CM ਮਾਨ ਖ਼ਿਲਾਫ਼ ਕੌਮੀ ਮਹਿਲਾ ਕਮਿਸ਼ਨ ਕੋਲ ਸ਼ਿਕਾਇਤ, ਕਾਂਗਰਸ ਨੇ ਔਰਤਾਂ ਬਾਰੇ ਟਿੱਪਣੀਆਂ ''ਤੇ ਚੁੱਕੇ ਸਵਾਲ
Wednesday, Mar 11, 2026 - 12:45 PM (IST)
ਚੰਡੀਗੜ੍ਹ (ਅੰਕੁਰ ਤਾਂਗੜੀ) : ਪੰਜਾਬ ਦੀ ਸਿਆਸਤ 'ਚ ਇਕ ਵਾਰ ਫਿਰ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਦਰਅਸਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਔਰਤਾਂ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਕੌਮੀ ਮਹਿਲਾ ਕਮਿਸ਼ਨ ਕੋਲ ਅਧਿਕਾਰਿਕ ਸ਼ਿਕਾਇਤ ਦਰਜ ਕਰਵਾਈ ਹੈ। ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਨੇ 8 ਮਾਰਚ ਨੂੰ ਮਨਾਏ ਗਏ 'ਅੰਤਰਰਾਸ਼ਟਰੀ ਮਹਿਲਾ ਦਿਵਸ' ਮੌਕੇ ਸੁਨਾਮ 'ਚ ਹੋਏ ਸਰਕਾਰੀ ਸਮਾਗਮ ਦੌਰਾਨ ਔਰਤਾਂ ਬਾਰੇ ਅਪਮਾਨਜਨਕ ਅਤੇ ਵਸਤੂਵਾਦੀ ਭਾਸ਼ਾ ਵਰਤੀ।
ਪੰਜਾਬ ਕਾਂਗਰਸ ਵੱਲੋਂ ਇਹ ਸ਼ਿਕਾਇਤ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਭੇਜੀ ਗਈ ਹੈ। ਪਾਰਟੀ ਨੇ ਆਪਣੇ ਪੱਤਰ 'ਚ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਕੇ ਮੁੱਖ ਮੰਤਰੀ ਖ਼ਿਲਾਫ਼ ਕਾਨੂੰਨੀ ਅਤੇ ਸੰਵਿਧਾਨਿਕ ਕਾਰਵਾਈ ਕੀਤੀ ਜਾਵੇ।
ਕੀ ਹੈ ਪੂਰਾ ਮਾਮਲਾ
ਕਾਂਗਰਸ ਵੱਲੋਂ ਭੇਜੇ ਗਏ ਪੱਤਰ 'ਚ ਦੱਸਿਆ ਗਿਆ ਹੈ ਕਿ 8 ਮਾਰਚ ਨੂੰ ਸੰਗਰੂਰ ਜ਼ਿਲ੍ਹੇ ਦੇ ਸੁਨਾਮ 'ਚ ਸਰਕਾਰ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਇੱਕ ਸਮਾਗਮ ਕਰਵਾਇਆ ਗਿਆ ਸੀ। ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਹੋਏ। ਪੱਤਰ 'ਚ ਦੋਸ਼ ਲਗਾਇਆ ਗਿਆ ਹੈ ਕਿ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਆਪਣੇ ਕਾਲਜ ਦਿਨਾਂ ਨਾਲ ਜੁੜੀ ਇੱਕ ਘਟਨਾ ਬਿਆਨ ਕਰਦੇ ਹੋਏ ਇੱਕ ਕੁੜੀ ਬਾਰੇ ਅਜਿਹੇ ਸ਼ਬਦ ਵਰਤੇ, ਜੋ ਔਰਤਾਂ ਦੀ ਇੱਜ਼ਤ ਨੂੰ ਠੇਸ ਪਹੁੰਚਾਉਂਦੇ ਹਨ। ਕਾਂਗਰਸ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਉਸ ਕੁੜੀ ਲਈ 'ਪਟੋਲਾ' ਵਰਗਾ ਸ਼ਬਦ ਵਰਤਿਆ, ਜਿਸ ਨੂੰ ਪਾਰਟੀ ਨੇ ਔਰਤਾਂ ਨੂੰ ਵਸਤੂ ਵਜੋਂ ਦਰਸਾਉਣ ਵਾਲਾ ਸ਼ਬਦ ਕਰਾਰ ਦਿੱਤਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਪੱਤਰ 'ਚ ਇਹ ਵੀ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਨੇ ਕਥਿਤ ਤੌਰ ‘ਤੇ ਆਪਣੇ ਦੋਸਤਾਂ ਨੂੰ ਉਸ ਕੁੜੀ ਬਾਰੇ 'ਅੱਜ ਤੁਹਾਡੀ ਭਾਬੀ ਆ ਗਈ' ਵਰਗਾ ਕਹਿਣ ਦੀ ਗੱਲ ਵੀ ਕੀਤੀ। ਪਾਰਟੀ ਦਾ ਦੋਸ਼ ਹੈ ਕਿ ਇੱਕ ਅਣ-ਵਿਆਹੀ ਕੁੜੀ ਲਈ ਇਸ ਤਰ੍ਹਾਂ ਦੀ ਭਾਸ਼ਾ ਵਰਤਣਾ ਔਰਤਾਂ ਦੀ ਬੇਅਦਬੀ ਹੈ।
ਹੋਰ ਟਿੱਪਣੀਆਂ ‘ਤੇ ਵੀ ਉੱਠੇ ਸਵਾਲ
ਕਾਂਗਰਸ ਨੇ ਆਪਣੀ ਸ਼ਿਕਾਇਤ 'ਚ ਇਹ ਵੀ ਲਿਖਿਆ ਹੈ ਕਿ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਕੁੜੀ ਪੀਲੇ ਰੰਗ ਦਾ ਸੂਟ ਪਾਉਂਦੀ ਸੀ ਤਾਂ ਉਹ ਉਸਨੂੰ 'ਭਰਿੰਡ' ਕਹਿੰਦੇ ਸਨ। ਪਾਰਟੀ ਦਾ ਦਾਅਵਾ ਹੈ ਕਿ ਇਹ ਵੀ ਇੱਕ ਤਰ੍ਹਾਂ ਨਾਲ ਔਰਤ ਨੂੰ ਸਿਰਫ਼ ਉਸਦੇ ਦਿਖਾਵੇ ਤੱਕ ਸੀਮਤ ਕਰਨ ਵਾਲੀ ਟਿੱਪਣੀ ਹੈ। ਇਸ ਤੋਂ ਇਲਾਵਾ ਪੱਤਰ 'ਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਉਹ ਕੁੜੀ ਹਰੇ ਰੰਗ ਦਾ ਸੂਟ ਪਾਉਂਦੀ ਸੀ ਤਾਂ ਉਸਨੂੰ 'ਪਾਕਿਸਤਾਨ ਦਾ ਝੰਡਾ ਬਣ ਕੇ ਆ ਗਈ' ਕਹਿਣ ਦੀ ਗੱਲ ਵੀ ਕੀਤੀ ਗਈ। ਕਾਂਗਰਸ ਨੇ ਇਸਨੂੰ ਨਾ ਸਿਰਫ਼ ਔਰਤਾਂ ਲਈ ਅਪਮਾਨਜਨਕ ਸਗੋਂ ਸਮਾਜਿਕ ਤੌਰ ‘ਤੇ ਭੜਕਾਉਣ ਵਾਲੀ ਟਿੱਪਣੀ ਵੀ ਕਰਾਰ ਦਿੱਤਾ ਹੈ।
ਸੰਵਿਧਾਨਕ ਮੁੱਲਾਂ ਦੀ ਉਲੰਘਣਾ ਦਾ ਦੋਸ਼
ਕਾਂਗਰਸ ਨੇ ਆਪਣੇ ਪੱਤਰ 'ਚ ਕਿਹਾ ਹੈ ਕਿ ਭਾਰਤ ਦੇ ਸੰਵਿਧਾਨ ਦੀ ਧਾਰਾ-14, 15 ਅਤੇ 21 ਹਰ ਨਾਗਰਿਕ ਨੂੰ ਬਰਾਬਰੀ, ਭੇਦਭਾਵ ਤੋਂ ਆਜ਼ਾਦੀ ਅਤੇ ਇੱਜ਼ਤ ਨਾਲ ਜਿਊਣ ਦਾ ਹੱਕ ਦਿੰਦੀ ਹੈ। ਪਾਰਟੀ ਦਾ ਦਾਅਵਾ ਹੈ ਕਿ ਇੱਕ ਸੂਬੇ ਦੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ‘ਤੇ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮਹਿਲਾਵਾਂ ਦੀ ਇੱਜ਼ਤ ਨੂੰ ਕਾਇਮ ਰੱਖਣ, ਨਾ ਕਿ ਅਜਿਹੀਆਂ ਟਿੱਪਣੀਆਂ ਕਰਕੇ ਉਸਨੂੰ ਘਟਾਉਣ।
ਕਾਨੂੰਨੀ ਧਾਰਾਵਾਂ ਦਾ ਵੀ ਜ਼ਿਕਰ
ਪੰਜਾਬ ਕਾਂਗਰਸ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਮੁੱਖ ਮੰਤਰੀ ਦੀਆਂ ਟਿੱਪਣੀਆਂ ਪ੍ਰਾਥਮਿਕ ਤੌਰ ‘ਤੇ ਭਾਰਤੀ ਨਿਆਂ ਸੰਹਿਤਾ ਦੀਆਂ ਕੁੱਝ ਧਾਰਾਵਾਂ ਅਧੀਨ ਆ ਸਕਦੀਆਂ ਹਨ।
ਪੱਤਰ ਅਨੁਸਾਰ ਇਸ ਮਾਮਲੇ 'ਚ ਧਾਰਾ 79 (ਮਹਿਲਾ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਲਈ ਸ਼ਬਦ ਜਾਂ ਇਸ਼ਾਰਾ), ਧਾਰਾ 75 (ਯੌਨ ਉਤਪੀੜਨ ਜਾਂ ਸੈਕਸੁਅਲ ਟਿੱਪਣੀਆਂ) ਅਤੇ ਧਾਰਾ 356 ਤਹਿਤ ਬਦਨਾਮੀ ਨਾਲ ਜੁੜੀਆਂ ਵਿਵਸਥਾਵਾਂ ਲਾਗੂ ਹੋ ਸਕਦੀਆਂ ਹਨ।
ਕਾਂਗਰਸ ਦੀ ਮੰਗ
ਪੰਜਾਬ ਕਾਂਗਰਸ ਨੇ ਕੌਮੀ ਮਹਿਲਾ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਾਰਟੀ ਨੇ ਕਿਹਾ ਕਿ ਜੇਕਰ ਸਰਕਾਰੀ ਮੰਚ ਤੋਂ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਜਾਵੇਗੀ ਤਾਂ ਸਮਾਜ 'ਚ ਗਲਤ ਸੰਦੇਸ਼ ਜਾਵੇਗਾ ਅਤੇ ਮਹਿਲਾਵਾਂ ਦੀ ਸੁਰੱਖਿਆ ਅਤੇ ਸਨਮਾਨ ‘ਤੇ ਅਸਰ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
