ਵਧਦਾ ਧਾਰਮਿਕ ਸੈਰ-ਸਪਾਟਾ ਅਤੇ ਧਾਰਮਿਕ ਨਗਰਾਂ ਦੀ ਚੁਣੌਤੀ
Monday, Dec 29, 2025 - 05:26 PM (IST)
ਭਾਰਤ ’ਚ ਧਾਰਮਿਕ ਸੈਰ-ਸਪਾਟਾ ਹਮੇਸ਼ਾ ਤੋਂ ਸਾਡੀਆਂ ਸੱਭਿਆਚਾਰਕ ਅਤੇ ਆਸਥਾ ਪਰੰਪਰਾਵਾਂ ਦਾ ਅਟੁੱਟ ਹਿੱਸਾ ਰਿਹਾ ਹੈ ਪਰ ਪਿਛਲੇ 1 ਦਹਾਕੇ ’ਚ ਇਸ ਖੇਤਰ ’ਚ ਜਿਸ ਤੇਜ਼ ਰਫਤਾਰ ਨਾਲ ਵਾਧਾ ਹੋਇਆ ਹੈ, ਉਸ ਨੇ ਧਾਰਮਿਕ ਨਗਰਾਂ ਦੀ ਤਸਵੀਰ ਹੀ ਬਦਲ ਦਿੱਤੀ ਹੈ। ਅਯੁੱਧਿਆ, ਵਾਰਾਣਸੀ, ਮਥੁਰਾ, ਵਰਿੰਦਾਵਨ, ਉੱਜੈਨ, ਦੁਆਰਕਾ, ਤਿਰੂਪਤੀ ਵਰਗੇ ਨਗਰ ਅੱਜ ਵਿਸ਼ਵ ਪੱਧਰੀ ਧਾਰਮਿਕ ਸੈਰ-ਸਪਾਟੇ ਦੇ ਕੇਂਦਰਾਂ ’ਚ ਬਦਲ ਚੁੱਕੇ ਹਨ। ਸਰਕਾਰਾਂ ਵੀ ਇਸੇ ਆਸਥਾ ਨਾਲ ਅਰਥਵਿਵਸਥਾ ਦੇ ਸੂਤਰ ’ਚ ਜੋੜ ਕੇ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੇ ਯਤਨਾਂ ’ਚ ਲੱਗੀਆਂ ਹਨ ਪਰ ਯਤਨਾਂ ਦੇ ਸਮਾਨਾਂਤਰ ਕੁਝ ਅਜਿਹੇ ਸਵਾਲ ਵੀ ਹਨ, ਜਿਨ੍ਹਾਂ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ।
ਕੀ ਇਹ ਵਿਕਾਸ ਦੀ ਰਫਤਾਰ ਨਿਭਾਈ ਜਾ ਰਹੀ ਹੈ, ਕੀ ਸਥਾਨਕ ਨਿਵਾਸੀਆਂ ਅਤੇ ਤੀਰਥ ਸਥਲਾਂ ਦੇ ਮੂਲ ਸਰੂਪ ਨੂੰ ਸੁਰੱਖਿਅਤ ਰੱਖਿਆ ਜਾ ਸਕਿਆ ਹੈ, ਕੀ ਪ੍ਰਸ਼ਾਸਨ ਇੰਨਾ ਸਮਰੱਥ ਹੈ ਕਿ ਉਹ ਤਿਉਹਾਰਾਂ ਅਤੇ ਛੁੱਟੀਆਂ ਦੇ ਸਮੇਂ ਵਾਧੂ ਸੈਲਾਨੀਆਂ ਨੂੰ ਸੰਭਾਲ ਸਕੇ।
ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਤੋਂ ਬਾਅਦ ਦੇਸ਼ ਭਰ ’ਚ ਧਾਰਮਿਕ ਸੈਰ-ਸਪਾਟੇ ’ਚ ਅਣਕਿਆਸਾ ਵਾਧਾ ਦੇਖਣ ਨੂੰ ਮਿਲਿਆ ਹੈ। ਅਨੁਮਾਨ ਹੈ ਕਿ ਆਉਣ ਵਾਲੇ ਸਾਲਾਂ ’ਚ ਇੱਥੇ ਹਰ ਸਾਲ ਕਰੋੜਾਂ ਸੈਲਾਨੀ ਪਹੁੰਚਣਗੇ। ਇਸੇ ਦੌਰਾਨ ਕਾਸ਼ੀ ਵਿਸ਼ਵਨਾਥ ਕੋਰੀਡੋਰ ਨੇ ਬਨਾਰਸ ਦੀਆਂ ਇਤਿਹਾਸਕ ਗਲੀਆਂ ਨੂੰ ਕਾਰੋਬਾਰੀ ਜੀਵਨ ਦਿੱਤਾ ਹੈ। ਹੋਟਲ, ਰੈਸਟੋਰੈਂਟ, ਟਰਾਂਸਪੋਰਟ ਅਤੇ ਹਸਤਸ਼ਿਲਪ ਉਦਯੋਗਾਂ ਨੂੰ ਵੀ ਨਵਾਂ ਸਾਹ ਮਿਲਿਆ ਹੈ। ਵਰਿੰਦਾਵਨ ਅਤੇ ਮਥੁਰਾ ’ਚ ਹਰ ਤਿਉਹਾਰ ਹੁਣ ਕੌਮਾਂਤਰੀ ਆਯੋਜਨ ਦਾ ਰੂਪ ਲੈ ਚੁੱਕਾ ਹੈ। ਆਰਥਿਕ ਦ੍ਰਿਸ਼ਟੀ ਨਾਲ ਇਹ ਤਬਦੀਲੀ ਸ਼ੁੱਭ ਸੰਕੇਤ ਹੈ, ਰੋਜ਼ਗਾਰ ਵਧੇ ਹਨ, ਸਥਾਨਕ ਵਪਾਰ ’ਚ ਤੇਜ਼ੀ ਆਈ ਹੈ ਅਤੇ ਬੁਨਿਆਦੀ ਢਾਂਚੇ ’ਤੇ ਨਿਵੇਸ਼ ਵੀ ਹੋਇਆ ਹੈ।
ਪਰ ਇਹ ਵੀ ਓਨਾ ਹੀ ਸੱਚ ਹੈ ਕਿ ਇਸ ਤੇਜ਼ੀ ਨੇ ਧਾਰਮਿਕ ਸ਼ਹਿਰੀ ਸੰਤੁਲਨ ਨੂੰ ਡਗਮਗਾ ਦਿੱਤਾ ਹੈ। ਛੋਟੇ ਸ਼ਹਿਰਾਂ ਦੀਆਂ ਸੀਮਤ ਸੜਕਾਂ, ਨਿਵਾਸਾਂ ਅਤੇ ਸੋਮਿਆਂ ’ਤੇ ਅਚਾਨਕ ਲੱਖਾਂ ਦੀ ਭੀੜ ਦਾ ਦਬਾਅ ਪ੍ਰਸ਼ਾਸਨ ਲਈ ਵੱਡਾ ਸਿਰਦਰਦ ਬਣ ਗਿਆ ਹੈ। ਚੌਗਿਰਦੇ ਦੇ ਦਬਾਅ, ਕਚਰਾ ਮੈਨੇਜਮੈਂਟ ਅਤੇ ਜਲ ਸੰਕਟ ਵਰਗੀਆਂ ਸਮੱਿਸਆਵਾਂ ਹੁਣ ਇਨ੍ਹਾਂ ਨਗਰਾਂ ਦੇ ਸਥਾਈ ਸਾਥੀ ਬਣ ਚੁੱਕੇ ਹਨ।
ਵਰਣਨਯੋਗ ਹੈ ਕਿ ਭਾਰਤ ’ਚ ਭੀੜ ਮੈਨੇਜਮੈਂਟ ਦਾ ਢਾਂਚਾ ਅਜੇ ਵੀ ਵਿਕਾਸਸ਼ੀਲ ਪੱਧਰ ’ਤੇ ਹੈ। ਭਾਵੇਂ ਕੁੰਭ ਮੇਲੇ ਦਾ ਆਯੋਜਨ ਹੋਵੇ ਜਾਂ ਅਯੁੱਧਿਆ ’ਚ ਦੀਪ ਉਤਸਵ, ਪ੍ਰਸ਼ਾਸਨਿਕ ਤਿਆਰੀਆਂ ਅਕਸਰ ਅਨੁਮਾਨ ਤੋਂ ਘੱਟ ਪੈ ਹੀ ਜਾਂਦੀਆਂ ਹਨ। ਪੱਛਮੀ ਦੇਸ਼ਾਂ ਜਿਵੇਂ ਇਟਲੀ, ਫਰਾਂਸ ਜਾਂ ਸਪੇਨ ’ਚ ਧਾਰਮਿਕ ਸੈਰ-ਸਪਾਟਾ ਬਹੁਤ ਜ਼ਿਆਦਾ ਸੰਗਠਿਤ ਢੰਗ ਨਾਲ ਸੰਚਾਲਿਤ ਹੁੰਦਾ ਹੈ। ਵੈਟੀਕਨ ਸਿਟੀ ਜਾਂ ਲੂਰਡ ਵਰਗੀਆਂ ਥਾਵਾਂ ’ਤੇ ਸੈਲਾਨੀਆਂ ਦੀ ਗਿਣਤੀ ਭਾਵੇਂ ਲੱਖਾਂ ’ਚ ਹੋਵੇ ਪਰ ਉਥੇ ਡਿਜੀਟਲ ਟਿਕਟਿੰਗ, ਸਮਾਂ ਵਾਰ ਦਾਖਲਾ ਪ੍ਰਣਾਲੀ, ਸਪੱਸ਼ਟ ਦਿਸ਼ਾ-ਨਿਰਦੇਸ਼ ਅਤੇ ਟ੍ਰੇਂਡ ਸਵੈਮ-ਸੇਵਕਾਂ ਦਾ ਜਾਲ ਪੂਰੀ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਦਾ ਹੈ। ਇਨ੍ਹਾਂ ਤੋਂ ਹੀ ਪ੍ਰੇਰਿਤ ਹੋ ਕੇ ਸਾਡੇ ਦੇਸ਼ ’ਚ ਵੀ ਕੁਝ ਸਵੈ-ਘੋਸ਼ਿਤ ਗੁਰੂਆਂ ਦੀਆਂ ਥਾਵਾਂ ’ਤੇ ਵੀ ਵਿਵਸਥਾ ਕਾਫੀ ਹੱਦ ਤੱਕ ਸੁਚਾਰੂ ਦਿਖਾਈ ਦਿੰਦੀ ਹੈ।
ਉਥੇ ਇਸ ਦੇ ਉਲਟ ਭਾਰਤ ਦੇ ਧਾਰਮਿਕ ਨਗਰਾਂ ’ਚ ਤੀਰਥ ਯਾਤਰੀਆਂ ਦਾ ਆਉਣਾ ਅਕਸਰ ਗੈਰ-ਯੋਜਨਾਬੱਧ ਹੁੰਦਾ ਹੈ। ਟ੍ਰੇਨਾਂ, ਬੱਸਾਂ, ਸੜਕਾਂ ’ਤੇ ਭੀੜ ਇਕੱਠੀ ਉਮੜਦੀ ਹੈ, ਜਿਸ ਨਾਲ ਜਾਮ, ਦੁਰਘਟਨਾਵਾਂ ਅਤੇ ਅਵਿਵਸਥਾ ਆਮ ਹੋ ਜਾਂਦੀ ਹੈ। ਸੁਰੱਖਿਆ ਬਲਾਂ ਅਤੇ ਪ੍ਰਸ਼ਾਸਨਿਕ ਕਰਮਚਾਰੀਆਂ ’ਤੇ ਬਹੁਤ ਜ਼ਿਆਦਾ ਦਬਾਅ ਪੈਂਦਾ ਹੈ ਅਤੇ ਅਕਸਰ ਸਥਾਨਕ ਨਿਵਾਸੀਆਂ ਦਾ ਆਮ ਜੀਵਨ ਅਸਤ-ਵਿਅਸਤ ਹੋ ਜਾਂਦਾ ਹੈ।
ਧਾਰਮਿਕ ਸੈਰ-ਸਪਾਟੇ ਦਾ ਇਹ ਉਭਾਰ ਸਥਾਨਕ ਨਾਗਰਿਕਾਂ ਦੇ ਜੀਵਨ ’ਚ ਡੂੰਘਾ ਪ੍ਰਭਾਵ ਪਾ ਰਿਹਾ ਹੈ। ਅਯੁੱਧਿਆ ਜਾਂ ਵਾਰਾਣਸੀ ਦੀਆਂ ਗਲੀਆਂ ’ਚ ਰਹਿਣ ਵਾਲੇ ਨਿਵਾਸੀਆਂ ਨੂੰ ਆਪਣੇ ਹੀ ਘਰਾਂ ਤੱਕ ਪਹੁੰਚਣ ’ਚ ਮੁਸ਼ਕਲ ਹੁੰਦੀ ਹੈ। ਸੜਕਾਂ ’ਤੇ ਲਗਾਤਾਰ ਭੀੜ, ਵਧਦੇ ਵਾਹਨ ਅਤੇ ਲਗਾਤਾਰ ਚੱਲ ਰਹੇ ਨਿਰਮਾਣ ਕਾਰਜਾਂ ਨੇ ਜੀਵਨ ਪੱਧਰ ਨੂੰ ਪ੍ਰਭਾਵਿਤ ਕੀਤਾ ਹੈ। ਕਿਰਾਏ ਆਸਮਾਨ ਨੂੰ ਛੂਹ ਗਏ ਹਨ, ਸਥਾਨਕ ਦੁਕਾਨਾਂ ਦੀ ਜਗ੍ਹਾ ਵੱਡੇ ਬ੍ਰਾਂਡਾਂ ਨੇ ਲੈ ਲਈ ਹੈ ਅਤੇ ਧਾਰਮਿਕ ਸ਼ਾਂਤੀ ਦੀ ਜਗ੍ਹਾ ਹੁਣ ਕਾਰੋਬਾਰੀ ਹਲਚਲ ਨੇ ਲੈ ਲਈ ਹੈ। ਧਾਰਮਿਕ ਨਗਰਾਂ ਦਾ ਜੋ ਆਤਮਿਕ ਵਾਤਾਵਰਣ ਕਦੇ ਲੋਕਾਂ ਨੂੰ ਅੰਦਰ ਤੱਕ ਆਸਥਾ ਨਾਲ ਜੋੜਦਾ ਸੀ, ਉਹ ਹੁਣ ਸਜਾਵਟੀ ਰੌਸ਼ਨੀਆਂ ਅਤੇ ਸੈਲਫੀ ਪੁਆਇੰਟਸ ’ਚ ਗੁਆਚਦਾ ਜਾ ਰਿਹਾ ਹੈ। ਸ਼ਰਧਾ ਦੇ ਸਥਲਾਂ ਦਾ ਸੈਰ-ਸਪਾਟਾ ਸਥਲ ’ਚ ਬਦਲ ਜਾਣਾ ਵਿਕਾਸ ਦੇ ਨਾਂ ’ਤੇ ਇਕ ਸੱਭਿਆਚਾਰਕ ਗਿਰਾਵਟ ਵੀ ਹੈ।
ਅਯੁੱਧਿਆ, ਵਾਰਾਣਸੀ ਜਾਂ ਵਰਿੰਦਾਵਨ ਵਰਗੇ ਨਗਰਾਂ ਦੀ ਆਤਮਾ ਉਨ੍ਹਾਂ ਦੀ ਪ੍ਰਾਚੀਨਤਾ, ਉਨ੍ਹਾਂ ਦੀ ਪਵਿੱਤਰਤਾ ਅਤੇ ਉਨ੍ਹਾਂ ਦੇ ਮੁੱਢਲੇ ਜੀਵਨ ’ਚ ਵਸਦੀ ਹੈ ਪਰ ਅੱਜ ਇਹ ਨਗਰ ਤੇਜ਼ੀ ਨਾਲ ਆਧੁਨਿਕ ਤੀਰਥਾਂ ’ਚ ਤਬਦੀਲ ਕੀਤੇ ਜਾ ਰਹੇ ਹਨ। ਚੌੜੀਆਂ ਸੜਕਾਂ, ਚਮਕੀਲੇ ਕੋਰੀਡੋਰ, ਆਧੁਨਿਕ ਗੈਸਟ ਹਾਊਸ ਅਤੇ ਮਾਲ ਵਰਗੇ ਪ੍ਰਾਜੈਕਟ ਵਿਕਾਸ ਦੇ ਪ੍ਰਤੀਕ ਮੰਨੇ ਜਾ ਰਹੇ ਹਨ। ਬਿਨਾਂ ਸ਼ੱਕ ਇਨ੍ਹਾਂ ’ਚ ਸਹੂਲਤਾਂ ਵਧੀਆ ਹਨ ਪਰ ਇਸ ਦੇ ਨਾਲ ਧਾਰਮਿਕ ਅਨੁਭਵ ਦਾ ਮੂਲ ਸਰੂਪ ਵੀ ਹੌਲੀ-ਹੌਲੀ ਬਦਲ ਗਿਆ ਹੈ।
ਧਾਰਮਿਕ ਸੈਰ-ਸਪਾਟੇ ਦਾ ਵਧਣਾ ਆਪਣੇ-ਆਪ ’ਚ ਬੁਰਾ ਨਹੀਂ ਹੈ। ਇਹ ਸੱਭਿਆਚਾਰਕ ਏਕਤਾ, ਲੋਕ ਕਾਰੋਬਾਰ ਅਤੇ ਕੌਮਾਂਤਰੀ ਅਰਥਵਿਵਸਥਾ ਲਈ ਵਰਦਾਨ ਹੈ। ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਤੀਰਥ ਸਥਲਾਂ ਦਾ ਵਿਕਾਸ ਸਿਰਫ ਢਾਂਚਾਤਮਕ ਦ੍ਰਿਸ਼ਟੀ ਨਾਲ ਕੀਤਾ ਜਾਵੇ ਅਤੇ ਉਸ ’ਚ ਸੰਸਕ੍ਰਿਤਕ ਸੁਰੱਖਿਆ ਦੀ ਭਾਵਨਾ ਗਾਇਬ ਹੋਵੇ। ਭਾਰਤ ਨੂੰ ਪੱਛਮੀ ਦੇਸ਼ਾਂ ਤੋਂ ਸਿੱਖਣ ਦੀ ਲੋੜ ਹੈ ਕਿ ਅਧਿਆਤਮਿਕ ਧਰੋਹਰ ਨੂੰ ਆਧੁਨਿਕ ਸਹੂਲਤਾਂ ਨਾਲ ਕਿਵੇਂ ਜੋੜਿਆ ਜਾ ਸਕਦਾ ਹੈ।
ਇਸ ਦੇ ਲਈ ਤਿੰਨ ਪੱਧਰਾਂ ’ਚ ਠੋਸ ਪਹਿਲ ਜ਼ਰੂਰੀ ਹੈ-
ਸਮਾਰਟ ਪਲਾਨਿੰਗ : ਸੈਰ-ਸਪਾਟੇ ਦੀ ਅਗਾਊਂ ਅਨੁਮਾਨਿਤ ਯੋਜਨਾ ਬਣਾਈ ਜਾਵੇ। ਡਿਜੀਟਲ ਟਿਕਟਿੰਗ, ਭੀੜ ਕੰਟਰੋਲ ਐਪਸ ਅਤੇ ਸਮਾਂਬੱਧ ਦਰਸ਼ਨਾਂ ਦੀ ਵਿਵਸਥਾ ਲਾਗੂ ਕੀਤੀ ਜਾਵੇ।
ਸਥਾਨਕ ਸ਼ਮੂਲੀਅਤ : ਨਗਰ ਦੇ ਵਿਕਾਸ ’ਚ ਸਥਾਨਕ ਨਿਵਾਸੀਆਂ ਦੀ ਰਾਏ ਯਕੀਨੀ ਹੋਵੇ ਤਾਂ ਕਿ ਵਿਕਾਸ ਉਨ੍ਹਾਂ ਦੇ ਜੀਵਨ ਨੂੰ ਪ੍ਰਭਾਵਿਤ ਨਾ ਕਰੇ।
ਸੱਭਿਆਚਾਰਕ ਸੁਰੱਖਿਆ : ਨਿਰਮਾਣ ਕੰਮਾਂ ’ਚ ਰਸਮੀ ਤੌਰ ’ਤੇ ਸਥਾਪਤ ਸਥਾਨਕ ਕਲਾ ਅਤੇ ਜੀਵਨਸ਼ੈਲੀ ਨੂੰ ਪਹਿਲ ਦਿੱਤੀ ਜਾਵੇ ਤਾਂ ਕਿ ਨਗਰ ਦੀ ਆਤਮਾ ਜੀਵਤ ਰਹੇ।
ਭਾਰਤੀ ਧਾਰਮਿਕ ਸੈਰ-ਸਪਾਟਾ ਅੱਜ ਦੇਸ਼ ਦੀ ਅਰਥਵਿਵਸਥਾ ਅਤੇ ਸੱਭਿਆਚਾਰਕ ਪਛਾਣ ਦਾ ਨਵਾਂ ਪ੍ਰਤੀਕ ਬਣ ਗਿਆ ਹੈ। ਅਯੁੱਧਿਆ, ਕਾਸ਼ੀ, ਮਥੁਰਾ, ਵਰਿੰਦਾਵਨ ਵਰਗੇ ਨਗਰ ਆਸਥਾ ਦੀ ਊਰਜਾ ਨਾਲ ਭਰੇ ਹੋਏ ਹਨ, ਪਰ ਉਸੇ ਆਸਥਾ ਦੀ ਰੱਖਿਆ ਦੀ ਜ਼ਿੰਮੇਵਾਰੀ ਵੀ ਓਨੀ ਹੀ ਵਿਆਪਕ ਹੈ।
–ਵਿਨੀਤ ਨਾਰਾਇਣ
