ਮਹਿਲਾ ਵਿਸ਼ਵ ਕੱਪ : ਪਾਕਿ ਨੇ ਵਿੰਡੀਜ਼ ਨੂੰ ਹਰਾ ਕੇ ਤੋੜਿਆ ਹਾਰ ਦਾ ਸਿਲਸਿਲਾ
Monday, Mar 21, 2022 - 08:00 PM (IST)
ਹੈਮਿਲਟਨ- ਅਨੁਭਵੀ ਆਫ ਸਪਿਨਰ ਨਿਦਾ ਦਾਰ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਸਲਾਮੀ ਬੱਲੇਬਾਜ਼ ਮੁਨੀਬਾ ਅਲੀ ਦੀ ਸ਼ਾਨਦਾਰ ਪਾਰੀ ਨਾਲ ਪਾਕਿਸਤਾਨ ਨੇ ਸੋਮਵਾਰ ਨੂੰ ਇੱਥੇ ਵੈਸਟਇੰਡੀਜ਼ ਨੂੰ ਖਰਾਬ ਮੌਸਮ ਤੋਂ ਪ੍ਰਭਾਵਿਤ ਮੈਚ ਵਿਚ ਅੱਠ ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਵਿਚ ਲਗਾਤਾਰ 18 ਹਾਰ ਤੋਂ ਬਾਅਦ ਆਪਣੀ ਪਹਿਲੀ ਜਿੱਤ ਦਰਜ ਕੀਤੀ। ਮੀਂਹ ਅਤੇ ਆਊਟਫੀਲਡ ਗਿੱਲੀ ਹੋਣ ਦੇ ਕਾਰਨ ਇਹ ਮੈਚ 20-20 ਓਵਰਾਂ ਦਾ ਕਰ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ- ਦਿੱਲੀ ਦੰਗਿਆਂ ’ਚ ਜਨਤਕ ਜਾਇਦਾਦ ਦੇ ਨੁਕਸਾਨ ਦੀ ਵਸੂਲੀ ਦੀ ਮੰਗ, ਉਮਰ ਖਾਲਿਦ ਦੀ ਜ਼ਮਾਨਤ ਪਟੀਸ਼ਨ ਫੈਸਲਾ ਟਾਲਿਆ
ਪਾਕਿਸਤਾਨ ਨੇ ਟਾਸ ਜਿੱਤ ਕੇ ਵੈਸਟਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਦੇ ਲਈ ਸੱਦਾ ਦਿੱਤਾ, ਜਿਸ ਦੀ ਟੀਮ 7 ਵਿਕਟਾਂ 'ਤੇ 89 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਨੇ 18.5 ਓਵਰਾਂ ਵਿਚ 2 ਵਿਕਟਾਂ 'ਤੇ 90 ਦੌੜਾਂ ਬਣਾ ਕੇ ਅੰਕ ਸੂਚੀ ਵਿਚ ਆਪਣਾ ਖਾਤਾ ਖੋਲ੍ਹਿਆ। ਪਾਕਿਸਤਾਨ ਦੀ ਇਹ ਮਹਿਲਾ ਵਿਸ਼ਵ ਕੱਪ ਵਿਚ 2009 ਤੋਂ ਬਾਅਦ ਪਹਿਲੀ ਜਿੱਤ ਹੈ। ਵੈਸਟਇੰਡੀਜ਼ ਦੀ ਇਹ 6 ਮੈਚਾਂ ਵਿਚ ਤੀਜੀ ਹਾਰ ਹੈ ਪਰ ਉਹ ਅੰਕ ਸੂਚੀ ਵਿਚ ਹੁਣ ਵੀ ਤੀਜੇ ਸਥਾਨ 'ਤੇ ਬਣਿਆ ਹੋਇਆ ਹੈ।
ਪਾਕਿਸਤਾਨ ਨੇ ਲਗਾਤਾਰ ਚਾਰ ਹਾਰ ਤੋਂ ਬਾਅਦ ਪਹਿਲੀ ਜਿੱਤ ਦਰਜ ਕੀਤੀ ਪਰ ਉਹ ਹੁਣ ਵੀ 8ਵੇਂ ਅਤੇ ਆਖਰੀ ਸਥਾਨ 'ਤੇ ਹੈ। ਪਾਕਿਸਤਾਨ ਦੇ ਪਿਛਲੇ ਰਿਕਾਰਡ ਨੂੰ ਦੇਖਦੇ ਹੋਏ ਵੈਸਟਇੰਡੀਜ਼ ਇਸ ਮੈਚ ਵਿਚ ਜਿੱਤ ਦਰਜ ਕਰਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਦੇ ਕਰੀਬ ਪਹੁੰਚਣ ਦੀ ਉਮੀਦ ਦੇ ਨਾਲ ਉਤਰਿਆ ਸੀ ਪਰ ਉਸਦੇ ਬੱਲੇਬਾਜ਼ਾਂ ਨੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਵਿਚ ਆਪਣੇ ਵਿਕਟ ਗੁਆ ਦਿੱਤੇ, ਜਿਸਦਾ ਆਖਿਰ ਵਿਚ ਉਸ ਨੂੰ ਖਮਿਆਜ਼ਾ ਭੁਗਤਨਾ ਪਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।