ਪੰਜਾਬ ਪੁਲਸ ਦੇ ਮੁਲਾਜ਼ਮਾਂ ਦੇ ਕਤਲਕਾਂਡ ਬਾਰੇ MP ਸੁਖਜਿੰਦਰ ਰੰਧਾਵਾ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ
Monday, Feb 23, 2026 - 06:29 PM (IST)
ਗੁਰਦਾਸਪੁਰ: ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਡਿਊਟੀ ਦੌਰਾਨ ਪੰਜਾਬ ਪੁਲਿਸ ਦੇ ਦੋ ਜਵਾਨਾਂ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਲਿਖਿਆ ਹੈ। ਰੰਧਾਵਾ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਹਾਇਕ ਸਬ-ਇੰਸਪੈਕਟਰ ਗੁਰਨਾਮ ਸਿੰਘ ਅਤੇ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਦੀ ਹੱਤਿਆ ਨੇ ਸਰਹੱਦੀ ਖੇਤਰ ਵਿਚ ਸੁਰੱਖਿਆ ਪ੍ਰਬੰਧਾਂ ਅਤੇ ਤਾਲਮੇਲ ਦੀਆਂ ਵੱਡੀਆਂ ਕਮੀਆਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਚੈੱਕ-ਪੋਸਟ ਬੀਐਸਐਫ ਅਤੇ ਪੰਜਾਬ ਪੁਲਸ ਦਾ ਇਕ ਸਾਂਝਾ ਨਾਕਾ ਸੀ, ਪਰ ਰਿਪੋਰਟਾਂ ਅਨੁਸਾਰ ਘਟਨਾ ਵਾਲੀ ਰਾਤ ਬੀਐਸਐਫ ਦੀ ਟੁਕੜੀ ਉੱਥੇ ਮੌਜੂਦ ਨਹੀਂ ਸੀ ਅਤੇ ਅਗਲੀ ਸਵੇਰ ਵੀ ਕੋਈ ਰਾਹਤ ਪਾਰਟੀ ਸਮੇਂ ਸਿਰ ਨਹੀਂ ਪਹੁੰਚੀ, ਜਿਸ ਕਾਰਨ ਲਾਸ਼ਾਂ ਦੀ ਜਾਣਕਾਰੀ ਸਥਾਨਕ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਮਿਲੀ।
ਸੰਸਦ ਮੈਂਬਰ ਰੰਧਾਵਾ ਨੇ ਇਸ ਪੂਰੇ ਘਟਨਾਕ੍ਰਮ ਨੂੰ ਇਕ 'ਤਿੰਨ-ਪੱਧਰੀ ਨਾਕਾਮੀ' ਕਰਾਰ ਦਿੱਤਾ ਹੈ, ਜਿਸ ਵਿਚ ਇੰਟੈਲੀਜੈਂਸ ਦੀ ਕਮੀ, ਆਪਰੇਸ਼ਨਲ ਤਾਲਮੇਲ ਦੀ ਗੈਰ-ਮੌਜੂਦਗੀ ਅਤੇ ਲੀਡਰਸ਼ਿਪ ਦਾ ਸੰਕਟ ਸ਼ਾਮਲ ਹੈ। ਉਨ੍ਹਾਂ ਪੱਤਰ ਵਿਚ ਲਿਖਿਆ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਇਸ ਘਟਨਾ ਦੀ ਵਰਤੋਂ ਪ੍ਰਚਾਰ ਲਈ ਕਰ ਰਹੇ ਹਨ ਅਤੇ ਭਾਰਤੀ ਸੁਰੱਖਿਆ ਬਲਾਂ ਨੂੰ ਧਮਕੀਆਂ ਦੇ ਰਹੇ ਹਨ, ਇਸ ਲਈ ਇਸ ਮਾਮਲੇ ਨੂੰ ਮਹਿਜ਼ ਕਾਨੂੰਨ ਵਿਵਸਥਾ ਦੀ ਘਟਨਾ ਮੰਨਣ ਦੀ ਬਜਾਏ ਇਕ ਅੱਤਵਾਦੀ ਹਮਲੇ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਰੰਧਾਵਾ ਨੇ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਵਿਚ ਤੁਰੰਤ ਇਕ ਉੱਚ-ਪੱਧਰੀ ਮੀਟਿੰਗ ਸੱਦੀ ਜਾਵੇ, ਜਿਸ ਵਿਚ ਕੇਂਦਰੀ ਗ੍ਰਹਿ ਸਕੱਤਰ, ਬੀਐਸਐਫ ਦੇ ਡੀਜੀ, ਆਈਬੀ ਡਾਇਰੈਕਟਰ ਅਤੇ ਪੰਜਾਬ ਦੇ ਡੀ.ਜੀ.ਪੀ. ਸ਼ਾਮਲ ਹੋਣ ਤਾਂ ਜੋ ਇਸ ਘਟਨਾ ਦੀ ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਯਕੀਨੀ ਬਣਾਈ ਜਾ ਸਕੇ।



ਇਸ ਦੇ ਨਾਲ ਹੀ ਰੰਧਾਵਾ ਨੇ ਸਰਹੱਦੀ ਖੇਤਰਾਂ ਵਿਚ ਤਾਇਨਾਤੀ ਦੇ ਪ੍ਰੋਟੋਕੋਲ ਨੂੰ ਸੁਧਾਰਨ, ਇਲੈਕਟ੍ਰਾਨਿਕ ਹਾਜ਼ਰੀ ਅਤੇ ਰੀਅਲ-ਟਾਈਮ ਮਾਨੀਟਰਿੰਗ ਲਾਗੂ ਕਰਨ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਸੁਝਾਅ ਦਿੱਤਾ ਕਿ ਉਹ ਆਪਣੇ ਪੰਜਾਬ ਦੌਰੇ ਦੌਰਾਨ ਮੋਗਾ ਵਿਖੇ ਸਿਆਸੀ ਰੈਲੀ ਕਰਨ ਤੋਂ ਪਹਿਲਾਂ ਗੁਰਦਾਸਪੁਰ ਵਿਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ, ਤਾਂ ਜੋ ਸੁਰੱਖਿਆ ਬਲਾਂ ਅਤੇ ਸਰਹੱਦੀ ਵਸਨੀਕਾਂ ਵਿਚ ਵਿਸ਼ਵਾਸ ਬਹਾਲ ਹੋ ਸਕੇ। ਰੰਧਾਵਾ ਨੇ ਭਰੋਸਾ ਦਿਵਾਇਆ ਕਿ ਪੰਜਾਬ ਨੂੰ ਮੁੜ ਅੱਤਵਾਦ ਦੇ ਕਾਲੇ ਦੌਰ ਵਿਚ ਜਾਣ ਤੋਂ ਰੋਕਣ ਲਈ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਕੇਂਦਰ ਸਰਕਾਰ ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਹਨ।
