਾਇਦਾ ਉਠਾਉਣ ’ਚ ਜ਼ਰਾ ਵੀ ਨਹੀਂ ਖੁੰਝਦੀਆਂ, ਸਾਵਧਾਨੀ ਨਾ ਵਰਤਣ ਦਾ ਤੁਰੰਤ ਲਾਭ ਲੈਣ ਲੱਗਦੀਆਂ ਹਨ। ਮਿਸਾਲ ਵਜੋਂ ਬੰਗਲਾਦੇਸ਼ ’ਚ ਰਾਤੋਂ-ਰਾਤ ਤਖਤਾ ਪਲਟ ਜਾਣਾ ਇਹੀ ਸਿੱਧ ਕਰਦਾ ਹੈ ਕਿ ਇਕ ਛੋਟੇ ਜਿਹੇ ਵਰਗ ਨੂੰ ਨਫਰਤ ਨਾਲ ਦੇਖਣ ਅਤੇ ਨਜ਼ਰਅੰਦਾਜ਼ ਕਰਨ ਦਾ ਨਤੀਜਾ ਇੰਨਾ ਭਿਆਨਕ ਹੋ ਸਕਦਾ ਹੈ ਕਿ ਦੇਸ਼ ਹੀ ਛੱਡਣਾ ਪੈ ਜਾਵੇ ਜਦ ਕਿ ਉਸ ਦੀ ਮਜ਼ਬੂਤੀ ਲਈ ਜ਼ਿੰਦਗੀ ਖਪਾ ਦਿੱਤੀ। ਇਹੀ ਸੱਚ ਹੈ ਕਿ ਤਬਦੀਲੀ ਹੀ ਤਰੱਕੀ ਹੈ, ਵਿਕਾਸ ਹੈ। ਜ਼ਿੰਦਗੀ ਨਦੀ ਦਾ ਵਗਦਾ ਪਾਣੀ ਹੈ ਜੋ ਕਦੀ ਰੁਕਦਾ ਨਹੀਂ, ਰੰਗ-ਰੂਪ, ਸੁਆਦ-ਗੰਧ, ਆਕਾਰ-ਪ੍ਰਕਾਰ ਬਦਲਦਾ ਰਹਿੰਦਾ ਹੈ। ਜੇਕਰ ਪਾਣੀ ਕਿਤੇ ਰੁਕ ਗਿਆ, ਤਲਾਬ ਜਾਂ ਫਿਰ ਖੱਡਿਆਂ ’ਚ ਭਰ ਗਿਆ ਅਤੇ ਉਸ ਨੂੰ ਕੱਢਣ ਜਾਂ ਬਦਲਣ ਦਾ ਪ੍ਰਬੰਧ ਨਹੀਂ ਕੀਤਾ ਤਾਂ ਬਦਬੂ ਮਾਰਨ ਲੱਗਦਾ ਹੈ।
ਇਹੀ ਸਮਾਜ ਦਾ ਨਿਯਮ ਹੈ। ਸਿਆਸੀ ਪਾਰਟੀਆਂ ਅਕਸਰ ਆਪਣੇ ਅੰਦਰ ਹਉਮੈ ਭਾਵ ਕਾਰਨ ਇਸ ਤੱਥ ਦੀ ਅਣਦੇਖੀ ਕਰਦੀਆਂ ਹਨ ਅਤੇ ਫਿਰ ਅਚਾਨਕ ਉਹ ਹੋ ਜਾਂਦਾ ਹੈ ਜਿਸ ਬਾਰੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੁੰਦਾ। ਜੋ ਲੋਕ ਜਾਂ ਸ਼ਕਤੀਆਂ ਤਬਦੀਲੀ ਦੀ ਅਹਿਮੀਅਤ ਦੀ ਅਣਦੇਖੀ ਕਰਦੀਆਂ ਦਿਖਾਈ ਦਿੰਦੀਆਂ ਹਨ, ਅਸਲ ’ਚ ਉਹ ਇਸ ਤੋਂ ਭੈਅਭੀਤ ਰਹਿੰਦੀਆਂ ਹਨ। ਉਹ ਭੁੱਲ ਜਾਂਦੀਆਂ ਹਨ ਕਿ ਗਲਾਸ ਅੱਧਾ ਭਰਿਆ ਹੋਇਆ ਨਹੀਂ, ਅੱਧਾ ਖਾਲੀ ਵੀ ਹੁੰਦਾ ਹੈ। ਇਸੇ ਤਰ੍ਹਾਂ ਬਦਲਾਅ ਨੂੰ ਜੇਕਰ ਚੁਣੌਤੀ ਮੰਨ ਕੇ ਅੱਗੇ ਵਧਿਆ ਜਾਵੇ ਅਤੇ ਉਸ ਤੋਂ ਡਰਿਆ ਨਾ ਜਾਵੇ ਤਾਂ ਸਭ ਕੁਝ ਬਹੁਤ ਸੌਖਾ ਹੋ ਜਾਂਦਾ ਹੈ। ਤਬਦੀਲੀ ਓਨੀ ਹੀ ਜ਼ਰੂਰੀ ਹੈ ਜਿੰਨੀ ਕਿ ਜਿਊਣ ਲਈ ਸਾਹ ਲੈਂਦੇ ਰਹਿਣਾ। ਇਹ ਨਾ ਤਾਂ ਬੁਰੀ ਹੈ ਨਾ ਡਰਾਉਂਦੀ ਹੈ ਸਗੋਂ ਬਹਾਦੁਰੀ ਨਾਲ ਸਵੀਕਾਰ ਕਰਨਾ ਸਿਖਾਉਂਦੀ ਹੈ। ਆਪਣੇ ਅੰਦਰ ਸਕਾਰਾਤਮਕ ਊਰਜਾ, ਹੌਸਲਾ ਅਤੇ ਗੁਣਵੱਤਾ ਭਰਨ ਦਾ ਨਾਂ ਹੀ ਤਬਦੀਲੀ ਹੈ। ਆਪਣੀ ਸੋਚ, ਸ਼ਬਦ ਅਤੇ ਸਰਗਰਮੀਆਂ ’ਚ ਸਾਰਥਿਕਤਾ ਨਾਲ ਹੀ ਇਸ ਦੀ ਸ਼ੁਰੂਆਤ ਹੁੰਦੀ ਹੈ।
ਪੂਰਨ ਚੰਦ ਸਰੀਨ