ਰਾਹੁਲ ਦੀਆਂ ਵਿਵਾਦਿਤ ਟਿੱਪਣੀਆਂ ਤੋਂ ਪ੍ਰੇਸ਼ਾਨ ਹੈ ਭਾਜਪਾ
Monday, Sep 16, 2024 - 04:33 PM (IST)
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਬੀਤੇ ਦਿਨੀਂ ਸੰਯੁਕਤ ਰਾਜ ਅਮਰੀਕਾ ਦੇ ਆਪਣੇ ਤਿੰਨ ਦਿਨਾ ਦੌਰੇ ਦੌਰਾਨ ਭਾਜਪਾ ਅਤੇ ਮੋਦੀ ਦੇ ਸ਼ਾਸਨ ਬਾਰੇ ਆਪਣੀ ਆਲੋਚਨਾਤਮਕ ਟਿੱਪਣੀ ਨਾਲ ਘਰੇਲੂ ਪੱਧਰ ’ਤੇ ਵਿਵਾਦ ਪੈਦਾ ਕਰ ਦਿੱਤਾ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਜੋਂ ਇਹ ਗਾਂਧੀ ਦਾ ਪਹਿਲਾ ਅਮਰੀਕਾ ਦਾ ਦੌਰਾ ਸੀ। ਰਾਹੁਲ ਦੇ ਪ੍ਰੋਗਰਾਮਾਂ ’ਚ ਭਾਰਤੀ-ਅਮਰੀਕੀ ਭਾਈਚਾਰੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਅਤੇ ਅਧਿਕਾਰੀਆਂ ਤੇ ਸੰਸਦ ਮੈਂਬਰਾਂ ਨਾਲ ਬੈਠਕ ਸ਼ਾਮਲ ਸੀ। ਭਾਜਪਾ ਦੀ ਨਾਰਾਜ਼ਗੀ ਭਰੀ ਪ੍ਰਤੀਕਿਰਿਆ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਉਨ੍ਹਾਂ ਦੀਆਂ ਕਈ ਵਿਵਾਦਿਤ ਟਿੱਪਣੀਆਂ ਤੋਂ ਨਾਰਾਜ਼ ਹੈ। ਰਾਹੁਲ ਨੇ ਆਪਣੇ ਵਿਸ਼ੇ ਬੜੇ ਸੋਚ-ਵਿਚਾਰ ਕੇ ਚੁਣੇ ਸਨ।
ਉਨ੍ਹਾਂ ਨੇ ਹੋਰਨਾਂ ਗੱਲਾਂ ਤੋਂ ਇਲਾਵਾ RSS, ਭਾਰਤ ਦੇ ਲੋਕਤੰਤਰ, ਮੋਦੀ ਦੀ ਚੀਨ ਨੀਤੀ ਅਤੇ ਭਾਰਤ ’ਚ ਧਾਰਮਿਕ ਆਜ਼ਾਦੀ ’ਤੇ ਟਿੱਪਣੀ ਕੀਤੀ। ਭਾਰਤ ’ਚ ਭਾਜਪਾ ਨੇ ਉਨ੍ਹਾਂ ਦੀਆਂ ਉਲਟ ਟਿੱਪਣੀਆਂ ਅਤੇ ਅਮਰੀਕੀ ਕਾਂਗਰਸ ਦੀ ਮੈਂਬਰ ਇਲਹਾਨ ਉਮਰ ਨਾਲ ਕੀਤੀ ਮੁਲਾਕਾਤ ਦੀ ਆਲੋਚਨਾ ਕੀਤੀ, ਜੋ ਭਾਰਤ ਦੀਆਂ ਨੀਤੀਆਂ ਦੀ ਆਲੋਚਨਾ ਕਰਦੀ ਰਹੀ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਭਾਰਤੀ ਲੋਕਤੰਤਰ ਪਿਛਲੇ ਇਕ ਦਹਾਕੇ ਤੋਂ ਟੁੱਟ ਗਿਆ ਸੀ ਪਰ ਹੌਲੀ-ਹੌਲੀ ਠੀਕ ਹੋ ਰਿਹਾ ਹੈ। ਉਨ੍ਹਾਂ ਨੇ ਉਸ ਗੱਲ ’ਤੇ ਵੀ ਰੌਸ਼ਨੀ ਪਾਈ ਕਿ ਓ. ਬੀ. ਸੀ., ਦਲਿਤ ਅਤੇ ਆਦਿਵਾਸੀਆਂ ਸਮੇਤ ਭਾਰਤ ਦੀ 90 ਫੀਸਦੀ ਆਬਾਦੀ ਲੋਕਤੰਤਰੀ ਪ੍ਰਕਿਰਿਆ ’ਚ ਸਰਗਰਮ ਤੌਰ ’ਤੇ ਹਿੱਸਾ ਲੈਣ ’ਚ ਸਮਰੱਥ ਨਹੀਂ ਹੈ। ਇਸ ਨਾਲ ਭਾਜਪਾ ਨਾਰਾਜ਼ ਹੋ ਗਈ।
ਰਾਹੁਲ ਜਿਥੇ ਪਾਕਿਸਤਾਨ ਅਤੇ ਬੰਗਲਾਦੇਸ਼ ’ਤੇ ਮੋਦੀ ਦੀਆਂ ਨੀਤੀਆਂ ਨਾਲ ਸਹਿਮਤ ਸਨ, ਉਥੇ ਹੀ ਉਨ੍ਹਾਂ ਨੂੰ ਜਾਪਿਆ ਕਿ ਮੋਦੀ ਦੀ ਚੀਨ ਨੀਤੀ ਨੁਕਸਦਾਰ ਹੈ। ਰਾਹੁਲ ਨੇ ਕਿਹਾ ਕਿ ਚੀਨੀ ਫੌਜੀਆਂ ਨੇ ਲੱਦਾਖ ’ਚ ਦਿੱਲੀ ਜਿੰਨੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਹੈ। RSS ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦਾ ਮੂਲ ਸੰਗਠਨ ਮੰਨਦਾ ਹੈ ਕਿ ਭਾਰਤ ‘ਇਕ ਵਿਚਾਰ’ ਹੈ, ਪਰ ਕਾਂਗਰਸ ਇਸ ਨੂੰ ‘ਵਿਚਾਰਾਂ ਦੀ ਵੰਨ-ਸੁਵੰਨਤਾ’ ਮੰਨਦੀ ਹੈ। ਭਾਜਪਾ ਨੇ ਰਾਹੁਲ ਦੇ ਦੋਸ਼ਾਂ ਦਾ ਖੰਡਨ ਕਰਨ ਲਈ ਚੋਟੀ ਦੇ ਨੇਤਾਵਾਂ ਨੂੰ ਮੈਦਾਨ ’ਚ ਉਤਾਰਿਆ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਤੀਕਿਰਿਆ ਦੀ ਅਗਵਾਈ ਕੀਤੀ। ਉਨ੍ਹਾਂ ਨੇ ਚੀਨ ਨੀਤੀ ’ਤੇ ਰਾਹੁਲ ਦੇ ਦਾਅਵੇ ਨੂੰ ਖਾਰਿਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ‘ਬੜਾ ਹੀ ਸ਼ਰਮਨਾਕ’ ਹੈ ਕਿ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ‘ਭਰਮਾਊ, ਆਧਾਰਹੀਣ ਅਤੇ ਤੱਥਹੀਣ ਗੱਲਾਂ’ ਕਹਿ ਕੇ ਭਾਰਤ ਦੀ ਸ਼ਾਨ ਨੂੰ ਸੱਟ ਮਾਰ ਰਹੇ ਹਨ।
ਰਾਹੁਲ ਗਾਂਧੀ ਨੇ ਜਾਤੀ ਮਰਦਮਸ਼ੁਮਾਰੀ ਦਾ ਸਮਰਥਨ ਕੀਤਾ ਅਤੇ ਦਾਅਵਾ ਕੀਤਾ ਕਿ ਭਾਜਪਾ ਰਾਖਵਾਂਕਰਨ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਪੁਸ਼ਟੀ ਕੀਤੀ ਕਿ ਉਹ ਕਿਸੇ ਨੂੰ ਵੀ ਰਾਖਵਾਂਕਰਨ ਖਤਮ ਕਰਨ ਜਾਂ ਦੇਸ਼ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਇਸ ਤੋਂ ਇਲਾਵਾ ਭਾਜਪਾ ਨੇਤਾ ਅਤੇ ਸੀਨੀਅਰ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਿੱਖਾਂ ਨੂੰ ਲੈ ਕੇ ਰਾਹੁਲ ਦੀ ਟਿੱਪਣੀ ਦਾ ਖੰਡਨ ਕੀਤਾ। ਪੁਰੀ ਨੇ ਕਿਹਾ ਕਿ ਮੈਂ ਇਕ ਮਾਣਮੱਤਾ ਸਿੱਖ ਹਾਂ ਅਤੇ 6 ਦਹਾਕਿਆਂ ਤੋਂ ਵੱਧ ਸਮੇਂ ਤੋਂ ਪੱਗ ਬੰਨ੍ਹ ਰਿਹਾ ਹਾਂ ਅਤੇ ਉਸ ਤੋਂ ਵੀ ਲੰਬੇ ਸਮੇਂ ਤੋਂ ਕੜਾ ਪਾ ਕੇ ਰੱਖਦਾ ਹਾਂ...।
ਦੇਸ਼ ਨੂੰ ਇਕਜੁੱਟ ਕਰਨ ਲਈ ਦੇਸ਼ ਪੱਧਰੀ ਮੁਹਿੰਮ ‘ਭਾਰਤ ਜੋੜੋ’ ਯਾਤਰਾ ਦੀ ਅਗਵਾਈ ਕਰਨ ਦੇ ਬਾਅਦ ਰਾਹੁਲ ਦੇ ਵਧੇ ਕੱਦ ਨੂੰ ਲੈ ਕੇ ਭਾਜਪਾ ਗੰਭੀਰ ਹੈ। ਹੁਣ ਜਦੋਂ ਰਾਹੁਲ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ (ਐੱਲ. ਓ. ਪੀ.) ਬਣ ਗਏ ਹਨ ਤਾਂ ਭਾਜਪਾ ਨੂੰ ਉਨ੍ਹਾਂ ਨੂੰ ਉਚਿਤ ਸਨਮਾਨ ਦੇਣਾ ਚਾਹੀਦਾ ਹੈ। ਪਹਿਲਾ ਭਾਰਤ ਨੂੰ ਕਾਂਗਰਸ ਮੁਕਤ ਭਾਰਤ ਬਣਾਉਣ ਦੀ ਮੋਦੀ ਦੀ ਪ੍ਰਤਿੱਗਿਆ ਦੇ ਬਾਵਜੂਦ ਕਾਂਗਰਸ ਬਚੀ ਹੋਈ ਹੈ। 2024 ਦੀਆਂ ਚੋਣਾਂ ’ਚ ਭਾਜਪਾ ਲਈ ਨਿਰਾਸ਼ਾ ਵਾਲੀ ਗੱਲ ਇਹ ਰਹੀ ਕਿ ਕਾਂਗਰਸ ਨੇ ਇਨ੍ਹਾਂ ਚੋਣਾਂ ’ਚ ਆਪਣੀਆਂ ਸੀਟਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ। ਦੂਜਾ 2024 ਦੀਆਂ ਚੋਣਾਂ ਦੌਰਾਨ ਵਿਰੋਧੀ ਧਿਰ ਦਾ ਗੱਠਜੋੜ ‘ਇੰਡੀਆ’ ਮਜ਼ਬੂਤ ਹੋਇਆ ਹੈ। ਭਾਜਪਾ ਨੂੰ ਸਹਿਯੋਗੀਆਂ ਦੀ ਮਦਦ ਨਾਲ ਸਰਕਾਰ ਬਣਾਉਣੀ ਪਈ।
ਤੀਜਾ, ਰਾਹੁਲ ਨੇ 22 ਸਤੰਬਰ ਨੂੰ ਮੋਦੀ ਦੀ ਨਿਰਧਾਰਿਤ ਯਾਤਰਾ ਤੋਂ ਪਹਿਲਾਂ ਅਮਰੀਕਾ ਦਾ ਦੌਰਾ ਕੀਤਾ। ਉਨ੍ਹਾਂ ਦੇ ਦੌਰੇ ਨੂੰ ਚੰਗੀ ਪ੍ਰਤੀਕਿਰਿਆ ਮਿਲੀ, ਜੋ ਭਾਜਪਾ ਨੂੰ ਚੰਗੀ ਨਹੀਂ ਲੱਗੀ ਪਰ ਮੋਦੀ ਦਾ ਵੱਧ ਸਵਾਗਤ ਹੋਵੇਗਾ ਕਿਉਂਕਿ ਇਕ ਮਹੱਤਵਪੂਰਨ ਪ੍ਰੋਗਰਾਮ ‘ਮੋਦੀ ਅਤੇ ਸੰਯੁਕਤ ਰਾਜ ਅਮਰੀਕਾ ਇਕੱਠਿਆਂ ਅੱਗੇ ਵਧਣ’ ਦੀ ਯੋਜਨਾ ਬਣਾਈ ਗਈ ਹੈ। ਭਾਜਪਾ ਨੇ ਅਮਰੀਕੀ ਕਾਂਗਰਸੀ ਮੈਂਬਰ ਇਲਹਾਨ ਉਮਰ ਨਾਲ ਮੁਲਾਕਾਤ ਲਈ ਰਾਹੁਲ ਦੀ ਆਲੋਚਨਾ ਕੀਤੀ, ਜਿਨ੍ਹਾਂ ਨੇ ਅਤੀਤ ’ਚ ਅਮਰੀਕੀ ਕਾਂਗਰਸ ਦੇ ਅੰਦਰ ਅਤੇ ਬਾਹਰ ਦੋਵਾਂ ਥਾਵਾਂ ’ਤੇ ਭਾਰਤ ਵਿਰੋਧੀ ਰੁਖ ਅਪਣਾਇਆ।
ਭਾਜਪਾ ਦਾ ਮੰਨਣਾ ਹੈ ਕਿ ਅਜਿਹੀਆਂ ਬੈਠਕਾਂ ਦੀ ਵਰਤੋਂ ਭਾਰਤ ਵਿਰੋਧੀ ਪ੍ਰਚਾਰ ਲਈ ਕੀਤੀ ਜਾ ਸਕਦੀ ਹੈ। ਗਾਂਧੀ ਦਾ ਦਾਅਵਾ ਹੈ ਕਿ ਉਹ ਵਿਧਾਇਕਾਂ ਦੇ ਵਫਦ ਦਾ ਹਿੱਸਾ ਸਨ ਅਤੇ ਉਹ ਵਫਦ ਨਾਲ ਮਿਲਣ ਤੋਂ ਕਿਵੇਂ ਨਾਂਹ ਕਰ ਸਕਦੇ ਸਨ? ਉਨ੍ਹਾਂ ਨੇ ਭਾਰਤ ਬਾਰੇ ਬੇਬਾਕੀ ਨਾਲ ਆਪਣੀ ਰਾਏ ਸਾਂਝੀ ਕੀਤੀ। ਭਾਜਪਾ ਦਾ ਦਾਅਵਾ ਹੈ ਕਿ ਰਾਹੁਲ ਨੇ ਵਿਦੇਸ਼ ’ਚ ਭਾਸ਼ਣ ਦਿੰਦਿਆਂ ਹਰ ਮੁੱਦੇ ’ਤੇ ਗਲਤ ਅਤੇ ਗੁੰਮਰਾਹ ਕਰਨ ਵਾਲੇ ਬਿਆਨ ਦਿੱਤੇ।
ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਨੇ ਵੀ ਅਜਿਹਾ ਹੀ ਕੀਤਾ ਅਤੇ ਦਾਅਵਾ ਕੀਤਾ ਕਿ ਕਾਂਗਰਸ ਨੇ ਉਨ੍ਹਾਂ ਦੇ ਵਿਦੇਸ਼ੀ ਦੌਰਿਆਂ ਦੌਰਾਨ ਦੇਸ਼ ਲਈ ਕੁਝ ਨਹੀਂ ਕੀਤਾ। ਰਾਹੁਲ ਨੇ ਅਖੀਰ ’ਚ ਸਪੱਸ਼ਟ ਕੀਤਾ ਕਿ ਭਾਰਤ ’ਚ ਲੋਕਤੰਤਰ ਦੀ ਲੜਾਈ ਇਕ ਭਾਰਤੀ ਲੜਾਈ ਹੈ। ਇਸ ਦਾ ਕਿਸੇ ਹੋਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਿਊਰੀ ਇਸ ’ਤੇ ਵਿਚਾਰ ਨਹੀਂ ਕਰ ਰਹੀ ਕਿ ਰਾਹੁਲ ਨੇ ਲਾਲ ਰੇਖਾ ਪਾਰ ਕੀਤੀ ਹੈ ਜਾਂ ਨਹੀਂ। ਭਾਜਪਾ ਦੀ ਇਸ ਗੱਲ ’ਚ ਕੁਝ ਦਮ ਹੈ ਕਿ ਗੰਦੇ ਲਿਨਨ ਨੂੰ ਵਿਦੇਸ਼ ’ਚ ਨਹੀਂ ਧੋਣਾ ਚਾਹੀਦਾ ਪਰ ਇਹ ਰੇਖਾ ਦੋਵਾਂ ਧਿਰਾਂ ਲਈ ਚੰਗੀ ਹੈ।