ਅੰਤਰਰਾਸ਼ਟਰੀ ਮਹਿਲਾ ਦਿਵਸ ''ਤੇ ਮਹਿਲਾ ਕਰਮਚਾਰੀਆਂ ''ਤੇ ਸੁੱਟੀਆਂ ਗੰਦੇ ਪਾਣੀ ਦੀਆਂ ਬੁਛਾੜਾਂ : ਮਜੀਠੀਆ

Monday, Mar 09, 2026 - 02:56 AM (IST)

ਅੰਤਰਰਾਸ਼ਟਰੀ ਮਹਿਲਾ ਦਿਵਸ ''ਤੇ ਮਹਿਲਾ ਕਰਮਚਾਰੀਆਂ ''ਤੇ ਸੁੱਟੀਆਂ ਗੰਦੇ ਪਾਣੀ ਦੀਆਂ ਬੁਛਾੜਾਂ : ਮਜੀਠੀਆ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਕਰਮਚਾਰੀਆਂ 'ਤੇ ਪੁਲਸ ਵੱਲੋਂ ਗੰਦੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਕਾਰਵਾਈ ਨੂੰ ਅਤਿ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਜਿੱਥੇ ਪੂਰੀ ਦੁਨੀਆ ਮਹਿਲਾ ਦਿਵਸ ਮਨਾ ਰਹੀ ਸੀ, ਉੱਥੇ ਹੀ ਪੰਜਾਬ ਦੀ 'ਆਪ' ਸਰਕਾਰ ਨੇ ਮਹਿਲਾ ਮੁਲਾਜ਼ਮਾਂ 'ਤੇ ਤਸ਼ੱਦਦ ਕਰਕੇ ਆਪਣੀ "ਔਰਤ ਵਿਰੋਧੀ ਮਾਨਸਿਕਤਾ" ਨੂੰ ਜੱਗ ਜ਼ਾਹਿਰ ਕਰ ਦਿੱਤਾ ਹੈ।

ਬਜਟ 'ਚ ਅਣਦੇਖੀ ਕਾਰਨ ਭੜਕੇ ਮੁਲਾਜ਼ਮ 

ਮਜੀਠੀਆ ਅਨੁਸਾਰ, ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਵਿੱਚ ਬਜਟ ਨੂੰ ਲੈ ਕੇ ਭਾਰੀ ਰੋਸ ਹੈ, ਕਿਉਂਕਿ ਮੌਜੂਦਾ ਸਰਕਾਰ ਨੇ ਆਪਣੇ ਬਜਟ ਵਿੱਚ ਕਰਮਚਾਰੀਆਂ ਲਈ ਕੁਝ ਵੀ ਨਹੀਂ ਰੱਖਿਆ। ਉਨ੍ਹਾਂ ਨੇ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਦੌਰਾਨ ਸਰਕਾਰੀ ਮੁਲਾਜ਼ਮਾਂ ਨੂੰ ਸਮੇਂ ਸਿਰ DA (ਡੀ. ਏ.) ਅਤੇ ਪੇ-ਕਮਿਸ਼ਨ ਵਰਗੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਸਨ, ਜਦਕਿ ਮੌਜੂਦਾ ਸਰਕਾਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।

ਧਾਰਮਿਕ ਚਿੰਨ੍ਹਾਂ ਦੀ ਬੇਅਦਬੀ 'ਤੇ ਪ੍ਰਗਟਾਇਆ ਰੋਸ 

ਬਿਕਰਮ ਮਜੀਠੀਆ ਨੇ ਪ੍ਰਦਰਸ਼ਨ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਸ ਕਾਰਵਾਈ ਦੌਰਾਨ ਸਿੱਖ ਪ੍ਰਦਰਸ਼ਨਕਾਰੀਆਂ ਦੀਆਂ ਪੱਗਾਂ ਅਤੇ ਧੀਆਂ-ਭੈਣਾਂ ਦੀਆਂ ਚੁੰਨੀਆਂ ਲੱਥਣੀਆਂ ਅਤਿ ਨਿੰਦਣਯੋਗ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਇਹ ਉਹੀ ਮੁਲਾਜ਼ਮ ਹਨ, ਜੋ ਸਰਕਾਰ ਬਣਨ ਵੇਲੇ ਸਕੱਤਰੇਤ ਵਿੱਚ ਫੁੱਲਾਂ ਦੀ ਬਾਰਿਸ਼ ਕਰ ਰਹੇ ਸਨ, ਪਰ ਅੱਜ ਸਰਕਾਰ ਉਨ੍ਹਾਂ 'ਤੇ ਗੰਦਾ ਪਾਣੀ ਅਤੇ ਗੋਲੇ ਸੁੱਟ ਰਹੀ ਹੈ। ਮਜੀਠੀਆ ਨੇ ਸਪੱਸ਼ਟ ਕੀਤਾ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਨ ਹਮਾਇਤ ਕਰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News