ਜਨਮ ਦਿਨ ''ਤੇ ਵਿਸ਼ੇਸ਼ : ਸੰਤ ਰਾਮ ਉਦਾਸੀ ਇਕ ਜੁਝਾਰਵਾਦੀ ਕਵੀ ਵਜੋਂ

Saturday, Apr 20, 2024 - 06:44 PM (IST)

ਜਨਮ ਦਿਨ ''ਤੇ ਵਿਸ਼ੇਸ਼ : ਸੰਤ ਰਾਮ ਉਦਾਸੀ ਇਕ ਜੁਝਾਰਵਾਦੀ ਕਵੀ ਵਜੋਂ

ਜਦ ਵੀ ਕਿਧਰੇ ਕਿਸੇ ਦੇਸ਼ ਵਿੱਚ ਇਨਕਲਾਬ ਆਇਆ ਹਮੇਸ਼ ਹੀ ਮਿਡਲ ਕਲਾਸ ਅਤੇ ਕਾਮੇ ਲੋਕਾਂ ਨੇ ਮੋਹਰੇ ਹੋ ਕੇ ਛਾਤੀ ਡਾਹੀ। ਮੌਕੇ ਦੇ ਇਨਕਲਾਬੀ ਸਾਹਿਤਕਾਰਾਂ ਨੇ ਆਪਣੀਆਂ ਰੋਹ ਅਫਜ਼ਾ ਲਿਖਤਾਂ ਨਾਲ, ਲੋਕਾਂ ਨੂੰ ਰਾਜ ਸੱਤਾ ਤਬਦੀਲੀ ਲਈ ਤੁਲ਼ ਲਾਈ।
1917 ਦੇ ਰੂਸੀ ਇਨਕਲਾਬ ਦੀ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ, ਤਦੋਂ ਦੇ ਨਾਮੀ ਉਰਦੂ ਸ਼ਾਇਰਾਂ ਨੇ 1936 ਵਿੱਚ ਭਾਰਤ ਵਿੱਚ ਤਰੱਕੀ ਪਸੰਦ ਤਹਿਰੀਕ ਦੀ ਸ਼ੁਰੂਆਤ ਕੀਤੀ। ਜਿਸ ਦਾ ਮੋਢੀ ਸਯਾਦ ਜ਼ਹੀਰ ਸੀ। ਫ਼ੈਜ਼ ਅਹਿਮਦ ਫ਼ੈਜ਼, ਮੰਟੋ, ਕੁੰਵਰ ਮੋਹਿੰਦਰ ਸਿੰਘ ਬੇਦੀ ਵਗੈਰਾ ਦਰਜਣਾਂ ਇਸ ਲਹਿਰ 'ਚ ਸ਼ੁਮਾਰ ਸਨ। ਕਮਿਊਨਿਸਟ ਵਿਚਾਰਧਾਰਾ ਦੇ ਪ੍ਰਭਾਵ ਹੇਠ ਲਿਖੀਆਂ ਗਈਆਂ ਕਵਿਤਾਵਾਂ ਨੂੰ ਪ੍ਰਗਤੀਵਾਦੀ ਕਵਿਤਾ ਦਾ ਨਾਂ ਦਿੱਤਾ ਗਿਆ। 1937 ਵਿਚ ਅੰਬਰਸਰ ਵਿਖੇ ਕੌਮੀ ਪੱਧਰ ਦੀ ਇਕ ਕਿਸਾਨ ਕਾਨਫਰੰਸ ਹੋਈ। ਇਸ ਵਿਚ ਸੰਤ ਸਿੰਘ ਸੇਖੋਂ ਦੀ ਮੁਲਾਕਾਤ ਸਯਾਦ ਜ਼ਹੀਰ ਨਾਲ ਹੋਈ। ਸੇਖੋਂ ਸਾਹਿਬ ਉਨ੍ਹਾਂ ਦੇ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ, ਪੰਜਾਬੀ ਸਾਹਿਤ 'ਚ ਪ੍ਰਗਤੀਵਾਦੀ ਸਾਹਿਤ ਦੇ ਮੋਢੀ ਬਣੇ। ਪਿੱਛੋਂ ਪ੍ਰੋਫ਼ੈਸਰ ਮੋਹਣ ਸਿੰਘ, ਅੰਮ੍ਰਿਤਾ ਪ੍ਰੀਤਮ ਵਗੈਰਾ ਦਰਜਣਾਂ ਨਾਮੀ ਲੇਖਕ ਇਸ ਲਹਿਰ ਦਾ ਹਿੱਸਾ ਹੋਏ।

1967 ਵਿੱਚ ਇਸੇ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਬਜਰੀਆ ਬੰਗਾਲ, ਪੰਜਾਬ ਵਿੱਚ ਨਕਸਲਵਾੜੀ ਲਹਿਰ ਉੱਠੀ। ਹਥਿਆਰ ਬੰਦ ਖ਼ੂਨੀ ਘੋਲ ਜ਼ਰੀਏ ਨੌਜਵਾਨਾਂ ਸਟੇਟ ਨਾਲ ਟੱਕਰ ਲਈ। ਲੋਕਾਂ 'ਚ ਰੋਹ ਜਾਗਿਆ। ਕਈ ਪੰਜਾਬੀ ਸਾਹਿਤਕਾਰ ਇਸ ਘੋਲ਼ ਤੋਂ ਪ੍ਰਭਾਵਿਤ ਹੋ ਕੇ ਇਸ ਦਾ ਹਿੱਸਾ ਬਣੇ ਅਤੇ ਆਪਣੇ ਰੋਹ ਅਫ਼ਜ਼ਾ ਸਾਹਿਤ,ਸਮਾਜਿਕ, ਆਰਥਿਕ, ਰਾਜਨੀਤਕ,ਨਾ ਬਰਾਬਰੀ, ਬੇਇਨਸਾਫ਼ੀ, ਅੱਤਿਆਚਾਰ, ਭ੍ਰਿਸ਼ਟਾਚਾਰ, ਸਾਮੰਤੀ ਤਾਕਤਾਂ ਵਿਰੁੱਧ ਜੁਝਾਰਵਾਦੀ ਸਾਹਿਤ ਜ਼ਰੀਏ ਪੰਜਾਬੀਆਂ ਨੂੰ ਵੰਗਾਰਿਆ। ਇਨ੍ਹਾਂ ਵਿਚ ਪ੍ਰਮੁੱਖ ਅਵਤਾਰ ਪਾਸ਼, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ ਵਗੈਰਾ ਦਰਜਣਾਂ ਰੋਹਵਾਦੀ ਕਵੀ ਸ਼ੁਮਾਰ ਸਨ। ਨਕਸਲਵਾਦੀ ਦੌਰ ਵਿੱਚ ਇਨਕਲਾਬੀ ਕਵੀਆਂ ਵਲੋਂ ਉਸ ਲਹਿਰ ਦੇ ਪ੍ਰਭਾਵ ਅਧੀਨ ਲਿਖੀਆਂ ਗਈਆਂ ਰੋਹ ਅਫਜ਼ਾਈ ਕਵਿਤਾਵਾਂ ਨੂੰ ਜੁਝਾਰਵਾਦੀ ਕਵਿਤਾ ਦਾ ਨਾਮ ਦਿੱਤਾ ਗਿਆ। ਅੱਜ ਇਥੇ ਅਸੀਂ ਸੰਤ ਰਾਮ ਉਦਾਸੀ ਹੋਰਾਂ ਦੀ ਜੁਝਾਰਵਾਦੀ ਕਵਿਤਾ ਦੀ ਚਰਚਾ ਕਰਾਂਗੇ। 

ਆਓ ਪਹਿਲਾਂ ਉਨ੍ਹਾਂ ਦੇ ਜੀਵਨ ਤੇ ਇਕ ਪੰਛੀ ਝਾਤ ਮਾਰੀਏ....
ਸੰਤ ਰਾਮ ਉਦਾਸੀ (20 ਅਪ੍ਰੈਲ 1939-6 ਨਵੰਬਰ 1986) ਦਾ ਜਨਮ ਪਿੰਡ ਰਾਏਸਰ -ਬਰਨਾਲਾ ਵਿੱਚ ਇਕ ਗ਼ਰੀਬ ਕਿਰਤੀ ਨਾਮਧਾਰੀ ਪਰਿਵਾਰ ਦੇ ਸ. ਮਿਹਰ ਸਿੰਘ/ਧੰਨ ਕੌਰ ਦੇ ਘਰ ਹੋਇਆ। ਮਿਹਰ ਸਿੰਘ ਦਾ ਅੱਠ ਧੀਆਂ ਪੁੱਤਰਾਂ ਦਾ ਵਡ ਪਰਿਵਾਰ ਸੀ। ਉਦਾਸੀ ਆਪਣੇ ਵਡੇਰਿਆਂ ਦੇ ਪਰਿਵਾਰਿਕ ਕਾਰਜ਼ ਸੀਰੀਪੁਣਾ ਤੋਂ ਉਪਰ ਉਠ ਕੇ ਆਜ਼ਾਦੀ ਉਪਰੰਤ ,ਸਕੂਲ ਨਾਲ ਜੁੜਿਆ। ਮੈਟ੍ਰਿਕ ਪਿੰਡ ਦੇ ਸਰਕਾਰੀ ਸਕੂਲ ਤੋਂ ਅਤੇ JBT ਕੋਰਸ ਬਖ਼ਤ ਗੜ੍ਹ ਤੋਂ ਪਾਸ ਕਰਕੇ 1961 'ਚ ਪਿੰਡ ਬੀਹਲਾ ਵਿਖੇ ਪ੍ਰਾਇਮਰੀ ਸਕੂਲ ਮਾਸਟਰ ਹੋਇਆ। ਉਪਰੰਤ ਨਸੀਬ ਕੌਰ ਨਾਲ ਸ਼ਾਦੀ ਹੋਈ। ਉਨ੍ਹਾਂ ਘਰ ਦੋ ਪੁੱਤਰ ਅਤੇ ਤਿੰਨ ਧੀਆਂ ਨੇ ਜਨਮ ਲਿਆ। ਉਹ ਬਹੁਤ ਹੀ ਖੁੱਲ੍ਹੇ ਦਿਲ ਦੇ ਮਾਲਕ ਸਨ। PAU ਲੁਧਿਆਣਾ ਵਲੋਂ ਉਨ੍ਹਾਂ ਨੂੰ ਬਾਵਾ ਬਲਵੰਤ ਪੁਰਸਕਾਰ ਅਤੇ ਇੱਕੀ ਸੌ ਰੁਪਏ ਨਕਦ ਸਤਿਕਾਰ ਭੇਂਟ ਦਿੱਤੀ। ਪ੍ਰੋਗਰਾਮ ਦੀ ਸਮਾਪਤੀ ਉਪਰੰਤ ਆਪਣੇ ਇਕ ਲੇਖਕ ਮਿੱਤਰ ਨੂੰ ਇਨਾਮ ਦੀ ਰਾਸ਼ੀ ਚੋਂ ਸੌ ਰੁਪਏ ਦਿੰਦੇ ਬੋਲੇ, "ਆਹ ਬਈ ਲੈ ਸੌ ਰੁਪਏ, ਤੇਰੇ ਬੂਟ ਟੁੱਟੇ ਆ ਨਵੇਂ ਲੈ ਲੀਂ।" ਇਕ ਦਫ਼ਾ ਇਕ ਸਾਥੀ ਲੇਖਕ ਇਨ੍ਹਾਂ ਨੂੰ ਸਕੂਲ ਮਿਲਿਆ। JBT ਦਾਖ਼ਲੇ ਦੀ ਫ਼ੀਸ ਭਰਨ ਲਈ ਪੈਸੇ ਮੰਗੇ, ਤਾਂ ਉਦਾਸੀ ਸਾਬ ਨੇ ਆਪਣੀ ਘੜੀ ਉਤਾਰ ਕੇ ਇਹ ਕਹਿੰਦਿਆਂ ਫੜਾ ਦਿੱਤੀ ਕਿ ਵੇਚ ਕੇ ਆਪਣਾ ਦਾਖ਼ਲਾ ਭਰ ਲਵੇ। ਮੌਕਾ ਮੇਲ਼ ਅਜਿਹਾ ਬਣਿਆ ਕਿ ਉਹ ਸਾਥੀ ਲੇਖਕ ਬਾਅਦ ਚ ਖ਼ੁਦ ਹੀ ਨਹੀਂ ਸਗੋਂ ਉਸ ਦੇ ਧੀਆਂ ਪੁੱਤਰ ਵੀ ਅੱਜ ਮਾਸਟਰ ਹਨ।
ਉਸ ਮਾਰਕਸਵਾਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ 1964 ਤੋਂ 1968 ਤਕ ਮਾਰਕਸ, ਏਂਗਲਜ, ਲੈਨਿਨ, ਗੋਰਕੀ, ਜੂਲੀਅਸ ਫਿਊਚਕ, ਲੂਸਨ, ਸੋਲੋਖੋਵ, ਤੁਰਗਨੇਵ ਅਤੇ ਤਾਲਸਤਾਏ ਆਦਿ ਲੇਖਕਾਂ ਦੀਆਂ ਕਿਤਾਬਾਂ ਦਾ ਅਧਿਐਨ ਵਿਗਿਆਨਿਕ ਢੰਗ ਨਾਲ ਕੀਤਾ। 1967 'ਚ ਪੰਜਾਬ ਵਿੱਚ ਨਕਸਲਵਾੜੀ ਲਹਿਰ ਚੱਲੀ ਤਾਂ ਉਨ੍ਹਾਂ ਨਾਲ ਹੋ ਜੁੜੇ। ਉਨ੍ਹਾਂ ਜਿਥੇ 1969,70,71 'ਚ ਲੱਧਾ ਕੋਠੀ ਵਗੈਰਾ ਪੁਲਿਸ ਥਾਣਿਆਂ ਵਿਖੇ ਜ਼ਬਰ ਝੱਲਿਆ, ਉਥੇ 1975 ਐਮਰਜੈਂਸੀ ਦੌਰਾਨ ਕਈ ਵਾਰ ਜੇਲ੍ਹ ਯਾਤਰਾ ਵੀ ਕੀਤੀ। ਜਬੈ ਬਾਣ ਲਾਗਿਓ-- ਤਹਿਤ ਪੁਲਿਸ ਤਸ਼ੱਦਦ ਉਨ੍ਹਾਂ ਦੀ ਕਲਮ ਨੂੰ ਮੋੜ ਨਾ ਸਕੀ ਸਗੋਂ ਉਹ ਜੁਝਾਰਵਾਦੀ ਸਾਹਿਤ ਰਚਣ ਦੇ ਨਾਲ ਨਾਲ ਨਕਸਲਵਾੜੀ ਗਤੀਵਿਧੀਆਂ ਵਿੱਚ ਵੀ ਸ਼ਰੀਕ ਹੋਏ। ਰੇਡੀਓ ਅਤੇ ਕੈਨੇਡਾ ਵਿੱਚ ਵੀ ਉਹ ਕਵੀ ਦਰਬਾਰਾਂ ਦਾ ਸ਼ਿੰਗਾਰ ਬਣੇ।
13 ਅਗਸਤ 1971 ਨੂੰ ਨਕੋਦਰ 'ਚ ਇਕ ਰਾਜ ਪੱਧਰੀ ਕਵੀ ਦਰਬਾਰ ਹੋਇਆ। ਉਸ ਵਿਚ ਉਦਾਸੀ ਨੇ ਵੀ ਆਪਣੀਆਂ ਕੁੱਝ ਜੁਝਾਰਵਾਦੀ ਕਵਿਤਾਵਾਂ ਨੂੰ ਬੁਲੰਦ ਆਵਾਜ਼ ਨਾਲ ਤਰੰਨਮ ਵਿੱਚ ਪੇਸ਼ ਕੀਤਾ। ਜਿਸ ਵਜ੍ਹਾ ਉਨ੍ਹਾਂ ਦੀ ਇਕ ਰਾਜ ਪੱਧਰੀ ਕਵੀ ਵਜੋਂ ਪਛਾਣ ਬਣੀ।
ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ: ਲਹੂ ਭਿੱਜੇ ਬੋਲ, ਚੌ-ਨੁਕਰੀਆਂ ਸੀਖਾਂ ਅਤੇ ਸੈਨਤਾਂ ਜੋ ਉਨ੍ਹਾਂ ਆਪ ਛਪਵਾਈਆਂ। ਉਦਾਸੀ ਦੀ ਮੌਤ ਤੋਂ ਬਾਅਦ
ਲਿਖਾਰੀ ਸਭਾ ਬਰਨਾਲਾ ਨੇ 'ਕੰਮੀਆਂ ਦਾ ਵਿਹੜਾ' 
ਅਤੇ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਟਰੱਸਟ ਨੇ 'ਦਿੱਲੀਏ ਦਿਆਲਾ ਵੇਖ' ਉੁਸ ਦੀ ਪਹਿਲੀ ਬਰਸੀ 'ਤੇ ਉਸ ਦੇ ਪਿੰਡ ਰਾਏਸਰ ਵਿਖੇ ਰਿਲੀਜ਼ ਕੀਤੀਆਂ।

ਉਨ੍ਹਾਂ ਦੀਆਂ ਜੁਝਾਰਵਾਦੀ ਕਵਿਤਾਵਾਂ ਦੀਆਂ ਕੁੱਝ ਵੰਨਗੀਆਂ।-
ਉਦਾਸੀ ਦੀਆਂ ਮੁਢਲੀਆਂ ਇਨਕਲਾਬੀ ਕਵਿਤਾਵਾਂ ਵਿਚੋਂ, ਕਿਰਤੀਆਂ ਦੀ ਤਲਖ਼ ਹਕੀਕਤ ਨੂੰ ਪੇਸ਼ ਕਰਦੀ ਜਿਸ ਨੇ ਪੰਜਾਬ ਦੇ ਸਮੂਹ ਕਿਰਤੀਆਂ ਨੂੰ ਨਕਸਲਵਾੜੀ ਲਹਿਰ ਦੇ ਨਜ਼ਦੀਕ ਲੈ ਆਂਦਾ। ਇਨ੍ਹਾਂ ਸਤਰਾਂ ਨੇ ਇਸ ਹਥਿਆਰਬੰਦ ਘੋਲ਼ ਅੰਦਰ ਇਕ ਨਵੀਂ ਰੂਹ ਫੂਕ ਦਿੱਤੀ-

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮੱਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ--
ਜਿੱਥੇ ਤੰਗ ਨਾ ਸਮਝਣ
ਤੰਗੀਆਂ ਨੂੰ,
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,
ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ,
ਤੂੰ ਮੱਘਦਾ ਰਹੀਂ ਵੇ ਸੂਰਜਾ, ਕੰਮੀਆਂ ਦੇ ਵੇਹੜੇ--

ਲੋਕ ਕਵੀ ਸੰਤ ਰਾਮ ਉਦਾਸੀ ਦੀ ਕਲਮ ਨੇ ਜਿਵੇਂ ਇਕ ਹਥਿਆਰ ਦਾ ਰੂਪ ਧਾਰ ਲਿਆ ਹੋਵੇ। ਸਕੂਲ,ਕਾਲਜ ਅਤੇ ਨਾਟਕੀ ਸਟੇਜਾਂ ਤੋਂ ਉਦਾਸੀ ਦੇ ਗੀਤਾਂ ਕਵਿਤਾਵਾਂ ਦੀ ਧੁੰਮ ਪੈਂਦੀ। ਬੁਲਾਰਿਆਂ ਦੇ ਨਾਲ ਨਾਲ ਸਰੋਤੇ ਵੀ ਜੋਸ਼ ਨਾਲ ਭਰ ਉਠਦੇ। ਉਨ੍ਹਾਂ ਦੇ ਡੌਲੇ ਫਰਕਦੇ, ਕਚੀਚੀਆਂ ਵੱਟਦੇ।ਇਸ ਤਰ੍ਹਾਂ ਕਾਮਰੇਡ ਬੁਲਾਰਿਆਂ ਵਲੋਂ ਮੋਰਚੇ ਲਈ ਊਰਜਾ ਤਿਆਰ ਕੀਤੀ ਜਾਂਦੀ।

ਹਾੜੀਆਂ ਦੇ ਹਾਣੀਓਂ ਵੇ ਸੌਣੀਆਂ ਦੇ ਸਾਥੀਓ ਵੇ, 
ਕਰ ਲਵੋ ਦਾਤੀਆਂ ਤਿਆਰ।
ਚੁੱਕੋ ਵੇ ਹਥੌੜਿਆਂ ਨੂੰ,ਤੋੜੋ ਹਿੱਕ ਪੱਥਰਾਂ ਦੀ,
ਅੱਜ ਸਾਨੂੰ ਲੋੜੀਂਦੇ ਅੰਗਿਆਰ। 

ਸੰਤ ਰਾਮ ਉਦਾਸੀ ਭ੍ਰਿਸ਼ਟ ਨੇਤਾਵਾਂ ਤੋਂ ਬਚਣ ਅਤੇ ਸਮੇਂ ਦੇ ਹਾਣੀ ਬਣਨ ਲਈ ਪੰਜਾਬੀਆਂ ਨੂੰ ਫਿਟਕਾਰਦਾ ਹੋਇਆ ਇੰਜ ਜਾਗਰੂਕ ਕਰਦਾ ਹੈ।-
ਲੋਕੋ ਬਾਜ ਆ ਜਾਵੋ ਝੂਠੇ ਲੀਡਰਾਂ ਤੋਂ..
ਇਨ੍ਹਾਂ ਦੇਸ ਨੂੰ ਬਿਲੇ ਲਗਾ ਛੱਡਣਾ।
ਇਨ੍ਹਾਂ ਦੇਸ਼ ਦਾ ਕੁਝ ਵੀ
ਛੱਡਿਆ ਨੀ..
ਇਨ੍ਹਾਂ ਥੋਂਨੂੰ ਵੀ ਵੇਚ ਕੇ
ਖਾ ਜਾਣਾ।

ਇਸੇ ਕਰਕੇ ਪੁਲਿਸ ਨੇ ਉਦਾਸੀ ਨੂੰ ਕਈ ਵਾਰ ਗ੍ਰਿਫ਼ਤਾਰ ਕਰਕੇ ਉਨ੍ਹਾਂ 'ਤੇ ਬੇਤਹਾਸ਼ਾ ਤਸ਼ੱਦਦ ਕੀਤਾ। ਉਦਾਸੀ ਨੂੰ ਐਮਰਜੈਂਸੀ ਦੌਰਾਨ ਜੇਲ੍ਹ ਵਿੱਚ ਬੰਦ ਕੀਤਾ ਗਿਆ ਤਾਂ ਉਨ੍ਹਾਂ ਨੇ ਜੇਲ੍ਹ ਵਿੱਚ ਬੈਠਿਆਂ ਵੀ ਕਵਿਤਾ ਲਿਖਣੀ ਜਾਰੀ ਰੱਖੀ।
ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ,
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ।
ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ 'ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ।

ਸੰਤ ਰਾਮ ਉਦਾਸੀ ਨੇ ਕਿਸਾਨ, ਮਜ਼ਦੂਰ ਦੇ ਦਰਦ ਅਤੇ ਸਾਂਝ ਨੂੰ ਹੱਡੀ-ਹੰਢਾਇਆ ਸੀ। ਉਹ ਕਿਸਾਨ-ਮਜਦੂਰ ਦੀ ਤ੍ਰਾਸਦੀ ਨੂੰ ਬਿਆਨਿਆਂ,ਇੰਜ ਹੰਝੂ ਵਹਾਉਂਦੇ ਨੇ-
ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲਾਂ ਵਿੱਚੋਂ ਨੀਰ ਵਗਿਆ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, 
ਤੂੜੀ ਵਿੱਚੋਂ ਪੁੱਤ ਜੱਗਿਆ।

ਉਦਾਸੀ ਦਾ ਵਸੀਅਤਨਾਮਾ ਵੀ ਮੁਜ਼ਾਹਰਿਆਂ, ਕੰਮੀਆਂ ਅਤੇ ਲਤਾੜਿਆਂ ਨੂੰ ਸੁਚੇਤ,ਚੰਝੋੜਨ ਅਤੇ ਉੱਠ ਕੇ ਕੁੱਝ ਕਰ ਗੁਜ਼ਰਨ ਦਾ ਰੋਹ ਭਰਿਆ ਸੁਨੇਹਾਂ ਦੇਣ ਵਾਲਾ ਸੀ।
ਉੁਦਾਸੀ ਆਪਣੀ 'ਵਸੀਅਤ' ਕਵਿਤਾ ਰਾਹੀ ਸਰੀਰ ਦੀ ਵਸੀਅਤ ਇਸ ਤਰ੍ਹਾਂ ਲਿਖ ਗਿਆ ਸੀ..
ਮੇਰੀ ਮੌਤ ਤੇ ਨਾਂ ਰੋਇਓ
ਮੇਰੀ ਸੋਚ ਨੂੰ ਬਚਾਇਓ..
ਮੇਰੇ ਲਹੂ ਦਾ ਕੇਸਰ ਰੇਤੇ 'ਚ
ਨਾ ਰਲਾਇਓ..
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇੱਕ ਵੇਰਾਂ।
ਜਦ ਜਦ ਢਲੇਗਾ ਸੂਰਜ , ਕਣ ਕਣ ਮੇਰਾ ਜਲਾਇਓ।
ਜੀਵਨ ਤੇ ਮੌਤ ਤਾਈਂ, ਆਉਂਦੇ ਬੜੇ ਚੁਰਾਹੇ।
ਜਿਸ ਦਾ ਪੰਧ ਬਿਖੇੜਾ, ਓਸੇ ਹੀ ਰਾਹ ਜਾਇਓ।

3 ਨਵੰਬਰ 1986 ਨੂੰ ਹਜ਼ੂਰ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਵੀ ਦਰਬਾਰ ਸੀ ਉਦਾਸੀ ਸਾਬ  ਵੀ ਸ਼ਮੂਲੀਅਤ ਹਿੱਤ ਗਏ। ਵਾਪਸੀ ਸਫ਼ਰ ਸਮੇਂ ਸਾਥੀ ਲੇਖਕ ਰੇਲ ਗੱਡੀ ਵਿਚ ਸੀਟ 'ਤੇ ਬੈਠ ਗਿਆ ਪਰ ਸੰਤ ਰਾਮ ਉਦਾਸੀ ਥੋੜ੍ਹੇ ਚਿਰ ਬਾਅਦ ਉਪਰਲੀ ਸੀਟ 'ਤੇ ਸੌਂ ਗਿਆ। ਮਨਵਾੜ 'ਟੇਸ਼ਣ ਤੇ ਜਦ ਲੇਖਕ ਨੇ ਉਦਾਸੀ ਨੂੰ ਉਠਾਇਆ ਤਾਂ  ਤਦੋਂ 6 ਨਵੰਬਰ 1986 ਦਾ ਦਿਨ ਸੀ। 47 ਸਾਲ ਦੀ ਉਮਰ ਵਿਚ ਉਦਾਸੀ ਇਸ ਦੁਨੀਆ ਤੋਂ ਜਾ ਚੁੱਕਿਆ ਸੀ। ਉਥੇ ਉਸ ਦੀ ਲਾਸ਼ ਨੂੰ ਉਤਾਰਿਆ ਗਿਆ। ਮਨਵਾੜ ਦੇ ਸਿੱਖਾਂ ਨੇ ਹਰ ਸੰਭਵ ਸਹਾਇਤਾ ਕੀਤੀ। ਪਰਿਵਾਰਕ ਮੈਂਬਰਾਂ ਨੂੰ ਇਤਲਾਹ ਭੇਜੀ। ਉਨ੍ਹਾਂ ਦੇ ਭਾਈ ਗੁਰਦੇਵ ਸਿੰਘ ਕੋਇਲ ਹੋਰ ਰਿਸ਼ਤੇਦਾਰ ਨਾਲ ਪਹੁੰਚੇ। ਉਥੇ ਹੀ ਦਾਹ-ਸੰਸਕਾਰ ਕਰਕੇ ਉਸ ਦੀ ਰਾਖ ਨੂੰ ਗੋਦਾਵਰੀ ਨਦੀ ਵਿਚ ਜਲ ਪ੍ਰਵਾਹ ਕਰ ਦਿੱਤਾ ਗਿਆ। ਅੱਜ ਉਸ ਮਹਾਨ ਇਨਕਲਾਬੀ ਅਤੇ ਜੁਝਾਰਵਾਦੀ ਸ਼ਾਇਰ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ।

ਸਤਵੀਰ ਸਿੰਘ ਚਾਨੀਆਂ
92569-73526


author

rajwinder kaur

Content Editor

Related News