ਰੋਮਾਂਚਕ ਜਿੱਤ ਤੋਂ ਬਾਅਦ ਵਿਜੇ ਸ਼ੰਕਰ ਨੇ ਆਖਰੀ ਓਵਰ ਬਾਰੇ ਕੀਤਾ ਇਹ ਖੁਲਾਸਾ

Wednesday, Mar 06, 2019 - 11:00 AM (IST)

ਰੋਮਾਂਚਕ ਜਿੱਤ ਤੋਂ ਬਾਅਦ ਵਿਜੇ ਸ਼ੰਕਰ ਨੇ ਆਖਰੀ ਓਵਰ ਬਾਰੇ ਕੀਤਾ ਇਹ ਖੁਲਾਸਾ

ਸਪੋਰਟਸ ਡੈਸਕ— ਵਿਰਾਟ ਕੋਹਲੀ ਦੇ ਲਾਜਵਾਬ ਸੈਂਕੜੇ ਦੇ ਬਾਅਦ ਸਪਿਨਰਾਂ ਨੇ ਵਿਚਾਲੇ ਦੇ ਓਵਰਾਂ ਅਤੇ ਤੇਜ਼ ਗੇਂਦਬਾਜ਼ਾਂ ਨੇ ਡੈਥ ਓਵਰਾਂ 'ਚ ਕਮਾਲ ਦਿਖਾਇਆ ਜਿਸ ਨਾਲ ਭਾਰਤ ਨੇ ਮੰਗਲਵਾਰ ਨੂੰ ਇੱਥੇ ਉਤਾਰ-ਚੜ੍ਹਾਅ ਨਾਲ ਭਰੇ ਦੂਜੇ ਵਨ ਡੇ ਮੈਚ 'ਚ ਆਸਟਰੇਲੀਆ 'ਤੇ 8 ਦੌੜਾਂ ਦੀ ਰੋਮਾਂਚਕ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਬੜ੍ਹਤ ਬਣਾਈ। ਅਜਿਹੇ 'ਚ ਮੈਚ ਖਤਮ ਹੋਣ ਦੇ ਬਾਅਦ ਵਿਜੇ ਸ਼ੰਕਰ ਨੇ ਕਿਹਾ ਕਿ ਲਾਸਟ ਓਵਰ ਲਈ ਉਹ ਪਹਿਲਾਂ ਹੀ ਖੁਦ ਨੂੰ ਤਿਆਰ ਕਰ ਰਿਹਾ ਸੀ।

ਮੈਚ ਦੇ ਬਾਅਦ ਸ਼ੰਕਰ ਨੇ ਕਿਹਾ, ''ਮੈਂ ਪਹਿਲਾਂ ਮਹਿੰਗਾ ਓਵਰ ਕੀਤਾ ਸੀ, ਜਿਸ ਤੋਂ ਬਾਅਦ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਮਿਲਿਆ।'' ਸ਼ੰਕਰ ਨੇ ਆਪਣੇ ਪਹਿਲੇ ਹੀ ਓਵਰ 'ਚ 13 ਦੌੜਾਂ ਖਰਚ ਕੀਤੀਆਂ ਸਨ। ਉਨ੍ਹਾਂ ਕਿਹਾ, ''ਮੈਂ ਇਸ ਤਰ੍ਹਾਂ ਦੇ ਮੌਕਿਆਂ ਦੇ ਇੰਤਜ਼ਾਰ 'ਚ ਸੀ। ਮੈਂ ਦਬਾਅ 'ਚ ਗੇਂਦਬਾਜ਼ੀ ਕਰਨਾ ਚਾਹੁੰਦਾ ਸੀ ਤਾਂ ਜੋ ਜੇਕਰ ਮੈਂ ਚੰਗਾ ਪ੍ਰਦਰਸ਼ਨ ਕੀਤਾ ਤਾਂ ਉਹ ਮੇਰੇ 'ਤੇ ਭਰੋਸਾ ਕਰਨਗੇ। ਮੈਂ ਇਸ ਚੁਣੌਤੀ ਲਈ ਪੂਰੀ ਤਰ੍ਹਾਂ ਤਿਆਰ ਸੀ।'' ਸ਼ੰਕਰ ਨੇ ਨਾਲ ਹੀ ਕਿਹਾ, ''43ਵੇਂ ਓਵਰ ਦੇ ਕਰੀਬ ਮੈਂ ਆਪਣੇ ਆਪ ਨੂੰ ਕਹਿ ਰਿਹਾ ਸੀ ਕਿ ਪਾਰੀ ਦਾ ਆਖਰੀ ਓਵਰ ਕਰਾਂਗਾ ਅਤੇ ਇਸ ਲਈ ਖੁਦ ਨੂੰ ਤਿਆਰ ਕਰ ਰਿਹਾ ਸੀ। ਮੈਂ ਆਪਣੇ ਬੇਸਿਕਸ ਦਾ ਧਿਆਨ ਰਖਿਆ। ਸਟੰਪਸ 'ਤੇ ਗੇਂਦ ਰੱਖੀ ਅਤੇ ਥੋੜ੍ਹੀ ਰਿਵਰਸ ਸਵਿੰਗ ਵੀ ਮਿਲੀ।'' ਜ਼ਿਕਰਯੋਗ ਹੈ ਕਿ ਧੋਨੀ ਅਤੇ ਰੋਹਿਤ ਨੇ ਮਿਲ ਕੇ ਵਿਰਾਟ ਦੇ ਨਾਲ ਇਹ ਮਾਸਟਰ ਪਲਾਨ ਬਣਾਇਆ ਅਤੇ ਫੈਸਲਾ ਕੀਤਾ ਕਿ ਸ਼ੰਕਰ ਨੂੰ ਆਪਣੀ ਉਪਯੋਗਿਤਾ ਸਾਬਤ ਕਰਨ ਦਾ ਮੌਕਾ ਮਿਲੇ।


author

Tarsem Singh

Content Editor

Related News