ਆਵਾਰਾ ਨਹੀਂ ਹਨ ਕੁੱਤੇ
Tuesday, Aug 19, 2025 - 05:25 PM (IST)

ਇਨ੍ਹੀਂ ਦਿਨੀਂ ਸੁਪਰੀਮ ਕੋਰਟ ਨੇ ਦਿੱਲੀ ਐੱਨ. ਸੀ. ਆਰ. ਦੇ ਗਲੀ-ਮੁਹੱਲੇ ਦੇ ਕੁੱਤਿਆਂ ਨੂੰ ਸ਼ੈਲਟਰ ਹੋਮ ਭੇਜਣ ਦਾ ਹੁਕਮ ਦਿੱਤਾ ਹੈ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਫੜਨ ਦਾ ਵਿਰੋਧ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਸਬੰਧ ਵਿਚ ਸਦਨ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਹੈ ਕਿ ਆਵਾਰਾ ਕੁੱਤਿਆਂ ਨੂੰ ਪੂਰੀ ਤਰ੍ਹਾਂ ਹਟਾਉਣ ਦਾ ਹੁਕਮ ਬੇਰਹਿਮੀ ਭਰਿਆ ਅਤੇ ਅਦੂਰਦਰਸ਼ੀ ਹੈ ਅਤੇ ਇਸ ਵਿਚ ਰਹਿਮ ਦੀ ਘਾਟ ਹੈ। ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਮੇਨਕਾ ਗਾਂਧੀ, ਜੋ ਦਹਾਕਿਆਂ ਤੋਂ ਜਾਨਵਰਾਂ ਅਤੇ ਪੰਛੀਆਂ ਦੇ ਅਧਿਕਾਰਾਂ ਦੀ ਵਕਾਲਤ ਕਰ ਰਹੀ ਹੈ, ਨੇ ਵੀ ਇਸ ਫੈਸਲੇ ’ਤੇ ਸਵਾਲ ਉਠਾਏ ਹਨ ਅਤੇ ਅਸਹਿਮਤੀ ਪ੍ਰਗਟ ਕੀਤੀ ਹੈ।
ਉਸ ਦਾ ਕਹਿਣਾ ਹੈ ਕਿ ਸਰਕਾਰ ਕੁੱਤਿਆਂ ਨੂੰ ਇਕ ਬਾੜੇ ਵਿਚ ਰੱਖਣ ਦਾ ਖਰਚਾ ਕਿਵੇਂ ਸਹਿਣ ਕਰੇਗੀ ਕਿਉਂਕਿ ਇੰਨੇ ਫੰਡ ਹੀ ਨਹੀਂ ਹਨ। ਮਸ਼ਹੂਰ ਅਦਾਕਾਰ ਜਾਨ ਅਬ੍ਰਾਹਮ ਨੇ ਵੀ ਚੀਫ਼ ਜਸਟਿਸ ਨੂੰ ਇਕ ਪੱਤਰ ਲਿਖਿਆ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਦੇ ਹਾਲੀਆ ਫੈਸਲੇ ’ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਇਸ ਵਿਚ ਸੋਧ ਕੀਤੀ ਜਾਵੇ। ਜਾਨ ਅਬ੍ਰਾਹਮ ਪੇਟਾ ਦੇ ਪਹਿਲੇ ਆਨਰੇਰੀ ਡਾਇਰੈਕਟਰ ਵੀ ਹਨ।
ਮਰਹੂਮ ਅਦਾਕਾਰ ਓਮ ਪੁਰੀ ਨੇ ਇਕ ਦੇਸੀ ਕੁੱਤੀ ਪਾਲੀ ਹੋਈ ਸੀ। ਉਨ੍ਹਾਂ ਨੂੰ ਇਹ ਸੜਕ ’ਤੇ ਮਿਲੀ ਸੀ। ਮਸ਼ਹੂਰ ਉਦਯੋਗਪਤੀ ਰਤਨ ਟਾਟਾ ਕੁੱਤਿਆਂ ਪ੍ਰਤੀ ਆਪਣੇ ਪਿਆਰ ਲਈ ਮਸ਼ਹੂਰ ਸਨ। ਉਨ੍ਹਾਂ ਨੇ ਆਪਣੇ ਘਰ ਦੇ ਹੇਠਲੇ ਹਿੱਸੇ ਵਿਚ ਕੱੁਤਿਆਂ ਲਈ ਇਕ ਘਰ ਬਣਾਇਆ ਸੀ। ਜਿੱਥੇ ਉਨ੍ਹਾਂ ਦੀ ਨਾ ਸਿਰਫ਼ ਦੇਖਭਾਲ ਕੀਤੀ ਜਾਂਦੀ ਸੀ, ਸਗੋਂ ਰਹਿਣ-ਸਹਿਣ ਦੇ ਢੁੱਕਵੇਂ ਪ੍ਰਬੰਧ ਵੀ ਕੀਤੇ ਜਾਂਦੇ ਸਨ। ਮਰਹੂਮ ਰਾਜ ਕਪੂਰ ਦੀ ਫਿਲਮ ‘ਆਵਾਰਾ’ ਵਿਚ, ਕੁੱਤਾ ਅਸਲ ਵਿਚ ਉਨ੍ਹਾਂ ਦਾ ਦੋਸਤ ਸੀ। ਯੁਧਿਸ਼ਠਿਰ ਦੇ ਨਾਲ ਜਦੋਂ ਹੋਰ ਪਾਂਡਵ ਹਿਮਾਲਿਆ ’ਚ ਆਪਣੀ ਜਾਨ ਦੇਣ ਲਈ ਗਏ ਸਨ, ਤਾਂ ਉਨ੍ਹਾਂ ਦਾ ਕੁੱਤਾ ਵੀ ਉਨ੍ਹਾਂ ਦੇ ਨਾਲ ਗਿਆ ਸੀ।
ਜਾਪਾਨ ਵਿਚ ਇਕ ਰੇਲਵੇ ਪਲੇਟਫਾਰਮ ’ਤੇ ਹਾਚੀਕੋ ਨਾਂ ਦੇ ਕੁੱਤੇ ਦੀ ਮੂਰਤੀ ਹੈ। ਇਹ ਆਪਣੇ ਮਾਲਕ ਨੂੰ ਛੱਡਣ ਲਈ ਉਸ ਸਟੇਸ਼ਨ ’ਤੇ ਆਇਆ ਸੀ। ਮਾਲਕ ਜੰਗ ’ਤੇ ਗਿਆ ਸੀ ਅਤੇ ਉੱਥੇ ਹੀ ਮਰ ਗਿਆ ਸੀ। ਪਰ ਉਸ ਬੇਚਾਰੇ ਕੁੱਤੇ ਨੂੰ ਕੀ ਪਤਾ ਸੀ? ਇਹ ਸਾਲਾਂ ਤੱਕ ਪਲੇਟਫਾਰਮ ’ਤੇ ਬੈਠਾ ਆਪਣੇ ਮਾਲਕ ਦੀ ਉਡੀਕ ਕਰਦਾ ਰਿਹਾ। ਜਦੋਂ ਇਹ ਮਰ ਗਿਆ ਤਾਂ ਉਸ ਸ਼ਹਿਰ ਦੇ ਲੋਕਾਂ ਨੇ ਜਲੂਸ ਕੱਢੇ। ਪ੍ਰਾਰਥਨਾਵਾਂ ਕੀਤੀਆਂ ਗਈਆਂ ਅਤੇ ਇਸਦੀ ਮੂਰਤੀ ਲਗਾਈ ਗਈ। ਇਸ ਮੂਰਤੀ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ।
ਹਾਲ ਹੀ ਵਿਚ ਮਹਾਰਾਸ਼ਟਰ ਦੇ ਪੰਢਰਪੁਰ ਮੇਲੇ ਵਿਚ ਇਕ ਕੁੱਤਾ ਆਪਣੇ ਮਾਲਕ ਤੋਂ ਵਿਛੜ ਗਿਆ ਸੀ। ਇਹ ਲਗਭਗ 150 ਕਿਲੋਮੀਟਰ ਦੀ ਯਾਤਰਾ ਕਰਨ ਤੋਂ ਬਾਅਦ ਪਿੰਡ ਵਿਚ ਆਪਣੇ ਮਾਲਕ ਤੱਕ ਪਹੁੰਚਿਆ। ਜਦੋਂ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਦਾ ਸਵਾਗਤ ਇਕ ਨਾਇਕ ਵਾਂਗ ਕੀਤਾ। ਉਨ੍ਹਾਂ ਨੇ ਇਸ ਨੂੰ ਹਾਰ ਪਹਿਨਾਏ।
ਸਾਡੇ ਸਮਾਜ ਵਿਚ ਇਸ ਨੂੰ ਭੈਰਵ ਵਜੋਂ ਪੂਜਿਆ ਜਾਂਦਾ ਹੈ। ਇੰਨਾ ਹੀ ਨਹੀਂ ਇਹ ਭਾਰਤੀ ਖੇਤੀਬਾੜੀ ਸਮਾਜ ਅਤੇ ਕਿਸਾਨਾਂ ਦੇ ਰੋਜ਼ਾਨਾ ਜੀਵਨ ਵਿਚ ਇਕ ਵਫ਼ਾਦਾਰ ਸਾਥੀ ਹੈ। ਪਿੰਡਾਂ ਵਿਚ ਰਹਿਣ ਵਾਲੇ ਕੁੱਤੇ ਉੱਥੇ ਰਹਿਣ ਵਾਲੇ ਹਰ ਵਿਅਕਤੀ ਨੂੰ ਪਛਾਣ ਲੈਂਦੇ ਹਨ। ਜੇਕਰ ਕੋਈ ਬਾਹਰੋਂ ਆਉਂਦਾ ਹੈ ਤਾਂ ਉਹ ਉਸ ਨੂੰ ਭਜਾ ਦਿੰਦੇ ਹਨ। ਇਸ ਤਰ੍ਹਾਂ ਉਹ ਇਕ ਚੌਕੀਦਾਰ ਦੀ ਭੂਮਿਕਾ ਵੀ ਨਿਭਾਉਂਦੇ ਹਨ। ਉਹ ਜਾਨਵਰਾਂ ਦੀ ਰੱਖਿਆ ਕਰਦੇ ਹਨ। ਬਹੁਤ ਸਾਰੇ ਲੋਕ ਜੋ ਭੇਡਾਂ, ਬੱਕਰੀਆਂ, ਗਾਵਾਂ, ਮੱਝਾਂ ਚਰਾਉਂਦੇ ਹਨ, ਅਕਸਰ ਉਨ੍ਹਾਂ ਦੇ ਨਾਲ ਇਕ ਕੁੱਤਾ ਹੁੰਦਾ ਹੈ। ਇਹ ਉਨ੍ਹਾਂ ਜਾਨਵਰਾਂ ਨੂੰ ਘੇਰ ਲੈਂਦਾ ਹੈ ਜੋ ਝੁੰਡ ਤੋਂ ਵੱਖ ਹੋ ਰਹੇ ਹੁੰਦੇ ਹਨ।
ਤੁਹਾਨੂੰ ਪ੍ਰੇਮਚੰਦ ਦੀ ਕਹਾਣੀ ‘ਪੂਸ ਕੀ ਰਾਤ’ ਯਾਦ ਹੋਵੇਗੀ। ਜਿੱਥੇ ਮਾਲਕ ਦੇ ਨਾਲ ਕੁੱਤਾ ਵੀ ਸਖ਼ਤ ਠੰਡ ਤੋਂ ਪੀੜਤ ਹੈ। ਉਸ ਨੇ ਇਕ ਰਚਨਾ ਵੀ ਲਿਖੀ ਹੈ ਜਿਸ ਨੂੰ ਕੁੱਤੇ ਦੀ ਕਹਾਣੀ ਕਿਹਾ ਜਾਂਦਾ ਹੈ। ਪ੍ਰਸਿੱਧ ਰੂਸੀ ਲੇਖਕ ਟਾਲਸਟਾਏ ਨੇ ਵੀ ਇਕ ਵਿਲੱਖਣ ਕਹਾਣੀ ‘ਸ਼ੇਰ ਅਤੇ ਕੁੱਤਾ’ ਲਿਖੀ ਸੀ।
ਇਕ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਮੈਨੂੰ ਨਹੀਂ ਪਤਾ ਕਿ ਸ਼ਹਿਰੀ ਸਮਾਜ ਸਥਾਨਕ ਕੁੱਤਿਆਂ ਨੂੰ ਕਿਉਂ ਨਫ਼ਰਤ ਕਰਦਾ ਹੈ। ਉਹ ਵਿਦੇਸ਼ੀ ਨਸਲ ਦੇ ਕੁੱਤੇ ਖੂਬ ਪਾਲਦੇ ਹਨ। ਉਹ ਉਨ੍ਹਾਂ ਨੂੰ ਆਪਣੇ ਨਾਲ ਸੁਲਾਉਂਦੇ ਹਨ, ਉਨ੍ਹਾਂ ਨਾਲ ਖੇਡਦੇ ਹਨ। ਉਹ ਉਨ੍ਹਾਂ ਨੂੰ ਆਪਣੇ ਨਾਲ ਘੁੰਮਣ-ਫਿਰਨ ਜਾਂ ਸੈਰ ’ਤੇ ਲੈ ਜਾਂਦੇ ਹਨ। ਉਹ ਇਨ੍ਹਾਂ ’ਤੇ ਬਹੁਤ ਖਰਚ ਕਰਦੇ ਹਨ ਪਰ ਸਥਾਨਕ ਕੁੱਤਿਆਂ ਵੱਲ ਕੋਈ ਧਿਆਨ ਨਹੀਂ ਦਿੰਦੇ। ਆਖਿਰ ਕਿਉਂ? ਜਦਕਿ ਇਹ ਕੁੱਤੇ ਭਾਰਤੀ ਮੌਸਮਾਂ ਦਾ ਸਾਹਮਣਾ ਕਰ ਸਕਦੇ ਹਨ। ਉਹ ਭਾਰਤੀ ਭੋਜਨ ਨਾਲ ਸਿਹਤਮੰਦ ਰਹਿ ਸਕਦੇ ਹਨ। ਬਾਜ਼ਾਰ ਤੋਂ ਉਨ੍ਹਾਂ ਲਈ ਕੋਈ ਤਿਆਰ ਭੋਜਨ ਲਿਆਉਣ ਦੀ ਜ਼ਰੂਰਤ ਨਹੀਂ ਹੈ। ਉਹ ਤੁਹਾਡੇ ਸੱਚੇ ਦੋਸਤ ਹਨ। ਉਨ੍ਹਾਂ ਨੂੰ ਹੋਰ ਕੋਈ ਖਾਸ ਜ਼ਰੂਰਤ ਨਹੀਂ ਹੈ।
ਜੇਕਰ ਭਾਰਤ ਦੇ ਲੋਕ ਇਨ੍ਹਾਂ ਕੁੱਤਿਆਂ ਨੂੰ ਪਾਲਣਾ ਸ਼ੁਰੂ ਕਰ ਦਿੰਦੇ ਹਨ ਤਾਂ ਉਹ ਨਾ ਤਾਂ ਸੜਕਾਂ ’ਤੇ ਭੁੱਖ ਨਾਲ ਮਰਨਗੇ, ਨਾ ਕੁਝ ਖਾਣਗੇ ਅਤੇ ਬੀਮਾਰ ਪੈਣਗੇ, ਨਾ ਹੀ ਕਿਸੇ ਨੂੰ ਵੱਢਣਗੇ। ਜਿੱਥੋਂ ਤੱਕ ਰੈਬੀਜ਼ ਦਾ ਸਵਾਲ ਹੈ, ਉਸ ਲਈ ਪ੍ਰਬੰਧ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਪੂਰੇ ਸੰਦਰਭ ਵਿਚੋਂ ਜੋ ਗੱਲ ਗਾਇਬ ਹੈ, ਜੋ ਅੱਜਕੱਲ ਦੱਸੀ ਵੀ ਨਹੀਂ ਜਾਂਦੀ, ਉਹ ਇਹ ਹੈ ਕਿ ਰੈਬੀਜ਼ ਹਰ ਕੁੱਤੇ ਦੇ ਵੱਢਣ ਨਾਲ ਨਹੀਂ ਹੁੰਦੀ। ਇਹ ਪਾਗਲ ਕੁੱਤੇ ਦੇ ਵੱਢਣ ਨਾਲ ਹੁੰਦੀ ਹੈ। ਪੇਂਡੂ ਸਮਾਜ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਾਗਲ ਕੁੱਤੇ ਦੇ ਲੱਛਣ ਕੀ ਹੁੰਦੇ ਹਨ।
ਫਿਰ ਇਹ ਸਵਾਲ ਵੀ ਪੈਦਾ ਹੁੰਦਾ ਹੈ ਕਿ ਮਨੁੱਖ ਨੇ ਇਹ ਕਿਉਂ ਸਵੀਕਾਰ ਕਰ ਲਿਆ ਹੈ ਕਿ ਇਸ ਧਰਤੀ ’ਤੇ ਉਸ ਦਾ ਹੀ ਹੱਕ ਹੈ। ਇਕ ਪਾਸੇ ਅਸੀਂ ਮੰਗਲ, ਜੁਪੀਟਰ, ਚੰਦਰਮਾ ਅਤੇ ਸ਼ਨੀ ਗ੍ਰਹਿ ’ਤੇ ਵੀ ਮਾਮੂਲੀ ਜੀਵਨ ਦੇ ਸੰਕੇਤ ਲੱਭ ਰਹੇ ਹਾਂ। ਨਾਸਾ, ਇਸਰੋ ਅਤੇ ਦੁਨੀਆ ਦੀਆਂ ਸਾਰੀਆਂ ਪੁਲਾੜ ਏਜੰਸੀਆਂ ਅਰਬਾਂ ਖਰਚ ਕਰ ਕੇ ਇਸ ਕੰਮ ਵਿਚ ਲੱਗੀਆਂ ਹੋਈਆਂ ਹਨ ਪਰ ਸਾਡੀ ਧਰਤੀ ’ਤੇ ਅਸੀਂ ਹਰ ਉਸ ਚੀਜ਼ ਨੂੰ ਤਬਾਹ ਕਰਨਾ ਚਾਹੁੰਦੇ ਹਾਂ ਜੋ ਸਾਡੇ ਤੋਂ ਵੱਖਰੀ ਹੈ।
ਜੇਕਰ ਦੇਸੀ ਕੁੱਤਿਆਂ ਦੀ ਲਗਾਤਾਰ ਨਸਬੰਦੀ ਕੀਤੀ ਜਾਂਦੀ ਹੈ ਤਾਂ ਇਕ ਦਿਨ ਆਵੇਗਾ ਜਦੋਂ ਉਹ ਸਾਡੀ ਧਰਤੀ ਤੋਂ ਅਲੋਪ ਹੋ ਜਾਣਗੇ। ਉਹ ਅਜਾਇਬ ਘਰਾਂ ਨੂੰ ਉਸੇ ਤਰ੍ਹਾਂ ਸਜਾਉਣਗੇ ਜਿਵੇਂ ਬਲਦਾਂ ਦੇ ਮਾਮਲੇ ਵਿਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸਾਡੇ ਵਿਗਿਆਨੀਆਂ ਨੇ ਕਿਹਾ ਹੈ ਕਿ ਕੁਝ ਸਾਲਾਂ ਬਾਅਦ ਗਾਵਾਂ ਸਿਰਫ਼ ਵੱਛੀਆਂ ਨੂੰ ਹੀ ਜਨਮ ਦੇਣਗੀਆਂ, ਵੱਛਿਆਂ ਨੂੰ ਨਹੀਂ। ਕਿਉਂਕਿ ਟਰੈਕਟਰਾਂ ਦੇ ਆਉਣ ਤੋਂ ਬਾਅਦ, ਹੁਣ ਬਲਦਾਂ ਦੀ ਕੋਈ ਲੋੜ ਨਹੀਂ ਹੈ। ਅਸੀਂ ਸਭ ਕੁਝ ਤਬਾਹ ਕਰਨ ਦਾ ਸੰਕਲਪ ਲਿਆ ਹੈ, ਭਾਵੇਂ ਉਹ ਪਹਾੜ ਹੋਣ, ਨਦੀਆਂ ਹੋਣ, ਰੁੱਖ ਹੋਣ, ਪੌਦੇ ਹੋਣ ਜਾਂ ਜਾਨਵਰਾਂ ਦੀਆਂ ਹੋਰ ਕਿਸਮਾਂ ਹੋਣ ਪਰ ਜਿਸ ਨੂੰ ਈਕੋ-ਸਿਸਟਮ ਕਿਹਾ ਜਾਂਦਾ ਹੈ, ਜਿਸ ਦੀ ਸੁਰੱਖਿਆ ਬਾਰੇ ਵਾਰ-ਵਾਰ ਗੱਲ ਕੀਤੀ ਜਾਂਦੀ ਹੈ, ਉਹ ਪੂਰੀ ਲੜੀ ਹੈ। ਜੇਕਰ ਲੜੀ ਦੀ ਇਕ ਵੀ ਕੜੀ ਟੁੱਟ ਜਾਵੇ ਤਾਂ ਈਕੋ-ਸਿਸਟਮ ਤਬਾਹ ਹੋਣਾ ਸ਼ੁਰੂ ਹੋ ਜਾਂਦਾ ਹੈ।
ਅਸਲ ਵਿਚ ਕੁੱਤੇ ਆਵਾਰਾ ਨਹੀਂ ਹਨ, ਅਸੀਂ ਉਨ੍ਹਾਂ ਦੀਆਂ ਬੁਨਿਆਦੀ ਰਹਿਣ-ਸਹਿਣ ਦੀਆਂ ਸਹੂਲਤਾਂ ਵੀ ਖੋਹ ਲਈਆਂ ਹਨ। ਕੀ ਵਿਦੇਸ਼ੀ ਨਸਲ ਦੇ ਕੁੱਤਿਆਂ ਦੀ ਬਜਾਏ ਭਾਰਤੀ ਨਸਲ ਦੇ ਕੁੱਤਿਆਂ ਨੂੰ ਰੱਖਣ ਲਈ ਮੁਹਿੰਮ ਚਲਾਉਣਾ ਸੰਭਵ ਨਹੀਂ ਹੈ? ਉਨ੍ਹਾਂ ਨੂੰ ਗੋਦ ਲਿਆ ਜਾਣਾ ਚਾਹੀਦਾ ਹੈ। ਫਿਰ ਹੀ ਇਹ ਸੰਭਵ ਹੈ ਕਿ ਉਨ੍ਹਾਂ ਨੂੰ ਬਚਾਇਆ ਜਾ ਸਕੇ।
-ਸ਼ਮਾ ਸ਼ਰਮਾ