ਇਟਲੀ ''ਚ ਦੋ ਦਿਨਾਂ ਤੋਂ ਬਰਫ ਦੇ ਪਹਾੜ ਹੇਠਾਂ ਦੱਬੇ ਹੋਟਲ ''ਚੋਂ ਧੜਕੀਆਂ ਜ਼ਿੰਦਗੀਆਂ, ਬਚਾਏ ਗਏ 10 ਲੋਕਾਂ ''ਚ 4 ਬੱਚੇ ਵੀ ਸ਼ਾਮਲ (ਤਸਵੀਰਾਂ)

01/21/2017 2:09:59 PM

 ਰੋਮ— ਇਟਲੀ ''ਚ ਬੁੱਧਵਾਰ ਨੂੰ ਬਰਫ ਦੇ ਪਹਾੜ ਦੇ ਖਿਸਕਣ ਕਾਰਨ ਉਸ ਦੇ ਹੇਠਾਂ ਆਏ ਹੋਟਲ ''ਚੋਂ 2 ਦਿਨਾਂ ਬਾਅਦ 10 ਲੋਕਾਂ ਨੂੰ ਜਿਊਂਦੇ ਕੱਢਿਆ ਗਿਆ ਤਾਂ ਬਚਾਅ ਕਾਰਜਾਂ ਵਿਚ ਲੱਗੇ ਲੋਕਾਂ ਦੇ ਚਿਹਰੇ ਖਿੜ ਗਏ। ਬਚਾਏ ਗਏ ਲੋਕਾਂ ਵਿਚ 4 ਬੱਚੇ ਵੀ ਸ਼ਾਮਲ ਹਨ। ਬਚਾਈ ਗਈ ਇਕ ਬੱਚੀ ਨੇ ਬਾਹਰ ਕੱਢੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਜੋ ਸ਼ਬਦ ਕਹੇ, ਉਹ ਸੁਣ ਕੇ ਸਭ ਦਾ ਦਿਲ ਵਲੂੰਧਰਿਆ ਗਿਆ। ਬੱਚੀ ਨੇ ਭੋਲੇਪਨ ''ਚ ਸਭ ਤੋਂ ਪਹਿਲਾਂ ਇਹੀ ਕਿਹਾ— ''ਮੈਨੂੰ ਭੁੱਖ ਲੱਗੀ ਹੈ, ਖਾਣ ਨੂੰ ਕੁਝ ਮਿਲ ਸਕਦਾ ਹੈ?'' ਬਚਾਏ ਗਏ ਇਨ੍ਹਾਂ 10 ਲੋਕਾਂ ਦੇ ਗਰੁੱਪ ਨੂੰ ਹੋਟਲ ਦੇ ਰਸੋਈ ਘਰ ਨੇੜਿਓਂ ਲੱਭਿਆ ਗਿਆ ਅਤੇ ਬਚਾਇਆ ਗਿਆ। ਬਰਫ ਦੇ ਖਿਸਕਣ ਕਾਰਨ ਉਸ ਦੇ ਹੇਠਾਂ ਦੱਬੇ ਇਸ ਹੋਟਲ ਵਿਚ ਇਹ ਸਾਰੇ ਲੋਕ ਰਸੋਈ ਘਰ ਦੇ ਨੇੜੇ ਇਕੱਠੇ ਹੋ ਗਏ ਸਨ। ਬੀਤੇ ਦੋ ਦਿਨਾਂ ਤੋਂ ਇਹ ਲੋਕ ਇਸੇ ਆਸ ਵਿਚ ਇੱਥੇ ਰੁਕੇ ਹੋਏ ਸਨ ਕਿ ਉਨ੍ਹਾਂ ਨੂੰ ਬਚਾਉਣ ਲਈ ਕੋਈ ਇੱਥੇ ਰੱਬ ਬਣ ਕੇ ਬਹੁੜੇਗਾ। 

ਦੱਸ ਦੇਈਏ ਕਿ ਇਟਲੀ ਦੇ ਫਰੀਨਡੋਲਾ ਵਿਖੇ ਸਥਿਤ ਰਿਗਪਿਆਨੋ ਹੋਟਲ ''ਤੇ ਬੁੱਧਵਾਰ ਨੂੰ ਬਰਫ ਦਾ ਪਹਾੜ ਡਿੱਗ ਗਿਆ ਸੀ। ਬਰਫ ਖਿਸਕਣ ਦੀ ਇਹ ਘਟਨਾ ਇਟਲੀ ਵਿਚ ਆਏ ਚਾਰ ਭੂਚਾਲਾਂ ਤੋਂ ਬਾਅਦ ਵਾਪਰੀ ਸੀ। ਇਸ ਹੋਟਲ ਵਿਚ 30 ਸੈਲਾਨੀ ਮੌਜੂਦ ਸਨ, ਜੋ ਇਸ ਠੰਡ ਦੇ ਮੌਸਮ ਵਿਚ ਬਰਫੀਲੇ ਪਹਾੜਾਂ ਦਾ ਮਜ਼ਾ ਲੈਣ ਲਈ ਆਏ ਸਨ। ਬਚਾਅ ਕਰਮੀਆਂ ਨੇ ਜਦੋਂ ਇਕ ਬੱਚੇ ਨੂੰ ਇਸ ''ਤੋਂ ਜ਼ਿੰਦਾ ਬਾਹਰ ਕੱਢਿਆ ਤਾਂ ਉਨ੍ਹਾਂ ਦੇ ਚਿਹਰੇ ਖਿੜ ਗਏ। ਉਨ੍ਹਾਂ ਨੇ ਖੁਸ਼ੀ ਨਾਲ ਬੱਚੇ ਦੇ ਵਾਲਾਂ ''ਤੇ ਹੱਥ ਮਾਰਿਆ। ਹਰ ਕੋਈ ਇਹ ਚਮਤਕਾਰ ਦੇਖ ਕੇ ਹੈਰਾਨ ਸੀ। ਥੋੜ੍ਹੀ ਦੇਰ ਬਾਅਦ ਬੱਚੇ ਦੀ ਮਾਂ ਨੂੰ ਬਾਹਰ ਕੱਢਿਆ ਗਿਆ। ਇਸ ਪਰਿਵਾਰ ਦੀ ਇਕ ਬੱਚੀ ਅਜੇ ਵੀ ਹੋਟਲ ਦੇ ਅੰਦਰ ਮੌਜੂਦ ਹੈ ਅਤੇ ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਜ਼ਿੰਦਾ ਹੈ ਜਾਂ ਨਹੀਂ। ਇਨ੍ਹਾਂ ਲੋਕਾਂ ਦੇ ਜ਼ਿੰਦਾ ਨਿਕਲਣ ਤੋਂ ਬਾਅਦ ਬਚਾਅ ਕਰਮੀਆਂ ਦੀਆਂ ਉਮੀਦਾਂ ਵਧ ਗਈਆਂ ਹਨ। ਬਚਾਅ ਕਰਮੀਆਂ ਨੇ ਕਿਹਾ ਕਿ ਬਚਾਏ ਗਏ ਲੋਕਾਂ ਦੀ ਸਿਹਤ ਠੀਕ ਹੈ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਲਈ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਬਚਾਅ ਕਾਰਜਾਂ ਦੇ ਪਹਿਲੇ ਦਿਨ ਹੀ ਹੋਟਲ ਦੇ ਮਲਬੇ ''ਚੋਂ ਚਾਰ ਲਾਸ਼ਾਂ ਕੱਢੀਆਂ ਗਈਆਂ ਸਨ। ਹਾਦਸੇ ਤੋਂ ਬਾਅਦ ਹੋਟਲ ਤੱਕ ਪਹੁੰਚਣ ਲਈ ਪਹਿਲਾਂ ਬਚਾਅ ਕਰਮੀਆਂ ਨੇ ਸੱਤ ਕਿਲੋਮੀਟਰ ਲੰਬੇ ਰਸਤੇ ਨੂੰ ਸਾਫ ਕੀਤਾ। ਇਸ ਰਸਤੇ ''ਤੇ 3 ਮੀਟਰ ਤੱਕ ਬਰਫ ਡਿਗੀ ਹੋਈ ਸੀ ਅਤੇ ਡਿਗੇ ਹੋਏ ਦਰੱਖਤਾਂ ਨੇ ਰਸਤਾ ਜਾਮ ਕੀਤਾ ਹੋਇਆ ਸੀ। ਬਚਾਅ ਕਰਮੀ ਬੜੀ ਮੁਸ਼ੱਕਤ ਤੋਂ ਬਾਅਦ ਇੱਥੇ ਤੱਕ ਪਹੁੰਚੇ ਸਨ। ਅਜੇ ਵੀ 16 ਤੋਂ ਵਧੇਰੇ ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Kulvinder Mahi

News Editor

Related News