ਦੂਜਿਆਂ ਦੀ ਜਗ੍ਹਾ ਪ੍ਰੀਖਿਆ ਦੇਣ ਦਾ ਧੰਦਾ ਵਧਿਆ, ਯੋਗ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ

Thursday, Jan 09, 2025 - 03:26 AM (IST)

ਦੂਜਿਆਂ ਦੀ ਜਗ੍ਹਾ ਪ੍ਰੀਖਿਆ ਦੇਣ ਦਾ ਧੰਦਾ ਵਧਿਆ, ਯੋਗ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ

ਪ੍ਰੀਖਿਆਵਾਂ ’ਚ ਅਸਲ ਉਮੀਦਵਾਰਾਂ ਦੀ ਜਗ੍ਹਾ ਦੂਜਿਆਂ ਨੂੰ ਬਿਠਾ ਕੇ ਧੋਖੇ ਨਾਲ ਪ੍ਰੀਖਿਆ ਪਾਸ ਕਰਨ ਦੀ ਬੁਰਾਈ ਲਗਾਤਾਰ ਵਧ ਰਹੀ ਹੈ। ਹੁਣ ਤਾਂ ਮੋਟੀ ਰਕਮ ਲੈ ਕੇ ਪ੍ਰੀਖਿਆਵਾਂ ’ਚ ਨਕਲ ਕਰਵਾਉਣ ਵਾਲੇ ‘ਸਾਲਵਰ ਗਿਰੋਹ’ ਵੀ ਬਣ ਗਏ ਹਨ। ਇਸ ਦੀਆਂ ਪਿਛਲੇ 9 ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 21 ਅਪ੍ਰੈਲ, 2024 ਨੂੰ ਸ਼੍ਰੀਨਗਰ (ਉੱਤਰਾਖੰਡ) ’ਚ ਐੱਸ. ਐੱਸ. ਬੀ. ਕਾਂਸਟੇਬਲਾਂ ਦੀ ਲਿਖਤੀ ਪ੍ਰੀਖਿਆ ’ਚ ਫਰਜ਼ੀ ਦਸਤਾਵੇਜ਼ਾਂ ਦੇ ਨਾਲ ਦੂਜੇ ਦੀ ਜਗ੍ਹਾ ’ਤੇ ਪ੍ਰੀਖਿਆ ਦਿੰਦੇ ਹੋਏ ‘ਰਾਮਬ੍ਰਿਜ’ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
* 19 ਜੂਨ, 2024 ਨੂੰ ਪ੍ਰਯਾਗਰਾਜ ’ਚ ‘ਕਰੇਲੀ’ ਸਥਿਤ ‘ਠਾਕੁਰ ਹਰ ਨਾਰਾਇਣ ਡਿਗਰੀ ਕਾਲਜ’, ‘ਕਰੇਲਾ ਬਾਗ’ ਵਿਚ ਅਲੋਕ ਕੁਮਾਰ ਨਾਂ ਦੇ ਉਮੀਦਵਾਰ ਦੀ ਜਗ੍ਹਾ ’ਤੇ ‘ਯੂ.ਜੀ. ਸੀ. ਨੈੱਟ ਪ੍ਰੀਖਿਆ’ ਦਿੰਦੇ ਹੋਏ ਇਕ ਅਧਿਆਪਕ ਉਮਾਕਾਂਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੇ 20,000 ਰੁਪਏ ’ਚ ਇਸ ਲਈ ਸੌਦਾ ਤੈਅ ਕੀਤਾ ਸੀ।
* 7 ਨਵੰਬਰ, 2024 ਨੂੰ ਪ੍ਰਯਾਗਰਾਜ ’ਚ ‘ਅੰਦਾਵਾ’ ਸਥਿਤ ‘ਸੀਤਾ ਸੁਨੀਤਾ ਸਿੰਘ ਕਾਲਜ’ ਵਿਚ ਕਰਮਚਾਰੀ ਚੋਣ ਕਮਿਸ਼ਨ ਦੀ ‘ਮਲਟੀ ਟਾਸਕਿੰਗ ਸਟਾਫ ਪ੍ਰੀਖਿਆ’ ਦੌਰਾਨ ਅਸਲੀ ਉਮੀਦਵਾਰ ਦੀ ਜਗ੍ਹਾ ਪ੍ਰੀਖਿਆ ਦਿੰਦਾ ਨਕਲੀ ਉਮੀਦਵਾਰ ਫੜਿਆ ਗਿਆ।
* 9 ਦਸੰਬਰ, 2024 ਨੂੰ ਪਟਨਾ ਸਥਿਤ ‘ਸ਼ਹੀਦ ਰਜਿੰਦਰ ਪ੍ਰਸਾਦ ਸਰਕਾਰੀ ਹਾਈ ਸਕੂਲ’ ਕੰਪਲੈਕਸ ’ਚ ਆਯੋਜਿਤ ਬਿਹਾਰ ਪੁਲਸ ’ਚ ਸਿਪਾਹੀ ਭਰਤੀ ਪ੍ਰੀਖਿਆ ’ਚ 24 ਨੌਜਵਾਨਾਂ ਨੂੰ ਦੂਜੇ ਉਮੀਦਵਾਰਾਂ ਦੀ ਜਗ੍ਹਾ ’ਤੇ ਪ੍ਰੀਖਿਆ ਦਿੰਦੇ ਹੋਏ ਫੜਿਆ ਗਿਆ।
* 15 ਦਸੰਬਰ, 2024 ਨੂੰ ਜੌਨਪੁਰ (ਉੱਤਰ ਪ੍ਰਦੇਸ਼) ’ਚ ‘ਭੁਆਲ ਪੱਟੀ’ ਸਥਿਤ ‘ਚੰਦਰੇਜ ਸਿੰਘ ਚਿਲਡਰਨ ਅਕਾਦਮੀ’ ਵਿਚ ‘ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ’ ਦੌਰਾਨ ਇਕ ਔਰਤ ਕਿਸੇ ਹੋਰ ਦੀ ਜਗ੍ਹਾ ’ਤੇ ਪ੍ਰੀਖਿਆ ਦਿੰਦੀ ਹੋਈ ਫੜੀ ਗਈ।
* 15 ਦਸੰਬਰ, 2024 ਨੂੰ ਹੀ ਕਰਨਲਗੰਜ (ਉੱਤਰ ਪ੍ਰਦੇਸ਼) ’ਚ ‘ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ’ ਦੇ ਦੌਰਾਨ ਚਿੱਤਰਕੂਟ ਦੀ ਇਕ ਲੜਕੀ ਨੂੰ ਦੂਜੇ ਉਮੀਦਵਾਰ ਦੀ ਜਗ੍ਹਾ ’ਤੇ ਪ੍ਰੀਖਿਆ ਦਿੰਦੇ ਹੋਏ ਫੜਿਆ ਗਿਆ।
* 15 ਦਸੰਬਰ, 2024 ਨੂੰ ਹੀ ਨੈਨੀ (ਉੱਤਰ ਪ੍ਰਦੇਸ਼) ਵਿਚ ਆਯੋਜਿਤ ਉਕਤ ਪ੍ਰੀਖਿਆ ’ਚ ਅਯੁੱਧਿਆ ਨਿਵਾਸੀ ਇਕ ਲੜਕੀ ਨੂੰ ਦੂਜੇ ਉਮੀਦਵਾਰ ਦੀ ਜਗ੍ਹਾ ’ਤੇ ਪ੍ਰੀਖਿਆ ਦਿੰਦੇ ਹੋਏ ਫੜਿਆ ਗਿਆ। ਪ੍ਰੀਖਿਆ ’ਚ ਬੈਠਣ ਲਈ ਉਨ੍ਹਾਂ ਵਿਚਾਲੇ 50 ਹਜ਼ਾਰ ਰੁਪਏ ’ਚ ਡੀਲ ਹੋਈ ਸੀ।
* 19 ਦਸੰਬਰ, 2024 ਨੂੰ ਦਮੋਹ (ਮੱਧ ਪ੍ਰਦੇਸ਼) ਦੇ ‘ਸ਼੍ਰੀ ਪੀ.ਜੀ. ਕਾਲਜ’ ਵਿਚ ਆਯੋਜਿਤ ਐੱਲ. ਐੱਲ. ਬੀ. ਦੀ ਪ੍ਰੀਖਿਆ ’ਚ ‘ਵਿਪੁਲ ਸਿੰਘਈ’ ਨਾਂ ਦੇ ਵਿਦਿਆਰਥੀ ਦੀ ਜਗ੍ਹਾ ’ਤੇ ਪ੍ਰੀਖਿਆ ਦਿੰਦੇ ਹੋਏ ‘ਹਿਮਾਂਸ਼ੂ ਨੇਮਾ’ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
* 31 ਦਸੰਬਰ, 2024 ਨੂੰ ਜੈਪੁਰ ਦੇ ‘ਆਮੇਰ’ ਥਾਣਾ ਇਲਾਕੇ ’ਚ ‘ਕੂਕਸ’ ਸਥਿਤ ਇਕ ਪ੍ਰੀਖਿਆ ਕੇਂਦਰ ’ਤੇ ਰੇਲਵੇ ਟੈਕਨੀਸ਼ੀਅਨ ਭਰਤੀ ਪ੍ਰੀਖਿਆ ’ਚ ‘ਬਲੂ ਟੁੱਥ’ ਨਾਲ ਨਕਲ ਕਰ ਰਹੇ 2 ਉਮੀਦਵਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ੁਰੂਆਤੀ ਜਾਂਚ ’ਚ ਇਨ੍ਹਾਂ ਦੋਵਾਂ ਦੋਸ਼ੀਆਂ ਨੇ ਪ੍ਰੀਖਿਆ ’ਚ ਪਾਸ ਹੋਣ ਲਈ ‘ਬਲੂ ਟੁੱਥ’ ਰਾਹੀਂ ਨਕਲ ਕਰਵਾਉਣ ਵਾਲੇ ਗਿਰੋਹ ਨਾਲ ਲੱਖਾਂ ਰੁਪਏ ’ਚ ਸੌਦਾ ਹੋਣ ਦੀ ਗੱਲ ਮੰਨੀ।
* 1 ਜਨਵਰੀ, 2025 ਨੂੰ ਉਰਈ (ਉੱਤਰ ਪ੍ਰਦੇਸ਼) ਵਿਚ ‘ਕੋਂਚ’ ਸਥਿਤ ‘ਮਥੁਰਾ ਪ੍ਰਸਾਦ’ ਕਾਲਜ ਵਿਚ ਬੀ. ਐੱਸ. ਸੀ. ਪਹਿਲੇ ਸਮੈਸਟਰ ਦੀ ਪ੍ਰੀਖਿਆ ਦੌਰਾਨ ਆਪਣੇ ਭਰਾ ਦੀ ਜਗ੍ਹਾ ਪ੍ਰੀਖਿਆ ਦੇ ਰਹੇ ਰਿਤਿਕ ਰਾਜ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
* 4 ਜਨਵਰੀ, 2025 ਨੂੰ ਸੁਲਤਾਨਪੁਰ (ਉੱਤਰ ਪ੍ਰਦੇਸ਼) ਦੇ ‘ਰਣਵੀਰ ਰਾਜਕੁਮਾਰ ਇੰਟਰ ਕਾਲਜ’ ਬਰਵਾਲੀਪੁਰਾ ’ਚ ਹਾਈ ਕੋਰਟ ਦੀ ਗਰੁੱਪ ਸੀ ਅਤੇ ਡੀ ਭਰਤੀ ਪ੍ਰੀਖਿਆ ’ਚ ਸੰਤੋਸ਼ ਕੁਮਾਰ ਨੂੰ ਅਤੇ ‘ਜੀ. ਡੀ. ਗੋਇਨਕਾ ਸਕੂਲ’ ਵਿਚ ਆਯੋਜਿਤ ਪ੍ਰੀਖਿਆ ’ਚ ਪ੍ਰਵੀਨ ਪਾਲ ਨੂੰ ਅਸਲੀ ਉਮੀਦਵਾਰਾਂ ਦੀ ਜਗ੍ਹਾ ਪ੍ਰੀਖਿਆ ਦਿੰਦੇ ਹੋਏ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ 10 ਹਜ਼ਾਰ ਰੁਪਏ ’ਚ ਪ੍ਰੀਖਿਆ ਪਾਸ ਕਰਵਾਉਣ ਦਾ ਠੇਕਾ ਦਿੱਤਾ ਗਿਆ ਸੀ।
* 5 ਜਨਵਰੀ, 2025 ਨੂੰ ਮਥੁਰਾ (ਉੱਤਰ ਪ੍ਰਦੇਸ਼) ਵਿਚ ਇਲਾਹਾਬਾਦ ਹਾਈ ਕੋਰਟ ’ਚ ਵੱਖ-ਵੱਖ ਸ਼੍ਰੇਣੀਆਂ ਦੇ ਅਹੁਦਿਆਂ ’ਤੇ ‘ਬੀ. ਐੱਸ. ਡਿਗਰੀ ਕਾਲਜ’ ਵਿਚ ਸਟਾਫ ਭਰਤੀ ਪ੍ਰੀਖਿਆ ’ਚ ਅਮਨ ਨਾਮਕ ਉਮੀਦਵਾਰ ਦੀ ਜਗ੍ਹਾ ’ਤੇ ਅਜੇ ਯਾਦਵ ਪ੍ਰੀਖਿਆ ਦਿੰਦਾ ਫੜਿਆ ਗਿਆ ਜਦਕਿ ‘ਆਰਮੀ ਪਬਲਿਕ ਸਕੂਲ’ ਕੈਂਟ ’ਚ ਆਕਾਸ਼ ਨਾਂ ਦੇ ਉਮੀਦਵਾਰ ਦੀ ਜਗ੍ਹਾ ’ਤੇ ਅਜੀਤ ਪ੍ਰੀਖਿਆ ਦਿੰਦਾ ਫੜਿਆ ਗਿਆ।
* 6 ਜਨਵਰੀ, 2025 ਨੂੰ ਜੈਪੁਰ ’ਚ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਲਈ ਜਾ ਰਹੀ ‘ਨੈਸ਼ਨਲ ਸੀਡਜ਼ ਕਾਰਪੋਰੇਸ਼ਨ’ ਦੀ ‘ਐਗਰੀਕਲਚਰਲ ਸਟਾਫ ਟ੍ਰੇਨਿੰਗ ਭਰਤੀ ਪ੍ਰੀਖਿਆ’ ’ਚ ਨਕਲ ਕਰਵਾਉਣ ਵਾਲੇ ਗਿਰੋਹ ਦੇ 14 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਆਨਲਾਈਨ ਪ੍ਰੀਖਿਆ ’ਚ ਐਪ ਦੀ ਮਦਦ ਨਾਲ ਪ੍ਰਸ਼ਨ ਪੱਤਰ ਹੱਲ ਕਰਵਾ ਰਹੇ ਸਨ।
*6 ਜਨਵਰੀ, 2025 ਨੂੰ ਹੀ ਬਸਤੀ (ਉੱਤਰ ਪ੍ਰਦੇਸ਼) ਪੁਲਸ ਨੇ ਉੱਤਰ ਪ੍ਰਦੇਸ਼ ਸਿਵਲ ਕੋਰਟ ਸਟਾਫ ਭਰਤੀ ਪ੍ਰੀਖਿਆ ’ਚ ਅਯੁੱਧਿਆ ਪ੍ਰਸਾਦ ਨਾਂ ਦੇ ਉਮੀਦਵਾਰ ਦੀ ਜਗ੍ਹਾ ਪ੍ਰੀਖਿਆ ਦੇਣ ਪਹੁੰਚੇ ਫਰਜ਼ੀ ਉਮੀਦਵਾਰ ਅਜੈ ਨੂੰ ਫੜਿਆ।
ਪ੍ਰੀਖਿਆਵਾਂ ’ਚ ਗਲਤ ਤਰੀਕਿਆਂ ਦੀ ਵਰਤੋਂ ਅਤੇ ਦੂਜਿਆਂ ਦੀ ਜਗ੍ਹਾ ਪ੍ਰੀਖਿਆ ਦੇਣ ਦੇ ਵਧ ਰਹੇ ਰੁਝਾਨ ਤੋਂ ਸਪੱਸ਼ਟ ਹੈ ਕਿ ਅੱਜ ਸਿੱਖਿਆ ਵਰਗਾ ਪਵਿੱਤਰ ਖੇਤਰ ਵੀ ਸਮਾਜ ਵਿਰੋਧੀ ਅਨਸਰਾਂ ਦੇ ਨਿਸ਼ਾਨੇ ’ਤੇ ਆਉਂਦਾ ਜਾ ਰਿਹਾ ਹੈ। ਇਸ ਨਾਲ ਹੋਣਹਾਰ ਵਿਦਿਆਰਥੀਆਂ ਨਾਲ ਬੇਇਨਸਾਫੀ ਅਤੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਹੋ ਰਿਹਾ ਹੈ। ਇਸ ਲਈ ਅਜਿਹਾ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਇਸ ਬੁਰਾਈ ’ਤੇ ਰੋਕ ਲੱਗ ਸਕੇ। 

-ਵਿਜੇ ਕੁਮਾਰ


author

Inder Prajapati

Content Editor

Related News