ਭਾਰਤ ਰਤਨ ਅਟਲ ਬਿਹਾਰੀ ਵਾਜਪਾਈ-ਜਨਮ ਦਿਨ ’ਤੇ ਵਿਸ਼ੇਸ਼

12/25/2020 2:22:44 AM

ਪ੍ਰਭਾਤ ਝਾਅ
ਸਾਬਕਾ ਰਾਜ ਸਭਾ ਮੈਂਬਰ

ਇਕ ਸੁਰ ’ਚ ਸਾਰੇ ਕਹਿੰਦੇ ਸਨ, ਅਟਲ ਜੀ ਵਰਗਾ ਕੋਈ ਨਹੀਂ।

ਪਿਛਲੇ 7 ਦਹਾਕਿਆਂ ਦੀ ਸਿਆਸਤ ’ਚ ਭਾਰਤ ’ਚ ਇਕ ਸ਼ਖਸੀਅਤ ਉੱਭਰੀ ਅਤੇ ਦੇਸ਼ ਨੇ ਉਸ ਨੂੰ ਸਹਿਜ ਪ੍ਰਵਾਨ ਕਰ ਲਿਆ। ਜਿਸ ਤਰ੍ਹਾਂ ਇਤਿਹਾਸ ਵਾਪਰਦਾ ਹੈ, ਰਚਿਆ ਨਹੀਂ ਜਾਂਦਾ, ਉਸੇ ਤਰ੍ਹਾਂ ਨੇਤਾ ਕੁਦਰਤ ਵਲੋਂ ਮਿਲਿਆ ਪ੍ਰਸ਼ਾਦ ਹੁੰਦਾ ਹੈ, ਉਹ ਬਣਾਇਆ ਨਹੀਂ ਜਾਂਦਾ ਸਗੋਂ ਪੈਦਾ ਹੁੰਦਾ ਹੈ। ਕੁਦਰਤ ਦੀ ਅਜਿਹੀ ਹੀ ਇਕ ਰਚਨਾ ਦਾ ਨਾਂ ਹੈ ਸ਼੍ਰੀ ਅਟਲ ਬਿਹਾਰੀ ਵਾਜਪਾਈ।

ਅਟਲ ਜੀ ਦੇ ਜੀਵਨ ’ਤੇ, ਵਿਚਾਰ ’ਤੇ, ਕਾਰਜਸ਼ੈਲੀ ’ਤੇ, ਵਿਰੋਧੀ ਧਿਰ ਦੇ ਨੇਤਾ ਦੇ ਰੂਪ ’ਚ, ਭਾਰਤ ਦੇ ਲੋਕ ਨੇਤਾ ਦੇ ਰੂਪ ’ਚ, ਵਿਦੇਸ਼ ਨੀਤੀ ’ਤੇ, ਸੰਸਦੀ ਜੀਵਨ ’ਤੇ, ਉਨ੍ਹਾਂ ਦੀ ਵਾਕ ਸ਼ੈਲੀ ’ਤੇ, ਉਨ੍ਹਾਂ ਦੀ ਕਾਵਿਕ ਰੂਪੀ ਸ਼ਖਸੀਅਤ ’ਤੇ, ਉਨ੍ਹਾਂ ਦੇ ਰਸਭਰੇ ਜੀਵਨ ’ਤੇ, ਲੋਕਾਂ ’ਤੇ ਅਮਿਟ ਛਾਪ, ਉਨ੍ਹਾਂ ਦੇ ਫਰਜ਼ਾਂ ’ਤੇ ਇਕ ਨਹੀਂ ਅਨੇਕਾਂ ਲੋਕ ਖੋਜ ਕਰ ਰਹੇ ਹਨ। ਅੱਜ ਜੋ ਸਿਆਸਤਦਾਨ ਦੇਸ਼ ’ਚ ਹਨ, ਉਨ੍ਹਾਂ ’ਚ ਜੇਕਰ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੇਤਾ ਨੂੰ ਕਿਸੇ ਵੀ ਸਮੇਂ ਆਮ ਜਿਹਾ ਸਵਾਲ ਕੀਤਾ ਜਾਵੇ ਕਿ ਉਨ੍ਹਾਂ ਨੂੰ ਅਟਲ ਜੀ ਕਿਹੋ ਜਿਹੇ ਲੱਗਦੇ ਸਨ? ਤਾਂ ਸਰਵ ਪਾਰਟੀ ਭਾਵ ਤੋਂ ਇਕ ਹੀ ਉੱਤਰ ਆਵੇਗਾ, ‘ਉਨ੍ਹਾਂ ਵਰਗਾ ਕੋਈ ਨਹੀਂ ਸੀ।’’

‘ਭਾਰਤ ਰਤਨ’ ਅਟਲ ਬਿਹਾਰੀ ਵਾਜਪਾਈ ਇਕ ਵਾਰ 13 ਦਿਨ, ਦੂਸਰੀ ਵਾਰ 13 ਮਹੀਨੇ ਅਤੇ ਤੀਸਰੀ ਵਾਰ ਸਾਢੇ 4 ਸਾਲ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਅਟਲ ਜੀ ਪ੍ਰਧਾਨ ਮੰਤਰੀ ਬਣਨ ਇਹ ਸਿਰਫ ਭਾਜਪਾ ਦੀ ਨਹੀਂ ਸਗੋਂ ਪੂਰੇ ਭਾਰਤ ਦੀ ਇੱਛਾ ਸੀ। ਵਰ੍ਹਿਅਾਂ ਤਕ ਵਿਰੋਧੀ ਧਿਰ ਦੇ ਨੇਤਾ ਰਹਿੰਦੇ ਹੋਏ ਭਾਰਤ ਦਾ ਕਈ ਵਾਰ ਦੌਰਾ ਕੀਤਾ। ਦੌਰੇ ਦੌਰਾਨ ਆਪਣੀ ਬੋਲ-ਬਾਣੀ ਨਾਲ ਹਰੇਕ ਭਾਰਤੀ ਨੂੰ ਜਿਥੇ ਜੋੜਿਆ ਅਤੇ ਭਾਰਤ ਨੂੰ ਸਮਝਿਆ, ਉਥੇ ਹੀ ਸਦਨ ਦੇ ਅੰਦਰ ਸੱਤਾ ’ਤੇ ਬੈਠੇ ਲੋਕਾਂ ’ਤੇ ਮਾਂ ਭਾਰਤੀ ਦੇ ਪਹਿਰੇਦਾਰ ਬਣ ਕੇ ਹਮੇਸ਼ਾ ਉਨ੍ਹਾਂ ਦੀਅਾਂ ਗਲਤੀਅਾਂ ਨੂੰ ਦੇਸ਼ ਦੇ ਸਾਹਮਣੇ ਰੱਖਦੇ ਰਹੇ। ਭਾਰਤ ਦੀ ਸਿਆਸਤ ’ਚ ਵਿਰੋਧੀ ਧਿਰ ’ਚ ਰਹਿੰਦੇ ਹੋਏ ਜਿੰਨੇ ਪ੍ਰਸਿੱਧ ਅਤੇ ਹਰਮਨਪਿਆਰੇ ਅਟਲ ਜੀ ਰਹੇ, ਪ੍ਰਧਾਨ ਮੰਤਰੀ ਰਹਿੰਦਿਅਾਂ ਹੋਇਆਂ ਵੀ ਪੰ. ਜਵਾਹਰ ਲਾਲ ਨਹਿਰੂ ਓਨੇ ਪ੍ਰਸਿੱਧ ਨਹੀਂ ਹੋਏ। ਅਟਲ ਜੀ ਦੇ ਆਚਰਨ ਅਤੇ ਵਚਨ ’ਚ ਲੈਅਬੱਧਤਾ ਅਤੇ ਇਕਸਾਰਤਾ ਸੀ। ਉਹ ਜਦੋਂ ਤਕ ਸਦਨ ’ਚ ਵਿਰੋਧੀ ਧਿਰ ਜਾਂ ਸੱਤਾ ’ਚ ਰਹੇ ਤਦ ਤਕ ਸਦਨ ਦੇ ‘ਸਿਆਸੀ ਹੀਰੋ’ ਅਟਲ ਜੀ ਹੀ ਰਹੇ। ਇਸ ਗੱਲ ਨੂੰ ਅਸੀਂ ਨਹੀਂ ਸਗੋਂ ਤਤਕਾਲੀਨ ਕਈ ਸੀਨੀਅਰ ਨੇਤਾ ਖੁਦ ਕਹਿੰਦੇ ਸਨ।

‘ਅਟਲ ਜੀ’ ਸਨ ਤਾਂ ਜਨਸੰਘ ਅਤੇ ਅੱਗੇ ਭਾਜਪਾ ਦੇ ਪਰ ਉਨ੍ਹਾਂ ਨੂੰ ਸਾਰੀਅਾਂ ਪਾਰਟੀਅਾਂ ਦੇ ਲੋਕ ਅਾਪਣਾ ਮੰਨਦੇ ਸਨ। ਉਨ੍ਹਾਂ ਦੀ ਸਮਝਦਾਰੀ ਇਸੇ ਤੋਂ ਪਤਾ ਲੱਗ ਜਾਂਦੀ ਹੈ ਕਿ ਉਨ੍ਹਾਂ ਨੂੰ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਕਾਂਗਰਸ ਦੇ ਨੇਤਾ ਪੀ. ਵੀ. ਨਰਸਿਮ੍ਹਾ ਰਾਓ ਨੇ ਸੰਨ 1994 ’ਚ ਵਿਰੋਧੀ ਧਿਰ ਦੇ ਨੇਤਾ ਰਹਿੰਦੇ ਹੋਏ ਜੇਨੇਵਾ ’ਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ’ਚ ਭਾਰਤ ਦੇ ਵਫਦ ਦੇ ਨੇਤਾ ਦੇ ਰੂਪ ’ਚ ਭੇਜਿਆ ਸੀ। ਅਟਲ ਜੀ ਨੇ ਕਵੀ ਹਿਰਦੇ ਅਤੇ ਨਿਧੜਕ ਪੱਤਰਕਾਰ ਰਹਿੰਦੇ ਹੋਏ ਆਪਣੇ ਕਾਰਜਕਾਲ ’ਚ ਜੋ ਇਤਿਹਾਸਕ ਅਤੇ ਸਖਤ ਫੈਸਲੇ ਲਏ, ਉਨ੍ਹਾਂ ਨੂੰ ਭਾਰਤ ਦੇ ਸਿਆਸੀ ਜੀਵਨ ਦਰਸ਼ਨ ’ਚ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸੰਯੁਕਤ ਰਾਸ਼ਟਰ ਸੰਘ ’ਚ ਹਿੰਦੀ ’ਚ ਭਾਸ਼ਣ

ਸੰਨ 1977 ’ਚ ਐਮਰਜੈਂਸੀ ਹਟਣ ਤੋਂ ਬਾਅਦ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ, ਉਦੋਂ ਤਤਕਾਲੀਨ ਪ੍ਰਧਾਨ ਮੰਤਰੀ ਮੋਰਾਰਜੀ ਭਾਈ ਦੇਸਾਈ ਨੇ ਉਨ੍ਹਾਂ ਨੂੰ ਆਪਣੀ ਕੈਬਨਿਟ ’ਚ ਵਿਦੇਸ਼ ਮੰਤਰੀ ਬਣਾਇਆ ਸੀ। ਉਸ ਦੌਰਾਨ ਦੀ ਇਕ ਘਟਨਾ ਅੱਜ ਵੀ ਭਾਰਤ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਲੋਕਾਂ ਦੇ ਮਨਾਂ ’ਚ ਤਾਜ਼ਾ ਹੈ। ਸੰਯੁਕਤ ਰਾਸ਼ਟਰ ਸੰਘ ’ਚ ਜਦੋਂ ਵਿਦੇਸ਼ ਮੰਤਰੀ ਦੇ ਨਾਤੇ ਅਟਲ ਜੀ ਪਹੁੰਚੇ ਅਤੇ ਭਾਰਤ ਦੀ ਰਾਸ਼ਟਰ ਭਾਸ਼ਾ ਹਿੰਦੀ ’ਚ ਸੰਬੋਧਨ ਕੀਤਾ ਤਾਂ ਪੂਰਾ ਭਾਰਤ ਝੂਮ ਉੱਠਿਆ ਸੀ। ਉਹ ਜਦੋਂ ਜਿਥੇ ਅਤੇ ਜਿਵੇਂ ਵੀ ਰਹੇ, ਭਾਰਤ ਦੀ ਮਰਿਆਦਾ ਅਤੇ ਭਾਰਤ ਮਾਤਾ ਨੂੰ ਮਾਣਮੱਤੀ ਬਣਾਉਣ ਦਾ ਕੰਮ ਕੀਤਾ।

‘ਪੋਖਰਣ ਧਮਾਕਾ’

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਮੰਨਣਾ ਸੀ ਕਿ ਸਾਨੂੰ ਸਾਡੀ ਸੁਰੱਖਿਆ ਦਾ ਪੂਰਾ ਅਧਿਕਾਰ ਹੈ। ਇਸ ਦੇ ਤਹਿਤ ਮਈ 1998 ’ਚ ਭਾਰਤ ਨੇ ਪੋਖਰਣ ’ਚ ਪ੍ਰਮਾਣੂ ਪ੍ਰੀਖਣ ਕੀਤਾ ਸੀ। ਇਹ 1974 ਤੋਂ ਬਾਅਦ ਭਾਰਤ ਦਾ ਪਹਿਲਾ ਪ੍ਰਮਾਣੂ ਪ੍ਰੀਖਣ ਸੀ। 11 ਮਈ 1998 ਭਾਵ ਅੱਜ ਤੋਂ 22 ਸਾਲ ਪਹਿਲਾਂ ਰਾਜਸਥਾਨ ਦੇ ਪੋਖਰਣ ’ਚ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਧਰਤੀ ਹਿੱਲ ਉੱਠੀ। ਇਹ ਕੋਈ ਭੂਚਾਲ ਨਹੀਂ ਸੀ, ਸਗੋਂ ਹਿੰਦੁਸਤਾਨ ਦੇ ਸ਼ੌਰਿਆ ਦੀ ਧਮਕ ਸੀ ਅਤੇ ਭਾਰਤ ਦੇ ਪ੍ਰਮਾਣੂ ਧਮਾਕੇ ਦੀ ਗੂੰਜ ਸੀ। ਇਸ ਪ੍ਰੀਖਣ ਨਾਲ ਭਾਰਤ ਇਕ ਮਜ਼ਬੂਤ ਅਤੇ ਤਾਕਤਵਰ ਦੇਸ਼ ਦੇ ਰੂਪ ’ਚ ਦੁਨੀਆ ਦੇ ਸਾਹਮਣੇ ਉੱਭਰਿਆ। ਦੁਨੀਆ ਦੀਅਾਂ ਪ੍ਰਤੀਕਿਰਿਆਵਾਂ ਸੁਭਾਵਿਕ ਸਨ ਪਰ ਹੁਣ ਭਾਰਤ ਦੇ ਪ੍ਰਮਾਣੂ ਮਹਾਸ਼ਕਤੀ ਬਣਨ ਦਾ ਰਾਹ ਪੱਧਰਾ ਹੋ ਚੁੱਕਾ ਸੀ ਅਤੇ ਉਹ ਦਿਨ ਲੱਦਣ ਜਾ ਰਹੇ ਸਨ ਜਦੋਂ ਪ੍ਰਮਾਣੂ ਕਲੱਬ ’ਚ ਬੈਠੇ 5 ਦੇਸ਼ ਆਪਣੀਅਾਂ ਅੱਖਾਂ ਦੇ ਇਸ਼ਾਰੇ ਨਾਲ ਦੁਨੀਆ ਦੀ ਤਕਦੀਰ ਨੂੰ ਬਦਲਦੇ ਸਨ। ਪੋਖਰਣ ਨੇ ਸਾਨੂੰ ਦੁਨੀਆ ਦੇ ਸਾਹਮਣੇ ਸੀਨਾ ਤਾਣ ਕੇ ਚੱਲਣ ਦੀ ਹਿੰਮਤ ਦਿੱਤੀ, ਹੌਸਲਾ ਦਿੱਤਾ।

ਲਾਹੌਰ ਬੱਸ ਸੇਵਾ ਦੀ ਸ਼ੁਰੂਆਤ

ਅਟਲ ਜੀ ਹਮੇਸ਼ਾ ਪਾਕਿਸਤਾਨ ਨਾਲ ਚੰਗੇ ਸਬੰਧਾਂ ਦੀ ਗੱਲ ਕਰਦੇ ਸਨ। ਉਨ੍ਹਾਂ ਨੇ ਪਹਿਲ ਕਰਦੇ ਹੋਏ ਦੋਵਾਂ ਦੇਸ਼ਾਂ ਦਰਮਿਆਨ ਸਬੰਧ ਸੁਧਾਰਨ ਦੀ ਦਿਸ਼ਾ ’ਚ ਕੰਮ ਕੀਤਾ।

ਅਟਲ ਬਿਹਾਰੀ ਵਾਜਪਾਈ ਦੇ ਹੀ ਕਾਰਜਕਾਲ ’ਚ ਫਰਵਰੀ, 1999 ’ਚ ਦਿੱਲੀ-ਲਾਹੌਰ ਬੱਸ ਸੇਵਾ ਦੀ ਸ਼ੁਰੂਆਤ ਹੋਈ ਸੀ। ਪਹਿਲੀ ਬੱਸ ਸੇਵਾ ਰਾਹੀਂ ਉਹ ਖੁਦ ਲਾਹੌਰ ਗਏ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲ ਕੇ ਲਾਹੌਰ ਦਸਤਾਵੇਜ਼ ’ਤੇ ਹਸਤਾਖਰ ਕੀਤੇ। ਵਾਜਪਾਈ ਜੀ ਆਪਣੀ ਇਸ ਲਾਹੌਰ ਯਾਤਰਾ ਦੌਰਾਨ ਮੀਨਾਰ-ਏ-ਪਾਕਿਸਤਾਨ ਵੀ ਗਏ।

ਤਦ ਤਕ ਭਾਰਤ ਦਾ ਕੋਈ ਵੀ ਕਾਂਗਰਸੀ ਪ੍ਰਧਾਨ ਮੰਤਰੀ ਮੀਨਾਰ-ਏ-ਪਾਕਿਸਤਾਨ ਜਾਣ ਦੀ ਦਲੇਰੀ ਨਹੀਂ ਕਰ ਸਕਿਆ ਸੀ। ਮੀਨਾਰ-ਏ-ਪਾਕਿਸਤਾਨ ਉਹ ਥਾਂ ਹੈ ਜਿਥੇ ਪਾਕਿਸਤਾਨ ਨੂੰ ਬਣਾਉਣ ਦਾ ਮਤਾ 23 ਮਾਰਚ 1940 ਨੂੰ ਪਾਸ ਕੀਤਾ ਗਿਆ ਸੀ।

ਜਾਤੀ ਆਧਾਰਿਤ ਮਰਦਮਸ਼ੁਮਾਰੀ ’ਤੇ ਰੋਕ

1999 ’ਚ ਅਟਲ ਬਿਹਾਰੀ ਵਾਜਪਾਈ ਜੀ ਦੀ ਸਰਕਾਰ ਦੇ ਬਣਨ ਤੋਂ ਪਹਿਲਾਂ ਐੱਚ. ਡੀ. ਦੇਵੇਗੌੜਾ ਸਰਕਾਰ ਨੇ ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਵਾਉਣ ਨੂੰ ਮਨਜ਼ੂਰੀ ਦੇ ਦਿੱਤੀ ਸੀ ਜਿਸ ਦੇ ਕਾਰਨ 2001 ’ਚ ਜਾਤੀਗਤ ਮਰਦਮਸ਼ੁਮਾਰੀ ਹੋਣੀ ਸੀ।

ਮੰਡਲ ਕਮਿਸ਼ਨ ਦੀਅਾਂ ਧਾਰਾਵਾਂ ਨੂੰ ਲਾਗੂ ਕਰਨ ਦੇ ਬਾਅਦ ਦੇਸ਼ ’ਚ ਪਹਿਲੀ ਵਾਰ ਮਰਦਮਸ਼ੁਮਾਰੀ 2001 ’ਚ ਹੋਣੀ ਸੀ। ਕਮਿਸ਼ਨ ਦੀਅਾਂ ਧਾਰਾਵਾਂ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਜਾਂ ਨਹੀਂ, ਇਸ ਨੂੰ ਦੇਖਣ ਲਈ ਜਾਤੀਗਤ ਮਰਦਮਸ਼ੁਮਾਰੀ ਕਰਵਾਏ ਜਾਣ ਦੀ ਮੰਗ ਜ਼ੋਰ ਫੜ ਰਹੀ ਸੀ।

ਨਿਆਇਕ ਪ੍ਰਣਾਲੀ ਵਲੋਂ ਵਾਰ-ਵਾਰ ਤੱਥਾਂ ’ਤੇ ਆਧਾਰਿਤ ਅੰਕੜਿਅਾਂ ਨੂੰ ਹਾਸਲ ਕਰਨ ਦੀ ਗੱਲ ਕਹੀ ਜਾ ਰਹੀ ਸੀ ਤਾਂ ਕਿ ਕੋਈ ਠੋਸ ਕਾਰਜਪ੍ਰਣਾਲੀ ਬਣਾਈ ਜਾ ਸਕੇ। ਤਤਕਾਲੀਨ ਰਜਿਸਟਰਾਰ ਜਨਰਲ ਨੇ ਵੀ ਜਾਤੀਗਤ ਮਰਦਮਸ਼ੁਮਾਰੀ ਦੀ ਮਨਜ਼ੂਰੀ ਦੇ ਦਿੱਤੀ ਪਰ ਵਾਜਪਾਈ ਸਰਕਾਰ ਨੇ ਇਸ ਫੈਸਲੇ ਨੂੰ ਪਲਟ ਦਿੱਤਾ ਜਿਸ ਦੇ ਕਾਰਨ ਇਹ ਮਰਦਮਸ਼ੁਮਾਰੀ ਨਾ ਹੋ ਸਕੀ।

ਸੁਨਹਿਰੀ ਚਤੁਰਭੁਜ ਅਤੇ ਦਿਹਾਤੀ ਸੜਕ ਯੋਜਨਾ

ਪ੍ਰਧਾਨ ਮੰਤਰੀ ਦੇ ਰੂਪ ’ਚ ਅਟਲ ਬਿਹਾਰੀ ਵਾਜਪਾਈ ਨੇ ਦੇਸ਼ ਨੂੰ ਇਕ ਸੂਤਰ ’ਚ ਪਿਰੋਣ ਲਈ ਸੜਕਾਂ ਦਾ ਜਾਲ ਵਿਛਾਉਣ ਦਾ ਅਹਿਮ ਫੈਸਲਾ ਕੀਤਾ ਜਿਸ ਨੂੰ ਸੁਨਹਿਰੀ ਚਤੁਰਭੁਜ ਸੜਕ ਯੋਜਨਾ ਦਾ ਨਾਂ ਦਿੱਤਾ ਗਿਆ। ਉਨ੍ਹਾਂ ਨੇ ਚੇਨਈ, ਕੋਲਕਾਤਾ, ਦਿੱਲੀ ਅਤੇ ਮੁੰਬਈ ਨੂੰ ਜੋੜਨ ਲਈ ਸੁਨਹਿਰੀ ਚਤੁਰਭੁਜ ਸੜਕ ਯੋਜਨਾ ਲਾਗੂ ਕੀਤੀ ਜਿਸ ਦਾ ਲਾਭ ਅੱਜ ਪੂਰੇ ਦੇਸ਼ ਨੂੰ ਮਿਲ ਰਿਹਾ ਹੈ।

ਦੂਰਸੰਚਾਰ ਕ੍ਰਾਂਤੀ

ਦੇਸ਼ ’ਚ ਦੂਰਸੰਚਾਰ ਕ੍ਰਾਂਤੀ ਲਿਆਉਣ ਅਤੇ ਉਸ ਨੂੰ ਪਿੰਡ-ਪਿੰਡ ਤਕ ਪਹੁੰਚਾਉਣ ਦਾ ਸਿਹਰਾ ਅਟਲ ਬਿਹਾਰੀ ਵਾਜਪਾਈ ਨੂੰ ਹੀ ਜਾਂਦਾ ਹੈ। ਵਾਜਪਾਈ ਸਰਕਾਰ ਨੇ 1999 ’ਚ ਬੀ. ਐੱਸ. ਐੱਨ. ਐੱਲ. ਦੇ ਗਲਬੇ ਨੂੰ ਖਤਮ ਕਰ ਕੇ ਨਵੀਂ ਦੂਰਸੰਚਾਰ ਨੀਤੀ ਲਾਗੂ ਕੀਤੀ। ਨਵੀਂ ਨੀਤੀ ਦੇ ਜ਼ਰੀਏ ਲੋਕਾਂ ਨੂੰ ਸਸਤੀਅਾਂ ਕਾਲ ਦਰਾਂ ਮਿਲੀਅਾਂ ਅਤੇ ਮੋਬਾਇਲ ਦਾ ਰਿਵਾਜ ਵਧਿਆ। ਇਸ ਫੈਸਲੇ ਤੋਂ ਬਾਅਦ ਹੀ ਟੈਲੀਕਾਮ ਆਪ੍ਰੇਟਰਾਂ ਨੇ ਮੋਬਾਇਲ ਸੇਵਾ ਸ਼ੁਰੂ ਕੀਤੀ।

ਸਰਵ ਸਿੱਖਿਆ ਅਭਿਆਨ

6 ਤੋਂ 14 ਸਾਲ ਦੇ ਬੱਚਿਅਾਂ ਨੂੰ ਮੁਫਤ ਸਿੱਖਿਆ ਦੇਣ ਦੀ ਮੁਹਿੰਮ ‘ਸਰਵ ਸਿੱਖਿਆ ਅਭਿਆਨ’ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ’ਚ ਹੀ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੀ ਇਸ ਕ੍ਰਾਂਤੀਕਾਰੀ ਮੁਹਿੰਮ ਨਾਲ ਸਾਖਰਤਾ ਅਤੇ ਸਿੱਖਿਆ ਦਰ ’ਚ ਸ਼ਾਨਦਾਰ ਤੌਰ ’ਤੇ ਵਾਧਾ ਹੋਇਆ।

ਜਦੋਂ ਡਾ. ਅਬਦੁੱਲ ਕਲਾਮ ਨੂੰ ਭਾਰਤ ਦਾ ਰਾਸ਼ਟਰਪਤੀ ਬਣਾਇਆ

ਨਹਿਰੂ ਜੀ ਦੇ ਜ਼ਮਾਨੇ ਤੋਂ ਜਨਸੰਘ ਅਤੇ ਵਰਤਮਾਨ ਦੀ ਭਾਜਪਾ ’ਤੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਧਿਰਾਂ ਨੇ ਫਿਰਕੂਪੁਣੇ ਦਾ ਦੋਸ਼ ਲਗਾਇਆ। ਅਟਲ ਜੀ ਨੇ ਮਿਜ਼ਾਈਲਮੈਨ ਵਜੋਂ ਪ੍ਰਸਿੱਧ ਵਿਗਿਆਨੀ ਡਾ. ਅਬਦੁੱਲ ਕਲਾਮ ਨੂੰ ਭਾਰਤ ਦਾ ਰਾਸ਼ਟਰਪਤੀ ਬਣਾ ਕੇ ਫਿਰਕੂਪੁਣੇ ਦਾ ਦੋਸ਼ ਲਗਾਉਣ ਵਾਲਿਅਾਂ ਨੂੰ ਕਰਾਰਾ ਜਵਾਬ ਦਿੱਤਾ।

ਅਟਲ ਜੀ ਨੇ ਕਦੇ ਵੀ ‘ਭਾਰਤ ਮਾਤਾ’ ਨੂੰ ਆਪਣੀਅਾਂ ਅੱਖਾਂ ਤੋਂ ਓਝਲ ਨਹੀਂ ਕੀਤਾ। ਉਹ ਜੀਏ ਤਾਂ ਭਾਰਤ ਮਾਂ ਦੇ ਲਈ ਅਤੇ ਮਰੇ ਵੀ ਤਾਂ ਭਾਰਤ ਮਾਂ ਦੇ ਲਈ। ਭਾਰਤ ਮਾਂ ਦੇ ਅਜਿਹੇ ਮਹਾਨ ਸਪੂਤ ਅਤੇ ਕੌਮਾਂਤਰੀ ਸ਼ਖਸੀਅਤ ਨੂੰ ਭਾਰਤ ਰਤਨ ਦੇ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਵੱਡੇ ਸਨਮਾਨ ਨਾਲ ਨਿਅਾਂ ਕੀਤਾ। ਇਸ ਦੇ ਨਾਲ ਹੀ ਜਨ-ਜਨ ’ਚ ਇਹ ਭਰੋਸਾ ਜਾਗਿਆ ਕਿ ਭਾਰਤ ’ਚ ਫਰਜ਼ ਨੂੰ ਪ੍ਰਣਾਮ ਕੀਤਾ ਜਾਂਦਾ ਹੈ। ਇੰਨਾ ਹੀ ਨਹੀਂ ਦਿੱਲੀ ’ਚ ‘ਸਦੈਵ ਅਟਲ’ ਸਮਾਧੀ ਬਣਾ ਕੇ ਸੰਪੂਰਨ ਰਾਸ਼ਟਰ ਵਲੋਂ ਜੋ ਸ਼ਰਧਾਂਜਲੀ ਦਿੱਤੀ ਗਈ, ਉਹ ਹਮੇਸ਼ਾ ਯਾਦ ਰਹੇਗੀ।


Bharat Thapa

Content Editor

Related News