ਅਕਾਲੀ ਦਲ ਦੀ ਗੁੱਥੀ ਸੁਲਝਣ ਦੀ ਥਾਂ ਹੋਰ ਉਲਝੇਗੀ

Sunday, Dec 15, 2024 - 03:52 PM (IST)

ਅਕਾਲੀ ਦਲ ਦੀ ਗੁੱਥੀ ਸੁਲਝਣ ਦੀ ਥਾਂ ਹੋਰ ਉਲਝੇਗੀ

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਮਹੀਨੇ ਦੀ 2 ਤਰੀਕ ਨੂੰ ਅਕਾਲੀ ਆਗੂਆਂ ਨੂੰ ਲਾਈ ਗਈ ਤਨਖਾਹ ਤੋਂ ਬਾਅਦ ਪੰਜਾਬੀਆਂ ਖਾਸ ਕਰ ਕੇ ਸਿੱਖ ਸੰਗਤ ਨੂੰ ਲੱਗ ਰਿਹਾ ਸੀ ਕਿ ਹੁਣ ਅਕਾਲੀ ਦਲ ਦਾ ਸੰਕਟ ਹੱਲ ਹੋ ਜਾਵੇਗਾ ਅਤੇ ਅਕਾਲ ਤਖ਼ਤ ਦੇ ਹੁਕਮ ਨੂੰ ਮੰਨਦੇ ਹੋਏ ਅਕਾਲੀ ਦਲ ਦੇ ਦੋਵੇਂ ਧੜੇ ਇਕਜੁੱਟ ਹੋ ਜਾਣਗੇ। ਇਸ ਕਰ ਕੇ ਆਮ ਸਿੱਖਾਂ ਦੀ ਇਕ ਵੱਡੀ ਗਿਣਤੀ ਖੁਸ਼ੀ ਮਨਾ ਰਹੀ ਸੀ ਕਿ ਅਕਾਲੀ ਆਗੂਆਂ ਵੱਲੋਂ ਸ੍ਰੀ ਅਕਾਲ ਤਖ਼ਤ ਦੀ ਸਰਬਉੱਚਤਾ ਪ੍ਰਵਾਨ ਕਰਨ ਨਾਲ ਸਿੱਖ ਕੌਮ ਦੀ ਇਸ ਮਹਾਨ ਸੰਸਥਾ ਦਾ ਰੁਤਬਾ ਹੋਰ ਉੱਚਾ ਹੋਇਆ ਹੈ।

ਪਰ ਇਹ ਖੁਸ਼ੀ ਨੂੰ ਤਕਰੀਬਨ ਫੈਸਲੇ ਤੋਂ ਇਕ ਦਿਨ ਬਾਅਦ ਹੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਜਦੋਂ ਨਾਰਾਇਣ ਸਿੰਘ ਚੌੜਾ ਨਾਂ ਦੇ ਇਕ ਵਿਅਕਤੀ ਨੇ ਸੁਖਬੀਰ ਸਿੰਘ ਬਾਦਲ ’ਤੇ ਪਿਸਟਲ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਅਕਾਲੀ ਦਲ ਬਾਦਲ ਦੇ ਆਗੂਆਂ ਨੇ ਸਿੰਘ ਸਾਹਿਬਾਨ ਦੇ ਫੈਸਲੇ ਦੇ ਮੁਤਾਬਿਕ ਤਿੰਨ ਦਿਨਾਂ ਵਿਚ ਅਕਾਲੀ ਆਗੂਆਂ ਦੇ ਅਸਤੀਫੇ ਪ੍ਰਵਾਨ ਕਰਨ ਦੀ ਕਾਰਵਾਈ ਵਗੈਰਾ ਤੋਂ ਪਾਸਾ ਵੱਟ ਲਿਆ। ਅਕਾਲੀ ਦਲ ਦਾ ਸੰਕਟ ਤਾਂ ਅਸਲ ਵਿਚ ਸੰਨ 2015 ’ਚ ਸ਼ੁਰੂ ਹੋ ਗਿਆ ਸੀ ਜਦੋਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਅਕਾਲੀ ਦਲ ਦੇ ਆਗੂਆਂ ਦੇ ਦਬਾਅ ਅਧੀਨ ਸ੍ਰੀ ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇ ਦਿੱਤੀ ਗਈ ਸੀ।

ਇਸ ਮੁਆਫ਼ੀ ਦਾ ਵਿਰੋਧ ਕਰ ਰਹੀਆਂ ਸੰਗਤਾਂ ਵੱਲੋਂ ਦਿੱਤੇ ਜਾ ਰਹੇ ਧਰਨੇ ’ਤੇ ਬੈਠੀ ਸੰਗਤ ’ਤੇ ਪੰਜਾਬ ਪੁਲਸ ਨੇ ਫਾਇਰਿੰਗ ਕਰ ਦਿੱਤੀ ਜਿਸ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਉਸ ਸਮੇਂ ਦੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਦੇ ਕਈ ਫੈਸਲੇ ਜਿਨ੍ਹਾਂ ਵਿਚ ਡੇਰਾ ਮੁਖੀ ਦੀ ਫਿਲਮ ਨੂੰ ਸੁਰੱਖਿਆ ਅਧੀਨ ਚਲਾਉਣਾ, ਕੋਟਕਪੂਰਾ ਗੋਲੀਕਾਂਡ ਅਤੇ ਐੱਸ. ਜੀ. ਪੀ. ਸੀ. ਵੱਲੋਂ ਡੇਰਾ ਮੁਖੀ ਦੀ ਮੁਆਫੀ ਨੂੰ ਜਾਇਜ਼ ਠਹਿਰਾਉਣ ਲਈ ਤਕਰੀਬਨ 92 ਲੱਖ ਰੁਪਏ ਦੇ ਅਖ਼ਬਾਰੀ ਇਸ਼ਤਿਹਾਰ ਦੇਣ ਕਾਰਨ ਸਿੱਖ ਸੰਗਤ ਵਿਚ ਅਕਾਲੀ ਦਲ ਬਾਦਲ ਪ੍ਰਤੀ ਭਾਰੀ ਵਿਰੋਧ ਸ਼ੁਰੂ ਹੋ ਗਿਆ ਸੀ। ਜਿਸ ਕਾਰਨ ਪਿਛਲੇ ਦਸ ਸਾਲਾਂ ਦੇ ਸਮੇਂ ਤੋਂ ਅਕਾਲੀ ਦਲ ਨੂੰ ਇਸ ਵਿਰੋਧ ਦੇ ਕਾਰਨ ਚੋਣਾਂ ਵਿਚ ਕਰਾਰੀਆਂ ਹਾਰਾਂ ਦਾ ਮੂੰਹ ਵੇਖਣਾ ਪਿਆ ਪ੍ਰੰਤੂ ਲੋਕ ਸਭਾ ਦੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ ਅਕਾਲੀ ਦਲ ਦੇ ਆਗੂ ਪ੍ਰਧਾਨ ਸੁਖਬੀਰ ਸਿੰਘ ਨੂੰ ਪੰਥ ਵਿਰੋਧੀ ਲਏ ਗਏ ਫ਼ੈਸਲਿਆਂ ਲਈ ਜ਼ਿੰਮੇਵਾਰ ਗਰਦਾਨਣ ਲੱਗੇ। ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਮੰਗ ਕਰਨ ਦੇ ਨਾਲ-ਨਾਲ ਅਕਾਲੀ ਦਲ ਦੇ ਵਿਰੋਧ ’ਚ ਅਕਾਲੀ ਸੁਧਾਰ ਲਹਿਰ ਦਾ ਗਠਨ ਕਰ ਲਿਆ।

ਜਦੋਂ ਸੁਖਬੀਰ ਸਿੰਘ ਬਾਦਲ ’ਤੇ ਉਨ੍ਹਾਂ ਦੇ ਸਾਥੀਆਂ ਨੇ ਸੁਧਾਰ ਲਹਿਰ ਦੇ ਆਗੂਆਂ ਨੂੰ ਕੋਈ ਤਵੱਜੋ ਨਾ ਦਿੱਤੀ ਤਾਂ ਸੁਧਾਰ ਲਹਿਰ ਦੇ ਆਗੂਆਂ ਨੇ ਅਕਾਲੀ ਦਲ ਬਾਦਲ ਵੱਲੋਂ ਸਿੱਖ ਪੰਥ ਦੇ ਹਿੱਤਾਂ ਦੇ ਵਿਰੁੱਧ ਲਏ ਗਏ ਫੈਸਲਿਆਂ ਦੀ ਵਿਰੋਧਤਾ ਨਾ ਕਰਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਅਕਾਲ ਤਖ਼ਤ ਸਾਹਿਬ ’ਤੇ ਸ਼ਿਕਾਇਤ ਕੀਤੀ ਕਿ ਇਨ੍ਹਾਂ ਸਾਰੀਆਂ ਕੁਤਾਹੀਆਂ ਲਈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀ ਜ਼ਿੰਮੇਵਾਰ ਹਨ। ਇਸ ਲਈ ਸ੍ਰੀ ਅਕਾਲ ਤਖ਼ਤ ਸੁਖਬੀਰ ਸਿੰਘ ਬਾਦਲ, ਉਸ ਦੇ ਸਹਿਯੋਗੀ ਅਕਾਲੀ ਆਗੂ ਅਤੇ ਸ਼ਿਕਾਇਤਕਰਤਾਵਾਂ ਦੇ ਖਿਲਾਫ ਪੰਥਕ ਰਹਿਤ ਮਰਿਆਦਾ ਅਨੁਸਾਰ ‘ਤਨਖਾਹ’ ਲਾਉਣ।

ਇਸ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਪੰਜ ਸਿੰਘ ਸਾਹਿਬਾਨ ਨੇ 2 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਹਿਯੋਗੀ, ਸੁਧਾਰ ਲਹਿਰ ਦੇ ਆਗੂ ਅਤੇ ਤਤਕਾਲੀ ਅੰਤ੍ਰਿੰਗ ਕਮੇਟੀ ਐੱਸ. ਜੀ. ਪੀ. ਸੀ. ਨੂੰ ਤਨਖਾਹ ਲਾ ਕੇ ਭਾਂਡੇ ਮਾਂਜਣ, ਜੋੜੇ ਸਾਫ ਕਰਨ, ਗੁਰਬਾਣੀ ਸੁਣਨ ਤੋਂ ਇਲਾਵਾ ਅਕਾਲੀ ਦਲ ਦੇ ਦੋਵੇਂ ਧੜਿਆਂ ਨੂੰ ਇਕੱਠੇ ਹੋਣ, ਬਾਦਲ ਅਕਾਲੀ ਦਲ ਦੇ ਆਗੂਆਂ ਵੱਲੋਂ ਦਿੱਤੇ ਅਸਤੀਫੇ ਤਿੰਨ ਦਿਨਾਂ ਵਿਚ ਪ੍ਰਵਾਨ ਕਰਨ ਅਤੇ ਸੱਤ ਮੈਂਬਰੀ ਕਮੇਟੀ ਦੁਆਰਾ ਨਵੀਂ ਭਰਤੀ ਕਰਵਾਉਣ ਬਾਰੇ ਹੁਕਮਨਾਮਾ ਜਾਰੀ ਕੀਤਾ ਸੀ। ਸ੍ਰੀ ਅਕਾਲ ਤਖ਼ਤ ਵੱਲੋਂ ਅਕਾਲੀ ਦਲ ਬਾਦਲ ਨੂੰ ਤਿੰਨ ਦਿਨਾਂ ਵਿਚ ਅਸਤੀਫੇ ਪ੍ਰਵਾਨ ਕਰ ਕੇ ਰਿਪੋਰਟ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਕਰਨ ਅਤੇ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਕਰਨ ਲਈ ਐਲਾਨੀ ਗਈ 7 ਮੈਂਬਰੀ ਕਮੇਟੀ ਦੇ ਮਾਮਲੇ ’ਤੇ ਕੋਈ ਕਾਰਵਾਈ ਨਹੀਂ ਕੀਤੀ, ਜਦ ਕਿ ਸੁਧਾਰ ਲਹਿਰ ਦੇ ਆਗੂਆਂ ਨੇ ਅਕਾਲ ਤਖ਼ਤ ਦੇ ਹੁਕਮ ਅਨੁਸਾਰ ਆਪਣਾ ਢਾਂਚਾ ਭੰਗ ਕਰ ਦਿੱਤਾ ਹੈ।

ਸੁਧਾਰ ਲਹਿਰ ਵੱਲੋਂ ਢਾਂਚਾ ਭੰਗ ਕਰ ਦੇਣ ਦੀ ਕਾਰਵਾਈ ਨਾਲ ਸਿੱਖ ਸੰਗਤ ਦਾ ਵਿਸ਼ਵਾਸ ਸੁਧਾਰ ਲਹਿਰ ਦੇ ਆਗੂਆਂ ਵਿਚ ਵਧਿਆ ਹੈ, ਜਦ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਨੇ ਭਾਵੇਂ ਆਪਣੇ ਕੀਤੇ ਹੋਏ ਸਾਰੇ ਗੁਨਾਹ ਮੰਨ ਲਏ ਹਨ ਪਰ ਅਕਾਲ ਤਖ਼ਤ ਤੋਂ ਜਾਰੀ ਹੋਏ ਸਿਆਸੀ ਹੁਕਮਾਂ ’ਤੇ ਕੋਈ ਵੀ ਕਾਰਵਾਈ ਨਾ ਕਰਨ ਅਤੇ ਇਹ ਦਾਅਵਾ ਕਰਨ ਨਾਲ ਕਿ ਅਕਾਲ ਤਖ਼ਤ ਵੱਲੋਂ ਅਸਤੀਫ਼ੇ ਪ੍ਰਵਾਨ ਕਰਨ ਲਈ 20 ਦਿਨ ਦੀ ਮੋਹਲਤ ਮਿਲ ਗਈ ਹੈ, ਕਾਰਨ ਸਿੱਖ ਸੰਗਤ ਵਿਚ ਫਿਰ ਇਹ ਪ੍ਰਭਾਵ ਜਾਣ ਲੱਗਾ ਹੈ ਕਿ ਅਕਾਲੀ ਦਲ ਬਾਦਲ ਦੇ ਆਗੂ ਅਕਾਲ ਤਖ਼ਤ ’ਤੇ ਪਹਿਲਾਂ ਵਾਂਗ ਹੀ ਦਬਾਅ ਬਣਾ ਰਿਹਾ ਹੈ ਅਤੇ ਇਹ ਸਾਰੀ ਕਾਰਵਾਈ ਸਿਆਸੀ ਲਾਹਾ ਲੈਣ ਲਈ ਕੀਤੀ ਜਾ ਰਹੀ ਹੈ।

ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਦੇ ਬੇਟੇ ਨੇ ਇਲਜ਼ਾਮ ਲਗਾਇਆ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਮਲੇ ਤੋਂ ਪਹਿਲਾਂ ਨਾਰਾਇਣ ਸਿੰਘ ਚੌੜਾ ਨਾਲ ਮੁਲਾਕਾਤ ਕੀਤੀ ਤੇ ਉਸ ਨੇ ਇਸ ਮੁਲਾਕਾਤ ਦੀ ਵੀਡੀਓ ਜਨਤਕ ਕਰਨ ਦੀ ਮੰਗ ਕੀਤੀ ਹੈ। ਚੌੜਾ ਦੇ ਬੇਟੇ ਦੇ ਬਿਆਨ ਨੇ ਸੰਗਤ ਵਿਚ ਸ਼ੱਕ ਪੈਦਾ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ ਬਾਦਲ ਦਾ 7 ਮੈਂਬਰੀ ਕਮੇਟੀ ਨੂੰ ਸਹਿਯੋਗ ਨਾ ਦੇਣ ਦੇ ਵਰਤਾਰੇ ਵਿਰੁੱਧ ਸੁਧਾਰ ਲਹਿਰ ਦੇ ਦੋ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੰਤਾ ਸਿੰਘ ਉਮੈਦਪੁਰੀ ਨੇ ਸ਼੍ਰੋਮਣੀ ਕਮੇਟੀ ਅਤੇ 7 ਮੈਂਬਰੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਵੀ ਕੀਤੀ ਸੀ ਪ੍ਰੰਤੂ ਉਨ੍ਹਾਂ ਵੱਲੋਂ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ।

ਕੱਲ ਵੀ ਸੁਧਾਰ ਲਹਿਰ ਦੇ ਕਈ ਆਗੂਆਂ ਗੁਰਪ੍ਰਤਾਪ ਸਿੰਘ ਵਡਾਲਾ, ਚੰਦੂਮਾਜਰਾ, ਰੱਖੜਾ, ਸੰਤਾ ਸਿੰਘ ਉਮੈਦਪੁਰੀ, ਬੀਬੀ ਕਿਰਨਜੋਤ ਕੌਰ ਸਾਬਕਾ ਅਕਾਲੀ ਆਗੂ ਤੇ ਪ੍ਰਮੁੱਖ ਵਕੀਲ ਮਨਜੀਤ ਸਿੰਘ ਖਹਿਰਾ ਨੇ ਇਸ ਮਸਲੇ ’ਤੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਆਗੂਆਂ ਨੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਥੀਆਂ ਨੇ ਅਜੇ ਤੱਕ ਸ਼੍ਰੋਮਣੀ ਕਮੇਟੀ ਕੋਲ ਇਸ਼ਤਿਹਾਰਾਂ ਦੀ ਰਕਮ ਜਿਹੜੀ ਕਿ 2 ਤੋਂ 3 ਕਰੋੜ ਬਣਦੀ ਹੈ, ਜਮ੍ਹਾ ਨਹੀਂ ਕਰਵਾਈ ਅਤੇ ਨਾ ਹੀ ਹੋਰ ਫੈਸਲਿਆਂ ’ਤੇ ਅਮਲ ਕੀਤਾ ਹੈ। ਇਸ ਲਈ ਉਨ੍ਹਾਂ ਦੀ ਮੁਆਫੀ ਪ੍ਰਵਾਨ ਕਰਨ ਤੋਂ ਪਹਿਲਾਂ ਸਾਰੇ ਫੈਸਲੇ ਲਾਗੂ ਕਰਨ ਲਈ ਕਿਹਾ ਜਾਵੇ। ਪਤਾ ਲੱਗਾ ਹੈ ਕਿ ਜਥੇਦਾਰ ਨੇ ਇਨ੍ਹਾਂ ਆਗੂਆਂ ਨੂੰ ਕਿਹਾ ਹੈ ਕਿ ਜੇ 20 ਤਰੀਕ ਤੱਕ ਫੈਸਲੇ ਲਾਗੂ ਨਾ ਕੀਤੇ ਤਾਂ ਉਹ ਖੁਦ ਇਸ ਮਾਮਲੇ ’ਚ ਦਖਲ ਦੇਣਗੇ। ਇਸ ਤਰ੍ਹਾਂ ਜਾਪਦਾ ਹੈ ਕਿ ਜਿਸ ਤਰ੍ਹਾਂ ਅਕਾਲੀ ਆਗੂਆਂ ਦਾ ਵਿਹਾਰ ਹੈ ਉਸ ਨਾਲ ਇਹ ਗੁੱਥੀ ਸੁਲਝਣ ਦੀ ਥਾਂ ਹੋਰ ਉਲਝੇਗੀ।

-ਇਕਬਾਲ ਸਿੰਘ ਚੰਨੀ
 


author

Tanu

Content Editor

Related News