ਜਿੱਤ ਦਾ ਜੈਕਾਰਾ ਵੰਦੇ ਮਾਤਰਮ ਯੁੱਗਾਂ-ਯੁੱਗਾਂ ਤੱਕ ਗੂੰਜਦਾ ਰਹੇਗਾ
Friday, Nov 07, 2025 - 04:27 PM (IST)
ਸਾਡੇ ਦੇਸ਼ ਦੇ ਇਤਿਹਾਸ ਵਿਚ ਅਜਿਹੇ ਕਈ ਅਹਿਮ ਪੜਾਅ ਆਏ, ਜਦੋਂ ਗੀਤਾਂ, ਕਲਾਵਾਂ ਨੇ ਵੱਖ-ਵੱਖ ਰੂਪਾਂ ਵਿਚ ਜਨਤਕ ਭਾਵਨਾਵਾਂ ਨੂੰ ਸਹੇਜ ਕੇ ਅੰਦੋਲਨ ਨੂੰ ਆਕਾਰ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਭਾਵੇ ਛਤਰਪਤੀ ਸ਼ਿਵਾਜੀ ਮਹਾਰਾਜ ਜੀ ਦੀ ਫੌਜ ਦੇ ਜੰਗੀ ਗੀਤ ਹੋਣ, ਆਜ਼ਾਦੀ ਦੇ ਅੰਦੋਲਨ ਵਿਚ ਯੋਧਿਆਂ ਦੇ ਗੀਤ ਜਾਂ ਐਮਰਜੈਂਸੀ ਦੇ ਵਿਰੁੱਧ ਨੌਜਵਾਨਾਂ ਦੇ ਸਮੂਹਿਕ ਗੀਤ, ਗੀਤਾਂ ਨੇ ਭਾਰਤੀ ਸਮਾਜ ਨੂੰ ਸਵੈ-ਮਾਣ ਦੀ ਪ੍ਰੇਰਣਾ ਵੀ ਦਿੱਤੀ ਅਤੇ ਇਕਜੁੱਟ ਵੀ ਬਣਾਇਆ।
ਅਜਿਹਾ ਹੀ ਹੈ ਭਾਰਤ ਦਾ ਰਾਸ਼ਟਰੀ ਗੀਤ ‘ਵੰਦੇ ਮਾਤਰਮ’, ਜਿਸ ਦਾ ਇਤਿਹਾਸ ਕਿਸੇ ਯੁੱਧ ਭੂਮੀ ਨਾਲ ਨਹੀਂ, ਸਗੋਂ ਇਕ ਵਿਦਵਾਨ ਬੰਕਿਮਚੰਦ੍ਰ ਚਟੋਪਾਧਿਆਏ ਜੀ ਦੇ ਸ਼ਾਂਤ ਪਰ ਦ੍ਰਿੜ੍ਹ ਸੰਕਲਪ ਤੋਂ ਸ਼ੁਰੂ ਹੁੰਦਾ ਹੈ। ਸਾਲ 1875 ਵਿਚ, ਜਗਧਾਤਰੀ ਪੂਜਾ (ਕਾਰਤਿਕ ਸ਼ੁਕਲ ਨੌਮੀ ਜਾਂ ਅਕਸ਼ੈ ਨੌਮੀ) ਦੇ ਦਿਨ, ਉਨ੍ਹਾਂ ਨੇ ਉਸ ਭਜਨ ਦੀ ਰਚਨਾ ਕੀਤੀ ਜੋ ਭਾਰਤ ਦੀ ਸੁਤੰਤਰਤਾ ਦਾ ਸਦੀਵੀ ਗੀਤ ਬਣ ਗਿਆ। ਇਨ੍ਹਾਂ ਪਵਿੱਤਰ ਸ਼ਬਦਾਂ ਨੂੰ ਲਿਖਦੇ ਹੋਏ, ਉਹ ਭਾਰਤ ਦੀਆਂ ਡੂੰਘੀਆਂ ਸੱਭਿਅਤਾਗਤ ਜੜ੍ਹਾਂ ਤੋਂ ਪ੍ਰੇਰਣਾ ਲੈ ਰਹੇ ਸਨ। ਅਥਰਵ ਵੇਦ ਦਾ ਮੰਤਰ, ‘‘ਮਾਤਾ ਭੂਮੀ : ਪੁੱਤਰੋ ਅਹਿਮ ਪ੍ਰਿਥਵਯਾ:’’ ਤੋਂ ਲੈ ਕੇ ਦੇਵੀ ਮਹਾਤਮਯਾ ਵਿਚ ਵਿਸ਼ਵਮਾਤਾ ਦੇ ਸੱਦੇ ਤੋਂ ਪ੍ਰੇਰਣਾ ਲੈ ਰਹੇ ਸਨ।
ਬੰਕਿਮ ਬਾਬੂ ਦਾ ਇਹ ਮੰਤਰ, ਪ੍ਰਾਰਥਨਾ ਵੀ ਸੀ ਅਤੇ ਭਵਿੱਖਬਾਣੀ ਵੀ। ‘ਵੰਦੇ ਮਾਤਰਮ’ ਸਿਰਫ ਭਾਰਤ ਦਾ ਰਾਸ਼ਟਰੀ ਗੀਤ ਹੀ ਨਹੀਂ, ਸਿਰਫ ਸੁਤੰਤਰਤਾ ਅੰਦੋਲਨ ਦਾ ਪ੍ਰਾਣ ਹੀ ਨਹੀਂ ਸਗੋਂ ਇਹ ਬੰਕਿਮਚੰਦ੍ਰ ਚਟੋਪਾਧਿਆਏ ਜੀ ਦੁਆਰਾ ‘ਸੱਭਿਆਚਾਰਕ ਰਾਸ਼ਟਰਵਾਦ’ ਦਾ ਪਹਿਲਾ ਜੈਕਾਰਾ ਹੈ। ਇਸ ਨੇ ਸਾਨੂੰ ਯਾਦ ਦਿਵਾਇਆ ਕਿ ਭਾਰਤ ਸਿਰਫ ਜ਼ਮੀਨ ਦਾ ਇਕ ਟੁਕੜਾ ਨਹੀਂ, ਸਗੋਂ ਇਕ ਭੂ-ਸੱਭਿਆਚਾਰਕ ਰਾਸ਼ਟਰ ਹੈ- ਜਿਸ ਦੀ ਏਕਤਾ ਉਸ ਦੇ ਸੱਭਿਆਚਾਰ ਅਤੇ ਸੱਭਿਅਤਾ ਤੋਂ ਆਉਂਦੀ ਹੈ। ਇਹ ਸਿਰਫ ਭੂ-ਭਾਗ ਨਹੀਂ ਹੈ, ਸਗੋਂ ਤੀਰਥ ਹੈ, ਯਾਦ, ਤਿਆਗ, ਬਹਾਦਰੀ ਅਤੇ ਮਾਤ੍ਰਤਵ ਨਾਲ ਬੰਨ੍ਹੀ ਪਵਿੱਤਰ ਧਰਤੀ ਹੈ।
ਜਿਵੇਂ ਕਿ ਮਹਾਰਿਸ਼ੀ ਅਰਬਿੰਦ ਨੇ ਵਰਣਨ ਕੀਤਾ, ਬੰਕਿਮ ਆਧੁਨਿਕ ਭਾਰਤ ਦੇ ਇਕ ਰਿਸ਼ੀ ਸਨ, ਜਿਨ੍ਹਾਂ ਨੇ ਆਪਣੇ ਸ਼ਬਦਾਂ ਰਾਹੀਂ ਰਾਸ਼ਟਰ ਦੀ ਆਤਮਾ ਨੂੰ ਮੁੜ ਜੀਵਤ ਕੀਤਾ। ਉਨ੍ਹਾਂ ਦਾ ‘ਆਨੰਦਮਠ’ ਸਿਰਫ ਇਕ ਨਾਵਲ ਨਹੀਂ, ਸਗੋਂ ਗੱਦ ਵਿਚ ਇਕ ਮੰਤਰ ਸੀ, ਜਿਸ ਨੇ ਇਕ ਅਜਿਹੇ ਰਾਸ਼ਟਰ ਨੂੰ ਜਗਾਇਆ ਜੋ ਆਪਣੀ ਬ੍ਰਹਮ ਸ਼ਕਤੀ ਨੂੰ ਭੁੱਲ ਚੁੱਕਿਆ ਸੀ। ਆਪਣੇ ਇਕ ਪੱਤਰ ਵਿਚ, ਬੰਕਿਮ ਬਾਬੂ ਨੇ ਲਿਖਿਆ : “ਮੈਨੂੰ ਕੋਈ ਦਿੱਕਤ ਨਹੀਂ ਹੈ ਜੇਕਰ ਮੇਰੇ ਸਾਰੇ ਕੰਮ ਗੰਗਾ ਵਿਚ ਵਹਾ ਦਿੱਤੇ ਜਾਣ। ਇਹ ਸ਼ਲੋਕ ਹੀ ਅਨੰਤ ਕਾਲ ਤੱਕ ਜੀਵਤ ਰਹੇਗਾ। ਇਹ ਇਕ ਮਹਾਨ ਗੀਤ ਹੋਵੇਗਾ ਅਤੇ ਲੋਕਾਂ ਦੇ ਦਿਲ ਨੂੰ ਜਿੱਤ ਲਵੇਗਾ।” ਇਹ ਸ਼ਬਦ ਭਵਿੱਖ ਸੂਚਕ ਸਨ। ਬਸਤੀਵਾਦੀ ਭਾਰਤ ਦੇ ਸਭ ਤੋਂ ਹਨੇਰੇ ਦੌਰ ਦੌਰਾਨ ਲਿਖਿਆ ਗਿਆ, ‘‘ਵੰਦੇ ਮਾਤਰਮ’’ ਜਾਗ੍ਰਿਤੀ ਦਾ ਪ੍ਰਭਾਤ-ਗੀਤ ਬਣ ਗਿਆ, ਇਕ ਅਜਿਹਾ ਭਜਨ ਜਿਸ ਨੇ ‘‘ਸੱਭਿਆਚਾਰਕ ਰਾਸ਼ਟਰਵਾਦ’’ ਨੂੰ ਸੱਭਿਅਤਾ ਦੇ ਮਾਣ ਨਾਲ ਜੋੜਿਆ। ਅਜਿਹੀਆਂ ਲਾਈਨਾਂ ਸਿਰਫ਼ ਉਹੀ ਵਿਅਕਤੀ ਲਿਖ ਸਕਦਾ ਸੀ ਜਿਸ ਦੇ ਰੋਮ-ਰੋਮ ਵਿਚ ਰਾਸ਼ਟਰ ਪ੍ਰਤੀ ਭਗਤੀ-ਭਾਵ ਕੁੱਟ-ਕੁੱਟ ਕੇ ਭਰਿਆ ਹੋਵੇ।
1896 ਵਿਚ, ਰਬਿੰਦਰਨਾਥ ਟੈਗੋਰ ਜੀ ਨੇ ‘ਵੰਦੇ ਮਾਤਰਮ’ ਨੂੰ ਧੁਨ ਵਿਚ ਪਿਰੋਇਆ ਅਤੇ ਕੋਲਕਾਤਾ ਕਾਂਗਰਸ ਸੈਸ਼ਨ ਵਿਚ ਇਸ ਨੂੰ ਗਾਇਆ, ਜਿਸ ਨਾਲ ਇਸ ਨੂੰ ਵਾਣੀ ਅਤੇ ਅਮਰਤਾ ਹਾਸਲ ਹੋਈ। ਇਹ ਗੀਤ ਭਾਸ਼ਾ ਅਤੇ ਖੇਤਰ ਦੀਆਂ ਸੀਮਾਵਾਂ ਤੋਂ ਅੱਗੇ ਵਧ ਕੇ ਪੂਰੇ ਦੇਸ਼ ਵਿਚ ਗੂੰਜ ਉੱਠਿਆ। ਤਾਮਿਲਨਾਡੂ ਵਿਚ ਸੁਬਰਾਮਣੀਅਮ ਭਾਰਤੀ ਜੀ ਨੇ ਇਸ ਦਾ ਤਾਮਿਲ ਅਨੁਵਾਦ ਕੀਤਾ ਅਤੇ ਪੰਜਾਬ ਵਿਚ ਕ੍ਰਾਂਤੀਕਾਰੀਆਂ ਨੇ ਇਸ ਨੂੰ ਗਾਉਂਦੇ ਹੋਏ ਬ੍ਰਿਟਿਸ਼ ਰਾਜ ਨੂੰ ਖੁੱਲ੍ਹੀ ਚੁਣੌਤੀ ਦਿੱਤੀ।
1905 ਵਿਚ, ਬੰਗ-ਭੰਗ ਅੰਦੋਲਨ ਦੌਰਾਨ, ਬੰਗਾਲ ਵਿਚ ਬਗਾਵਤ ਭੜਕ ਉੱਠੀ। ਅੰਗਰੇਜ਼ਾਂ ਨੇ ‘ਵੰਦੇ ਮਾਤਰਮ’ ਦੇ ਜਨਤਕ ਪਾਠ ’ਤੇ ਰੋਕ ਲਗਾ ਦਿੱਤੀ ਸੀ, ਫਿਰ ਵੀ, 14 ਅਪ੍ਰੈਲ, 1906 ਨੂੰ ਬਾਰੀਸਾਲ ਵਿਚ, ਹਜ਼ਾਰਾਂ ਲੋਕਾਂ ਨੇ ਇਸ ਹੁਕਮ ਦੀ ਉਲੰਘਣਾ ਕੀਤੀ। ਜਦੋਂ ਪੁਲਸ ਨੇ ਸ਼ਾਂਤੀਪੂਰਨ ਸਭਾ ’‘ਤੇ ਲਾਠੀਚਾਰਜ ਕੀਤਾ, ਤਾਂ ਪੁਰਸ਼ ਅਤੇ ਮਹਿਲਾਵਾਂ ਸੜਕਾਂ ’ਤੇ ‘ਵੰਦੇ ਮਾਤਰਮ’ ਦਾ ਨਾਅਰਾ ਲਗਾਉਂਦੇ ਹੋਏ ਲਹੂ-ਲੁਹਾਨ ਹੋ ਗਏ।
ਉੱਥੋਂ ‘ਵੰਦੇ ਮਾਤਰਮ’ ਦਾ ਮੰਤਰ, ਗਦਰ ਪਾਰਟੀ ਦੇ ਕ੍ਰਾਂਤੀਕਾਰੀਆਂ ਦੇ ਨਾਲ ਕੈਲੀਫੋਰਨੀਆਂ ਪਹੁੰਚ ਗਿਆ, ਆਜ਼ਾਦ ਹਿੰਦ ਫੌਜ ਵਿਚ ਗੂੰਜਿਆ, ਜਦੋਂ ਨੇਤਾਜੀ ਦੇ ਸੈਨਿਕ ਸਿੰਗਾਪੁਰ ਤੋਂ ਮਾਰਚ ਕਰ ਰਹੇ ਸਨ ਅਤੇ 1946 ਦੇ ਰਾਇਲ ਇੰਡੀਅਨ ਨੇਵੀ ਦੀ ਕ੍ਰਾਂਤੀ ਵਿਚ ਵੀ ਗੂੰਜਿਆ, ਜਦੋਂ ਭਾਰਤੀ ਨਾਵਿਕਾਂ ਨੇ ਬ੍ਰਿਟਿਸ਼ ਜੰਗੀ ਜਹਾਜ਼ਾਂ ’ਤੇ ਤਿਰੰਗਾ ਲਹਿਰਾਇਆ। ਖੁਦੀਰਾਮ ਬੋਸ ਤੋਂ ਲੈ ਕੇ ਅਸ਼ਫਾਕਉੱਲਾ ਖਾਨ ਤੱਕ, ਚੰਦਰਸ਼ੇਖਰ ਆਜ਼ਾਦ ਤੋਂ ਲੈ ਕੇ ਤਿਰੁਪੁਰ ਕੁਮਾਰਨ ਤੱਕ, ਨਾਅਰਾ ਇਕ ਹੀ ਸੀ। ਇਹ ਹੁਣ ਸਿਰਫ਼ ਇਕ ਗੀਤ ਨਹੀਂ ਰਿਹਾ; ਇਹ ਭਾਰਤ ਦੀ ਸਮੂਹਿਕ ਆਤਮਾ ਦੀ ਆਵਾਜ਼ ਬਣ ਗਿਆ ਸੀ। ਮਹਾਤਮਾ ਗਾਂਧੀ ਨੇ ਖੁਦ ਸਵੀਕਾਰ ਕੀਤਾ ਸੀ, ‘ਵੰਦੇ ਮਾਤਰਮ’ ਵਿਚ “ਸਭ ਤੋਂ ਸੁੱਤੇ ਹੋਏ ਖੂਨ ਨੂੰ ਵੀ ਜਗਾਉਣ ਦੀ ਜਾਦੂਈ ਸ਼ਕਤੀ” ਸੀ। ਇਸ ਨੇ ਉਦਾਰਵਾਦੀਆਂ ਅਤੇ ਕ੍ਰਾਂਤੀਕਾਰੀਆਂ ਅਤੇ ਵਿਦਵਾਨਾਂ ਅਤੇ ਨਾਵਿਕਾਂ ਤੱਕ ਨੂੰ ਇਕਜੁੱਟ ਕੀਤਾ। ਮਹਾਰਿਸ਼ੀ ਅਰਬਿੰਦ ਜੀ ਨੇ ਇਸ ਲਈ ਕਿਹਾ ਸੀ ਕਿ, “ਇਹ ਭਾਰਤ ਦੇ ਪੁਨਰ ਜਨਮ ਦਾ ਮੰਤਰ” ਹੈ।
26 ਅਕਤੂਬਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ‘ਵੰਦੇ ਮਾਤਰਮ’ ਗੀਤ ਦੇ ਇਸ ਇਤਿਹਾਸ ਦੀ ਦੇਸ਼ਵਾਸੀਆਂ ਨੂੰ ਮੁੜ ਤੋਂ ਯਾਦ ਦਿਵਾਈ ਅਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ 150 ਵਰ੍ਹੇ ਪੂਰੇ ਹੋਣ ਦੇ ਮੌਕੇ 7 ਨਵੰਬਰ ਤੋਂ ਭਾਰਤ ਸਰਕਾਰ ਨੇ ਅਗਲੇ ਇਕ ਵਰ੍ਹੇ ਤੱਕ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰਨ ਦਾ ਫ਼ੈਸਲਾ ਲਿਆ। ਇਨ੍ਹਾਂ ਆਯੋਜਨਾਂ ਰਾਹੀਂ ਦੇਸ਼ ਭਰ ਵਿਚ ‘ਵੰਦੇ ਮਾਤਰਮ’ ਦਾ ਪੂਰਨ ਗਾਨ ਹੋਵੇਗਾ, ਜਿਸ ਨਾਲ ਦੇਸ਼ ਦੀ ਯੁਵਾ ਪੀੜ੍ਹੀ ‘ਸੱਭਿਆਚਾਰਕ ਰਾਸ਼ਟਰਵਾਦ’ ਦੇ ਵਿਚਾਰ ਨੂੰ ਆਤਮਸਾਤ ਕਰ ਪਾਵੇ।
ਅੱਜ ਜਦੋਂ ਅਸੀਂ ਭਾਰਤ ਪਰਵ ਮਨਾ ਰਹੇ ਹਾਂ ਅਤੇ ਸਰਦਾਰ ਪਟੇਲ ਦੀ ਜਯੰਤੀ ’ਤੇ ਉਨ੍ਹਾਂ ਨੂੰ ਸ਼ਰਧਾਪੂਰਵਕ ਯਾਦ ਕਰ ਰਹੇ ਹਾਂ, ਤਾਂ ਇਹ ਵੀ ਯਾਦ ਕਰਦੇ ਹਾਂ ਕਿ ਕਿਵੇਂ ਸਰਦਾਰ ਸਾਹਿਬ ਨੇ ‘ਏਕ ਭਾਰਤ’ ਦਾ ਨਿਰਮਾਣ ਕਰਕੇ ‘ਵੰਦੇ ਮਾਤਰਮ’ ਦੀ ਭਾਵਨਾ ਨੂੰ ਹੀ ਮੂਰਤ ਰੂਪ ਦਿੱਤਾ ਸੀ। ਇਹ ਗੀਤ ਸਿਰਫ਼ ਅਤੀਤ ਦੀ ਯਾਦ ਮਾਤਰ ਨਹੀਂ, ਸਗੋਂ ਭਵਿੱਖ ਦੇ ਲਈ ਇਕ ਸੱਦਾ ਵੀ ਹੈ। ‘ਵੰਦੇ ਮਾਤਰਮ’ ਅੱਜ ਵੀ ਵਿਕਸਿਤ ਭਾਰਤ 2047 ਦੇ ਸਾਡੇ ਸੰਕਲਪ ਵਿਚ ਪ੍ਰੇਰਣਾ ਦੇ ਰਿਹਾ ਹੈ। ਇਹ ਭਾਰਤ ਦੇ ਸੱਭਿਅਤਾਗਤ ਆਤਮਵਿਸ਼ਵਾਸ ਦਾ ਪ੍ਰਤੀਕ ਹੈ। ਹੁਣ ਇਸ ਭਾਵਨਾ ਨੂੰ ਆਤਮਨਿਰਭਰ ਅਤੇ ਸ੍ਰੇਸ਼ਠ ਭਾਰਤ ਵਿਚ ਪਰਿਵਰਤਿਤ ਕਰਨਾ ਸਾਡੀ ਜ਼ਿੰਮੇਵਾਰੀ ਹੈ।
‘ਵੰਦੇ ਮਾਤਰਮ’ ਸੁਤੰਤਰਤਾ ਦਾ ਗੀਤ ਹੈ, ਅਟੁੱਟ ਸੰਕਲਪ ਦੀ ਭਾਵਨਾ ਹੈ ਅਤੇ ਭਾਰਤ ਦੇ ਜਾਗਰਣ ਦਾ ਪਹਿਲਾ ਮੰਤਰ ਹੈ। ਰਾਸ਼ਟਰ ਦੀ ਆਤਮਾ ਨਾਲ ਜਨਮੇ ਸ਼ਬਦ ਕਦੇ ਸਮਾਪਤ ਨਹੀਂ ਹੁੰਦੇ-ਉਹ ਹਮੇਸ਼ਾ ਜੀਵਤ ਰਹਿੰਦੇ ਹਨ, ਪੀੜ੍ਹੀਆਂ ਤੱਕ ਗੂੰਜਦੇ ਰਹਿੰਦੇ ਹਨ। ਇਹ ਜੈਕਾਰਾ ਯੁੱਗਾਂ ਅਤੇ ਪੀੜ੍ਹੀਆਂ ਵਿਚ ਅਨੰਤਕਾਲ ਤੱਕ ਗੂੰਜਦਾ ਰਹੇਗਾ। ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਇਤਿਹਾਸ, ਆਪਣੇ ਸੱਭਿਆਚਾਰ, ਆਪਣੀਆਂ ਮਾਨਤਾਵਾਂ ਅਤੇ ਆਪਣੀਆਂ ਪਰੰਪਰਾਵਾਂ ਨੂੰ ਭਾਰਤੀਅਤਾ ਦੀ ਦ੍ਰਿਸ਼ਟੀ ਨਾਲ ਦੇਖੀਏ।
ਵੰਦੇ ਮਾਤਰਮ!
–ਅਮਿਤ ਸ਼ਾਹ
(ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ)
