‘ਸ਼ਹਿਬਾਜ਼ ਸ਼ਰੀਫ ਦੀਆਂ ਦੋਮੂੰਹੀਂ ਗੱਲਾਂ ਤੋਂ ਸਾਵਧਾਨ’ ‘ਸ਼ਾਂਤੀ ਵਾਰਤਾ ਦੇ ਪ੍ਰਸਤਾਵ ਦੇ ਨਾਲ ਦੇ ਰਿਹਾ ਧਮਕੀ ਵੀ’

Thursday, May 29, 2025 - 07:33 AM (IST)

‘ਸ਼ਹਿਬਾਜ਼ ਸ਼ਰੀਫ ਦੀਆਂ ਦੋਮੂੰਹੀਂ ਗੱਲਾਂ ਤੋਂ ਸਾਵਧਾਨ’ ‘ਸ਼ਾਂਤੀ ਵਾਰਤਾ ਦੇ ਪ੍ਰਸਤਾਵ ਦੇ ਨਾਲ ਦੇ ਰਿਹਾ ਧਮਕੀ ਵੀ’

ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵਲੋਂ ਪਹਿਲਗਾਮ ’ਚ 22 ਅਪ੍ਰੈਲ ਨੂੰ ਕੀਤੇ ਗਏ ਹਮਲੇ ’ਚ 26 ਭਾਰਤੀ ਹਿੰਦੂ ਸੈਲਾਨੀਆਂ ਦੀ ਮੌਤ ਤੋਂ ਬਾਅਦ ਭਾਰਤ ਸਰਕਾਰ ਨੇ ਸਿੰਧੂ ਨਦੀ ਦਾ ਪਾਣੀ ਰੋਕ ਕੇ ਅਤੇ ‘ਆਪ੍ਰੇਸ਼ਨ ਸਿੰਧੂਰ’ ਚਲਾ ਕੇ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਅਨੇਕ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ।

ਭਾਰਤ ਦੀ ਜਵਾਬੀ ਕਾਰਵਾਈ ਨਾਲ ਗੋਡਿਆਂ ’ਤੇ ਆਏ ਪਾਕਿਸਤਾਨ ਵਲੋਂ ਭਾਰਤ ਸਰਕਾਰ ਨੂੰ ਸੰਘਰਸ਼ ਰੋਕਣ ਦੀ ਅਪੀਲ ਕਰਨ ’ਤੇ ਦੋਵਾਂ ਦੇਸ਼ਾਂ ਵਿਚਾਲੇ 10 ਮਈ ਨੂੰ ਜੰਗਬੰਦੀ ’ਤੇ ਸਹਿਮਤੀ ਬਣ ਗਈ ਸੀ ਪਰ ਭਾਰਤ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਕਿਸਤਾਨ ਦੇ ਨਾਲ ਹੁਣ ਗੱਲ ਸਿਰਫ ਪਾਕਿ ਮਕਬੂਜ਼ਾ ਕਸ਼ਮੀਰ ਅਤੇ ਅੱਤਵਾਦ ’ਤੇ ਹੀ ਹੋਵੇਗੀ ਕਿਉਂਕਿ ਖੂਨ ਅਤੇ ਪਾਣੀ ਨਾਲੋਂ-ਨਾਲ ਨਹੀਂ ਵਹਿ ਸਕਦੇ।

ਇਸ ਕੜੀ ’ਚ ਭਾਰਤ ਸਰਕਾਰ ਨੇ ਪਾਕਿਸਤਾਨ ਦੀਆਂ ਕਰਤੂਤਾਂ ਅਤੇ ਇਸ ਦੇ ਵਿਰੁੱਧ ਆਪਣੀ ਕਾਰਵਾਈ ਬਾਰੇ ਵਿਸ਼ਵ ਭਾਈਚਾਰੇ ਨੂੰ ਦੱਸਣ ਲਈ ਅਾਪਣੇ ਆਲ ਪਾਰਟੀ ਵਫਦ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਭੇਜੇ ਹਨ ਜਿਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ।

ਦੂਸਰੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ‘ਸ਼ਹਿਬਾਜ਼ ਸ਼ਰੀਫ’ ਵੀ ਆਪਣੇ ਪੱਖ ’ਚ ਇਸਲਾਮੀ ਦੇਸ਼ਾਂ ਦਾ ਸਮਰਥਨ ਜੁਟਾਉਣ ਲਈ 25 ਤੋਂ 30 ਮਈ ਤੱਕ 4 ਦੇਸ਼ਾਂ ਤੁਰਕੀ, ਈਰਾਨ, ਅਜ਼ਰਬੈਜਾਨ ਅਤੇ ਤਜ਼ਾਕਿਸਤਾਨ ਦੇ ਦੌਰੇ ’ਤੇ ਹਨ।

ਕਿਉਂਕਿ ਪਾਕਿਸਤਾਨ ਜਾਣ ਗਿਆ ਹੈ ਕਿ ਭਾਰਤ ਹੁਣ ਪਿੱਛੇ ਨਹੀਂ ਹਟੇਗਾ, ਇਸ ਲਈ ਅਾਪਣੇ ਉਕਤ ਦੌਰੇ ਦੌਰਾਨ 26 ਮਈ ਨੂੰ ‘ਸ਼ਹਿਬਾਜ਼ ਸ਼ਰੀਫ’ ਨੇ ਤਹਿਰਾਨ ’ਚ ਈਰਾਨ ਦੇ ਰਾਸ਼ਟਰਪਤੀ ਦੇ ਨਾਲ ਪ੍ਰੈੱਸ ਕਾਨਫਰੰਸ ’ਚ ਭਾਰਤ ਨਾਲ ਕਸ਼ਮੀਰ ਅਤੇ ਜਲ ਸੁਰੱਖਿਆ ਵਰਗੇ ਮੁੱਦਿਆਂ ’ਤੇ ਗੱਲਬਾਤ ਦੀ ਇੱਛਾ ਜਤਾਈ ਅਤੇ ਇਹ ਵੀ ਕਿਹਾ ਕਿ ਉਹ ਭਾਰਤ ਨਾਲ ਵਪਾਰ ਅਤੇ ਅੱਤਵਾਦ ਦੇ ਵਿਰੁੱਧ ਸੰਘਰਸ਼ ’ਤੇ ਵੀ ਗੱਲ ਕਰਨਾ ਚਾਹੁੰਦਾ ਹੈ।

ਹਾਲਾਂਕਿ ਇਸ ਦੇ ਨਾਲ ਹੀ ਉਸ ਨੇ ਇਹ ਵੀ ਕਿਹਾ ਕਿ, ‘‘ਭਾਰਤ ਵਲੋਂ ਹਮਲਾਵਰੀ ਰੁਖ ਅਪਣਾਉਣ ’ਤੇ ਪਾਕਿਸਤਾਨ ਜਵਾਬ ਦੇਣਾ ਵੀ ਜਾਣਦਾ ਹੈ, ਜਿਵੇਂ ਅਸੀਂ ਕੁਝ ਦਿਨ ਪਹਿਲਾਂ ਕੀਤਾ ਹੈ ਅਤੇ ਭਾਰਤ ਨਾਲ 4 ਦਿਨਾਂ ਦੀ ਲੜਾਈ ’ਚ ਸਾਡੀ ਜਿੱਤ ਹੋਈ ਹੈ।’’

ਇਸ ਤੋਂ ਪਹਿਲਾਂ 21 ਮਈ ਨੂੰ ਵੀ ‘ਸ਼ਹਿਬਾਜ਼ ਸ਼ਰੀਫ’ ਨੇ ਇਹ ਝੂਠ ਬੋਲਿਆ ਸੀ ਕਿ ਭਾਰਤ ਦੀਅਾਂ ਖੁਫੀਅਾ ਏਜੰਸੀਅਾਂ ਪਾਕਿਸਤਾਨ ’ਚ ‘ਤਹਿਰੀਕ-ਏ-ਪਾਕਿਸਤਾਨ’ ਅਤੇ ‘ਬਲੋਚਿਸਤਾਨ ਲਿਬਰੇਸ਼ਨ ਅਾਰਮੀ’ ਦੀ ਮਦਦ ਕਰ ਰਹੀਅਾਂ ਹਨ। ਵਰਣਨਯੋਗ ਹੈ ਕਿ ਪਾਕਿਸਤਾਨ ’ਚ ਇਨ੍ਹਾਂ ਦੋਵਾਂ ਸੰਗਠਨਾਂ ’ਤੇ ਪਾਬੰਦੀ ਹੈ।

‘ਸ਼ਹਿਬਾਜ਼ ਸ਼ਰੀਫ’ ਨੇ ਇਹ ਵੀ ਕਿਹਾ ਸੀ ਕਿ ਫੌਜ ਮੁਖੀ ‘ਅਸੀਮ ਮੁਨੀਰ’ ਦੀ ‘ਫੀਲਡ ਮਾਰਸ਼ਲ’ ਦੇ ਰੂਪ ’ਚ ਤਰੱਕੀ ਕਰਨ ਦਾ ਫੈਸਲਾ ਉਸ ਦਾ ਸੀ ਅਤੇ ਉਹ ਅਜਿਹੇ ਮਹੱਤਵਪੂਰਨ ਮਾਮਲਿਆਂ ’ਤੇ ਅਾਪਣੇ ਵੱਡੇ ਭਰਾ ਨਵਾਜ਼ ਸ਼ਰੀਫ ਦੀ ਸਲਾਹ ਲੈਂਦਾ ਹੈ।

‘ਸ਼ਹਿਬਾਜ਼ ਸ਼ਰੀਫ’ ਦਾ ਉਕਤ ਕਥਨ ਇਕ ਛਲਾਵਾ ਹੀ ਪ੍ਰਤੀਤ ਹੁੰਦਾ ਹੈ ਕਿਉਂਕਿ ‘ਨਵਾਜ਼ ਸ਼ਰੀਫ’ ਤਾਂ ਉਸ ਨੂੰ ਕਈ ਵਾਰ ਭਾਰਤ ਨਾਲ ਨਾ ਉਲਝਣ ਦੀ ਸਲਾਹ ਦੇ ਚੁੱਕੇ ਹਨ।

ਅਜੇ 9 ਮਈ, 2025 ਨੂੰ ਹੀ ਭਾਰਤ ਅਤੇ ਪਾਕਿ ਵਿਚਾਲੇ ਜਾਰੀ ਸੰਘਰਸ਼ ਦੌਰਾਨ ‘ਨਵਾਜ਼ ਸ਼ਰੀਫ’ ਨੇ ‘ਸ਼ਹਿਬਾਜ਼ ਸ਼ਰੀਫ’ ਨੂੰ ਭਾਰਤ ਨਾਲ ਨਾ ਉਲਝਣ ਦੀ ਸਲਾਹ ਦਿੰਦੇ ਹੋਏ ਕਿਹਾ ਸੀ ਕਿ ‘‘ਮੌਜੂਦਾ ਸਥਿਤੀ ’ਚ ਪਾਕਿਸਤਾਨ ਨੂੰ ਹਮਲਾਵਰੀ ਰਵੱਈਆ ਅਪਨਾਉਣ ਦੀ ਬਜਾਏ ਸਾਰੇ ਉਪਲਬਧ ਕੂਟਨੀਤਕ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਦੋਵਾਂ ਦੇਸ਼ਾਂ ’ਚ ਤਣਾਅ ਘੱਟ ਕਰ ਕੇ ਖੇਤਰ ’ਚ ਸ਼ਾਂਤੀ ਸਥਾਪਿਤ ਕੀਤੀ ਜਾ ਸਕੇ।’’

‘ਸ਼ਹਿਬਾਜ਼ ਸ਼ਰੀਫ’ ਭਾਵੇਂ ਜੋ ਵੀ ਕਹਿਣ, ਅਸਲੀਅਤ ਇਹ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ਨੂੰ ਰੋਕਣ ’ਚ ਪਾਕਿਸਤਾਨ ਦਾ ਸੈਨਾ ਮੁਖੀ ‘ਅਸੀਮ ਮੁਨੀਰ’ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ ਅਤੇ ਭਾਰਤ ਦੇ ਹੱਥੋਂ ਮਾਤ ਖਾਣ ਤੋਂ ਬਾਅਦ ‘ਅਸੀਮ ਮੁਨੀਰ’ ਨੇ ਜੰਮ ਕੇ ਝੂਠ ਫੈਲਾਇਆ ਸੀ ਅਤੇ ਉਸ ਦੇ ਝੂਠੇ ਪ੍ਰਚਾਰ ਤੋਂ ਖੁਸ਼ ਹੋ ਕੇ ਹੀ ਪਾਕਿਸਤਾਨ ਸਰਕਾਰ ਨੇ ਉਸ ਨੂੰ ਤੋਹਫੇ ਦੇ ਤੌਰ ’ਤੇ ‘ਫੀਲਡ ਮਾਰਸ਼ਲ’ ਦਾ ਅਹੁਦਾ ਦਿੱਤਾ ਹੈ।

ਹੁਣ ਤਾਂ ਪਾਕਿਸਤਾਨ ਫੌਜ ਦੇ ਇਕ ਸਾਬਕਾ ਮੇਜਰ ‘ਆਦਿਲ ਰਾਜਾ’ ਨੇ ਵੀ ਇਕ ਇੰਟਰਵਿਊ ’ਚ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਪਹਿਲਗਾਮ ਹਮਲਾ ਪਾਕਿਸਤਾਨ ਦੇ ਫੌਜ ਮੁਖੀ ‘ਅਸੀਮ ਮੁਨੀਰ’ ਦੇ ਹੁਕਮ ’ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਮੁਖੀ ‘ਅਸੀਮ ਮਲਿਕ’ ਨੇ ਡਾਇਰੈਕਟਰ ਜਨਰਲ ਸਪੈਸ਼ਲ ‘ਸ਼ਹਾਬ ਅਾਲਮ’ ਦੀ ਨਿਗਰਾਨੀ ’ਚ ਕਰਵਾਇਆ ਸੀ।

ਖੈਰ ਹੁਣ ਭਾਰਤ ਦੇ ਸਾਹਮਣੇ ਕਸ਼ਮੀਰ, ਪਾਣੀਆਂ ਦੀ ਵੰਡ ਅਤੇ ਅੱਤਵਾਦ ’ਤੇ ਸ਼ਾਂਤੀ ਵਾਰਤਾ ਦਾ ਪ੍ਰਸਤਾਵ ਦੇਣ ਦੇ ਨਾਲ ਹੀ ‘ਸ਼ਹਿਬਾਜ਼ ਸ਼ਰੀਫ’ ਨੇ ਅਗਲੇ ਹੀ ਸਾਹ ’ਚ ‘ਭਾਰਤ ਨੂੰ ਜਵਾਬ ਦੇਣ’ ਦੀ ਧਮਕੀ ਦੇ ਕੇ ਆਪਣੇ ਹੀ ਝੂਠ ਦੀ ਪੋਲ ਖੋਲ੍ਹ ਦਿੱਤੀ ਹੈ।

ਇਸ ਲਈ ਰਾਜਨੀਤਿਕ ਆਬਜ਼ਰਵਰਾਂ ਅਨੁਸਾਰ ਭਾਰਤ ਨੂੰ ਪਾਕਿਸਤਾਨ ਦੇ ਮਾਮਲੇ ’ਚ ਹਰ ਕਦਮ ਫੂਕ-ਫੂਕ ਕੇ ਹੀ ਚੁੱਕਣਾ ਚਾਹੀਦਾ ਹੈ ਕਿਉਂਕਿ ਜੋ ਵਿਅਕਤੀ ਆਪਣੇ ਵੱਡੇ ਭਰਾ ਅਤੇ ਸਾਬਕਾ ਪ੍ਰਧਾਨ ਮੰਤਰੀ ‘ਨਵਾਜ਼ ਸ਼ਰੀਫ’ ਦੀ ਸਲਾਹ ਵੀ ਨਹੀਂ ਮੰਨਦਾ, ਉਸ ਦੀਆਂ ਗੱਲਾਂ ’ਤੇ ਆਖਿਰ ਭਾਰਤ ਕਿੰਨਾ ਵਿਸ਼ਵਾਸ ਕਰ ਸਕਦਾ ਹੈ।

–ਵਿਜੇ ਕੁਮਾਰ


author

Sandeep Kumar

Content Editor

Related News