ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 301 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਏ ਵਿਸ਼ੇਸ਼ ਸਮਾਗਮ
Monday, May 06, 2024 - 11:58 AM (IST)
![ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 301 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਹੋਏ ਵਿਸ਼ੇਸ਼ ਸਮਾਗਮ](https://static.jagbani.com/multimedia/2024_5image_11_53_145410706photo-2024-05-05-21-18-.jpg)
ਫਰਿਜ਼ਨੋ , ਕੈਲੇਫੋਰਨੀਆ (ਗੁਰਿੰਦਜੀਤ ਨੀਟਾ ਮਾਛੀਕੇ) : ਫਰਿਜ਼ਨੋ ਦੇ ਗੁਰਦੁਆਰਾ “ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ ਅਤੇ ਆਗੂ ਜੱਸਾ ਸਿੰਘ ਰਾਮਗੜੀਆਂ ਦੀ 301 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ। ਇਸ ਦੌਰਾਨ ਪਾਠ ਦੇ ਭੋਗ ਉਪਰੰਤ ਹਫਤਾਵਾਰੀ ਧਾਰਮਿਕ ਦੀਵਾਨ ਸਜਾਏ ਗਏ। ਜਿੰਨ੍ਹਾਂ ਦੀ ਸੁਰੂਆਤ ਗੁਰੂਘਰ ਅੰਦਰ ਚਲਾਏ ਜਾ ਰਹੇ ਪੰਜਾਬੀ ਸਕੂਲ ਦੇ ਬੱਚਿਆਂ ਨੇ ਸ਼ਬਦ ਗਾਇਨ ਕਰਨ ਨਾਲ ਕੀਤੀ। ਇਸ ਉਪਰੰਤ ਭਾਈ ਗੁਰਮੀਤ ਸਿੰਘ ਅਤੇ ਜੱਥੇ ਨੇ ਕੀਰਤਨ ਰਾਹੀ ਹਾਜ਼ਰੀ ਲਾਉਦੇ ਹੋਏ ਗੁਰਬਾਣੀ ਸਰਵਨ ਕਰਵਾਈ।
ਇਸੇ ਤਰ੍ਹਾਂ ਗੁਰੂਘਰ ਦੇ ਹਜ਼ੂਰੀ ਰਾਗੀ ਭਾਈ ਹਰਬਲਜੀਤ ਸਿੰਘ ਅਤੇ ਸਾਥੀਆਂ ਨੇ ਸੰਗਤਾਂ ਨੂੰ ਨਿਰੋਲ ਗੁਰਬਾਣੀ ਅਤੇ ਗੁਰਮਤਿ ਨਾਲ ਜੋੜਿਆ। ਇਸ ਉਪਰੰਤ ਸ. ਫੌਜਾ ਸਿੰਘ ਸਾਗਰ ਅਤੇ ਸਾਥੀਆਂ ਢਾਡੀ ਜੱਥੇ ਨੇ ਜੋਸੀਲੀਆਂ ਵਾਰਾ ਸੁਣਾਉਂਦੇ ਹੋਏ ਸਿੱਖ ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜੀਆਂ ਦੇ ਜੀਵਨ ਅਤੇ ਇਤਿਹਾਸ ਨੂੰ ਸਾਂਝਾ ਕੀਤਾ। ਸਟੇਜ਼ ਸਕੱਤਰ ਦੀ ਸੇਵਾ ਨਿਭਾਉਦੇ ਹੋਏ ਭਾਈ ਜਸਪਾਲ ਸਿੰਘ ਨੇ ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆਂ ਦੇ ਜੀਵਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਦਵਾਨਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਜਿੱਥੇ ਸਿੱਖ ਜਰਨੈਲ ਜੱਸਾ ਸਿੰਘ ਰਾਮਗੜੀਆਂ ਦੀ ਸਿੱਖ ਕੌਮ ਨੂੰ ਬਹਾਦਰ ਬਣਾਉਣ ਦੀ ਗੱਲ ਕੀਤੀ, ਉੱਥੇ ਸਮੂੰਹ ਪ੍ਰਬੰਧਕਾਂ ਅਤੇ ਸੰਗਤ ਦਾ ਧੰਨਵਾਦ ਵੀ ਕੀਤਾ। ਸਮੁੱਚੇ ਪ੍ਰੋਗਰਾਮ ਦੀ ਸੇਵਾ ਸ. ਰੇਸ਼ਮ ਸਿੰਘ, ਸਮੂੰਹ ਟਰੱਕਰਜ਼ ਅਤੇ ਸਹਿਯੋਗੀ ਸੰਗਤਾਂ ਵੱਲੋਂ ਨਿਭਾਈ ਗਈ। ਸਮੁੱਚੇ ਪ੍ਰੋਗਰਾਮ ਗੁਰੂ ਦੇ ਲੰਗਰ ਅਤੁੱਟ ਵਰਤੇ।