ਸ਼੍ਰੋਮਣੀ ਕਮੇਟੀ ਨੇ ਕੇਂਦਰੀ ਸਿੱਖ ਅਜਾਇਬ ਘਰ ’ਚ ਸੁਸ਼ੋਭਿਤ ਕੀਤੀਆਂ 4 ਸ਼ਖ਼ਸੀਅਤਾਂ ਦੀਆਂ ਤਸਵੀਰਾਂ

04/09/2024 4:49:59 PM

ਅੰਮ੍ਰਿਤਸਰ (ਸਰਬਜੀਤ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ’ਚ ਅੱਜ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਇਹ ਤਸਵੀਰਾਂ ਕਾਰਸੇਵਾ ਸੰਪ੍ਰਦਾ ਗੁਰੂ ਕਾ ਬਾਗ ਦੇ ਮੁਖੀ ਬਾਬਾ ਹਜ਼ਾਰਾ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ, ਸੰਗੀਤ ਮਾਰਤੰਡ ਪਦਮਸ੍ਰੀ ਪ੍ਰੋਫ਼ੈਸਰ ਕਰਤਾਰ ਸਿੰਘ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਬਿਰਤਾਂਤ ਨੂੰ ਕਾਵਿ-ਰੂਪ ਵਿਚ ਦਰਜ ਕਰਨ ਵਾਲੇ ਅਲਹ ਯਾਰ ਖ਼ਾਂ ਜੋਗੀ ਦੀਆਂ ਹਨ। 

ਇਹ ਵੀ ਪੜ੍ਹੋ - CM ਸਣੇ ਕਈ ਮੰਤਰੀ ਸਡਾਣਾ ਬ੍ਰਦਰਜ਼ ਤੋਂ ਲੈ ਕੇ ਜਾਂਦੇ ਨੇ ਰੁਮਾਲਾ ਤੇ ਚੰਦੋਆ ਸਾਹਿਬ, ਰੀਝਾਂ ਨਾਲ ਹੁੰਦੀ ਹੈ ਮੀਨਾਕਾਰੀ

ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਨਿਭਾਈ, ਜਦਕਿ ਇਸ ਮੌਕੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖਾਲਸਾ, ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਵੀ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੰਥਕ ਖੇਤਰ ਵਿਚ ਸਮੇਂ-ਸਮੇਂ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾ ਕੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਵੱਲੋਂ ਉਨ੍ਹਾਂ ਦਾ ਸਤਿਕਾਰ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ - ਪਹਿਲਾਂ ਪ੍ਰੇਮਿਕਾ ਨੇ ਪ੍ਰੇਮੀ ਨੂੰ ਬੁਲਾਇਆ ਘਰ, ਫਿਰ ਇੰਝ ਉਤਾਰ ਦਿੱਤਾ ਮੌਤ ਦੇ ਘਾਟ

ਉਨ੍ਹਾਂ ਨੇ ਕਿਹਾ ਕਿ ਅੱਜ ਜੋ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਬਾਬਾ ਹਜ਼ਾਰਾਂ ਸਿੰਘ ਕਾਰਸੇਵਾ ਗੁਰੂ ਕਾ ਬਾਗ ਵਾਲਿਆਂ ਨੇ ਜਿਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ, ਉਥੇ ਉਨ੍ਹਾਂ ਧਰਮ ਯੁੱਧ ਮੋਰਚੇ ਦੌਰਾਨ ਜੇਲ੍ਹ ਕੱਟੀ ਅਤੇ ਗੁਰਮਤਿ ਸਮਾਗਮ ਤੇ ਅੰਮ੍ਰਿਤ ਸੰਚਾਰ ਕਰਵਾ ਕੇ ਸੰਗਤ ਨੂੰ ਗੁਰੂ ਲੜ ਲਾਇਆ। ਇਸੇ ਤਰ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ ਦੀਆਂ ਵੀ ਸਿੱਖ ਪੰਥ ਦੇ ਪ੍ਰਸਾਰ ਲਈ ਵੱਡੀਆਂ ਸੇਵਾਵਾਂ ਹਨ। ਉਨ੍ਹਾਂ ਨੇ 1980 ਤੋਂ 1987 ਤੱਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਜੋਂ ਵੀ ਕਾਰਜਸ਼ੀਲ ਰਹੇ। 

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਪਦਮਸ੍ਰੀ ਪ੍ਰੋਫ਼ੈਸਰ ਕਰਤਾਰ ਸਿੰਘ ਦਾ ਵੀ ਗੁਰਮਤਿ ਸੰਗੀਤ ਦੇ ਖੇਤਰ ਵਿਚ ਵੱਡਮੁੱਲਾ ਯੋਗਦਾਨ ਹੈ। ਉਨ੍ਹਾਂ ਨੇ ਜਿਥੇ ਰਾਗ ਅਧਾਰਿਤ ਕੀਰਤਨ ਅਤੇ ਪੁਰਾਤਨ ਕਲਾ ਤੰਤੀ ਸਾਜ਼ਾਂ ਰਾਹੀਂ ਗੁਰਮਤਿ ਸੰਗੀਤ ਨੂੰ ਪ੍ਰਚਾਰਿਆ, ਉਥੇ ਸੰਗਤੀ ਨਾਲ ਸਬੰਧਤ 7 ਪੁਸਤਕਾਂ ਵੀ ਸੰਗਤ ਦੀ ਝੋਲੀ ਪਾਈਆਂ। ਗਿਆਨੀ ਰਘਬੀਰ ਸਿੰਘ ਨੇ ਅੱਲਾ ਯਾਰ ਯੋਗੀ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਬਿਰਤਾਂਤ ਨੂੰ ਕਾਵਿ-ਰੂਪ ਵਿਚ ਸ਼ਹੀਦਾਨਿ ਵਫ਼ਾ ਅਤੇ ਗੰਜਿ-ਏ-ਸ਼ਹੀਦਾਂ ਰਾਹੀਂ ਬਿਆਨ ਕੀਤਾ ਹੈ, ਜੋ ਸਿੱਖ ਸੰਗਤਾਂ ਲਈ ਪ੍ਰੇਰਣਾ ਦਾ ਸੋਮਾ ਹੈ। 

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

ਇਸ ਮੌਕੇ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਪ੍ਰੇਮ ਸਿੰਘ ਨੇ ਕੀਤੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖਾਲਸਾ, ਸਕੱਤਰ ਸ. ਪ੍ਰਤਾਪ ਸਿੰਘ ਨੇ ਵੀ ਸੰਬੋਧਨ ਕਰਦਿਆਂ ਤਸਵੀਰਾਂ ਲੱਗਣ ਵਾਲੀਆਂ ਸ਼ਖ਼ਸੀਅਤਾਂ ਦੇ ਜੀਵਨ ਬਾਰੇ ਵਿਚਾਰ ਪ੍ਰਗਟਾਏ। ਇਸ ਮੌਕੇ ਪੁੱਜੀਆਂ ਸ਼ਖ਼ਸੀਅਤਾਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵੱਡ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਵਧੀਕ ਸਕੱਤਰ ਸ. ਬਿਜੈ ਸਿੰਘ, ਸ. ਤੇਜਿੰਦਰ ਸਿੰਘ ਪੱਡਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News