‘ਰੀਲ ਬਣਾਉਣ ਦੇ ਜਨੂੰਨ ’ਚ’ ਜ਼ਿੰਦਗੀ ਦਾਅ ’ਤੇ ਲਗਾ ਰਹੇ ਮੁੰਡੇ-ਕੁੜੀਆਂ!

Saturday, Jun 21, 2025 - 06:47 AM (IST)

‘ਰੀਲ ਬਣਾਉਣ ਦੇ ਜਨੂੰਨ ’ਚ’ ਜ਼ਿੰਦਗੀ ਦਾਅ ’ਤੇ ਲਗਾ ਰਹੇ ਮੁੰਡੇ-ਕੁੜੀਆਂ!

ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਹਰ ਕਿਸੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਚਰਚਾ ’ਚ ਆਉਣ ਦੀ ਪਈ ਹੈ। ਅਜਿਹੇ ’ਚ ਨੌਜਵਾਨ ਮੁੰਡੇ-ਕੁੜੀਆਂ ’ਚ ਰੀਲ ਬਣਾ ਕੇ ਪ੍ਰਸਿੱਧੀ ਹਾਸਲ ਕਰਨ ਦਾ ਜਨੂੰਨ ਜ਼ੋਰਾਂ ’ਤੇ ਹੈ। ਰੀਲ ਬਣਾਉਣ ਵਾਲੇ ਨੌਜਵਾਨ ਉਲਟੀਆਂ-ਸਿੱਧੀਆਂ ਹਰਕਤਾਂ ਨਾਲ ਕਦੇ ਤਾਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੇ ਹਨ ਅਤੇ ਕਦੇ ਰੀਲ ਬਣਾਉਣ ਦੇ ਚੱਕਰ ’ਚ ਜ਼ਖ਼ਮੀ ਹੋ ਜਾਂਦੇ ਹਨ ਜਾਂ ਫਿਰ ਆਪਣੀ ਜਾਨ ਹੀ ਗੁਆ ਬੈਠਦੇ ਹਨ, ਜਿਨ੍ਹਾਂ ਦੀਆਂ ਇਸੇ ਸਾਲ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 16 ਜਨਵਰੀ, 2025 ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ‘ਕੋਲਾਰ’ ਦੇ ‘ਇਨਾਇਤਪੁਰ’ ਪਿੰਡ ’ਚ ਤਿੰਨ ਨੌਜਵਾਨ ਆਪਣੀ ਤੇਜ਼ ਰਫਤਾਰ ਚੱਲਦੀ ਕਾਰ ਦੀ ਖਿੜਕੀ ’ਚੋਂ ਸਿਰ ਬਾਹਰ ਕੱਢ ਕੇ ਰੀਲ ਬਣਾ ਰਹੇ ਸਨ ਕਿ ਸੰਤੁਲਨ ਵਿਗੜ ਜਾਣ ਨਾਲ ਕਾਰ ਪੁਲ ਤੋਂ ਹੇਠਾਂ ਨਹਿਰ ’ਚ ਡਿੱਗ ਗਈ ਜਿਸ ਨਾਲ 2 ਨੌਜਵਾਨਾਂ ਦੀ ਮੌਤ ਅਤੇ ਤੀਜਾ ਜ਼ਖਮੀ ਹੋ ਗਿਆ।

* 16 ਜਨਵਰੀ ਨੂੰ ਹੀ ‘ਮੇਰਠ’ (ਉੱਤਰ ਪ੍ਰਦੇਸ਼) ’ਚ ਪਾਣੀ ਦੀ ਟੈਂਕੀ ’ਤੇ ਚੜ੍ਹ ਕੇ ਰੀਲ ਬਣਾ ਰਿਹਾ ਇਕ ਨੌਜਵਾਨ ਪੈਰ ਤਿਲਕਣ ਕਾਰਨ ਹੇਠਾਂ ਡਿੱਗ ਕੇ ਮਰ ਗਿਆ।

* 6 ਮਾਰਚ ਨੂੰ ‘ਅਹਿਮਦਾਬਾਦ’ ਸਥਿਤ ‘ਫਤੇਹਵਾੜੀ’ ’ਚ ਰੀਲ ਬਣਾਉਣ ਦੇ ਚੱਕਰ ’ਚ 3 ਨੌਜਵਾਨਾਂ ਦੀ ਕਾਰ ਇਕ ਨਦੀ ’ਚ ਜਾ ਡਿੱਗੀ ਅਤੇ ਤਿੰਨੋਂ ਨੌਜਵਾਨ ਪਾਣੀ ’ਚ ਰੁੜ੍ਹ ਗਏ।

* 28 ਮਾਰਚ ਨੂੰ ‘ਗਾਜੀਪੁਰ’ (ਉੱਤਰ ਪ੍ਰਦੇਸ਼) ਰੇਲਵੇ ਸਟੇਸ਼ਨ ਦੇ ਸਾਹਮਣੇ ਰੀਲ ਬਣਾਉਣ ਦੇ ਸ਼ੌਕੀਨ ‘ਚੰਦਰਸ਼ੇਖਰ ਰਾਵਤ’ ਨਾਂ ਦੇ ਇਕ ਵਿਅਕਤੀ ਨੇ ਇਕ ਚੁਰਾਹੇ ’ਤੇ ਈ-ਰਿਕਸ਼ਾ ਦੀ ਛੱਤ ’ਤੇ ਖੜ੍ਹੇ ਹੋ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਸੰਤੁਲਨ ਵਿਗੜ ਜਾਣ ਦੇ ਕਾਰਨ ਜ਼ਮੀਨ ’ਤੇ ਡਿੱਗ ਜਾਣ ਨਾਲ ਉਸ ਦੀ ਮੌਤ ਹੋ ਗਈ।

* 16 ਅਪ੍ਰੈਲ ਨੂੰ ‘ਉੱਤਰਕਾਸ਼ੀ’ (ਉੱਤਰਾਖੰਡ) ’ਚ ਇਕ ਮਹਿਲਾ ਆਪਣੀ 11 ਸਾਲਾ ਬੱਚੀ ਨਾਲ ‘ਮਣੀਕਰਣਿਕਾ ਘਾਟ’ ’ਤੇ ਇਸ਼ਨਾਨ ਕਰਨ ਦੌਰਾਨ ਰੀਲ ਬਣਾਉਂਦੇ ਸਮੇਂ ਨਦੀ ’ਚ ਰੁੜ੍ਹ ਗਈ ਅਤੇ ਘਾਟ ਦੇ ਕੰਢੇ ਖੜ੍ਹੀ ਉਸ ਦੀ ਬੇਟੀ ਮੰਮੀ-ਮੰਮੀ ਚਿੱਲਾਉਂਦੀ ਰਹਿ ਗਈ।

* 18 ਅਪ੍ਰੈਲ ਨੂੰ ‘ਦੁਰਗ’ (ਛੱਤੀਸਗੜ੍ਹ) ’ਚ ‘ਰੀਲ’ ਬਣਾਉਂਦੇ ਸਮੇਂ 3 ਨਾਬਾਲਗਾਂ ਦਾ ਮੋਟਰਸਾਈਕਲ 2 ਵਾਹਨਾਂ ਨਾਲ ਟਕਰਾਅ ਗਿਆ ਜਿਸ ਨਾਲ 2 ਨਾਬਾਲਗਾਂ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਅਤੇ ਤੀਜਾ ਜ਼ਖਮੀ ਹੋ ਗਿਆ।

* 19 ਅਪ੍ਰੈਲ ਨੂੰ ‘ਸਾਰਣ’ (ਬਿਹਾਰ) ਜ਼ਿਲੇ ਦੇ ‘ਵਿਸ਼ਨੂੰਪੁਰ ਓਵਰਬ੍ਰਿਜ’ ਦੇ ਨੇੜੇ ਰੇਲਵੇ ਟ੍ਰੈਕ ’ਤੇ ਸਟੰਟ ਕਰਦੇ ਹੋਏ ਰੀਲ ਬਣਾ ਰਹੇ 2 ਨੌਜਵਾਨਾਂ ਦੀ ਸਾਹਮਣਿਓਂ ਆ ਰਹੀ ਇਕ ਤੇਜ਼ ਰਫਤਾਰ ਰੇਲਗੱਡੀ ਨਾਲ ਕੱਟ ਕੇ ਮੌਤ ਹੋ ਗਈ।

* 26 ਅਪ੍ਰੈਲ ਨੂੰ ‘ਵਾਰਾਣਸੀ’ (ਉੱਤਰ ਪ੍ਰਦੇਸ਼) ਦੇ ‘ਕੁਰਥੀਆ’ ਪਿੰਡ ਦੇ ਨੇੜੇ ਚੱਲਦੇ ਮੋਟਰਸਾਈਕਲ ’ਤੇ ‘ਰੀਲ’ ਬਣਾ ਰਹੇ 2 ਨੌਜਵਾਨ ਸਾਹਮਣਿਓਂ ਆ ਰਹੀ ਇਕ ਕਾਰ ਨਾਲ ਟਕਰਾਅ ਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 12 ਮਈ ਨੂੰ ‘ਸਿਵਨੀ’ (ਮੱਧ ਪ੍ਰਦੇਸ਼) ’ਚ ਰੇਲ ਦੀ ਪੱਟੜੀ ’ਤੇ ਰੀਲ ਬਣਾਉਣ ਦੌਰਾਨ ਇਕ ਨੌਜਵਾਨ ਦੀ ਰੇਲਗੱਡੀ ਦੀ ਲਪੇਟ ’ਚ ਆ ਜਾਣ ਨਾਲ ਮੌਤ ਹੋ ਗਈ।

* 17 ਮਈ ਨੂੰ ‘ਅਮਰੋਹਾ’ (ਉੱਤਰ ਪ੍ਰਦੇਸ਼) ਦੇ ‘ਹਸਨਪੁਰ’ ’ਚ ਤੇਜ਼ ਰਫਤਾਰ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਰੀਲ ਬਣਾ ਰਹੇ 2 ਨੌਜਵਾਨਾਂ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਜਾਣ ਦੇ ਸਿੱਟੇ ਵਜੋਂ ਦੋਵੇਂ ਨੌਜਵਾਨ ਆਪਣੀ ਜਾਨ ਤੋਂ ਹੱਥ ਧੋ ਬੈਠੇ।

* 4 ਜੂਨ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ਦੇ ‘ਨਗਲਾਨਾਥੂ’ ਪਿੰਡ ’ਚ ਯਮੁਨਾ ਨਦੀ ’ਚ ਰੀਲ ਬਣਾਉਂਦੇ ਸਮੇਂ 6 ਕੁੜੀਆਂ ਡੂੰਘੇ ਪਾਣੀ ’ਚ ਚਲੀਆਂ ਗਈਆਂ ਅਤੇ ਘੁੰਮਣਘੇਰੀ ’ਚ ਫਸ ਜਾਣ ਦੇ ਕਾਰਨ ਡੁੱਬ ਜਾਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ’ਚੋਂ 3 ਕੁੜੀਆਂ ਇਕ ਹੀ ਪਰਿਵਾਰ ਦੀਆਂ ਸਨ ਜਦਕਿ 3 ਹੋਰ ਇਨ੍ਹਾਂ ਦੀਆਂ ਰਿਸ਼ਤੇਦਾਰ ਸਨ।

* 14 ਜੂਨ ਨੂੰ ‘ਬਹਿਰਾਈਚ’ (ਉੱਤਰ ਪ੍ਰਦੇਸ਼) ’ਚ ਰੀਲ ਬਣਾਉਣ ਲਈ ਸੜਕ ’ਤੇ ਸਟੰਟ ਕਰ ਰਹੇ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਕ ਮਹਿਲਾ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਦੂਰ ਤੱਕ ਘਸੀਟਦੇ ਚਲੇ ਗਏ ਜਿਸ ਨਾਲ ਉਸ ਦੀ ਮੌਤ ਹੋ ਗਈ।

* 15 ਜੂਨ ਨੂੰ ‘ਸਹਰਸਾ’ (ਬਿਹਾਰ) ਦੇ ‘ਵਿਸ਼ਵਕਰਮਾ ਢਾਲਾ’ ’ਚ ਰੇਲਵੇ ਯਾਰਡ ’ਚ ਖੜ੍ਹੀ ਇਕ ਮਾਲਗੱਡੀ ਦੇ ਇੰਜਣ ’ਤੇ ਚੜ੍ਹ ਕੇ ਰੀਲ ਬਣਾਉਂਦੇ ਸਮੇਂ ਇਕ ਨੌਜਵਾਨ ਹਾਈਟੈਂਸ਼ਨ ਤਾਰਾਂ ਦੀ ਲਪੇਟ ’ਚ ਆ ਜਾਣ ਨਾਲ 90 ਫੀਸਦੀ ਝੁਲਸ ਗਿਆ।

* ਅਤੇ ਹੁਣ 16 ਜੂਨ ਨੂੰ ‘ਹਰਿਦੁਆਰ’ (ਉੱਤਰਾਖੰਡ) ’ਚ ਇਕ ਨੌਜਵਾਨ ਗੰਗਾ ਨਦੀ ’ਚ ਨਹਾਉਣ ਦੌਰਾਨ ਰੀਲ ਬਣਾਉਣ ਲਈ ਡੂੰਘੇ ਪਾਣੀ ’ਚ ਚਲਿਆ ਗਿਆ ਅਤੇ ਜਲਦੀ ਹੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਿਆ ਅਤੇ ਡੁੱਬ ਗਿਆ।

ਰੀਲ ਬਣਾਉਣ ਦਾ ਇਕ ਕਾਰਨ ਇਹ ਵੀ ਹੈ ਕਿ ਬਹੁਤ ਜ਼ਿਆਦਾ ਵਾਰ ਦੇਖੀ ਜਾਣ ਵਾਲੀ ਅਤੇ ਫਾਲੋ ਅਤੇ ਫਾਰਵਰਡ ਕੀਤੇ ਜਾਣ ’ਤੇ ਰੀਲ ਬਣਾਉਣ ਵਾਲਿਆਂ ਨੂੰ ਸੋਸ਼ਲ ਮੀਡੀਆ ਸਾਈਟ ਦੇ ਸੰਚਾਲਕਾਂ ਵਲੋਂ ਆਕਰਸ਼ਕ ਧਨ ਰਾਸ਼ੀ ਵੀ ਮਿਲਣ ਲੱਗਦੀ ਹੈ।

ਉਕਤ ਘਟਨਾਵਾਂ ਸੋਸ਼ਲ ਮੀਡੀਆ ’ਤੇ ਰੀਲ ਬਣਾਉਣ ਦੇ ਵਧਦੇ ਰੁਝਾਨ ਅਤੇ ਇਸ ਨਾਲ ਜੁੜੇ ਖਤਰਿਆਂ ਨੂੰ ਉਜਾਗਰ ਕਰਦੀਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਰੀਲ ਬਣਾਉਣ ਦੇ ਰੁਝਾਨ ਅਤੇ ਇਸ ਨਾਲ ਹੋਣ ਵਾਲੀਆਂ ਦੁਰਘਟਨਾਵਾਂ ’ਚ ਭਾਰੀ ਵਾਧਾ ਹੋਇਆ ਹੈ ਜਿਸ ਨੇ ਇਸ ਮਾਮਲੇ ’ਚ ਸਾਵਧਾਨੀ ਵਰਤਣ ਬਾਰੇ ਸੋਚਣ ਲਈ ਮਜਬੂਰ ਕੀਤਾ ਹੈ।

ਇਸ ਸੰਬੰਧ ’ਚ ਅਸੀਂ ਨੌਜਵਾਨਾਂ ਨੂੰ ਇਹ ਸਲਾਹ ਦੇਵਾਂਗੇ ਕਿ ਉਹ ਆਪਣੀ ਜਾਨ ਜੋਖਮ ’ਚ ਪਾ ਕੇ ਇਸ ਕਿਸਮ ਦੇ ਸਟੰਟ ਨਾ ਕਰਨ ਕਿਉਂਕਿ ਕੁਝ ਪਲਾਂ ਦੀ ਭੁੱਲ ਜ਼ਿੰਦਗੀ ਭਰ ਲਈ ਦਰਦ ਦੇ ਸਕਦੀ ਹੈ।

–ਵਿਜੇ ਕੁਮਾਰ
 


author

Sandeep Kumar

Content Editor

Related News