‘ਭਿਆਨਕ ਅਸ਼ਾਂਤੀ ਦੀ ਸ਼ਿਕਾਰ ਦੁਨੀਆ’ ਸਾਲ 2026 ’ਚ ਤੀਜੀ ਵਿਸ਼ਵ ਜੰਗ ਦੀ ਆਹਟ!
Wednesday, Dec 31, 2025 - 05:50 AM (IST)
ਅੱਜ 31 ਦਸੰਬਰ ਦੀ ਅੱਧੀ ਰਾਤ ਨੂੰ ਸਾਲ 2025 ਵਿਦਾ ਹੋ ਜਾਵੇਗਾ ਅਤੇ ਲੋਕ ਨਵੀਂ ਉਮੰਗ ਅਤੇ ਨਵੀਆਂ ਉਮੀਦਾਂ ਨਾਲ ਨਵੇਂ ਸਾਲ 2026 ਦਾ ਸਵਾਗਤ ਕਰਨਗੇ ਪਰ ਸੰਕੇਤ ਦੱਸ ਰਹੇ ਹਨ ਕਿ ਇਸ ਨਵੇਂ ਸਾਲ ’ਚ ਭਿਆਨਕ ਅਸ਼ਾਂਤੀ ਦਾ ਸ਼ਿਕਾਰ ਦੁਨੀਆ ’ਤੇ ਤੀਜੀ ਵਿਸ਼ਵ ਜੰਗ ਦਾ ਖਤਰਾ ਮੰਡਰਾਉਂਦਾ ਰਹੇਗਾ।
ਰੂਸ ਅਤੇ ਯੂਕ੍ਰੇਨ ਦਰਮਿਆਨ ਫਰਵਰੀ 2022 ’ਚ ਸ਼ੁਰੂ ਹੋਈ ਜੰਗ ਅਜੇ ਵੀ ਜਾਰੀ ਹੈ। ਇਸ ਜੰਗ ’ਚ ਯੂਕ੍ਰੇਨ ਲਗਭਗ ਤਬਾਹ ਹੋ ਚੁੱਕਾ ਹੈ। ਅਨੁਮਾਨਾਂ ਮੁਤਾਬਕ ਦੋਹਾਂ ਧਿਰਾਂ ਦੇ ਲਗਭਗ 15 ਲੱਖ ਵਿਅਕਤੀ ਮਾਰੇ ਜਾ ਚੱੁਕੇ ਹਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਦੋਹਾਂ ਦੇਸ਼ਾਂ ’ਚ ਸ਼ਾਂਤੀ ਕਰਵਾਉਣ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ।
ਇਸ ਦੌਰਾਨ ਯੂਕ੍ਰੇਨ ਨੇ 28-29 ਦਸੰਬਰ ਨੂੰ ਰੂਸ ਦੇ ਰਾਸ਼ਟਰਪਤੀ ‘ਪੁਤਿਨ’ ਦੇ ਘਰ ’ਤੇ 91 ਡਰੋਨਾਂ ਨਾਲ ਹਮਲਾ ਕੀਤਾ, ਜਿਸ ਕਾਰਨ ਪੁਤਿਨ ਭੜਕ ਗਏ ਅਤੇ ਰੂਸ ਦੇ ਵਿਦੇਸ਼ ਮੰਤਰੀ ‘ਲਾਵਰੋਵ’ ਨੇ ਚਿਤਾਵਨੀ ਵੀ ਦੇ ਦਿੱਤੀ ਕਿ ‘‘ਅਜਿਹੀਆਂ ਕਾਰਵਾਈਆਂ ਦਾ ਰੂਸ ਪੂਰੀ ਤਾਕਤ ਨਾਲ ਜਵਾਬ ਦੇਵੇਗਾ ਅਤੇ ਇਸ ਲਈ ਨਿਸ਼ਾਨੇ ਚੁਣ ਲਏ ਗਏ ਹਨ।’’
ਯੂਕ੍ਰੇਨ ਦੀ ਮਦਦ ਕਰਨ ਦੇ ਨਾਂ ’ਤੇ ਯੂਰਪੀਨ ਦੇਸ਼ਾਂ ਦੇ ਫੌਜੀ ਸੰਗਠਨ ‘ਨਾਟੋ’ ’ਚ ਫੁੱਟ ਪੈ ਗਈ ਹੈ। ‘ਨਾਟੋ’ ਦੇ ਮੈਂਬਰ ਦੇਸ਼ਾਂ ’ਚ ਏਕਤਾ ਦੀ ਕਮੀ ਵੀ ਇਸ ਨੂੰ ਕਮਜ਼ੋਰ ਬਣਾ ਰਹੀ ਹੈ ਅਤੇ ਅਮਰੀਕਾ ਨੇ ਇਸ ਨੂੰ ਦੇਣ ਵਾਲੀ ਮਦਦ ’ਚ ਵੀ ਭਾਰੀ ਕਟੌਤੀ ਕਰ ਦਿੱਤੀ ਹੈ।
ਇਜ਼ਰਾਈਲ ਅਤੇ ਹਮਾਸ ਦਰਮਿਆਨ ਅਕਤੂਬਰ 2023 ’ਚ ਸ਼ੁਰੂ ਹੋਇਆ ਸੰਘਰਸ਼ ਅਜੇ ਵੀ ਜਾਰੀ ਹੈ। ਸੰਘਰਸ਼ ਦੇ ਮੂਲ ਕਾਰਨਾਂ ’ਚ ਇਜ਼ਰਾਈਲ ਦਾ ਕਬਜ਼ਾ, ਫਿਲਸਤੀਨ ਰਾਜ ਦਾ ਇਜ਼ਰਾਈਲ ਅਧੀਨ ਨਾ ਹੋਣਾ ਅਤੇ ਦੋਹਾਂ ਧਿਰਾਂ ਦਰਮਿਆਨ ਪੁਰਾਤਨ ਕਾਲ ਤੋਂ ਚੱਲੀ ਆ ਰਹੀ ਦੁਸ਼ਮਣੀ ਸ਼ਾਮਲ ਹੈ। ਇਸ ਸੰਘਰਸ਼ ਕਾਰਨ ਗਾਜ਼ਾ ’ਚ ਵੱਡੀ ਪੱਧਰ ’ਤੇ ਮਨੁੱਖੀ ਸੰਕਟ ਪੈਦਾ ਹੋਇਆ ਹੈ।
ਚੀਨ ਅਤੇ ਤਾਈਵਾਨ ਦਰਮਿਆਨ ਲੰਬੇ ਸਮੇਂ ਤੋਂ ਜਾਰੀ ਸੰਘਰਸ਼ ਦੇ ਵੀ ਸਾਲ 2026 ’ਚ ਖਤਮ ਹੋਣ ਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ। ਤਾਈਵਾਨ ਨੂੰ ਚੀਨ ਆਪਣਾ ਇਕ ਸੂਬਾ ਮੰਨਦਾ ਹੈ ਤੇ ਉਸ ਨੂੰ ਆਪਣੇ ਅਧੀਨ ਲਿਆਉਣ ਦੀ ਧਮਕੀ ਦਿੰਦਾ ਰਹਿੰਦਾ ਹੈ।
ਤਾਈਵਾਨ ਦੀ ਜਾਪਾਨ ਨਾਲ ਨੇੜਤਾ ਨੂੰ ਲੈ ਕੇ ਵੀ ਚੀਨ ਭੜਕਿਆ ਹੋਇਆ ਹੈ। ਕੁਝ ਸਮਾਂ ਪਹਿਲਾਂ ਹੀ ਚੀਨ ਨੇ ਤਾਈਵਾਨ ਦੇ ਸਮੁੰਦਰੀ ਖੇਤਰ ’ਚ ਜੰਗੀ ਅਭਿਆਸ ਕੀਤਾ ਅਤੇ ਤਾਈਵਾਨ ’ਤੇ ਹਮਲਾ ਕਰਨ ਲਈ ਨਿਸ਼ਾਨਾ ਬਣਾਏ ਜਾਣ ਵਾਲੇ ਟੀਚਿਆਂ ਨੂੰ ਵੀ ਚੁਣ ਲਿਆ ਹੈ।
ਦੂਜੇ ਪਾਸੇ ਤਾਈਵਾਨ ਨੇ ਚੀਨ ਦੇ ਕਦਮ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਆਪਣੇ ਟਾਪੂ ਦੀ ਰਾਖੀ ਕਰਨ ਲਈ ਤਾਈਵਾਨ ਦੀ ਫੌਜ ਵੀ ਹਾਈ ਅਲਰਟ ’ਤੇ ਹੈ।
ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ’ਚ ਵੀ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਅਤੇ ਉੱਤਰੀ ਕੋਰੀਆ ਨੇ ਆਪਣੀਆਂ ਲੰਬੀ ਦੂਰੀ ਦੀਆਂ ਕਰੂਜ਼ ਿਮਜ਼ਾਈਲਾਂ ਦਾ ਪ੍ਰੀਖਣ ਕਰ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ।
ਜਿੱਥੇ ਉੱਤਰੀ ਕੋਰੀਆ ਦਾ ਨੇਤਾ ‘ਕਿਮ ਜੋਂਗ ਉਨ’ ਦੱਖਣੀ ਕੋਰੀਆ ਦੇ ਅਮਰੀਕਾ ਨਾਲ ਸੰਬੰਧਾਂ ਨੂੰ ਲੈ ਕੇ ਭੜਕਿਆ ਹੋਇਆ ਹੈ, ਉਥੇ ਹੀ ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਉਹ ਅਮਰੀਕਾ ਨਾਲ ਆਪਣੇ ਗੱਠਜੋੜ ਰਾਹੀਂ ਸੰਭਾਵਿਤ ਭੜਕਾਹਟ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਨ੍ਹਾਂ ਤੋਂ ਇਲਾਵਾ ਵੀ ਦੁਨੀਆ ਦੇ ਦਰਜਨਾਂ ਦੇਸ਼ ਇਕ-ਦੂਜੇ ਨਾਲ ਉਲਝੇ ਹੋਏ ਹਨ ਜਾਂ ਖਾਨਾਜੰਗੀ ਦਾ ਸ਼ਿਕਾਰ ਹਨ, ਜਿਨ੍ਹਾਂ ’ਚ ਸੂਡਾਨ, ਮਿਆਂਮਾਰ, ਮਾਲੀ, ਨਾਈਜਰ, ਬੁਰਕੀਨਾ ਫਾਸੋ, ਕਾਂਗੋ, ਤੁਰਕੀ, ਹੰਗਰੀ ਅਤੇ ਯਮਨ ਆਦਿ ਸ਼ਾਮਲ ਹਨ।
ਜੰਗ ਪੀੜਤ ਦੇਸ਼ਾਂ ਨੂੰ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਨੂੰ ਯਾਦ ਕਰ ਕੇ ਉਨ੍ਹਾਂ ਤੋਂ ਸਬਕ ਲੈਣਾ ਚਾਹੀਦਾ ਹੈ। 28 ਜੁਲਾਈ, 1914 ਤੋਂ 11 ਨਵੰਬਰ, 1918 ਤੱਕ ਚੱਲਣ ਵਾਲੀ ਪਹਿਲੀ ਵਿਸ਼ਵ ਜੰਗ ’ਚ ਲਗਭਗ 9 ਕਰੋੜ ਸਿਪਾਹੀਆਂ ਅਤੇ 1.3 ਕਰੋੜ ਆਮ ਨਾਗਰਿਕਾਂ ਦੀ ਮੌਤ ਹੋਈ ਸੀ। 1939 ਤੋਂ 1945 ਦਰਮਿਆਨ ਹੋਈ ਦੂਜੀ ਵਿਸ਼ਵ ਜੰਗ ’ਚ ਕੁੱਲ 2.40 ਲੱਖ ਤੋਂ ਵੱਧ ਫੌਜੀਆਂ ਦੀ ਜਾਨ ਗਈ ਸੀ।
ਅਤੇ ਹੁਣ ਦੂਜੀ ਵਿਸ਼ਵ ਜੰਗ ਦੇ ਖਤਮ ਹੋਣ ਤੋਂ 80 ਸਾਲ ਬਾਅਦ ਇਸੇ ਤਰ੍ਹਾਂ ਦੀ ਇਕ ਹੋਰ ਵਿਸ਼ਵ ਜੰਗ ਦੀ ਆਹਟ ਸੁਣਾਈ ਦੇ ਰਹੀ ਹੈ।
ਗਾਜ਼ਾ ’ਚ ਇਜ਼ਰਾਈਲ ਵਲੋਂ ਮਚਾਈ ਗਈ ਤਬਾਹੀ ਦੇ ਸਿੱਟੇ ਵਜੋਂ ਸਮੁੱਚਾ ਗਾਜ਼ਾ ਖੇਤਰ ਇਸ ਹੱਦ ਤੱਕ ਨਸ਼ਟ ਹੋ ਚੁੱਕਾ ਹੈ ਕਿ ਇਸ ਨੂੰ ਦੁਬਾਰਾ ਖੜ੍ਹਾ ਕਰਨ ’ਚ 20 ਸਾਲ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ। ਇਸੇ ਤਰ੍ਹਾਂ ਜੇ ਅੱਜ ਵੀ ਜੰਗਬੰਦੀ ਹੋ ਜਾਵੇ ਤਾਂ ਯੂਕ੍ਰੇਨ ’ਚ ਹੋਈ ਤਬਾਹੀ ਨੂੰ ਸੁਧਾਰਨ ’ਚ ਕਈ ਸਾਲ ਲੱਗ ਜਾਣਗੇ।
ਅਖੀਰ ਪਾਠਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਅਸੀਂ ਤਾਂ ਇਹੀ ਕਾਮਨਾ ਕਰਾਂਗੇ ਕਿ ਦੁਨੀਆ ’ਚ ਜੰਗ ਨਾ ਹੋਵੇ, ਦੇਸ਼ਾਂ ਦੇ ਛੋਟੇ-ਮੋਟੇ ਝਗੜਿਆਂ ਨੂੰ ਆਪਸੀ ਸਹਿਮਤੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਲੋਕ ਦੁਨੀਆ ’ਚ ਸ਼ਾਂਤੀਪੂਰਵਕ ਪ੍ਰੇਮ-ਪਿਆਰ ਨਾਲ ਰਹਿ ਸਕਣ।
-ਵਿਜੇ ਕੁਮਾਰ
