‘ਇਹ ਹੈ ਭਾਰਤ ਦੇਸ਼ ਅਸਾਡਾ’ ਓਹ... ਤਾਰ-ਤਾਰ ਹੁੰਦੇ ਇਹ ਰਿਸ਼ਤੇ!
Thursday, Aug 28, 2025 - 07:03 AM (IST)

ਕਿਸੇ ਸਮੇਂ ਸਾਡੀ ਪ੍ਰਾਚੀਨ ਸੱਭਿਅਤਾ, ਸੰਸਕ੍ਰਿਤੀ ਅਤੇ ਉੱਚ ਸੰਸਕਾਰਾਂ ਦੇ ਕਾਰਨ ਮਾਰਗਦਰਸ਼ਨ ਲਈ ਸਾਰਾ ਵਿਸ਼ਵ ਭਾਰਤੀ ਗੁਰੂਆਂ ਦੀ ਪਨਾਹ ’ਚ ਆਉਣ ’ਚ ਮਾਣ ਮਹਿਸੂਸ ਕਰਦਾ ਸੀ ਪਰ ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿਸ ਕਦਰ ਦੂਰ ਹੋ ਗਏ ਹਾਂ, ਇਹ ਪਿਛਲੇ 3 ਹਫਤਿਆਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 9 ਅਗਸਤ ‘ਔਰੈਯਾ’ (ਉੱਤਰ ਪ੍ਰਦੇਸ਼) ਦੇ ‘ਬਿਧੁਨਾ’ ਪਿੰਡ ’ਚ ਰੱਖੜੀ ਵਾਲੇ ਦਿਨ ਇਕ 14 ਸਾਲਾ ਬੱਚੀ ਨਾਲ ਜਬਰ-ਜ਼ਨਾਹ ਤੋਂ ਬਾਅਦ ਹੱਤਿਆ ਕਰ ਦੇਣ ਦੇ ਦੋਸ਼ ’ਚ ਉਸ ਦੇ ਹੀ ਚਚੇਰੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ।
* 10 ਅਗਸਤ ਨੂੰ ‘ਅਮੇਠੀ’ (ਉੱਤਰ ਪ੍ਰਦੇਸ਼) ਦੇ ‘ਜਗਦੀਸ਼ਪੁਰ’ ਵਿਚ ਵਿਵਾਦ ਦੌਰਾਨ ਇਕ ਔਰਤ ਨੇ ਤੇਜ਼ ਹਥਿਆਰ ਨਾਲ ਅਾਪਣੇ ਪਤੀ ਦਾ ਗੁਪਤ ਅੰਗ ਕੱਟ ਦਿੱਤਾ।
*10 ਅਗਸਤ ਨੂੰ ਹੀ ‘ਖਰਗੌਨ’ (ਮੱਧ ਪ੍ਰਦੇਸ਼) ਦੇ ‘ਮਹੇਸ਼ਵਰ’ ਵਿਚ ਇਕ ਪਿਤਾ ਨੂੰ ਅਾਪਣੀ ਨਾਬਾਲਿਗ ਬੇਟੀ ਨਾਲ ਬਲਾਤਕਾਰ ਕਰ ਕੇ ਉਸ ਨੂੰ ਗਰਭਵਤੀ ਕਰਨ ਅਤੇ ਫਿਰ ਉਸ ਦੀ ਨਵਜਾਤ ਬੱਚੀ ਨੂੰ ਝਾੜੀਅਾਂ ’ਚ ਸੁੱਟਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਨਾਬਾਲਿਗ ਲੜਕੀ ਅਤੇ ਮਾਸੂਮ ਬੱਚੀ ਦੇ ਨਾਲ ਹੋਈ ਦਰਿੰਦਗੀ ਅਤੇ ਹੈਵਾਨੀਅਤ ਜਾਣ ਕੇ ਸਾਰਿਅਾਂ ਦੀ ਰੂਹ ਕੰਬ ਗਈ।
* 17 ਅਗਸਤ ਨੂੰ ‘ਨਵੀਂ ਦਿੱਲੀ’ ਵਿਚ ਇਕ ਕਲਯੁਗੀ ਬੇਟੇ ਨੇ ਅਾਪਣੀ ਬਜ਼ੁਰਗ ਮਾਂ ਦੇ ਨਾਲ ਨਾ ਸਿਰਫ ਕੁੱਟਮਾਰ ਕੀਤੀ ਸਗੋਂ ਉਸ ਦੇ ਨਾਲ ਜਬਰ-ਜ਼ਨਾਹ ਵੀ ਕਰ ਦਿੱਤਾ।
* 17 ਅਗਸਤ ਨੂੰ ਹੀ ‘ਜਲੰਧਰ’ (ਪੰਜਾਬ) ’ਚ ਪਿੰਡ ‘ਡੱਲਾ’ ਦੇ ਇਕ ਜੋੜੇ ਨੇ ਅਾਪਣੀ 6 ਮਹੀਨੇ ਦੀ ਦੋਹਤੀ ਦੀ ਹੱਤਿਆ ਕਰ ਦਿੱਤੀ।
* 18 ਅਗਸਤ ਨੂੰ ‘ਸਿਰਮੌਰ’ (ਹਿਮਾਚਲ ਪ੍ਰਦੇਸ਼) ਜ਼ਿਲੇ ਦੇ ‘ਚਦੇਚ’ ਪਿੰਡ ’ਚ ਨਸ਼ੇ ਦੇ ਆਦੀ ਇਕ ਨੌਜਵਾਨ ‘ਪੁਸ਼ਪ ਕੁਮਾਰ’ ਨੇ ਅਾਪਣੀ ਮਾਂ ‘ਜਯੰਤੀ ਦੇਵੀ’ ਉੱਤੇ ਪਹਿਲਾਂ ਤਾਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਫਿਰ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।
* 19 ਅਗਸਤ ਨੂੰ ‘ਬਠਿੰਡਾ’ (ਪੰਜਾਬ) ਦੇ ਪਿੰਡ ‘ਪੱਕਾ ਕਲਾਂ’ ਵਿਚ ‘ਜਗਸੀਰ ਸਿੰਘ’ ਨਾਂ ਦੇ ਇਕ ਵਿਅਕਤੀ ਨੇ ਘਰੇਲੂ ਕਲੇਸ਼ ਦੇ ਕਾਰਨ ਅਾਪਣੀ ਪਤਨੀ ‘ਜਸਪ੍ਰੀਤ ਕੌਰ’ ਉੱਤੇ ਤਾਬੜਤੋੜ ਤਿੰਨ ਗੋਲੀਅਾਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ।
* 19 ਅਗਸਤ ਨੂੰ ਹੀ ‘ਸ਼੍ਰੀਨਗਰ’ (ਜੰਮੂ ਕਸ਼ਮੀਰ) ਵਿਚ ਮਾਮੂਲੀ ਕਲੇਸ਼ ਦੌਰਾਨ ਇਕ 17 ਸਾਲਾ ਲੜਕੀ ਨੂੰ ਗੁੱਸੇ ’ਚ ਆਪਣੀ 14 ਸਾਲਾ ਭੈਣ ਦੀ ਹੱਤਿਆ ਕਰਨ ਦੇ ਦੋਸ਼ ’ਚ ਹਿਰਾਸਤ ’ਚ ਲਿਆ ਗਿਆ।
* 21 ਅਗਸਤ ਨੂੰ ‘ਪਾਨੀਪਤ’ (ਹਰਿਆਣਾ) ’ਚ ਅਾਪਣੇ ਵੱਡੇ ਭਰਾ ਨੂੰ ਉਸ ਦੀ ਨਸ਼ੇ ਦੀ ਲਤ ਤੋਂ ਪ੍ਰੇਸ਼ਾਨ ਛੋਟੇ ਭਰਾ ਨੇ ਮਾਰ ਦਿੱਤਾ।
* 21 ਅਗਸਤ ਨੂੰ ਹੀ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਦਾਜ ਦੇ ਲਈ ਇਕ ਦਾਜ ਦੇ ਲੋਭੀ ਵਿਅਕਤੀ ਨੇ ਬੇਟੇ ਦੇ ਸਾਹਮਣੇ ਅਾਪਣੀ ਪਤਨੀ ਨੂੰ ਜ਼ਿੰਦਾ ਸਾੜ ਦਿੱਤਾ।
* 21 ਅਗਸਤ ਨੂੰ ਹੀ ‘ਅਗਰਤਲਾ’ (ਤ੍ਰਿਪੁਰਾ) ’ਚ ‘ਸੁਮਿਤਰਾ’ ਨਾਂ ਦੀ ਔਰਤ ਨੇ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਅਾਪਣੇ ਪਤੀ ’ਤੇ ਤੇਜ਼ਾਬ ਸੁੱਟ ਕੇ ਉਸ ਨੂੰ ਸਾੜ ਦਿੱਤਾ।
* 22 ਅਗਸਤ ਨੂੰ ‘ਬਿਜਨੌਰ’ ਉੱਤਰ ਪ੍ਰਦੇਸ਼ ’ਚ ਅੰਤਰੰਗ ਸਬੰਧ ਬਣਾਉਣ ਦੇ ਦੌਰਾਨ ਇਕ ਨਵੀਂ ਵਿਆਹੀ ਔਰਤ ਨੇ ਅਾਪਣਾ ਮੂਡ ਵਿਗੜ ਜਾਣ ਦੇ ਕਾਰਨ ਬਲੇਡ ਨਾਲ ਅਾਪਣੇ ਪਤੀ ਦੇ ਗੁਪਤ ਅੰਗ ’ਤੇ ਵਾਰ ਕਰ ਦਿੱਤੇ। ਚੀਕਾਂ ਸੁਣ ਕੇ ਪਹੁੰਚੇ ਨੌਜਵਾਨ ਦੇ ਪਿਤਾ ਅਤੇ ਹੋਰ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ।
* 24 ਅਗਸਤ ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਉਸ ਦੀ ਲਾਸ਼ ਦੇ ਕਈ ਟੁਕੜੇ ਕਰ ਦਿੱਤੇ। ਮ੍ਰਿਤਕਾ ਦੇ ਸਰੀਰ ਦੇ ਕੁਝ ਟੁਕੜੇ ਮੁਲਜ਼ਮ ਦੇ ਮਕਾਨ ਦੇ ਅੰਦਰ ਖਿਲਰੇ ਹੋਏ ਪਾਏ ਗਏ ਜਦਕਿ ਕੁਝ ਟੁਕੜੇ ਉਸ ਨੇ ਇਕ ਨਦੀ ’ਚ ਸੁੱਟ ਦਿੱਤੇ ਸਨ।
* 24 ਅਗਸਤ ਨੂੰ ਹੀ ‘ਖਰਗੌਨ’ (ਮੱਧ ਪ੍ਰਦੇਸ਼) ’ਚ ਇਕ ਵਿਅਕਤੀ ਨੇ ਆਪਣੀ ਨਵੀਂ ਵਿਆਹੀ ਪਤਨੀ ਦੇ ਸਰੀਰ ਨੂੰ ਕਈ ਜਗ੍ਹਾ ਇਹ ਕਹਿ ਕੇ ਗਰਮ ਚਾਕੂ ਨਾਲ ਦਾਗ ਦਿੱਤਾ ਕਿ ਉਹ ਸੋਹਣੀ ਨਹੀਂ ਹੈ।
ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੇ ਮਨੁੱਖ ਦੇ ਪਤਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦੀਅਾਂ ਉਕਤ ਘਟਨਾਵਾਂ ਇਸ ਕੌੜੇ ਤੱਥ ਵੱਲ ਇਹ ਇਸ਼ਾਰਾ ਕਰਦੀਅਾਂ ਹਨ ਕਿ ਅੱਜ ਅਸੀਂ ਆਪਣੀਆਂ ਪ੍ਰਾਚੀਨ ਨੈਤਿਕ ਕਦਰਾਂ-ਕੀਮਤਾਂ ਤੋਂ ਕਿਸ ਕਦਰ ਹੇਠਾਂ ਡਿੱਗ ਗਏ ਹਾਂ ਅਤੇ ਰਿਸ਼ਤੇ ਕਿਸ ਕਦਰ ਤਾਰ-ਤਾਰ ਕੀਤੇ ਜਾ ਰਹੇ ਹਨ।
–ਵਿਜੇ ਕੁਮਾਰ