ਬਿਜਲੀ ਬਿੱਲ ਭਰਨ ਨੂੰ ਲੈ ਕੇ ਪਿਆ ਨਵਾਂ ਪੰਗਾ, CPDL ਦੇ ਫ਼ੈਸਲੇ ਨੇ ਖ਼ਪਤਕਾਰਾਂ ਨੂੰ ਪਾਇਆ...

Monday, Mar 09, 2026 - 01:08 PM (IST)

ਬਿਜਲੀ ਬਿੱਲ ਭਰਨ ਨੂੰ ਲੈ ਕੇ ਪਿਆ ਨਵਾਂ ਪੰਗਾ, CPDL ਦੇ ਫ਼ੈਸਲੇ ਨੇ ਖ਼ਪਤਕਾਰਾਂ ਨੂੰ ਪਾਇਆ...

ਚੰਡੀਗੜ੍ਹ (ਰੋਹਾਲ) : ਬਿਜਲੀ ਦੀ ਡਿਸਟ੍ਰੀਬਿਊਸ਼ਨ ਨਿੱਜੀ ਕੰਪਨੀ ਦੇ ਹੱਥਾਂ ’ਚ ਆਉਣ ਦੇ ਇਕ ਸਾਲ ਬਾਅਦ ਹੁਣ ਖ਼ਪਤਕਾਰਾਂ ਦੇ ਸਾਹਮਣੇ ਮੁਸ਼ਕਲਾਂ ਪੇਸ਼ ਆਉਣੀਆਂ ਸ਼ੁਰੂ ਹੋ ਗਈਆਂ ਹਨ। ਬਿਜਲੀ ਦੇ ਬਿੱਲਾਂ ਦੀ ਬਿਲਿੰਗ ਦੋ ਮਹੀਨਿਆਂ ਦੀ ਬਜਾਏ ਮਹੀਨਾਵਾਰ ਆਧਾਰ ’ਤੇ ਕਰਨ ਦੇ ਫ਼ੈਸਲੇ ਨੇ ਖ਼ਪਤਕਾਰਾਂ ਨੂੰ ਭੰਬਲਭੂਸੇ ’ਚ ਪਾ ਦਿੱਤਾ ਹੈ। ਇਹ ਉਲਝਣ ਬਿਜਲੀ ਦੇ ਬਿੱਲਾਂ ਦੇ ਭੁਗਤਾਨ ਨੂੰ ਲੈ ਕੇ ਪੈਦਾ ਹੋਈ ਹੈ। ਬਿਜਲੀ ਦੇ ਬਿੱਲਾਂ ਦੀ ਵੰਡ ਤੋਂ ਲੈ ਕੇ ਭੁਗਤਾਨ ਤੱਕ ਦੀ ਪ੍ਰਕਿਰਿਆ ਕਈ ਪੱਧਰਾਂ ’ਤੇ ਖ਼ਪਤਕਾਰਾਂ ਲਈ ਬਹੁਤ ਗੁੰਝਲਦਾਰ ਹੋ ਗਈ ਹੈ। ਜਨਵਰੀ ਤੋਂ ਮਹੀਨਾਵਾਰ ਬਿਲਿੰਗ ਸ਼ੁਰੂ ਹੋਣ ਤੋਂ ਬਾਅਦ ਕਈ ਥਾਵਾਂ ’ਤੇ ਬਿੱਲ ਹੀ ਨਹੀਂ ਆਏ ਹਨ। ਜਿਨ੍ਹਾਂ ਦੇ ਬਿੱਲ ਆ ਚੁੱਕੇ ਹਨ, ਉਹ ਬਿੱਲ ਜਮ੍ਹਾਂ ਕਰਵਾਉਣ ਲਈ ਆਪਣੇ ਪੁਰਾਣੇ ਟਿਕਾਣਿਆਂ ਸੰਪਰਕ ਸੈਂਟਰਾਂ ਜਾਂ ਈ-ਸੰਪਰਕ ਦੇ ਪਲੇਟਫਾਰਮ ’ਤੇ ਬਿੱਲਾਂ ਦਾ ਭੁਗਤਾਨ ਕਰਨ ’ਚ ਅਸਮਰੱਥ ਹਨ। ਸੰਪਰਕ ਸੈਂਟਰਾਂ ਜਾਂ ਈ-ਸੰਪਰਕ ’ਤੇ ਆਨਲਾਈਨ ਬਿੱਲਾਂ ਦੇ ਭੁਗਤਾਨ ਇਸ ਲਈ ਨਹੀਂ ਹੋ ਰਹੇ ਕਿਉਂਕਿ ਇਨ੍ਹਾਂ ਦੋਹਾਂ ਹੀ ਥਾਵਾਂ ’ਤੇ ਖ਼ਪਤਕਾਰਾਂ ਦਾ ਡਾਟਾ ਅਪਡੇਟ ਨਹੀਂ ਹੈ।

ਕਿਵੇਂ ਜਮ੍ਹਾਂ ਕਰੀਏ ਬਿੱਲ, ਕੰਪਨੀ ਨੇ ਡਾਟਾ ਹੀ ਨਹੀਂ ਭੇਜਿਆ

ਸ਼ਹਿਰ ’ਚ ਬਿਜਲੀ ਦੇ ਨਿੱਜੀਕਰਨ ਤੋਂ ਪਹਿਲਾਂ ਸਾਰੇ ਬਿਜਲੀ ਖ਼ਪਤਕਾਰ ਸੰਪਰਕ ਕੇਂਦਰਾਂ ਜਾਂ ਈ-ਸੰਪਰਕ ਪਲੇਟਫਾਰਮ ’ਤੇ ਜਾ ਕੇ ਆਨਲਾਈਨ ਬਿਜਲੀ ਦੇ ਬਿੱਲ ਜਮ੍ਹਾਂ ਕਰਵਾਉਂਦੇ ਸਨ। ਪਿਛਲੇ ਸਾਲ ਫਰਵਰੀ ਤੋਂ ਪੂਰੇ ਸ਼ਹਿਰ ਦੀ ਬਿਜਲੀ ਦੀ ਵੰਡ ਦਾ ਕੰਮ ਚੰਡੀਗੜ੍ਹ ਪਾਵਰ ਡਿਸਟਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐੱਲ.) ਕੋਲ ਆਉਣ ਤੋਂ ਬਾਅਦ ਸਤੰਬਰ ਤੋਂ ਆਪਣੀ ਵੈੱਬਸਾਈਟ ’ਤੇ ਆਨਲਾਈਨ ਬਿੱਲਾਂ ਦੇ ਭੁਗਤਾਨ ਦਾ ਵਿਕਲਪ ਦਿੱਤਾ ਗਿਆ। ਇਸ ਵਿਕਲਪ ਤੋਂ ਬਾਅਦ ਵੀ 95 ਫੀਸਦੀ ਖ਼ਪਤਕਾਰ ਅਜੇ ਵੀ ਸੰਪਰਕ ਕੇਂਦਰਾਂ ਜਾਂ ਈ-ਸੰਪਰਕ ’ਤੇ ਆਨਲਾਈਨ ਬਿੱਲਾਂ ਦਾ ਭੁਗਤਾਨ ਕਰ ਰਹੇ ਹਨ। ਹੁਣ ਹਰ ਮਹੀਨੇ ਬਿੱਲ ਆਉਣੇ ਸ਼ੁਰੂ ਹੋ ਗਏ ਤਾਂ ਖ਼ਪਤਕਾਰ ਜਦੋਂ ਈ-ਸੰਪਰਕ ਕੇਂਦਰ ਜਾਂ ਆਨਲਾਈਨ ਭੁਗਤਾਨ ਲਈ ਈ-ਸੰਪਰਕ ਐਪ ’ਤੇ ਗਏ ਤਾਂ ਜ਼ਿਆਦਾਤਰ ਖ਼ਪਤਕਾਰ ਦੋਵਾਂ ਥਾਵਾਂ ’ਤੇ ਆਪਣੇ ਬਿੱਲਾਂ ਦਾ ਭੁਗਤਾਨ ਕਰਨ ’ਚ ਅਸਮਰੱਥ ਸਨ। ਸੰਪਰਕ ਕੇਂਦਰਾਂ ’ਤੇ ਉਹ ਆਪਣੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕੇ। ਸੰਪਰਕ ਸੈਂਟਰਾਂ ’ਤੇ ਬਿੱਲ ਜਮ੍ਹਾਂ ਕਰਵਾਉਣ ਵਾਲੇ ਖ਼ਪਤਕਾਰਾਂ ਨੂੰ ਦੱਸਿਆ ਗਿਆ ਕਿ ਸੀ. ਪੀ. ਡੀ.ਐੱਲ. ਨੇ ਖ਼ਪਤਕਾਰਾਂ ਦੇ ਬਿੱਲਾਂ ਦਾ ਅਪਡੇਟ ਡਾਟਾ ਹੀ ਨਹੀਂ ਭੇਜਿਆ ਹੈ। ਈ-ਸੰਪਰਕ ਐਪ ’ਤੇ ਵੀ ਸਾਰੇ ਖ਼ਪਤਕਾਰਾਂ ਦਾ ਅਪਡੇਟ ਡਾਟਾ ਨਾ ਹੋਣ ਕਾਰਨ ਬਿੱਲਾਂ ਦਾ ਭੁਗਤਾਨ ਨਹੀਂ ਹੋ ਰਿਹਾ। ਇਸ ਤਰ੍ਹਾਂ ਦੋਹਾਂ ਥਾਵਾਂ ’ਤੇ ਬਿੱਲ ਜਮ੍ਹਾਂ ਨਾ ਹੋਣ ਕਾਰਨ ਖ਼ਪਤਕਾਰਾਂ ਕੋਲ ਸਿਰਫ਼ ਸੀ. ਪੀ. ਡੀ. ਐੱਲ. ਦੀ ਵੈੱਬਸਾਈਟ ’ਤੇ ਬਿੱਲ ਜਮ੍ਹਾਂ ਕਰਵਾਉਣ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਹੈ।

ਇਹ ਵੀ ਪੜ੍ਹੋ : ਛੱਤਬੀੜ ਚਿੜੀਆਘਰ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, ਉਲੰਘਣਾ ਕਰਨ ਵਾਲਿਆਂ ਖ਼ਿਲਾਫ਼...

ਸੀ. ਪੀ. ਡੀ. ਐੱਲ. ਦੀ ਵੈੱਬਸਾਈਟ ਵੀ ਗੁੰਝਲਦਾਰ

ਹਾਲੇ ਤੱਕ ਸੰਪਰਕ ਕੇਂਦਰਾਂ ’ਤੇ ਜਾ ਕੇ ਹੀ ਬਿੱਲ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਕੰਪਨੀ ਦੀ ਵੈੱਬਸਾਈਟ ’ਤੇ ਬਿੱਲ ਜਮ੍ਹਾਂ ਕਰਵਾਉਣ ਲਈ ਗੁੰਝਲਦਾਰ ਪ੍ਰਕਿਰਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸਲ ’ਚ ਜਿਹੜੇ ਲੋਕ ਇੰਟਰਨੈੱਟ ਫਰੈਂਡਲੀ ਨਹੀਂ ਹਨ, ਉਨ੍ਹਾਂ ਨੂੰ ਇੱਥੇ ਬਿੱਲ ਦਾ ਭੁਗਤਾਨ ਕਰਨ ਲਈ ਆਪਣਾ ਨਾਮ, ਫ਼ੋਨ ਨੰਬਰ ਦੇਣ ਦੇ ਬਾਅਦ ਅਤੇ ਮੇਲ ਆਈ. ਡੀ. ਭਰਨਾ ਪਵੇਗਾ ਪਰ ਜਿਨ੍ਹਾਂ ਖਪਤਕਾਰਾਂ ਦੀ ਮੇਲ ਆਈ. ਡੀ. ਨਹੀਂ ਹੈ, ਉਹ ਇੱਥੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਮੇਲ ਆਈ. ਡੀ. ਬਣਾ ਕੇ ਮੇਲ ਆਈ. ਡੀ. ਪਾਉਣ ਦੇ ਬਾਅਦ ਆਮ ਨੈੱਟ ਯੂਜ਼ਰ ਲਈ ਗੁੰਝਲਦਾਰ ਰਹਿਣ ਵਾਲਾ ਕੈਪਚਾ ਭਰਨਾ ਪਵੇਗਾ। ਇਸ ਗੁੰਝਲਦਾਰ ਪ੍ਰਕਿਰਿਆ ਦੇ ਬਾਅਦ ਖ਼ਪਤਕਾਰ ਨੂੰ ਅੱਗੇ ਜਾ ਕੇ ਆਪਣਾ ਕੰਜ਼ਿਊਮਰ ਆਈ. ਡੀ. ਭਰਨਾ ਹੈ, ਪਰ ਸਾਰੇ ਖ਼ਪਤਕਾਰਾਂ ਦੀ ਨਵੀਂ ਖ਼ਪਤਕਾਰ ਆਈ. ਡੀ. ਬਣਨ ਦੇ ਬਾਅਦ ਲੋਕਾਂ ਨੂੰ ਬਿੱਲ ਨਾ ਆਉਣ ਕਾਰਨ ਨਵੀਂ ਆਈ. ਡੀ. ਹੀ ਪਤਾ ਨਾ ਹੋਣ ’ਤੇ ਬਿੱਲਾਂ ਦਾ ਭੁਗਤਾਨ ਇੱਥੇ ਵੀ ਨਹੀਂ ਹੋ ਸਕੇਗਾ।

ਇਹ ਵੀ ਪੜ੍ਹੋ : 'ਬੀਬੀਆਂ ਨੂੰ ਪਹਿਲਾਂ ਕਿਉਂ ਨਹੀਂ ਦੱਸੀਆਂ ਸ਼ਰਤਾਂ?' ਸਾਬਕਾ ਮੰਤਰੀ ਆਸ਼ੂ ਦਾ 1000 ਰੁਪਏ ਬਾਰੇ CM ਮਾਨ 'ਤੇ ਵੱਡਾ ਤੰਜ

ਸਾਰੇ ਖ਼ਪਤਕਾਰਾਂ ਨੂੰ ਬਿੱਲ ਵੀ ਨਹੀਂ ਮਿਲ ਰਹੇ

ਜਨਵਰੀ ਤੋਂ ਮਹੀਨਾਵਾਰ ਬਿੱਲ ਸ਼ੁਰੂ ਕੀਤੇ ਗਏ ਤਾਂ ਉਮੀਦ ਸੀ ਕਿ ਦੋ ਮਹੀਨੇ ਦਾ ਬਿੱਲ ਆਉਣ ’ਤੇ ਪੈਣ ਵਾਲੇ ਵਿੱਤੀ ਬੋਝ ਤੋਂ ਲੋਕਾਂ ਨੂੰ ਰਾਹਤ ਮਿਲੇਗੀ ਪਰ ਇਹ ਪ੍ਰਣਾਲੀ ਵੀ ਪੂਰੀ ਤਰ੍ਹਾਂ ਸਾਰੇ ਖ਼ਪਤਕਾਰਾਂ ਨੂੰ ਰਾਹਤ ਨਹੀਂ ਦੇ ਰਹੀ। ਮਾਸਿਕ ਬਿੱਲ ਸ਼ੁਰੂ ਹੋਣ ਤੋਂ ਬਾਅਦ ਸਾਰੇ ਖ਼ਪਤਕਾਰਾਂ ਨੂੰ ਨਿਯਮਿਤ ਤੌਰ ’ਤੇ ਬਿੱਲ ਨਹੀਂ ਪਹੁੰਚ ਰਹੇ ਹਨ। ਦੂਜੇ ਪਾਸੇ ਸਾਰੇ ਖ਼ਪਤਕਾਰਾਂ ਦੀ ਨਵੀਂ ਆਈ. ਡੀ. ਬਣਨ ਤੋਂ ਬਾਅਦ ਬਿੱਲ ਨਾ ਪ੍ਰਾਪਤ ਕਰਨ ਵਾਲੇ ਖ਼ਪਤਕਾਰ ਬਿੱਲ ਜਮ੍ਹਾਂ ਕਰਵਾਉਣ ਦੇ ਇਕਮਾਤਰ ਵਿਕਲਪ ਸੀ. ਪੀ. ਡੀ. ਐੱਲ. ਦੀ ਵੈੱਬਸਾਈਟ ’ਤੇ ਵੀ ਆਪਣੇ ਬਿੱਲਾਂ ਦਾ ਭੁਗਤਾਨ ਕਰਨ ’ਚ ਅਸਮਰੱਥ ਹਨ, ਕਿਉਂਕਿ ਉੱਥੇ ਖ਼ਪਤਕਾਰ ਆਈ. ਡੀ. ਭਰਨਾ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


 


author

Babita

Content Editor

Related News