ਦੇਸ਼ ’ਚ ਵਧ ਰਿਹਾ ਰਿਸ਼ਵਤ ਦਾ ਮਹਾਰੋਗ, ਛੋਟੇ ਮੁਲਾਜ਼ਮਾਂ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਸ਼ਾਮਲ
Friday, Apr 18, 2025 - 05:07 AM (IST)

ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਦੀ ‘ਜ਼ੀਰੋ ਟਾਲਰੈਂਸ’ ਨੀਤੀ ਦੇ ਦਾਅਵੇ ਦੇ ਬਾਵਜੂਦ ਰਿਸ਼ਵਤਖੋਰੀ ਦੇ ਮਾਮਲਿਆਂ ’ਚ ਕੋਈ ਕਮੀ ਨਜ਼ਰ ਨਹੀਂ ਆ ਰਹੀ ਅਤੇ ਇਸ ’ਚ ਚੰਦ ਹੇਠਲੇ ਪੱਧਰ ’ਤੇ ਸਰਕਾਰੀ ਮੁਲਾਜ਼ਮਾਂ ਤੋਂ ਲੈ ਕੇ ਉੱਚ ਅਹੁਦਿਆਂ ’ਤੇ ਬੈਠੇ ਅਧਿਕਾਰੀ ਤੱਕ ਸ਼ਾਮਲ ਪਾਏ ਜਾ ਰਹੇ ਹਨ ਜਿਸ ਦੀਆਂ ਸਿਰਫ 20 ਦਿਨਾਂ ਦੀ ਮਿਸਾਲਾਂ ਹੇਠਾਂ ਦਰਜ ਹਨ :
* 28 ਮਾਰਚ ਨੂੰ ਭ੍ਰਿਸ਼ਟਾਚਾਰ ਰੋਕੂ ਿਬਊਰੋ ਜੈਪੁਰ (ਰਾਜਸਥਾਨ) ਦੇ ਅਧਿਕਾਰੀਆਂ ਨੇ ਕਮਰਸ਼ੀਅਲ ਟੈਕਸ ਵਿਭਾਗ ਦੇ ਦੋ ਅਧਿਕਾਰੀਆਂ ਮਹੇਸ਼ ਕੁਮਾਰ ਅਤੇ ਨਰਿੰਦਰ ਿਸੰਘ ਨੂੰ 1 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 8 ਅਪ੍ਰੈਲ ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਸਰਕਾਰੀ ਖਰੀਦ ਨਾਲ ਜੁੜੇ ਇਕ ਮਾਮਲੇ ’ਚ 7 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਉੱਤਰ ਰੇਲਵੇ ਦੇ 3 ਅਧਿਕਾਰੀਆਂ ਸਾਕੇਤ ਚੰਦਰ ਸ਼੍ਰੀਵਾਸਤਵ, ਤਪੇਂਦਰ ਸਿੰਘ ਗੁਰਜਰ ਅਤੇ ਅਰੁਣ ਜਿੰਦਲ ਤੋਂ ਇਲਾਵਾ ਇਕ ਨਿੱਜੀ ਕੰਪਨੀ ਦੇ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ। ਦੋਸ਼ੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਲਗਭਗ 63.85 ਲੱਖ ਰੁਪਏ ਨਕਦ, 3.46 ਕਰੋੜ ਰੁਪਏ ਦੀਆਂ ਸੋਨੇ ਦੀਆਂ ਛੜਾਂ ਅਤੇ ਗਹਿਣੇ ਵੀ ਬਰਾਮਦ ਕੀਤੇ ਗਏ।
* 15 ਅਪ੍ਰੈਲ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੇ ਅਧਿਕਾਰੀਆਂ ਨੇ ‘ਗੌਰੇਲਾ ਪੇਂਡਰਾ-ਮਰਵਾਹੀ’ (ਛੱਤੀਸਗੜ੍ਹ) ਜ਼ਿਲੇ ’ਚ ਮਾਲੀਆ ਇੰਸਪੈਕਟਰ ‘ਸੰਤੋਸ਼ ਚੰਦਰ ਸੇਨ’ ਨੂੰ ਇਕ ਕਿਸਾਨ ਕੋਲੋਂ ਉਸ ਦੀ ਜ਼ਮੀਨ ਦੀ ਹੱਦਬੰਦੀ ਕਰਨ ਬਦਲੇ 50,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਜਦ ਕਿ ਉਸ ਦਾ ਸਾਥੀ ਅਧਿਕਾਰੀ ‘ਘਣਸ਼ਿਆਮ ਭਾਰਦਵਾਜ’ ਫਰਾਰ ਹੋਣ ’ਚ ਸਫਲ ਹੋ ਗਿਆ।
* 15 ਅਪ੍ਰੈਲ ਨੂੰ ਹੀ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਇਕ ਝਗੜੇ ਦਾ ਨਿਬੇੜਾ ਕਰਨ ਬਦਲੇ ਆਪਣੇ ਹੀ ਵਿਭਾਗ ਦੇ 2 ਅਧਿਕਾਰੀਆਂ ਵਿਰੁੱਧ 35 ਲੱਖ ਰੁਪਏ ਰਿਸ਼ਵਤ ਮੰਗਣ ਅਤੇ ਵਿੱਤ ਮੰਤਰਾਲਾ ਦੇ ਇਕ ਅਧਿਕਾਰੀ ਵਿਰੁੱਧ ਇਸੇ ਮਾਮਲੇ ’ਚ ‘ਇਨਫੋਰਸਮੈਂਟ ਡਿਪਾਰਮੈਂਟ’ (ਈ. ਡੀ.) ਦੇ ਅਧਿਕਾਰੀਆਂ ਨੂੰ ਪ੍ਰਭਾਵਿਤ ਕਰਨ ਬਦਲੇ 50,000 ਰੁਪਏ ਿਰਸ਼ਵਤ ਲੈਣ ਦੇ ਦੋਸ਼ ’ਚ ਕੇਸ ਦਰਜ ਕੀਤਾ।
* 15 ਅਪ੍ਰੈਲ ਨੂੰ ਹੀ ਭ੍ਰਿਸ਼ਟਾਚਾਰ ਵਿਰੋਧੀ ਵਿਭਾਗ ਦੀ ਟੀਮ ਨੇ ‘ਹਸਤਕਲਾ ਅਤੇ ਵਸਤਰ ਉਦਯੋਗ ਵਿਭਾਗ’ ਬਰੇਲੀ (ਉੱਤਰ ਪ੍ਰਦੇਸ਼) ’ਚ ਤਾਇਨਾਤ ‘ਟੈਕਸਟਾਈਲ ਇੰਸਪੈਕਟਰ’ ਆਦਿੱਤਿਆ ਪ੍ਰਕਾਸ਼ ਨੂੰ ਸ਼ਿਕਾਇਤਕਰਤਾ ਕੋਲੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 16 ਅਪ੍ਰੈਲ ਨੂੰ ‘ਬਰੇਲੀ’ (ਉੱਤਰ ਪ੍ਰਦੇਸ਼) ’ਚ ਆਂਗਣਵਾੜੀ ’ਚ ਭਰਤੀ ਨਾਲ ਜੁੜੇ ਇਕ ਮਾਮਲੇ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਇਕ ਔਰਤ ਕੋਲੋਂ 70,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ‘ਜ਼ਿਲਾ ਵਿਕਾਸ ਯੋਜਨਾ ਅਧਿਕਾਰੀ’ (ਸੀ. ਡੀ. ਪੀ. ਓ.) ‘ਕ੍ਰਿਸ਼ਨ ਚੰਦਰ’ ਵਿਰੁੱਧ ਕੇਸ ਦਰਜ ਕੀਤਾ ਗਿਆ।
* 16 ਅਪ੍ਰੈਲ ਨੂੰ ਹੀ ਵਿਜੀਲੈਂਸ ਬਿਊਰੋ ਵਲੋਂ ‘ਤਰਨਤਾਰਨ’ ਸਥਿਤ ‘ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤ ਨਿਗਮ’ ’ਚ ਤਾਇਨਾਤ ਮੈਨੇਜਰ ‘ਚਿਮਨ ਲਾਲ’ ਨੂੰ ਸ਼ਿਕਾਇਤਕਰਤਾ ਕੋਲੋਂ 10,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 16 ਅਪ੍ਰੈਲ ਨੂੰ ਹੀ ਵਿਜੀਲੈਂਸ ਬਿਊਰੋ ‘ਬਰਨਾਲਾ’ (ਪੰਜਾਬ) ਦੀ ਟੀਮ ਨੇ ਇਕ ਔਰਤ ਸ਼ਿਕਾਇਤਕਰਤਾ ਕੋਲੋਂ 15,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਇਕ ‘ਕਾਨੂੰਨਗੋ’ ਅਤੇ ‘ਪਟਵਾਰੀ’ ਨੂੰ ਗ੍ਰਿਫਤਾਰ ਕੀਤਾ।
* 16 ਅਪ੍ਰੈਲ ਨੂੰ ਹੀ ਵਿਜੀਲੈਂਸ ਬਿਊਰੋ ਵਲੋਂ ‘ਕਾਹਨੂੰਵਾਨ’ (ਪੰਜਾਬ) ਦੇ ਇਕ ਆੜ੍ਹਤੀ ਦੀ ਸ਼ਿਕਾਇਤ ਦੇ ਆਧਾਰ ’ਤੇ ਮੰਡੀ ਦੇ ਇਕ ਸੁਪਰਵਾਈਜ਼ਰ ‘ਰਸ਼ਪਾਲ ਸਿੰਘ’ ਨੂੰ 7,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 16 ਅਪ੍ਰੈਲ ਨੂੰ ਹੀ ‘ਰਤਲਾਮ’ (ਮੱਧ ਪ੍ਰਦੇਸ਼) ’ਚ ਪੀ. ਐੱਮ. ਆਵਾਸ ਯੋਜਨਾ ਦੀ ਕਿਸ਼ਤ ਦੀ ਰਕਮ ਇਕ ਵਿਅਕਤੀ ਦੇ ਖਾਤੇ ’ਚ ਟਰਾਂਸਫਰ ਕਰਨ ਦੇ ਇਵਜ਼ ’ਚ 20,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ‘ਬਿਜਾਖੇੜੀ’ ਪਿੰਡ ਦੇ ਸਰਪੰਚ ‘ਘਣਸ਼ਿਆਮ ਕੁਮਾਵਤ’ ਨੂੰ ਲੋਕਪਾਲ ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 17 ਅਪ੍ਰੈਲ ਨੂੰ ‘ਭੁਲੱਥ’ (ਪੰਜਾਬ) ’ਚ ਵਿਜੀਲੈਂਸ ਬਿਊਰੋ ਨੇ ਵਾਰਡ ਅਟੈਂਡੈਂਟ ਮਨਪ੍ਰੀਤ ਸਿੰਘ ਉਰਫ ‘ਸੋਨੂੰ’ ਅਤੇ ਕੰਪਿਊਟਰ ਆਪ੍ਰੇਟਰ ‘ਭੋਲੂ’ ਉਰਫ ‘ਇਸਮਾਈਲ’ ਨੂੰ ‘ਡੋਪ ਟੈਸਟ’ ਦੀ ਨੈਗੇਟਿਵ ਰਿਪੋਰਟ ਜਾਰੀ ਕਰਨ ਬਦਲੇ 10,000 ਰੁਪਏ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
ਫੜੇ ਜਾਣ ਦੀ ਪ੍ਰਵਾਹ ਕੀਤੇ ਬਿਨਾਂ ਰਿਸ਼ਵਤ ਲੈਣ ਦੀਆਂ ਉਕਤ ਮਿਸਾਲਾਂ ਦਰਸਾਉਂਦੀਆਂ ਹਨ ਕਿ ਅੱਜ ਨੌਕਰਸ਼ਾਹੀ ਸਾਰੇ ਪੱਧਰਾਂ ’ਤੇ ਕਿੰਨੀ ਭ੍ਰਿਸ਼ਟ ਹੋ ਚੁੱਕੀ ਹੈ ਅਤੇ ਭ੍ਰਿਸ਼ਟਾਚਾਰੀਆਂ ਦੇ ਹੌਸਲੇ ਕਿੰਨੇ ਵਧ ਚੁੱਕੇ ਹਨ।
ਇਸ ਲਈ ਇਸ ਬੁਰਾਈ ’ਤੇ ਰੋਕ ਲਾਉਣ ਲਈ ਭ੍ਰਿਸ਼ਟਾਚਾਰੀਆਂ ਵਿਰੁੱਧ ਜ਼ੋਰਦਾਰ ਮੁਹਿੰਮ ਛੇੜਨ ਅਤੇ ਫੜੇ ਜਾਣ ਵਾਲਿਆਂ ਨੂੰ ਸਿੱਖਿਆਦਾਇਕ ਸਜ਼ਾ ਦੇਣ ਦੀ ਤੁਰੰਤ ਲੋੜ ਹੈ।
–ਵਿਜੇ ਕੁਮਾਰ