21 ਦਿਨਾ ਸੰਸਦ ਦੇ ਸਰਦ ਰੁੱਤ ਸੈਸ਼ਨ ਬਾਰੇ ਮੇਰੇ ਵਿਚਾਰ

Friday, Dec 20, 2024 - 04:15 PM (IST)

21 ਦਿਨਾ ਸੰਸਦ ਦੇ ਸਰਦ ਰੁੱਤ ਸੈਸ਼ਨ ਬਾਰੇ ਮੇਰੇ ਵਿਚਾਰ

ਤੁਸੀਂ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਆਖਰੀ ਦਿਨ ਇਹ ਪੜ੍ਹ ਰਹੇ ਹੋ। ਪੇਸ਼ ਹਨ 21 ਦਿਨਾਂ ਦੇ ਸੈਸ਼ਨ ਬਾਰੇ ਮੇਰੇ ਵਿਚਾਰ।

5 ਸਹੀ ਨਾਵਾਂ ਦਾ ਦਬਦਬਾ:

ਇਸ ਸੈਸ਼ਨ ਵਿਚ ਬਹਿਸ ਵਿਚ ਮਹਿੰਗਾਈ, ਮੁਦਰਾ ਪਸਾਰ, ਸੰਘਵਾਦ ਅਤੇ ਬੇਰੁਜ਼ਗਾਰੀ ਵਰਗੇ ਆਮ ਨਾਵਾਂ ਦੇ ਹਾਵੀ ਹੋਣ ਦੀ ਉਮੀਦ ਸੀ ਪਰ ਇਸ ਦੀ ਬਜਾਏ, ਸਿਰਫ ਇਹ ਸਹੀ ਨਾਂ ਸਨ ਜੋ ਸਾਰੇ ਸਹੀ/ਗਲਤ ਕਾਰਨਾਂ ਕਰ ਕੇ ਜਾਰਜ ਸੋਰੋਸ, ਗੌਤਮ ਅਡਾਣੀ ਅਤੇ ਜਵਾਹਰ ਲਾਲ ਨਹਿਰੂ ਸੁਰਖੀਆ ’ਚ ਰਹੇ।

ਸੈਸ਼ਨ ਦੇ ਆਖਰੀ ਦਿਨਾਂ ਵਿਚ ਡਾ. ਬੀ. ਆਰ. ਅੰਬੇਡਕਰ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੀ ਟ੍ਰੈਂਡ ਕਰ ਰਹੇ ਸਨ। ਇਹ ਕਾਲਮਨਵੀਸ ਕੁਝ ਸੀਟਾਂ ਦੂਰ ਉਸੇ ਕਤਾਰ ਵਿਚ ਬੈਠਾ ਸੀ ਜਿੱਥੇ ਗ੍ਰਹਿ ਮੰਤਰੀ ਆਪਣਾ ਭਾਸ਼ਣ ਦੇ ਰਹੇ ਸਨ। ਇੱਥੇ ਉਨ੍ਹਾਂ ਨੇ ਕੀ ਕਿਹਾ, (ਅਨੁਵਾਦ) ‘ਇਹ ਫੈਸ਼ਨ ਬਣ ਗਿਆ ਹੈ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ... ਜੇਕਰ ਤੁਸੀਂ ਰੱਬ ਦਾ ਨਾਮ ਇੰਨੀ ਵਾਰ ਲਿਆ ਹੁੰਦਾ, ਤਾਂ ਤੁਸੀਂ 7 ਜਨਮਾਂ ਲਈ ਸਵਰਗ ਚਲੇ ਜਾਂਦੇ।’

ਇਸ ਕਾਲਮਨਵੀਸ ਦੇ ਸੱਜੇ ਪਾਸੇ ਬੈਠੇ ਵਿਰੋਧੀ ਧਿਰ ਦੇ ਨੇਤਾ ਨੇ ਤੁਰੰਤ ਜਵਾਬ ਦਿੱਤਾ। ਉਨ੍ਹਾਂ ਦੀ ਦਖਲਅੰਦਾਜ਼ੀ ਨੂੰ ਮਾਈਕ੍ਰੋਫੋਨ ਨਹੀਂ ਫੜ ਸਕਿਆ, ਨਾ ਹੀ ਕੈਮਰਾ ਮਲਿਕਾਰਜੁਨ ਖੜਗੇ ’ਤੇ ਸੀ ਜਿਨ੍ਹਾਂ ਨੇ ਕਿਹਾ, ‘‘ਗ੍ਰਹਿ ਮੰਤਰੀ, ਤੁਸੀਂ ਜੋ ਹੁਣੇ ਕਿਹਾ ਉਸ ਤੋਂ ਲੱਗਦਾ ਹੈ ਕਿ ਤੁਹਾਨੂੰ ਅੰਬੇਡਕਰ ਤੋਂ ਬਹੁਤ ਪਰੇਸ਼ਾਨੀ ਹੈ। ਕਿਉਂ?’’

ਕਿਸ ਨੇ ਸਭ ਤੋਂ ਵੱਧ ਗੱਲ ਕੀਤੀ

18 ਦਸੰਬਰ ਤੱਕ ਰਾਜ ਸਭਾ ਕੁੱਲ 43 ਘੰਟੇ ਚੱਲੀ। ਇਸ ’ਚੋਂ 10 ਘੰਟੇ ਬਿੱਲਾਂ ’ਤੇ ਚਰਚਾ ਹੋਈ। ਸੰਵਿਧਾਨ ’ਤੇ ਬਹਿਸ ਸਾਢੇ 17 ਘੰਟੇ ਤੱਕ ਚੱਲੀ। ਬਾਕੀ ਦੇ ਸਾਢੇ 15 ਘੰਟਿਆਂ ਵਿਚੋਂ ਸਾਢੇ ਚਾਰ ਘੰਟੇ ਜਾਂ ਲਗਭਗ 30 ਫੀਸਦੀ ਸਮਾਂ ਕੌਣ ਬੋਲਿਆ? ਉਹ ਰਾਜ ਸਭਾ ਦੇ ਚੇਅਰਮੈਨ ਅਤੇ ਉਪ-ਰਾਸ਼ਟਰਪਤੀ ਸਨ। ਕੀ ਸੰਸਦ ’ਚ ਜਗਦੀਪ ਧਨਖੜ ਨੇ ਕੋਈ ਨਵਾਂ ਰਿਕਾਰਡ ਬਣਾਇਆ?

ਸ਼ਾਨਦਾਰ ਸ਼ੁਰੂਆਤ

ਇਸ ਹਫਤੇ ਦੇ ਸ਼ੁਰੂ ’ਚ 6 ਸੰਸਦ ਮੈਂਬਰਾਂ ਨੇ ਸਹੁੰ ਚੁੱਕੀ ਸੀ। ਸਨਾ ਸਤੀਸ਼ ਬਾਬੂ (ਟੀ. ਡੀ. ਪੀ.), ਮਸਤਾਨ ਰਾਓ ਯਾਦਵ ਬੀਧਾ (ਟੀ. ਡੀ. ਪੀ.), ਰਾਇਗਾ ਕ੍ਰਿਸ਼ਣਈਆ (ਭਾਜਪਾ), ਰੇਖਾ ਸ਼ਰਮਾ (ਭਾਜਪਾ), ਸੁਜੀਤ ਕੁਮਾਰ (ਭਾਜਪਾ) ਅਤੇ ਰੀਤਾਬ੍ਰਤ ਬੈਨਰਜੀ (ਏ. ਆਈ. ਟੀ. ਸੀ.)। ਸਹੁੰ ਚੁੱਕਣ ਤੋਂ ਅਗਲੇ ਦਿਨ ਰੀਤਾਬ੍ਰਤ ਨੂੰ ਵੀ ਸੰਵਿਧਾਨ ’ਤੇ ਬੋਲਣ ਦਾ ਮੌਕਾ ਮਿਲਿਆ, ਜਦੋਂ ਕਿ ਉਨ੍ਹਾਂ ਦੀ ਪਾਰਟੀ ਦੇ ਸਾਥੀਆਂ ਨੇ ਪ੍ਰਸਤਾਵਨਾ ਦੇ ਹਰ ਸ਼ਬਦ ਨੂੰ ਆਪਣੇ ਭਾਸ਼ਣ ਦੇ ਵਿਸ਼ੇ ਵਜੋਂ ਲਿਆ।

ਉਨ੍ਹਾਂ ਨੇ ਰਾਬਿੰਦਰਨਾਥ ਟੈਗੋਰ ’ਤੇ ਗੱਲ ਕੀਤੀ ਅਤੇ ਉਨ੍ਹਾਂ ਦੀਆਂ ਕਵਿਤਾਵਾਂ ‘ਦਿ ਮਾਰਨਿੰਗ ਸੌਂਗ ਆਫ਼ ਇੰਡੀਆ’ ’ਚੋਂ 4 ਬੰਦ ਪੜ੍ਹੇ। ਉਸ ਕਵਿਤਾ ਦੇ ਪਹਿਲੇ ਬੰਦ ਨੂੰ ਸੰਵਿਧਾਨ ਸਭਾ ਨੇ ਸਾਡੇ ਰਾਸ਼ਟਰੀ ਗੀਤ ਵਜੋਂ ਅਪਣਾਇਆ। ਰੀਤਾਬ੍ਰਤ ਦੀ ਬੰਗਾਲੀ ਅਤੇ ਅੰਗਰੇਜ਼ੀ ਦੀ ਜੁਗਲਬੰਦੀ ਨੇ ਸਾਡੇ ਰੌਂਗਟੇ ਖੜ੍ਹੇ ਕਰ ਦਿੱਤੇ।

ਮੈਰਾਥਨ ਭਾਸ਼ਣ

‘ਭਾਰਤੀ ਸੰਵਿਧਾਨ ਦੇ 75 ਸਾਲ ਦੀ ਸ਼ਾਨਦਾਰ ਯਾਤਰਾ’ ਸਿਰਲੇਖ ਵਾਲੀ ਬਹਿਸ ਦੌਰਾਨ, ਕੋਈ ਬੁੜਬੁੜਾਇਆ। ਸੱਤਾਧਾਰੀ ਪਾਰਟੀ ਦੇ ਕੁਝ ਭਾਸ਼ਣ ਸੁਣ ਕੇ ਮੈਂ ਸੋਚ ਰਿਹਾ ਸੀ ਕਿ ਅਸੀਂ ਸੰਵਿਧਾਨ ਦੇ 75 ਸਾਲਾਂ ਦੀ ਚਰਚਾ ਕਰ ਰਹੇ ਹਾਂ ਜਾਂ ਐਮਰਜੈਂਸੀ ਦੇ 49 ਸਾਲਾਂ ਦੀ! ਕੁਝ ਮੈਂਬਰਾਂ ਨੇ ਇਕ ਘੰਟੇ ਤੋਂ ਵੱਧ ਸਮਾਂ ਬੋਲਿਆ। ਮੋਦੀ, ਸ਼ਾਹ, ਸਿੰਘ, ਰਿਜਿਜੂ, ਨੱਡਾ ਅਤੇ ਨਿਰਮਲਾ ਸੀਤਾਰਮਨ। ਮਲਿਕਾਰਜੁਨ ਖੜਗੇ ਵਿਰੋਧੀ ਧਿਰ ਦੇ ਇਕਲੌਤੇ ਸੰਸਦ ਮੈਂਬਰ ਸਨ, ਜਿਨ੍ਹਾਂ ਨੇ ਇਕ ਘੰਟੇ ਤੋਂ ਵੱਧ ਸਮਾਂ ਬੋਲਿਆ।

ਭਾਜਪਾ ਸੰਸਦ ਮੈਂਬਰ ਦਾ ਮੇਰਾ ਮਨਪਸੰਦ ਭਾਸ਼ਣ

ਸਰਕਾਰ ਦੇ ਪਿਛਲੇ ਕਾਰਜਕਾਲ ਵਿਚ ਭੂਪੇਂਦਰ ਯਾਦਵ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਦੇ ਨਾਲ-ਨਾਲ ਕਿਰਤ ਅਤੇ ਰੁਜ਼ਗਾਰ ਮੰਤਰੀ ਸਨ। ਜੂਨ 2024 ਤੋਂ ਕਿਰਤ ਅਤੇ ਰੁਜ਼ਗਾਰ ਵਿਭਾਗ ਕਿਸੇ ਹੋਰ ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸੁਣ ਕੇ ਬਹੁਤ ਚੰਗਾ ਲੱਗਾ ਕਿਉਂਕਿ ਉਨ੍ਹਾਂ ਨੇ ਸ਼ਿਕਾਗੋ ਯੂਨੀਵਰਸਿਟੀ ਦੇ ਇਕ ਖੋਜ ਪੱਤਰ ਦਾ ਜ਼ਿਕਰ ਕੀਤਾ ਜਿਸ ਵਿਚ ਵਿਸ਼ਵ ਭਰ ਦੇ ਸੰਵਿਧਾਨਾਂ ਦੇ ਜੀਵਨ ਕਾਲ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ। ਪੱਤਰ ਦਾ ਹਵਾਲਾ ਦਿੰਦੇ ਹੋਏ, ਮੰਤਰੀ ਨੇ ਸਾਂਝਾ ਕੀਤਾ ਕਿ 80 ਸਾਲ ਦੀ ਉਮਰ ਤੱਕ 50 ਫੀਸਦੀ ਸੰਵਿਧਾਨਾਂ ਦੇ ਮਰਨ ਦੀ ਸੰਭਾਵਨਾ ਹੈ ਅਤੇ ਸਿਰਫ 19 ਫੀਸਦੀ 50 ਸਾਲ ਦੀ ਉਮਰ ਤੱਕ ਜਿਊਂਦੇ ਰਹਿੰਦੇ ਹਨ। 7 ਫੀਸਦੀ ਤਾਂ ਆਪਣਾ ਦੂਜਾ ਜਨਮਦਿਨ ਦੇਖਣ ਲਈ ਵੀ ਨਹੀਂ ਰਹਿੰਦੇ। ਦਿਲਚਸਪ ਹੈ।

ਸਭ ਤੋਂ ਚੰਗੀ ਜਨਮ ਦਿਨ ਪਾਰਟੀ

ਸੰਸਦ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਵੱਲੋਂ ਕਈ ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ। 12 ਦਸੰਬਰ ਨੂੰ ਸ਼ਰਦ (ਚਾਚਾ) ਪਵਾਰ ਦਾ 84ਵਾਂ ਜਨਮ ਦਿਨ ਸੀ। ਉਨ੍ਹਾਂ ਦੀ ਧੀ, ਲੋਕ ਸਭਾ ਸੰਸਦ ਮੈਂਬਰ ਸੁਪ੍ਰਿਆ ਸੁਲੇ ਨੇ ਜਨਮ ਦਿਨ ’ਤੇ ਇਕ ਆਰਾਮਦਾਇਕ ਡਿਨਰ ਦਾ ਆਯੋਜਨ ਕੀਤਾ। ਇਹ ਜਸ਼ਨ ਸਿਰਫ਼ ਉਨ੍ਹਾਂ ਦੇ ਪਿਤਾ ਲਈ ਹੀ ਨਹੀਂ, ਸਗੋਂ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਪ੍ਰਤਿਭਾ ਪਵਾਰ ਲਈ ਵੀ ਸੀ, ਜਿਨ੍ਹਾਂ ਦਾ ਅਗਲੇ ਦਿਨ ਜਨਮ ਦਿਨ ਸੀ।

ਹਾਜ਼ਰ ਮਹਿਮਾਨਾਂ ਵਿਚ ਤੇਲੰਗਾਨਾ ਦੇ ਸੀ. ਐੱਮ. ਰੇਵੰਤ ਰੈੱਡੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਆਪਣੀ ਪਤਨੀ ਡਿੰਪਲ ਯਾਦਵ ਸੰਸਦ ਮੈਂਬਰ ਨਾਲ, ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਸੰਸਦ ਮੈਂਬਰ ਜਯਾ ਬੱਚਨ, ਸੌਗਤ ਰਾਏ ਅਤੇ ਅਭਿਸ਼ੇਕ ਮਨੂ ਸਿੰਘਵੀ ਸ਼ਾਮਲ ਸਨ। ਕਾਸ਼! 80 ਸਾਲ ਦੇ ਹੋਰ ਲੋਕਾਂ ’ਚ ਵੀ ਅਜਿਹੀ ਸਕਾਰਾਤਮਕ ਸੋਚ ਹੁੰਦੀ।

ਸੰਵਿਧਾਨ ’ਤੇ ਮੇਰੇ ਭਾਸ਼ਣ ਦਾ ਇਕ ਅੰਸ਼

ਸੰਵਿਧਾਨ ਕਿਸੇ ਲਾਇਬ੍ਰੇਰੀ ਵਿਚ ਰੱਖੀ ਇਕ ਕਿਤਾਬ ਤੋਂ ਵੱਧ ਹੈ। ਇਹ ਭਾਰਤ ਦੀਆਂ ਸੜਕਾਂ ’ਤੇ ਮੌਜੂਦ ਇਕ ਜੀਵੰਤ ਦਸਤਾਵੇਜ਼ ਹੈ। ਕ੍ਰਿਸਮਸ ਵਿਚ ਥੋੜ੍ਹਾ ਸਮਾਂ ਬਚਿਆ ਹੈ। ਕੋਲਕਾਤਾ ਵਿਚ ਇਕ ਯਹੂਦੀ ਬੇਕਰੀ ਹੈ ਜੋ ਕ੍ਰਿਸਮਸ ਦੇ ਸੁਆਦੀ ਕੇਕ ਬਣਾਉਂਦੀ ਹੈ।
ਉਸ ਯਹੂਦੀ ਬੇਕਰੀ ਵਿਚ ਕੰਮ ਕਰਨ ਵਾਲੇ ਸਾਰੇ 300 ਕਰਮਚਾਰੀ ਇਕੋ ਭਾਈਚਾਰੇ ਦੇ ਹਨ। ਉਹ ਸਾਰੇ ਮੁਸਲਮਾਨ ਹਨ ਅਤੇ ਕ੍ਰਿਸਮਸ ਤੋਂ ਲਗਭਗ ਇਕ ਹਫ਼ਤਾ ਪਹਿਲਾਂ, ਤੁਸੀਂ ਬੇਕਰੀ ਦੇ ਬਾਹਰ ਲੰਬੀਆਂ ਲਾਈਨਾਂ ਦੇਖਦੇ ਹੋ। ਜੇਕਰ ਤੁਸੀਂ ਜਾ ਕੇ ਉਨ੍ਹਾਂ ਕਤਾਰਾਂ ਵਿਚ ਖੜ੍ਹੇ ਲੋਕਾਂ ਨੂੰ ਪੁੱਛੋ ਤਾਂ ਉਹ ਤੁਹਾਨੂੰ ਆਪਣਾ ਨਾਂ ਦੱਸਣਗੇ, ‘ਭਾਸਕਰ, ਰੀਮਾ, ਅਰੁਣ’।

ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਉਹ ਸਾਰੇ ਭਾਰਤੀ ਹਨ। ਈਸਾਈ ਤਿਉਹਾਰਾਂ ਲਈ ਕੇਕ, ਜਿਸ ਨੂੰ ਮੁਸਲਮਾਨ ਬੇਕਰ ਬਣਾਉਂਦੇ ਹਨ ਅਤੇ ਹਿੰਦੂ ਖਰੀਦਦਾਰ ਉਤਸ਼ਾਹ ਨਾਲ ਖਰੀਦਦੇ ਹਨ। ਆਓ, ਅਗਲੇ ਹਫਤੇ ਕੋਲਕਾਤਾ ਕ੍ਰਿਸਮਸ ਫੈਸਟੀਵਲ ਵਿਚ ਬੰਗਾਲ ਵਿਚ ਕ੍ਰਿਸਮਸ ਮਨਾਈਏ। ਈਦ ਦੀ ਨਮਾਜ਼ ਦੇਖਣ ਲਈ ਮਾਰਚ ਦੇ ਅੰਤ ਵਿਚ ਫਿਰ ਤੋਂ ਰੈੱਡ ਰੋਡ ’ਤੇ ਲਾਈਨ ’ਚ ਲੱਗੋ ਅਤੇ ਤਰੀਕ ਯਾਦ ਰੱਖੋ, 30 ਅਪ੍ਰੈਲ 2025। ਸੁੰਦਰ ਨਵੇਂ ਜਗਨਨਾਥ ਮੰਦਰ ਨੂੰ ਦੇਖਣ ਲਈ ਦੀਘਾ (ਬੰਗਾਲ ਦੀ ਇਕ ਖੂਬਸੂਰਤ ਬੀਚ) ਆਓ।

-ਡੇਰੇਕ ਓ ਬ੍ਰਾਇਨ
 


author

Tanu

Content Editor

Related News