ਬੀਤੇ ਜ਼ਮਾਨੇ ਦੀ ਵਿਰਾਸਤ ਬਣ ਗਈ ‘ਖਾਦੀ’
Saturday, Mar 15, 2025 - 01:50 AM (IST)

ਜਿਵੇਂ ਇਕ ਅਮਰੀਕੀ ਵ੍ਹਾਈਟ ਹਾਊਸ ਪੱਤਰਕਾਰ ਨੇ ਕਿਹਾ ਕਿ ਯੂਕ੍ਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੇ ਸੂਟ ਨਾ ਪਹਿਨ ਕੇ ਓਵਲ ਦਫ਼ਤਰ ਦਾ ਅਪਮਾਨ ਕੀਤਾ, ਉਸੇ ਤਰ੍ਹਾਂ ਕੁਝ ਪੁਰਾਣੇ ਜ਼ਮਾਨੇ ਦੇ ਕਾਂਗਰਸੀ ਆਗੂ ਹਰ ਵਾਰ ਰਾਹੁਲ ਗਾਂਧੀ ਵਲੋਂ ਚਿੱਟੀ ਟੀ-ਸ਼ਰਟ ਅਤੇ ਜੀਨਸ ਪਹਿਨ ਕੇ ਸੰਸਦ ਵਿਚ ਜਾਣ ’ਤੇ ਨਾਰਾਜ਼ ਹੋ ਜਾਂਦੇ ਹਨ।
ਸੰਸਦ ਵਿਚ ਖਾਦੀ ਦਾ ਕੁੜਤਾ ਪਹਿਨਣਾ ਆਮ ਗੱਲ ਹੈ। ਗਾਂਧੀ ਦਾ ਪਹਿਰਾਵਾ ਅਸਲ ਵਿਚ ਨੌਜਵਾਨਾਂ ਨੂੰ ਆਕਰਸ਼ਿਤ ਕਰਦਾ ਹੈ, ਜੋ ਇਸੇ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਅਤੇ ਖਾਦੀ ਦੇ ਕੁੜਤੇ ਨੂੰ ਬੀਤੇ ਜ਼ਮਾਨੇ ਦੀ ਵਿਰਾਸਤ ਵਜੋਂ ਦੇਖਦੇ ਹਨ, ਜਦੋਂ ਖਾਦੀ ਦਾ ਪ੍ਰਤੀਕਵਾਦ ਖਤਮ ਹੋ ਰਿਹਾ ਹੈ।
ਕੇਜਰੀਵਾਲ ਨੂੰ ਇਕ ਨਵੇਂ ਪਲੇਟਫਾਰਮ ਦੀ ਲੋੜ ਹੈ : ਦਿੱਲੀ ਵਿਚ ਭ੍ਰਿਸ਼ਟਾਚਾਰ ਦੇ ਝਟਕੇ ਤੋਂ ਬਾਅਦ, ਅਰਵਿੰਦ ਕੇਜਰੀਵਾਲ ਨੇ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਦੇ ਸਾਬਕਾ ਸੰਸਥਾਪਕਾਂ ਨਾਲ ਆਪਣੇ ਮਤਭੇਦਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਵਿਪਾਸਨਾ ਸੈਸ਼ਨਾਂ ਵਿਚ ਵੀ ਸ਼ਿਰਕਤ ਕੀਤੀ, ਪਰ ਨਿਮਰਤਾ ਦਾ ਸਬਕ ਅਜੇ ਵੀ ਉਨ੍ਹਾਂ ਤੋਂ ਦੂਰ ਹੈ।
ਉਨ੍ਹਾਂ ਦੇ ਵਿਸ਼ਵਾਸਪਾਤਰ ਵਿਧਾਇਕ ਗੋਪਾਲ ਰਾਏ ਨੇ ਸੁਝਾਅ ਦਿੱਤਾ ਕਿ ਇਕ ਆਮ ਆਦਮੀ ਵਜੋਂ ਆਪਣੀ ਸਾਖ ਨੂੰ ਮੁੜ ਸਥਾਪਿਤ ਕਰਨ ਲਈ, ਉਨ੍ਹਾਂ ਨੂੰ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨੂੰ ਅਧਿਕਾਰਤ ਤੌਰ ’ਤੇ ਅਲਾਟ ਕੀਤਾ ਗਿਆ ਆਲੀਸ਼ਾਨ ਲੁਟੀਅਨਜ਼ ਦਿੱਲੀ ਵਾਲਾ ਘਰ ਛੱਡ ਕੇ ਇਕ ਮੱਧ ਵਰਗੀ ਕਾਲੋਨੀ ਵਿਚ ਡੀ. ਡੀ. ਏ. ਸ਼ੈਲੀ ਦੇ ਇਕ ਸਾਧਾਰਨ ਘਰ ਵਿਚ ਚਲੇ ਜਾਣਾ ਚਾਹੀਦਾ ਹੈ।
ਕੇਜਰੀਵਾਲ ਨੇ ਇਸ ਸੁਝਾਅ ’ਤੇ ਇਤਰਾਜ਼ ਕੀਤਾ ਅਤੇ ਕੁਝ ਲੋਕਾਂ ਨੂੰ ਸ਼ੱਕ ਹੈ ਕਿ ਰਾਏ ਨੇ ਆਪਣੀ ਸਪੱਸ਼ਟਤਾ ਕਾਰਨ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਬਣਨ ਦਾ ਮੌਕਾ ਗੁਆ ਦਿੱਤਾ। ਪੰਜਾਬ ਵਿਚ ਕੇਜਰੀਵਾਲ ਦਾ ਜ਼ੈੱਡ ਪਲੱਸ ਸੁਰੱਖਿਆ ਕਾਫਲਾ ਉਨ੍ਹਾਂ ਦੀ ਵੀ. ਵੀ. ਆਈ. ਪੀ. ਸਥਿਤੀ ਨੂੰ ਮਜ਼ਬੂਤ ਕਰਦਾ ਹੈ। ਕੇਜਰੀਵਾਲ ਨੂੰ ਇਕ ਨਵੇਂ ਪਲੇਟਫਾਰਮ ਦੀ ਲੋੜ ਹੈ ਅਤੇ ਉਹ ਰਾਜ ਸਭਾ ਵਿਚ ਦਾਖਲ ਹੋਣ ਬਾਰੇ ਵਿਚਾਰ ਕਰ ਰਹੇ ਹਨ।
ਹਾਲਾਂਕਿ ‘ਆਪ’ ਨੇ ਅਧਿਕਾਰਤ ਤੌਰ ’ਤੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ ਕਿ ‘ਆਪ’ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਅਸਤੀਫ਼ੇ ਤੋਂ ਬਾਅਦ ਕੇਜਰੀਵਾਲ ਉੱਚ ਸਦਨ ਵਿਚ ਖਾਲੀ ਪਈ ਸੀਟ ਨੂੰ ਭਰਨਗੇ, ਜੋ ਕਿ ਲੁਧਿਆਣਾ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਲੜਨ ਲਈ ਤਿਆਰ ਹਨ, ਪਰ ਜੇਕਰ ਅਰੋੜਾ ਆਪਣੀ ਜ਼ਿਮਨੀ ਚੋਣ ਜਿੱਤ ਜਾਂਦੇ ਹਨ ਤਾਂ ਕੇਜਰੀਵਾਲ ਨੂੰ ਇਸ ਬਾਰੇ ਮੁੜ ਵਿਚਾਰ ਕਰਨਾ ਪੈ ਸਕਦਾ ਹੈ।
ਖਾਸ ਤੌਰ ’ਤੇ, ਮਨੀਸ਼ ਸਿਸੋਦੀਆ ਦੇ ਕਰੀਬੀ ਸ਼ੈਲੇਂਦਰ ਸ਼ਰਮਾ ਨੇ ਇੰਦਰਾ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਦੋਵਾਂ ਦੀਆਂ ਉਦਾਹਰਣਾਂ ਦਿੱਤੀਆਂ, ਜਿਨ੍ਹਾਂ ਨੇ ਆਪਣੀਆਂ ਲੋਕ ਸਭਾ ਸੀਟਾਂ ਹਾਰਨ ’ਤੇ ਸੰਸਦ ਲਈ ਇਕ ਬਦਲਵਾਂ ਰਸਤਾ ਲੱਭ ਲਿਆ।
ਡੀ. ਕੇ. ਸ਼ਿਵਕੁਮਾਰ ਅਤੇ ਸ਼ਸ਼ੀ ਥਰੂਰ ਨਾਰਾਜ਼ : ਕਾਂਗਰਸ ਦੇ ਦੋ ਮਹੱਤਵਪੂਰਨ ਖੇਤਰੀ ਆਗੂ ਡੀ. ਕੇ. ਸ਼ਿਵਕੁਮਾਰ ਅਤੇ ਸ਼ਸ਼ੀ ਥਰੂਰ ਇਸ ਗੱਲ ਤੋਂ ਨਾਰਾਜ਼ ਹਨ। ਸ਼ਿਵਕੁਮਾਰ ਦਾ ਦਾਅਵਾ ਹੈ ਕਿ ਉਨ੍ਹਾਂ ਨਾਲ ਕਾਂਗਰਸ ਦੇ 5 ਸਾਲਾਂ ਦੇ ਅੱਧੇ ਕਾਰਜਕਾਲ ਲਈ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਦਾ ਵਾਅਦਾ ਕੀਤਾ ਗਿਆ ਸੀ, ਪਰ ਉਨ੍ਹਾਂ ਦੇ ਵਿਰੋਧੀ ਸਿੱਧਰਮਈਆ ਇਸ ਗੱਲ ’ਤੇ ਅੜੇ ਹੋਏ ਹਨ ਕਿ ਉਨ੍ਹਾਂ ਦੇ ਕੱਟੜ ਵਿਰੋਧੀ ਉਨ੍ਹਾਂ ਦੀ ਥਾਂ ਨਹੀਂ ਲੈਣਗੇ। ਸ਼ਿਵਕੁਮਾਰ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਦਿੱਤਾ ਜਾਂਦਾ ਤਾਂ ਇਹ ਵਿਸ਼ਵਾਸਘਾਤ ਹੋਵੇਗਾ।
ਸ਼ਸ਼ੀ ਥਰੂਰ ਦੇ ਸਮਰਥਕਾਂ ਨੇ ਸਰਵੇਖਣਾਂ ਦਾ ਹਵਾਲਾ ਦਿੰਦੇ ਹੋਏ ਸੰਕੇਤ ਦਿੱਤਾ ਹੈ ਕਿ ਉਹ ਸੂਬੇ ਦੇ ਸਭ ਤੋਂ ਮਸ਼ਹੂਰ ਕਾਂਗਰਸੀ ਨੇਤਾ ਹਨ, ਫਿਰ ਵੀ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਬਹੁਤ ਘੱਟ ਮਹੱਤਵ ਦਿੰਦੀ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ, ਆਪਣੀ ਤਾਕਤ ਦਿਖਾਉਣ ਜਾਂ ਦੁਸ਼ਮਣ ਨਾਲ ਨੇੜਤਾ ਵਧਾ ਕੇ ਧਮਕੀ ਭਰੇ ਸੰਕੇਤ ਭੇਜਣ ਦਾ ਕੋਈ ਫਾਇਦਾ ਨਹੀਂ ਹੁੰਦਾ। ਕੇਰਲਾ ਵਿਚ ਥਰੂਰ ਦੇ ਆਲੋਚਕਾਂ ਨੇ ਅਡਾਣੀ ਵਿਝਿਨਜਾਮ ਬੰਦਰਗਾਹ ਲਈ ਉਨ੍ਹਾਂ ਦੇ ਸਮਰਥਨ ਨੂੰ ਸ਼ਰਾਰਤ ਨਾਲ ਉਜਾਗਰ ਕੀਤਾ ਹੈ, ਇਹ ਜਾਣਦੇ ਹੋਏ ਕਿ ਗਾਂਧੀ ਲਈ ‘ਅਡਾਣੀ’ ਨਾਂ ਬਲਦ ਲਈ ਲਾਲ ਕੱਪੜੇ ਵਾਂਗ ਹੈ। ਸ਼ਿਵਕੁਮਾਰ ਨੇ ਅਮਿਤ ਸ਼ਾਹ ਦੀ ਮੌਜੂਦਗੀ ਵਿਚ ਮਹਾਕੁੰਭ ਵਿਚ ਡੁਬਕੀ ਲਾ ਕੇ ਅਤੇ ਸਵਾਮੀ ਜੱਗੀ ਵਾਸੂਦੇਵ ਨਾਲ ਸੰਗਤ ਕਰ ਕੇ ਆਪਣੇ ਉਦੇਸ਼ ਦੀ ਮਦਦ ਨਹੀਂ ਕੀਤੀ ਹੈ।
ਬਾਂਦਰਾਂ ਦੇ ਝੁੰਡ : ਚੱਲ ਰਹੇ ਸੈਂਟਰਲ ਵਿਸਟਾ ਪੁਨਰ ਵਿਕਾਸ ਪ੍ਰਾਜੈਕਟ ਦੇ ਸਭ ਤੋਂ ਚੁਣੌਤੀਪੂਰਨ ਕੰਮਾਂ ਵਿਚੋਂ ਇਕ ਹੈ ਰਾਏਸਿਨਾ ਹਿੱਲ ’ਤੇ ਹਰਬਰਟ ਬੇਕਰ ਦੇ ਇਤਿਹਾਸਕ ਉੱਤਰੀ ਅਤੇ ਦੱਖਣੀ ਬਲਾਕਾਂ ਨੂੰ ਅਜਾਇਬ ਘਰ ਵਿਚ ਬਦਲਣਾ। ਫਰਾਂਸੀਸੀ ਰਾਜਿਆਂ ਦੇ ਸਾਬਕਾ ਸ਼ਾਹੀ ਨਿਵਾਸ ਨੂੰ ਲੂਵਰ ਅਜਾਇਬ ਘਰ ਵਿਚ ਬਦਲਣ ਵਾਲੇ ਲੋਕਾਂ ਕੋਲ ਬਿਨਾਂ ਸ਼ੱਕ ਮੁਹਾਰਤ ਹੈ ਅਤੇ ਫਰਾਂਸੀਸੀ ਸਰਕਾਰ ਨੇ ਪਿਛਲੇ ਦਸੰਬਰ ਵਿਚ ਭਾਰਤ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਸਨ ਪਰ ਬਸਤੀਵਾਦੀ ਢਾਂਚਿਆਂ ਵਿਚ ਵਿਲੱਖਣ ਭਾਰਤੀ ਸਮੱਸਿਆਵਾਂ ਹਨ।
ਇਕ ਦੁਬਿਧਾ ਇਹ ਹੈ ਕਿ ਬਾਂਦਰਾਂ ਦੇ ਝੁੰਡਾਂ ਨੂੰ ਕਿਵੇਂ ਬਾਹਰ ਰੱਖਿਆ ਜਾਵੇ ਜੋ ਖੁੱਲ੍ਹੀਆਂ ਥਾਵਾਂ ’ਤੇ ਆਉਂਦੇ ਹਨ ਅਤੇ ਛੱਤਾਂ ’ਤੇ ਚੜ੍ਹ ਜਾਂਦੇ ਹਨ। ਇਸ ਢਾਂਚੇ ਨੂੰ ਸੁਰੱਖਿਅਤ ਕਰਨਾ ਅਤੇ ਏਅਰ-ਕੰਡੀਸ਼ਨਡ ਕਰਨਾ ਵੀ ਇਕ ਔਖਾ ਕੰਮ ਹੋਵੇਗਾ, ਜਿਸ ਦਾ ਇਕ ਹਵਾਦਾਰ ਖੁੱਲ੍ਹਾ ਅਗਲਾ ਹਿੱਸਾ ਹੈ, ਜਿਸ ’ਚ ਥੰਮ੍ਹ, ਉੱਚੀਆਂ ਛੱਤਾਂ, ਸ਼ਾਨਦਾਰ ਪੌੜੀਆਂ, ਗਲਿਆਰੇ ਅਤੇ ਪੋਰਟੀਕੋ ਹਨ।
ਪਰਵੇਸ਼ ਵਰਮਾ ਦੀ ਨਿਰਾਸ਼ਾ : ਪਰਵੇਸ਼ ਵਰਮਾ ਨੂੰ ਲੱਗਾ ਕਿ ਉਨ੍ਹਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ ਅਤੇ ਪਾਰਟੀ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ। ਮੁੱਖ ਮੰਤਰੀ ਬਣਨ ਦਾ ਅਹਿਸਾਸ ਉਨ੍ਹਾਂ ਨੂੰ ਪਹਿਲੀ ਵਾਰ ਤਦ ਹੋਇਆ ਜਦੋਂ ਉਨ੍ਹਾਂ ਨੂੰ ਆਪਣੇ ਪਿਤਾ ਦੀ ਪੁਰਾਣੀ ਸ਼ਾਲੀਮਾਰ ਬਾਗ ਸੀਟ ਦੀ ਬਜਾਏ ਨਵੀਂ ਦਿੱਲੀ ਦੇ ਔਖੇ ਚੋਣ ਹਲਕੇ ਤੋਂ ਕੇਜਰੀਵਾਲ ਦੇ ਖਿਲਾਫ ਖੜ੍ਹੇ ਹੋਣ ਲਈ ਕਿਹਾ ਗਿਆ।
ਭਾਵੇਂ ਉਹ ਇਕ ਦਿੱਗਜ ਨੇਤਾ ਵਜੋਂ ਉੱਭਰੇ ਅਤੇ ਕੇਜਰੀਵਾਲ ਨੂੰ ਹਰਾਇਆ ਪਰ ਜੇ. ਪੀ. ਨੱਡਾ ਨੇ ਨਤੀਜਿਆਂ ਤੋਂ ਬਾਅਦ 10 ਦਿਨਾਂ ਤੱਕ ਉਨ੍ਹਾਂ ਨੂੰ ਲਟਕਾਈ ਰੱਖਿਆ ਅਤੇ ਫਿਰ ਅਚਾਨਕ ਰੇਖਾ ਗੁਪਤਾ, ਜੋ ਪਹਿਲੀ ਵਾਰ ਵਿਧਾਇਕਾ ਬਣੀ, ਨੂੰ ਮੁੱਖ ਮੰਤਰੀ ਵਜੋਂ ਐਲਾਨ ਦਿੱਤਾ। ਇਹ ਸਿਰਫ਼ ਵੰਸ਼ਵਾਦੀ ਪਹਿਲੂ ਨਹੀਂ ਸੀ। ਉਨ੍ਹਾਂ ਦੇ ਪਿਤਾ ਸਾਹਿਬ ਸਿੰਘ ਵਰਮਾ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਨ ਜਿਸ ਨੇ ਉਨ੍ਹਾਂ ਵਿਰੁੱਧ ਕੰਮ ਕੀਤਾ।
ਪ੍ਰਵੀਨ ਨਿਰਮੋਹੀ