ਅਜੀਤ ਪਵਾਰ ਦੇ ਦਿਹਾਂਤ ਨਾਲ ਰਾਕਾਂਪਾ ਵਿਚ ਅਨਿਸ਼ਚਿਤਤਾ

Saturday, Jan 31, 2026 - 03:51 PM (IST)

ਅਜੀਤ ਪਵਾਰ ਦੇ ਦਿਹਾਂਤ ਨਾਲ ਰਾਕਾਂਪਾ ਵਿਚ ਅਨਿਸ਼ਚਿਤਤਾ

ਅਜੀਤ ਪਵਾਰ ਦੇ ਅਚਾਨਕ ਦਿਹਾਂਤ ਨਾਲ ਮਹਾਰਾਸ਼ਟਰ ਵਿਚ ਇਕ ਸਿਆਸੀ ਖਲਾਅ ਪੈਦਾ ਹੋ ਗਿਆ ਹੈ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਭਵਿੱਖ ਪੂਰੀ ਤਰ੍ਹਾਂ ਅਨਿਸ਼ਚਿਤ ਹੋ ਗਿਆ ਹੈ। ਇਸ ਗੱਲ ’ਤੇ ਸਵਾਲ ਉੱਠ ਰਹੇ ਹਨ ਕਿ ਉਨ੍ਹਾਂ ਦਾ ਜਨ-ਸਮਰਥਨ ਅਤੇ ਜਥੇਬੰਦਕ ਕੰਟਰੋਲ ਕਿਸ ਨੂੰ ਮਿਲੇਗਾ। ਅਜਿਹੇ ਵਿਚ ਰਾਕਾਂਪਾ ਖਿੰਡਾਅ, ਪੁਨਰਗਠਨ ਅਤੇ ਸੁਲ੍ਹਾ ਦੇ ਚੌਰਾਹੇ ’ਤੇ ਖੜ੍ਹੀ ਹੈ। ਅਜੀਤ ਪਵਾਰ ਤੋਂ ਬਾਅਦ ਪਾਰਟੀ ਵਿਚ ਕੋਈ ਦੂਜਾ ਵੱਡਾ ਨੇਤਾ ਨਹੀਂ ਹੈ। ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਰਾਜ ਸਭਾ ਮੈਂਬਰ ਹਨ ਅਤੇ ਮਹਾਰਾਸ਼ਟਰ ਦੀ ਰਾਜਨੀਤੀ ਵਿਚ ਸਰਗਰਮ ਹਨ। ਹਾਲਾਂਕਿ, ਉਨ੍ਹਾਂ ਕੋਲ ਪ੍ਰਸ਼ਾਸਨਿਕ ਤਜਰਬੇ ਦੀ ਕਮੀ ਹੈ। ਇਸ ਦੌਰਾਨ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਫੁੱਲ ਪਟੇਲ ਅਤੇ ਸੂਬਾ ਰਾਕਾਂਪਾ ਪ੍ਰਧਾਨ ਸੁਨੀਲ ਤਟਕਰੇ ਲੀਡਰਸ਼ਿਪ ਸੰਭਾਲਣ ਦੇ ਸੰਭਾਵੀ ਦਾਅਵੇਦਾਰ ਹਨ। ਹਾਲਾਂਕਿ, ਉਨ੍ਹਾਂ ਕੋਲ ਅਜੀਤ ਪਵਾਰ ਵਰਗਾ ਰਾਜਵਿਆਪੀ ਜ਼ਮੀਨੀ ਜੁੜਾਅ ਨਹੀਂ ਹੈ।

ਉਨ੍ਹਾਂ ਦੇ ਬੇਟੇ-ਪਾਰਥ ਪਵਾਰ ਅਤੇ ਜੈ ਪਵਾਰ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਪਾਰਥ ਨੇ ਮਾਵਲ ਚੋਣ ਖੇਤਰ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਹਾਰ ਗਏ ਸਨ। ਛੋਟੇ ਬੇਟੇ ਜੈ ਪਵਾਰ ਰਾਜਨੀਤੀ ਵਿਚ ਜ਼ਿਆਦਾ ਸਰਗਰਮ ਨਹੀਂ ਹਨ। ਦੋਵੇਂ ਬੇਟਿਆਂ ਦੀਆਂ ਆਪਣੀਆਂ ਕੰਪਨੀਆਂ ਹਨ, ਉਹ ਕਾਰੋਬਾਰ ਅਤੇ ਸਮਾਜਿਕ ਉੱਦਮ ਚਲਾਉਂਦੇ ਹਨ। ਹੁਣ, ਅਜੀਤ ਪਵਾਰ ਤੋਂ ਬਾਅਦ ਕੌਣ ਕੇਂਦਰ ਵਿਚ ਆਵੇਗਾ ਅਤੇ ਪਵਾਰ ਦੇ ਗੜ੍ਹ ਨੂੰ ਬਰਕਰਾਰ ਰੱਖੇਗਾ? ਰਾਕਾਂਪਾ (ਏ. ਪੀ.) ਕਿਵੇਂ ਅੱਗੇ ਵਧੇਗੀ ਜਾਂ ਰਾਕਾਂਪਾ (ਐੱਸ. ਪੀ.) ਵਿਚ ਰਲੇਵਾਂ ਹੋਵੇਗਾ? ਇਨ੍ਹਾਂ ਸਵਾਲਾਂ ਦੇ ਜਵਾਬ ਮਹਾਰਾਸ਼ਟਰ ਦੀ ਰਾਜਨੀਤੀ ਦੀ ਗਤੀਸ਼ੀਲਤਾ ਨੂੰ ਪਹਿਲਾਂ ਵਾਂਗ ਬਦਲ ਸਕਦੇ ਹਨ।

ਥਰੂਰ ਦੀ ਖੜਗੇ, ਰਾਹੁਲ ਨਾਲ ਮੁਲਾਕਾਤ
ਪਾਰਟੀ ਲੀਡਰਸ਼ਿਪ ਨਾਲ ਬੇਚੈਨੀ ਦੀਆਂ ਖਬਰਾਂ ਦੇ ਵਿਚਾਲੇ, ਤਿਰੂਵਨੰਤਪੁਰਮ ਤੋਂ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨਾਲ ਇਕ ਲੰਬੀ ਮੀਟਿੰਗ ਕੀਤੀ, ਜਿਸ ਨੇ ਸਬੰਧਾਂ ਵਿਚ ਸੰਭਾਵੀ ਸੁਧਾਰ ਦਾ ਸੰਕੇਤ ਦਿੱਤਾ। ਦੋਵਾਂ ਪੱਖਾਂ ਨੇ ਏਕਤਾ ਅਤੇ ਤਾਲਮੇਲ ’ਤੇ ਜ਼ੋਰ ਦਿੱਤਾ ਕਿਉਂਕਿ ਪਾਰਟੀ ਮਹੱਤਵਪੂਰਨ ਕੇਰਲ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ। ‘ਐਕਸ’ ’ਤੇ ਇਕ ਪੋਸਟ ਵਿਚ ਥਰੂਰ ਨੇ ਕਿਹਾ, ‘‘ਅੱਜ ਕਾਂਗਰਸ ਪ੍ਰਧਾਨ ਖੜਗੇ ਜੀ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਜੀ ਨੂੰ ਵੱਖ-ਵੱਖ ਵਿਸ਼ਿਆਂ ’ਤੇ ਨਿੱਘੀ ਅਤੇ ਰਚਨਾਤਮਕ ਚਰਚਾ ਲਈ ਧੰਨਵਾਦ। ਅਸੀਂ ਸਾਰੇ ਭਾਰਤ ਦੇ ਲੋਕਾਂ ਦੀ ਸੇਵਾ ਵਿਚ ਅੱਗੇ ਵਧਦੇ ਹੋਏ ਇਕੋ ਪੇਜ ’ਤੇ ਹਾਂ।’’

ਕੇਰਲ ਵਿਧਾਨ ਸਭਾ ਚੋਣਾਂ ਲਈ ਮੁੱਖ ਮੰਤਰੀ ਦੇ ਅਹੁਦੇ ਦੇ ਚਿਹਰੇ ਦੇ ਮੁੱਦੇ ’ਤੇ ਇਕ ਸਵਾਲ ਦੇ ਜਵਾਬ ਵਿਚ ਥਰੂਰ ਨੇ ਕਿਹਾ ਕਿ ਇਹ ਕਦੇ ਮੁੱਦਾ ਹੀ ਨਹੀਂ ਸੀ। ਇਹ ਮੀਟਿੰਗ ਉਦੋਂ ਹੋਈ ਜਦੋਂ ਥਰੂਰ ਨੇ ਵਿਧਾਨ ਸਭਾ ਚੋਣਾਂ ਲਈ ਰਣਨੀਤੀਆਂ ਨੂੰ ਅੰਤਿਮ ਰੂਪ ਦੇਣ ਲਈ ਦਿੱਲੀ ਵਿਚ ਕੇਰਲ ਦੇ ਚੋਟੀ ਦੇ ਨੇਤਾਵਾਂ ਨਾਲ ਏ. ਆਈ. ਸੀ. ਸੀ. ਦੀ ਇਕ ਮਹੱਤਵਪੂਰਨ ਮੀਟਿੰਗ ਵਿਚ ਹਿੱਸਾ ਨਹੀਂ ਲਿਆ ਸੀ। ਸੂਤਰਾਂ ਅਨੁਸਾਰ, ਮੀਟਿੰਗ ਦੌਰਾਨ ਰਾਹੁਲ ਗਾਂਧੀ ਨੇ ਥਰੂਰ ਨੂੰ ਕਿਹਾ ਕਿ ਉਹ ਬਹੁਤ ਮਹੱਤਵਪੂਰਨ ਹਨ ਅਤੇ ਪਾਰਟੀ ਲਈ ਜ਼ਰੂਰੀ ਹਨ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਭਰੋਸੇ ਵਿਚ ਲਿਆ ਜਾਵੇਗਾ ਅਤੇ ਕੇਰਲ ਵਿਚ ਕਾਂਗਰਸ ਦੇ ਸਾਰੇ ਅਹਿਮ ਫੈਸਲਿਆਂ ਵਿਚ ਉਨ੍ਹਾਂ ਦੀ ਮੌਜੂਦਗੀ ’ਤੇ ਵੀ ਵਿਚਾਰ ਕੀਤਾ ਜਾਵੇਗਾ।

ਪੱਛਮੀ ਬੰਗਾਲ ਵਿਚ ਮਾਕਪਾ ਅਤੇ ਜੇ. ਯੂ. ਪੀ. ਵਿਚ ਗੱਠਜੋੜ ਹੋਵੇਗਾ!
ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪੱਛਮੀ ਬੰਗਾਲ ਮਾਕਪਾ ਦੇ ਸਕੱਤਰ ਮੁਹੰਮਦ ਸਲੀਮ ਦੀ ‘ਜਨਤਾ ਉੱਨਯਨ ਪਾਰਟੀ’ ਦੇ ਮੁਖੀ ਹੁਮਾਯੂੰ ਕਬੀਰ ਨਾਲ ਮੁਲਾਕਾਤ ਨੇ ਮਾਕਪਾ ਅਤੇ ਜਨਤਾ ਉੱਨਯਨ ਪਾਰਟੀ (ਜੇ. ਯੂ. ਪੀ.) ਦੇ ਵਿਚਾਲੇ ਗੱਠਜੋੜ ਦੀਆਂ ਅਟਕਲਾਂ ਨੂੰ ਤੇਜ਼ ਕਰ ਦਿੱਤਾ ਸੀ। ਜਨਤਾ ਉੱਨਯਨ ਪਾਰਟੀ ਇਕ ਨਵੀਂ ਸਿਆਸੀ ਪਾਰਟੀ ਹੈ ਜੋ ਸਾਬਕਾ ਟੀ. ਐੱਮ. ਸੀ. ਨੇਤਾ ਨੇ ਬਣਾਈ ਸੀ, ਜਦੋਂ ਸੱਤਾਧਾਰੀ ਪਾਰਟੀ ਨੇ ਉਨ੍ਹਾਂ ਨੂੰ ਮੁਰਸ਼ਿਦਾਬਾਦ ਵਿਚ ਬਾਬਰੀ ਮਸਜਿਦ ਬਣਾਉਣ ਲਈ ਮੁਹਿੰਮ ਚਲਾਉਣ ਕਾਰਨ ਸਸਪੈਂਡ ਕਰ ਦਿੱਤਾ ਸੀ।

ਹਾਲਾਂਕਿ, ਸਲੀਮ ਨੇ ਕਿਹਾ ਕਿ ਉਹ ਕਬੀਰ ਨੂੰ ਸਿਰਫ ਇਹ ਜਾਣਨ ਲਈ ਮਿਲੇ ਸਨ ਕਿ ਉਹ ਕੀ ਕਰਨ ਦੀ ਯੋਜਨਾ ਬਣਾ ਰਹੇ ਹਨ। ਦੂਜੇ ਪਾਸੇ, ਕਬੀਰ ਨੇ ਇਸ ਮੁਲਾਕਾਤ ਨੂੰ ਇਕ ਸ਼ਿਸ਼ਟਾਚਾਰ ਮੁਲਾਕਾਤ ਦੱਸਿਆ ਪਰ ਇਹ ਮੰਨਿਆ ਕਿ ਚਰਚਾ ਵਿਚ ਵਿਧਾਨ ਸਭਾ ਚੋਣਾਂ ਲਈ ਸੰਭਾਵੀ ਗੱਠਜੋੜ ’ਤੇ ਗੱਲ ਹੋਈ। ਇਸ ਦੌਰਾਨ, ਤ੍ਰਿਣਮੂਲ ਕਾਂਗਰਸ ਨੇ ਮਾਕਪਾ ’ਤੇ ਹਮਲਾ ਬੋਲਿਆ ਅਤੇ ਕਿਹਾ ਕਿ ਮਾਕਪਾ ਕੰਗਾਲ ਹੋ ਗਈ ਹੈ ਅਤੇ ਗੱਠਜੋੜ ਲਈ ਭੀਖ ਦਾ ਕਟੋਰਾ ਲੈ ਕੇ ਘੁੰਮ ਰਹੀ ਹੈ।

ਦ੍ਰਮੁਕ-ਕਾਂਗਰਸ ਵਿਚ ਸੀਟਾਂ ਦੀ ਖੇਡ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਦ੍ਰਮੁਕ ਨੇਤਾ ਕਨੀਮੋਝੀ ਨੇ ਆਉਣ ਵਾਲੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਕਰਨ ਲਈ 10 ਜਨਪਥ ’ਤੇ ਮੁਲਾਕਾਤ ਕੀਤੀ, ਪਰ ਸੀਟਾਂ ਦੀ ਵੰਡ ’ਤੇ ਕੋਈ ਸਮਝੌਤਾ ਨਹੀਂ ਹੋ ਸਕਿਆ। ਦ੍ਰਮੁਕ ਨੇ ਸਾਫ਼ ਤੌਰ ’ਤੇ ਕਹਿ ਦਿੱਤਾ ਹੈ ਕਿ ਉਹ ਕਾਂਗਰਸ ਨੂੰ ਕੈਬਨਿਟ ਸੀਟ ਨਹੀਂ ਦੇਵੇਗੀ, ਹਾਲਾਂਕਿ ਉਸ ਨੇ ਗੱਠਜੋੜ ਜਾਰੀ ਰੱਖਣ ਦੀ ਆਪਣੀ ਵਚਨਬੱਧਤਾ ਦੁਹਰਾਈ।

ਬੈਠਕ ਦੌਰਾਨ, ਰਾਹੁਲ ਗਾਂਧੀ ਨੇ ਕਨੀਮੋਝੀ ਰਾਹੀਂ ਦ੍ਰਮੁਕ ਲੀਡਰਸ਼ਿਪ ਨੂੰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਅਜਿਹੀ ਕੋਈ ਰਣਨੀਤੀ ਨਹੀਂ ਅਪਣਾਏਗੀ, ਜਿਸ ਨਾਲ ਗੱਠਜੋੜ ਵਿਚ ਤਣਾਅ ਪੈਦਾ ਹੋਵੇ, ਜਿਸ ਵਿਚ ਸੱਤਾ-ਸਾਂਝੇਦਾਰੀ ਦੀ ਗੱਲਬਾਤ ਵੀ ਸ਼ਾਮਲ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਕਿਸੇ ਬਦਲਵੇਂ ਗੱਠਜੋੜ ਨੂੰ ਚੁਣਨ ਜਾਂ ਵਿਜੇ ਦੀ ‘ਤਾਮਿਲਗਾ ਵੈਟਰੀ ਕੜਗਮ’ (ਟੀ. ਵੀ. ਕੇ.) ਨਾਲ ਗੱਠਜੋੜ ਕਰਨ ਦੇ ਕਿਸੇ ਵੀ ਬਦਲ ਨੂੰ ਖਾਰਿਜ ਕਰ ਦਿੱਤਾ ਹੈ।

ਸੂਤਰਾਂ ਅਨੁਸਾਰ, ਕਾਂਗਰਸ ਨੇ 42 ਸੀਟਾਂ ਦੀ ਮੰਗ ਕੀਤੀ ਸੀ, ਪਰ ਦ੍ਰਮੁਕ ਨੇ ਆਪਣੇ ਆਫਰ ਨੂੰ 25 ਤੋਂ ਵਧਾ ਕੇ ਸਿਰਫ਼ 30-32 ਸੀਟਾਂ ਤੱਕ ਕਰਨ ’ਤੇ ਸਹਿਮਤੀ ਜਤਾਈ। ਹਾਲਾਂਕਿ ਕਨੀਮੋਝੀ ਅਤੇ ਰਾਹੁਲ ਗਾਂਧੀ ਨੇ ਗੱਠਜੋੜ ਦੇ ਤਣਾਅ ਨੂੰ ਖ਼ਤਮ ਕਰ ਦਿੱਤਾ ਹੈ ਪਰ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਹੁਣੇ ਸ਼ੁਰੂ ਹੋਣ ਵਾਲੀ ਸੀਟਾਂ ਦੀ ਖੇਡ ਦ੍ਰਮੁਕ-ਕਾਂਗਰਸ ਗੱਠਜੋੜ ਨੂੰ ਅੱਗੇ ਕਿਵੇਂ ਪ੍ਰਭਾਵਿਤ ਕਰੇਗੀ।

-ਰਾਹਿਲ ਨੌਰਾ ਚੋਪੜਾ


author

Harpreet SIngh

Content Editor

Related News