26 ਅਕਤੂਬਰ ਜੰਮੂ-ਕਸ਼ਮੀਰ ਦੇ ਲਈ ਯਾਦਗਾਰ ਰਲੇਵਾਂ ਦਿਵਸ ਹੈ

Saturday, Oct 26, 2024 - 05:36 PM (IST)

ਆਜ਼ਾਦੀ ਦਿਵਸ ਦੇ ਬਾਅਦ ਸਭ ਤੋਂ ਵਰਨਣਯੋਗ ਸਿਆਸੀ ਫੈਸਲਾ 26 ਅਕਤੂਬਰ, 1947 ਨੂੰ ਇਹ ਹੋਇਆ ਕਿ ਮਹਾਰਾਜਾ ਹਰੀ ਸਿੰਘ ਨੇ ਜੰਮੂ-ਕਸ਼ਮੀਰ ਰਿਆਸਤ ਦੀ ਵਾਗਡੋਰ ਆਜ਼ਾਦ ਭਾਰਤ ਦੇ ਹੱਥਾਂ ’ਚ ਸੌਂਪ ਕੇ ਖੁਦ ਨੂੰ ਮਾਣਮੱਤਾ ਕੀਤਾ ਸੀ। ਉਦੋਂ ਤੋਂ ਇਹ ਦਿਨ ਸਮਾਗਮ ਵਜੋਂ ਮਨਾਇਆ ਜਾਣ ਲੱਗਾ ਅਤੇ ਭਾਰਤੀ ਏਕਤਾ ਦਾ ਪ੍ਰਤੀਕ ਬਣ ਗਿਆ।

ਰਲੇਵੇਂ ਦੀ ਗੱਲ ਨਾਲ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੱਨਾਹ ਨੇ ਤਾਂ ਭੜਕਣਾ ਹੀ ਸੀ ਅਤੇ ਉਸ ਨੇ ਉਸ ਨੂੰ ਧੋਖਾਦੇਹੀ ਕਹਿੰਦੇ ਹੋਏ ਹਮੇਸ਼ਾ ਲਈ ਭਾਰਤ ਨਾਲ ਦੁਸ਼ਮਣੀ ਦੀ ਅਜਿਹੀ ਨੀਂਹ ਰੱਖ ਦਿੱਤੀ ਕਿ ਅੱਜ ਤਕ 2 ਗੁਆਂਢੀ ਦੁਸ਼ਮਣੀ ਨਿਭਾਅ ਰਹੇ ਹਨ। ਉਨ੍ਹਾਂ ’ਚ ਕਦੀ-ਕਦਾਈਂ ਦਿਖਾਵੇ ਦੀ ਦੋਸਤੀ ਦਿਖਾਈ ਦਿੰਦੀ ਹੈ ਜਿਸ ਦਾ ਜਲਦੀ ਹੀ ਪਰਦਾਫਾਸ਼ ਹੋ ਜਾਂਦਾ ਹੈ।

ਅੰਗਰੇਜ਼ਾਂ ਦੀ ਪਾਕਿਸਤਾਨ ਨਾਲ ਯਾਰੀ : ਮਹਾਰਾਜਾ ਨੇ ਜੰਮੂ ’ਚ ਅੱਧੀ ਰਾਤ ਨੂੰ ਆਪਣੀ ਨੀਂਦ ’ਚ ਖਲਲ ਪੈਣ ’ਤੇ ਵੀ ਇਸ ਦੇ ਸਮਝੌਤੇ ’ਤੇ ਦਸਤਖਤ ਕੀਤੇ, ਜਿਸ ਨੂੰ ਅਗਲੇ ਦਿਨ ਵਿਸ਼ੇਸ਼ ਦੂਤ ਵਲੋਂ ਲਾਰਡ ਮਾਊਂਟਬੇਟਨ ਨੂੰ ਸੌਂਪ ਦਿੱਤਾ ਗਿਆ। ਉਨ੍ਹਾਂ ਨੇ ਮਹਾਰਾਜਾ ਦਾ ਧੰਨਵਾਦ ਕਰਦਿਆਂ ਪੱਤਰ ਲਿਖਿਆ ਕਿ ਜਲਦੀ ਹੀ ਭਾਰਤ ਇਸ ਇਲਾਕੇ ’ਚੋਂ ਹਮਲਾਵਰਾਂ ਦਾ ਸਫਾਇਆ ਕਰ ਕੇ ਸ਼ਾਂਤੀ ਸਥਾਪਿਤ ਕਰਨ ’ਚ ਸਫਲ ਹੋਵੇਗਾ।

ਹਾਲਾਂਕਿ ਕਰਾਰ ’ਚ ਸਾਫ ਲਿਖਿਆ ਹੈ ਕਿ ਇਹ ਰਲੇਵਾਂ ਅੰਤਿਮ ਹੈ ਅਤੇ ਉਹ ਰਿਆਸਤ ਦੀ ਜਨਤਾ ਵਲੋਂ ਇਸ ਨੂੰ ਅੰਜਾਮ ਦੇ ਰਹੇ ਹਨ ਪਰ ਅੰਗਰੇਜ਼ ਤਾਂ ਭਾਰਤ ਨੂੰ ਟੁੱਟਦੇ ਹੋਏ ਦੇਖਣ ਦਾ ਸੁਪਨਾ ਪਾਲੀ ਬੈਠੇ ਸਨ ਤਾਂ ਲਾਟ ਸਾਹਿਬ ਨੇ ਪੱਤਰ ’ਚ ਨਾਗਰਿਕਾਂ ਦੀ ਸਹਿਮਤੀ ਦੀ ਗੱਲ ਵੀ ਕਰ ਦਿੱਤੀ।

ਅੰਗਰੇਜ਼ਾਂ ਅਤੇ ਉਨ੍ਹਾਂ ਦੇ ਸਹਿਯੋਗੀ ਅਮਰੀਕੀਆਂ ਦੇ ਧੜੇ ਦੀ ਮੱਕਾਰੀ ਇਸ ਤੋਂ ਵੱਧ ਕੇ ਕੀ ਹੋਵੇਗੀ ਕਿ ਉਹ ਅਗਲੇ ਕੁਝ ਸਾਲ ਤਕ ਇਸ ਰਲੇਵੇਂ ਨੂੰ ਇਨਵੈਲਿਡ ਭਾਵ ਗੈਰ-ਕਾਨੂੰਨੀ ਹੀ ਮੰਨਦੇ ਰਹੇ।

ਪਾਕਿਸਤਾਨ ਇਸ ਗੱਲ ਦੀ ਦੁਹਾਈ ਦਿੰਦਾ ਰਿਹਾ ਕਿ ਮਹਾਰਾਜਾ ਤਾਂ ਇਹ ਕਰ ਹੀ ਨਹੀਂ ਸਕਦੇ ਕਿਉਂਕਿ ਪਾਕਿਸਤਾਨ ਨਾਲ ਸਟੈਂਡ ਸਟਿਲ ਭਾਵ ਜਿਹੋ-ਜਿਹਾ ਹੈ ਉਹੋ-ਜਿਹਾ ਹੀ ਰਹੇਗਾ, ਦਾ ਐਗਰੀਮੈਂਟ ਕੀਤਾ ਹੋਇਆ ਸੀ। ਮਹਾਰਾਜਾ ਨੇ ਜਿੱਨਾਹ ਦੇ ਦਬਾਅ ’ਚ ਨਾ ਆਉਣ ਦਾ ਫੈਸਲਾ ਕੀਤਾ ਅਤੇ ਇਹ ਸੂਬਾ ਭਾਰਤ ਦਾ ਅਨਿੱਖੜਵਾਂ ਅੰਗ ਬਣ ਗਿਆ।

ਪਾਕਿਸਤਾਨ ਨੂੰ ਆਪਣਾ ਮਨਚਾਹਿਆ ਇਰਾਦਾ ਉਦੋਂ ਪੂਰਾ ਹੋਣ ਦੀ ਆਸ ਹੋ ਗਈ ਜਦੋਂ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੰਘ ’ਚ ਲਿਜਾਇਆ ਗਿਆ ਅਤੇ ਉੱਥੇ ਰੈਫਰੈਂਡਮ ਭਾਵ ਆਪਣੀ ਮਰਜ਼ੀ ਦੱਸਣ ਦੇ ਬਾਅਦ ਸ਼ਾਮਲ ਹੋਣ ਦੀ ਗੱਲ ’ਤੇ ਮੋਹਰ ਲਾਉਣ ਦੀ ਕੋਸ਼ਿਸ਼ ਹੋਈ ਿਜਸ ਦਾ ਖਮਿਆਜ਼ਾ ਅਸੀਂ ਹੁਣ ਤਕ ਭੁਗਤ ਰਹੇ ਹਾਂ।

ਪਾਕਿਸਤਾਨ ਨੇ ਦੂਜਾ ਕੰਮ ਇਹ ਕੀਤਾ ਕਿ ਆਪਣੇ ਇੱਥੋਂ ਦੇ ਖਤਰਨਾਕ ਲੋਕਾਂ ਨੂੰ ਸੂਬੇ ’ਚ ਭੇਜ ਕੇ ਅੱੱਤਵਾਦੀਆਂ ਦੀ ਖੇਪ ਤਿਆਰ ਕਰਨ ਲੱਗਾ ਜੋ ਭਾਰਤ ’ਚ ਰਹਿ ਕੇ ਅਤੇ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੁੱਖ-ਸਹੂਲਤਾਂ ਦਾ ਲਾਭ ਤਾਂ ਲੈਣ ਪਰ ਦਿਲ ’ਚ ਪਾਕਿਸਤਾਨ ਦਾ ਜਾਪ ਕਰਦੇ ਰਹਿਣ।

ਦੇਸ਼ਧ੍ਰੋਹ ਦਾ ਸਮਰਥਨ : ਮੰਦਭਾਗੀ ਗੱਲ ਇਹ ਰਹੀ ਕਿ ਸਾਡੀਆਂ ਹੀ ਪਾਰਟੀਆਂ ਦੇ ਆਗੂ ਸਿਆਸੀ ਲਾਭ ਲਈ ਮੁੱਠੀ ਭਰ ਅੱਤਵਾਦੀ ਕਸ਼ਮੀਰੀਆਂ ਨੂੰ ਪਾਕਿਸਤਾਨ ਪ੍ਰਤੀ ਪ੍ਰੇਮ ਨੂੰ ਭੁਨਾਉਣ ਲੱਗਦੇ ਹਨ। ਇੰਨੇ ਸਾਲਾਂ ’ਚ ਇਹ ਹਾਲਤ ਹੋ ਗਈ ਹੈ ਕਿ ਸਥਾਨਕ ਲੋਕਾਂ ਦੀ ਸਮਝ ’ਚ ਆਉਣ ਲੱਗਾ ਹੈ ਕਿ ਉਨ੍ਹਾਂ ਦਾ ਫਾਇਦਾ ਕਿਸ ਗੱਲ ’ਚ ਹੈ। ਉਹ ਭਾਰਤੀ ਸੰਘ ਅਤੇ ਸੰਵਿਧਾਨ ਅਤੇ ਵਿਧਾਨ ਨੂੰ ਮੰਨਦੇ ਹੋਏ ਉੱਥੇ ਵਸੇ ਰਹਿਣਾ ਚਾਹੁੰਦੇ ਹਨ ਅਤੇ ਖੁਦ ਨੂੰ ਖੁਸ਼ਹਾਲ ਦੇਖਣ ਲਈ ਸ਼ਾਂਤੀ ਚਾਹੁੰਦੇ ਹਨ।

ਹਾਲਾਂਕਿ ਅੱਜ ਧਾਰਾ 370 ਨਹੀਂ ਰਹੀ ਅਤੇ ਉੱਥੇ ਪਹਿਲਾਂ ਦੀ ਤੁਲਨਾ ’ਚ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਵੀ ਹੋ ਚੁੱਕੀਆਂ ਹਨ ਪਰ ਅਜੇ ਵੀ ਲੋਕਾਂ ਦੀ ਘਾਟ ਨਹੀਂ ਹੈ ਜੋ ਪਾਕਿਸਤਾਨ ਨੂੰ ਆਪਣਾ ਵਤਨ ਮੰਨਦੇ ਹਨ। ਇਸ ਦਾ ਕਾਰਨ ਇਹ ਹੈ ਕਿ ਸੂਬੇ ’ਤ ਸੱਤਾ ਕਿਸੇ ਦੇ ਵੀ ਹੱਥ ’ਚ ਰਹੀ ਹੋਵੇ, ਗੱਦੀ ’ਤੇ ਕਿਸੇ ਤਰ੍ਹਾਂ ਕਬਜ਼ਾ ਹਾਸਲ ਕਰ ਲੈਣ ਵਾਲੇ ਨੇਤਾ ਖੁਦ ਨੂੰ ਪਾਕਿਸਤਾਨ ਦੀ ਕਠਪੁਤਲੀ ਬਣਨ ਤੋਂ ਰੋਕ ਨਹੀਂ ਸਕਦੇ।

ਇਹੀ ਕਾਰਨ ਹੈ ਕਿ ਜੰਮੂ ਹੋਵੇ ਜਾਂ ਕਸ਼ਮੀਰ ਜਾਂ ਚੀਨ ਨਾਲ ਲੱਗਦਾ ਲੱਦਾਖ ਹੋਵੇ, ਅੱਤਵਾਦ ਦਾ ਪਰਛਾਵਾਂ ਖਤਮ ਨਹੀਂ ਹੋ ਸਕਦਾ। ਅੱਤਵਾਦੀ ਸਰਗਣੇ ਬੁਰਹਾਨ ਵਾਨੀ ਦੀ ਬਰਸੀ ਹੋਵੇ ਜਾਂ ਕੋਈ ਹੋਰ ਮੌਕਾ, ਉਨ੍ਹਾਂ ਦਾ ਐਲਾਨੇ ਦੁਸ਼ਮਣ ਭਾਰਤ ਦੀ ਫੌਜ ਉਨ੍ਹਾਂ ਦੇ ਨਿਸ਼ਾਨੇ ’ਤੇ ਰਹਿੰਦੀ ਹੈ। ਦੂਜਾ ਨੰਬਰ ਉਨ੍ਹਾਂ ਨੇਤਾਵਾਂ ਦਾ ਹੁੰਦਾ ਹੈ ਜੋ ਉਨ੍ਹਾਂ ਦਾ ਸਮਰਥਨ ਨਹੀਂ ਕਰਦੇ ਅਤੇ ਉਨ੍ਹਾਂ ਦੀ ਹੱਤਿਆ ਹੋ ਜਾਂਦੀ ਹੈ।

ਹੱਲ ਕਰਨ ਦੀ ਪਹਿਲ ਕਰਨੀ ਹੋਵੇਗੀ : ਜੰਮੂ-ਕਸ਼ਮੀਰ ਦੀ ਨਵੀਂ ਚੁਣੀ ਸਰਕਾਰ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਪਾਕਿਸਤਾਨ ਦੇ ਮਨਸੂਬਿਆਂ ’ਤੇ ਪਾਣੀ ਫੇਰਨ ਦਾ ਕੰਮ ਕਰੇਗੀ ਅਤੇ ਇਸ ਸਰਹੱਦੀ ਸੂਬੇ ਅਤੇ ਦੁਨੀਆ ਭਰ ’ਚ ਸਭ ਤੋਂ ਵੱਧ ਖੂਬਸੂਰਤੀ ਸਮੇਟਣ ਵਾਲੇ ਸੂਬੇ ਨੂੰ ਦੇਸ਼ ਦਾ ਮਾਣ ਬਣਾਉਣ ’ਚ ਕੰਮ ਕਰੇਗੀ। ਉਸ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਮੁਸਲਿਮ ਬਹੁਗਿਣਤੀ ਵਾਲੇ ਸੂਬੇ ’ਚ ਹਿੰਦੂਆਂ ਅਤੇ ਹੋਰਨਾਂ ਧਰਮਾਂ ਦੇ ਘੱਟਗਿਣਤੀ ਲੋਕ ਜੋ ਇੱਥੇ ਪੀੜ੍ਹੀਆਂ ਤੋਂ ਰਹਿ ਰਹੇ ਹਨ, ਉਨ੍ਹਾਂ ਦੀ ਸੁਰੱਖਿਆ ਦਾ ਕਵਚ ਤਿਆਰ ਕੀਤਾ ਜਾਵੇ।

ਧਾਰਮਿਕ ਟਕਰਾਅ ਅਤੇ ਤਣਾਅ ਦੀ ਥਾਂ ’ਤੇ ਭਾਈਚਾਰੇ ਦੀ ਉਹੀ ਬਹਾਰ ਲਿਆਉਣ ਦਾ ਪ੍ਰਬੰਧ ਕਰਨਾ ਹੋਵੇਗਾ ਜੋ ਕਦੀ ਇਸ ਇਲਾਕੇ ਦੀ ਪਛਾਣ ਸੀ। ਜਿਹੜੇ ਪਰਿਵਾਰਾਂ ਨੇ ਜ਼ਿੰਦਗੀ ਭਰ ਹਿੰਸਾ ਦਾ ਨੰਗਾ ਨਾਚ ਦੇਖਿਆ, ਉਨ੍ਹਾਂ ਨੂੰ ਭਰੋਸਾ ਦੇਣਾ ਹੋਵੇਗਾ ਕਿ ਉਹ ਸੁਰੱਖਿਅਤ ਹਨ। ਇਹ ਕੰਮ ਗੁਜਰਾਤ ’ਚ ਹੋਇਆ ਹੈ।

ਉੱਥੇ ਦੰਗਾ ਪੀੜਤ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਜਦੋਂ ਸਰਕਾਰ ਨੂੰ ਆਪਣੀ ਚੰਗੀ ਤਰ੍ਹਾਂ ਸੰਭਾਲ ਕਰਦੇ ਹੋਏ ਮਹਿਸੂਸ ਕੀਤਾ ਤਾਂ ਉਹ ਦੰਗਿਆਂ ਨੂੰ ਭੁੱਲ ਗਏ ਅਤੇ ਉਹ ਅੱਗੇ ਵਧਣ ’ਚ ਕਾਮਯਾਬ ਹੋਏ। ਇਹੀ ਨੀਤੀ ਜੰਮੂ-ਕਸ਼ਮੀਰ ’ਚ ਅਪਣਾਉਣੀ ਹੋਵੇਗੀ ਤਾਂ ਕਿ ਉੱਥੋਂ ਦੇ ਹਿੰਦੂ ਨਿਵਾਸੀ ਕਿਸੇ ਗੱਲੋਂ ਵੀ ਇਹ ਯਾਦ ਨਾ ਕਰਨ ਕਿ ਉਹ ਕਦੀ ਹਿੰਸਾ ਦਾ ਸ਼ਿਕਾਰ ਹੋਏ ਸਨ।

ਬਜ਼ੁਰਗ ਦੀ ਪੀੜ੍ਹੀ ਦੀ ਥਾਂ ਨੌਜਵਾਨ ਪੀੜ੍ਹੀ ਲੈ ਰਹੀ ਹੈ, ਭਾਵੇਂ ਸਿਆਸਤ ਹੋਵੇ ਜਾਂ ਕਾਰੋਬਾਰ ਉਸ ਨੂੰ ਪਾਕਿਸਤਾਨ ਦੀ ਚੁੱਕ ’ਚ ਆਉਣ ਤੋਂ ਰੋਕਣਾ ਸੰਭਵ ਹੈ। ਇਸ ਦੇ ਲਈ ਅਜਿਹੇ ਉਪਾਅ ਹੋਣ ਕਿ ਆਤਮਵਿਸ਼ਵਾਸ ਅਤੇ ਭਰੋਸੇ ਦੇ ਤੰਤਰ ਅਤੇ ਮੰਤਰ ਉਸ ਦੇ ਸੁਪਨਿਆਂ ਦੀ ਉਡਾਣ ’ਚ ਕੋਈ ਰੁਕਾਵਟ ਨਹੀਂ ਆਉਣ ਦੇਣਗੇ।

ਪੂਰਨ ਚੰਦ ਸਰੀਨ


Rakesh

Content Editor

Related News