ਫੌਜੀ ਰਾਜਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ, 11 ਸਾਲਾ ਪੁੱਤ ਨੇ ਚਿਖਾ ਨੂੰ ਦਿੱਤੀ ਅਗਨੀ
Sunday, Mar 08, 2026 - 02:50 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਪਿੰਡ ਸਲਾਣਾ ਬੇਟ ਦੇ ਵਾਸੀ ਬਟਾਲੀਅਨ ਹਵਲਦਾਰ ਮੇਜਰ ਰਾਜਵਿੰਦਰ ਸਿੰਘ ਜੋ ਕਿ ਰਾਜਸਥਾਨ ਵਿਖੇ ਸੜਕ ਹਾਦਸੇ ਵਿਚ ਸ਼ਹੀਦ ਹੋ ਗਿਆ ਸੀ, ਅੱਜ ਉਸਦੀ ਮ੍ਰਿਤਕ ਦੇਹ ਜੱਦੀ ਪਿੰਡ ਪੁੱਜੀ। ਜਦੋਂ ਮ੍ਰਿਤਕ ਫੌਜੀ ਰਾਜਵਿੰਦਰ ਸਿੰਘ ਦੀ ਲਾਸ਼ ਪਿੰਡ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ। ਸਵ. ਫੌਜੀ ਦੀ ਮ੍ਰਿਤਕ ਦੇਹ ਲੈ ਕੇ ਆਏ ਸਾਥੀਆਂ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਬਹੁਤ ਹੀ ਹੱਸਮੁਖ ਤੇ ਨੇਕ ਸੁਭਾਅ ਦਾ ਮਾਲਕ ਸੀ ਜੋ ਆਪਣੀ ਡਿਊਟੀ ਲਈ ਹਮੇਸ਼ਾ ਪਾਬੰਦ ਰਹਿੰਦਾ ਸੀ। ਫੌਜੀ ਸਾਥੀਆਂ ਵਲੋਂ ਰਾਜਵਿੰਦਰ ਸਿੰਘ ਨੂੰ ਸਲਾਮੀ ਦਿੱਤੀ। ਇਸ ਤੋਂ ਇਲਾਵਾ ਸ਼ਹੀਦ ਦੀ ਪਤਨੀ ਨੇ ਆਪਣੇ ਪਤੀ ਨੂੰ ਸਲੂਟ ਮਾਰ ਕੇ ਅੰਤਿਮ ਵਿਦਾਇਗੀ ਦਿੱਤੀ ਅਤੇ 11 ਸਾਲਾ ਉਸਦੇ ਵੱਡੇ ਪੁੱਤਰ ਨੇ ਚਿਖ਼ਾ ਨੂੰ ਅਗਨੀ ਦਿਖਾਈ ਤਾਂ ਮਾਹੌਲ ਬਹੁਤ ਭਾਵੁਕ ਹੋ ਗਿਆ।
ਪ੍ਰਸ਼ਾਸਨ ਵਲੋਂ ਤਹਿਸੀਲਦਾਰ ਸਮਰਾਲਾ ਪੁੱਜੇ ਅਤੇ ਉਨ੍ਹਾਂ ਨੇ ਵੀ ਸਵ. ਫੌਜੀ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ’ਤੇ ਸ਼ਰਧਾ ਦੇ ਫੁੱਲ ਭੇਟ ਕਰਨ ਪੁੱਜੇ। ਉਨ੍ਹਾਂ ਕਿਹਾ ਕਿ ਇਹ ਸ਼ਹੀਦ ਸਾਡੇ ਦੇਸ਼ ਦਾ ਸ਼ਰਮਾਇਆ ਹਨ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤੇ ਫੌਜ ਦੇ ਉੱਚ ਅਧਿਕਾਰੀ ਪਰਿਵਾਰ ਵਿਚ ਸ਼ਾਮਲ ਬਜ਼ੁਰਗ ਮਾਤਾ, ਪਤਨੀ ਤੇ ਛੋਟੇ-ਛੋਟੇ ਬੱਚਿਆਂ ਦੀ ਵੱਧ ਤੋਂ ਵੱਧ ਸਹਾਇਤਾ ਕਰੇ।
