ਵਿਸ਼ਵ ’ਚ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 21 ਭਾਰਤ ’ਚ

Monday, Nov 03, 2025 - 07:23 AM (IST)

ਵਿਸ਼ਵ ’ਚ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 21 ਭਾਰਤ ’ਚ

ਹਵਾ ਪ੍ਰਦੂਸ਼ਣ ਭਾਰਤ ’ਚ ਵਾਤਾਵਰਣ ਸੰਬੰਧੀ ਗੰਭੀਰ ਸਮੱਸਿਆ ਹੈ। ਵਿਸ਼ਵ ਦੇ 30 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ’ਚੋਂ 21 ਭਾਰਤ ’ਚ ਹਨ। ਉਦਯੋਗਿਕ ਰਹਿੰਦ-ਖੂੰਹਦ ਅਤੇ ਉਦਯੋਗਾਂ ਅਤੇ ਵਾਹਨਾਂ ਤੋਂ ਉੱਠਣ ਵਾਲਾ ਧੂੰਆਂ, ਨਿਰਮਾਣ ਕੰਮਾਂ ਦੀ ਧੂੜ, ਥਰਮਲ ਪਾਵਰ ’ਤੇ ਨਿਰਭਰਤਾ, ਕੂੜਾ ਸਾੜਨਾ, ਬਾਲਣ ਲਈ ਗੋਹੇ ਅਤੇ ਲੱਕੜੀ ਦੀ ਵਰਤੋਂ ਪ੍ਰਦੂਸ਼ਣ ਦੇ ਮੁੱਖ ਕਾਰਨ ਹਨ। ਪ੍ਰਦੂਸ਼ਣ ’ਚ 17 ਫੀਸਦੀ ਯੋਗਦਾਨ ਪਰਾਲੀ ਸਾੜਨ ਦਾ ਹੈ।

ਦੀਵਾਲੀ ’ਤੇ ਤਿੰਨ ਦਿਨਾਂ ਤੱਕ ਪਟਾਕੇ ਚੱਲਦੇ ਰਹਿਣ ਕਾਰਨ ਇੰਨੇ ਦਿਨਾਂ ਬਾਅਦ ਵੀ ਦਿੱਲੀ ’ਚ ਪ੍ਰਦੂਸ਼ਣ ਜਿਉਂ ਦਾ ਤਿਉਂ ਹੈ। ਵੱਡੀ ਗਿਣਤੀ ’ਚ ਬੱਚੇ ਖਾਂਸੀ ਅਤੇ ਸਾਹ ਦੀਆਂ ਹੋਰ ਤਕਲੀਫਾਂ ਦੇ ਸ਼ਿਕਾਰ ਹਨ। ਨਰਸਰੀ ’ਚ ਪੜ੍ਹਨ ਵਾਲੇ ਛੋਟੇ-ਛੋਟੇ ਬੱਚੇ ਵੀ ਪ੍ਰਦੂਸ਼ਣ ਨਾਲ ਪੀੜਤ ਹਨ।

ਬੱਚਿਅਾਂ ’ਚ ਹਵਾ ਪ੍ਰਦੂਸ਼ਣ ਦੇ ਕਾਰਨ ਫੇਫੜਿਆਂ ਦਾ ਵਿਕਾਸ ਘੱਟ ਹੁੰਦਾ ਹੈ ਅਤੇ ਉਨ੍ਹਾਂ ’ਚ ਦਮੇ ਦੇ ਮਾਮਲੇ ਵੀ ਜ਼ਿਆਦਾ ਦੇਖੇ ਜਾਂਦੇ ਹਨ ਜੋ ਇਸ ਖੇਤਰ ’ਚ ਲਗਭਗ ਇਕ ਤਿਹਾਈ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ 5 ਜਾਂ 10 ਫੀਸਦੀ ਹਨ।

ਹਵਾ ਪ੍ਰਦੂਸ਼ਣ ਦਾ ਸਾਡੇ ਫੇਫੜਿਆਂ ’ਤੇ ਘੱਟ ਸਮੇਂ ਦਾ ਅਤੇ ਲੰਬੇ ਸਮੇਂ ਦਾ ਦੋਵਾਂ ਤਰ੍ਹਾਂ ਨਾਲ ਪ੍ਰਭਾਵ ਪੈਂਦਾ ਹੈ ਅਤੇ ਇਸ ਨਾਲ ਸਿਰਫ ਫੇਫੜੇ ਹੀ ਨਹੀਂ ਸਗੋਂ ਦਿਲ, ਦਿਮਾਗ, ਗੁਰਦੇ, ਅੰਤੜੀਆਂ ਸਮੇਤ ਸਰੀਰ ਦੀ ਸਮੁੱਚੀ ਰੱਖਿਆ ਪ੍ਰਣਾਲੀ ’ਤੇ ਪ੍ਰਭਾਵ ਪੈਂਦਾ ਹੈ।

2023 ’ਚ ਲੱਖਾਂ ਮਰੀਜ਼ਾਂ ’ਤੇ ਸ਼ਿਕਾਗੋ ’ਚ ਕੀਤੇ ਗਏ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਦੇ ਕਾਰਨ ਭਾਰਤੀਆਂ ਦੀ ਔਸਤ ਉਮਰ 5.3 ਫੀਸਦੀ ਅਤੇ ਦਿੱਲੀ ਵਾਸੀਆਂ ਦੀ ਔਸਤ ਉਮਰ 11.9 ਫੀਸਦੀ ਘੱਟ ਹੋ ਜਾਵੇਗੀ।

ਲੱਗਦਾ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਦੀ ਵੀ ਚਿੰਤਾ ਨਹੀਂ ਹੈ। ਕੋਰਟ ਨੇ ਗ੍ਰੀਨ ਪਟਾਕੇ ਹੀ ਚਲਾਉਣ ਲਈ ਕਹਿ ਤਾਂ ਦਿੱਤਾ ਸੀ ਪਰ ਇਸ ਦੀ ਨਿਗਰਾਨੀ ਕੌਣ ਕਰਦਾ ਕਿ ਜੋ ਚਲਾਏ ਜਾ ਰਹੇ ਹਨ, ਉਹ ਗ੍ਰੀਨ ਪਟਾਕੇ ਹਨ ਵੀ ਜਾਂ ਨਹੀਂ।

ਹਾਲਾਂਕਿ ਇਸ ਸਾਲ ਅਜੇ ਹਾਲ ਹੀ ’ਚ ਮੀਂਹ ਕਾਰਨ ਖੇਤਾਂ ਦੇ ਡੁੱਬ ਜਾਣ ਅਤੇ ਪਰਾਲੀ ਗਿੱਲੀ ਹੋ ਜਾਣ ਦੇ ਕਾਰਨ ਪਰਾਲੀ ਨਹੀਂ ਸੜੀ, ਫਿਰ ਵੀ ਦਿੱਲੀ ’ਚ ਪਿਛਲੇ ਦਿਨੀਂ ਪ੍ਰਦੂਸ਼ਣ ਦਾ ਪੱਧਰ 373 ਤੱਕ ਪਹੁੰਚ ਿਗਆ ਜੋ ਪਿਛਲੇ ਤਿੰਨ ਸਾਲਾਂ ’ਚ ਸਭ ਤੋਂ ਵੱਧ ਅਤੇ ਹਵਾ ਦੇ ਸੁਰੱਖਿਅਤ ਪੱਧਰ ਤੋਂ ਕਈ ਗੁਣ ਵੱਧ ਹੈ। ਉਂਝ ਇਸ ਵਾਰ ਦੀਵਾਲੀ ਜਲਦੀ ਆ ਗਈ ਸੀ। ਦੀਵਾਲੀ ਜਦੋਂ ਨਵੰਬਰ ’ਚ ਆਉਂਦੀ ਹੈ ਤਾਂ ਹਵਾ ਰੁਕ ਜਾਣ ਦੇ ਕਾਰਨ ਧੂੰਏਂ ਨਾਲ ਹੋਣ ਵਾਲਾ ਪ੍ਰਦੂਸ਼ਣ ਹੋਰ ਜ਼ਿਆਦਾ ਹੁੰਦਾ ਹੈ।

ਸਭ ਤੋਂ ਵੱਡੀ ਗੱਲ ਇਸ ਪ੍ਰਦੂਸ਼ਣ ’ਚ ਇਹ ਹੈ ਕਿ ਇਹ ਬੱਚਿਆਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪਾ ਰਿਹਾ ਹੈ। ਇਸ ਪਿਛੋਕੜ ’ਚ ਜਾਂ ਤਾਂ ਹੁਣ ਦੁਸਹਿਰਾ ਅਤੇ ਦੀਵਾਲੀ ਦੀਆਂ ਛੁੱਟੀਆਂ ਜੋ ਇਨ੍ਹਾਂ ਤਿਉਹਾਰਾਂ ਤੋਂ ਪਹਿਲਾਂ ਦਿੱਤੀਆਂ ਜਾਂਦੀਆਂ ਸਨ, ਹੁਣ ਇਹ ਛੁੱਟੀਆਂ ਦੀਵਾਲੀ ਤੋਂ ਬਾਅਦ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਾਣ ਤਾਂ ਕਿ ਘੱਟ ਤੋਂ ਘੱਟ ਇਹ ਮਹੀਨਾ ਤਾਂ ਨਿਕਲ ਜਾਵੇ।

ਜਾਂ ਫਿਰ ਅਜਿਹਾ ਵੀ ਕੀਤਾ ਜਾ ਸਕਦਾ ਹੈ ਕਿ ਦੀਵਾਲੀ ਤੋਂ ਬਾਅਦ ਕੁਝ ਦਿਨਾਂ ਲਈ ‘ਵਰਕ ਫਰਾਮ ਹੋਮ’ ਦੀ ਤਰਜ਼ ’ਤੇ ਬੱਚਿਆਂ ਦੀ ਪੜ੍ਹਾਈ ਵੀ ਆਨਲਾਈਨ ਕਰ ਦਿੱਤੀ ਜਾਵੇ ਕਿਉਂਕਿ ਬੱਚਿਆਂ ਨੂੰ ਬੀਮਾਰ ਕਰਕੇ ਪੜ੍ਹਾਉਣ ਦਾ ਕੋਈ ਮਤਲਬ ਨਹੀਂ। ਹਾਲਾਂਕਿ ਸਰਕਾਰ ਨੇ ਦਿੱਲੀ ’ਚ ਜਗ੍ਹਾ-ਜਗ੍ਹਾ ਪਾਣੀ ਦਾ ਛਿੜਕਾਅ ਕਰਨ ਦੇ ਉਪਕਰਣ ਲਗਾਏ ਹਨ ਅਤੇ ਕੁਝ ਥਾਵਾਂ ’ਤੇ ਛਿੜਕਾਅ ਦੇ ਲਈ ਟਰੱਕ ਵੀ ਭੇਜੇ ਜਾ ਰਹੇ ਹਨ ਪਰ ਇਹ ਕਾਫੀ ਨਹੀਂ ਹੈ।

ਵਾਰ-ਵਾਰ ਇਹ ਗੱਲ ਕਹੀ ਜਾਂਦੀ ਹੈ ਕਿ ‘ਕਲਾਊਡ ਸੀਡਿੰਗ’ ਕਰਨ ਨਾਲ ਮੀਂਹ ਪੈ ਜਾਵੇਗਾ ਅਤੇ ਹਾਲ ਹੀ ’ਚ ਦਿੱਲੀ ਸਰਕਾਰ ਨੇ 2 ਵਾਰ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਬੱਦਲਾਂ ’ਚ ਨਮੀ ਨਾ ਹੋਣ ਦੇ ਕਾਰਨ ਮੀਂਹ ਨਹੀਂ ਪੈ ਸਕਿਆ। ਨਕਲੀ ਵਰਖਾ ਕਰਵਾਉਣ ਲਈ ‘ਸਿਲਵਰ ਆਇਓਡਾਈਡ’ ਦੀ ਵਰਤੋਂ ਕੀਤੀ ਜਾਂਦੀ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਕੈਮੀਕਲ ਵਾਲਾ ਪਾਣੀ ਸਾਡੇ ਪੀਣ ਵਾਲੇ ਪਾਣੀ ਦੇ ਰੂਪ ’ਚ ਸਾਡੇ ਸਰੀਰ ਅਤੇ ਸਾਡੀ ਧਰਤੀ ’ਚ ਸਮਾ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰੇਗਾ ਅਤੇ ਸਾਡੀ ਸਕਿਨ ’ਤੇ ਵੀ ਇਸ ਦਾ ਅਸਰ ਪਵੇਗਾ।

‘ਕਲਾਊਡ ਸੀਡਿੰਗ’ ਇਕ ਤਰੀਕਾ ਜ਼ਰੂਰ ਹੈ ਪਰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦਾ ਇਹ ਕੋਈ ਕਾਰਗਰ ਤਰੀਕਾ ਨਹੀਂ ਹੈ। ਸਭ ਤੋਂ ਆਸਾਨ ਤਰੀਕਾ ਤਾਂ ਇਹੀ ਹੈ ਕਿ ਸਮੱਸਿਆ ਨੂੰ ਪੈਦਾ ਹੋਣ ਹੀ ਨਾ ਦਿੱਤਾ ਜਾਵੇ ਤਾਂ ਕਿ ਹੱਲ ਲੱਭਣ ਦੀ ਨੌਬਤ ਹੀ ਨਾ ਆਏ।

ਪਹਿਲਾਂ ਦੀਵਾਲੀ ’ਤੇ ਪਟਾਕੇ ਨਹੀਂ ਚਲਾਏ ਜਾਂਦੇ ਸਨ। ਇਹ ਪ੍ਰਥਾ ਤਾਂ 14ਵੀਂ ਸਦੀ ’ਚ ਭਾਰਤ ’ਚ ਸ਼ੁਰੂ ਹੋਈ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਪ੍ਰਦੂਸ਼ਣ ਤੋਂ ਬਚਣ ਲਈ ਦੀਵਾਲੀ ਆਉਣ ਤੋਂ ਪਹਿਲਾਂ ਅਨੇਕ ਸੁਝਾਅ ਅਤੇ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਹਨ ਪਰ ਦੀਵਾਲੀ ਤੋਂ ਬਾਅਦ ਕਿਤੇ ਵੀ ਕੋਈ ਲੇਖ, ਕੋਈ ਚਰਚਾ ਇਸ ਬਾਰੇ ਨਹੀਂ ਹੁੰਦੀ ਕਿ ਕਿੰਨਾ ਪ੍ਰਦੂਸ਼ਣ ਹੋ ਗਿਆ ਹੈ।

ਇਸੇ ਸਥਿਤੀ ਨੂੰ ਦੇਖਦੇ ਹੋਏ ਸੀਨੀਅਰ ‘ਪਲਮੋਨੋਲਾਜਿਸਟ’ ਡਾ. ਗੋਪੀ ਚੰਦ ਖਿਲਨਾਨੀ ਨੇ ਪੁਰਾਣੀਆਂ ਬੀਮਾਰੀਆਂ ਤੋਂ ਪੀੜਤ ਸਾਰੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਸੰਭਵ ਹੋਵੇ ਤਾਂ ਦਸੰਬਰ ਦੇ ਅੱਧ ਜਾਂ ਅੰਤ ਤੱਕ ਦਿੱਲੀ ਤੋਂ ਦੂਰ ਹੀ ਰਹਿਣ।


author

Sandeep Kumar

Content Editor

Related News