ਪਠਾਨਕੋਟ ਪਹੁੰਚੇ ਸੰਘ ਮੁਖੀ ਮੋਹਨ ਭਾਗਵਤ, ਰਾਸ਼ਟਰੀ ਸੁਰੱਖਿਆ ਬਾਰੇ ਸਾਬਕਾ ਸੈਨਿਕਾਂ ਨੂੰ ਕੀਤਾ ਸੰਬੋਧਨ

Wednesday, Feb 25, 2026 - 06:08 PM (IST)

ਪਠਾਨਕੋਟ ਪਹੁੰਚੇ ਸੰਘ ਮੁਖੀ ਮੋਹਨ ਭਾਗਵਤ, ਰਾਸ਼ਟਰੀ ਸੁਰੱਖਿਆ ਬਾਰੇ ਸਾਬਕਾ ਸੈਨਿਕਾਂ ਨੂੰ ਕੀਤਾ ਸੰਬੋਧਨ

ਪਠਾਨਕੋਟ (ਸ਼ਾਰਦਾ) : ਸੰਘ ਦੇ ਸ਼ਤਾਬਦੀ ਵਰ੍ਹੇ ਦੇ ਸਬੰਧ ਵਿਚ ਸੰਘ ਮੁਖੀ ਡਾ. ਮੋਹਨ ਰਾਵ ਭਾਗਵਤ ਦਾ ਪਠਾਨਕੋਟ ਦੌਰਾ ਹੋਇਆ। ਕਿਰਣ ਆਰਡੀਟੋਰੀਅਮ ਵਿਚ ਕਰਵਾਏ ਗਏ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ “ਸੰਘ ਕੀ ਹੈ, ਇਸ ਦੀ ਸੰਰਚਨਾ ਕਿਉਂ ਅਤੇ ਕਿਵੇਂ ਹੋਈ ਅਤੇ ਸੰਘ ਕਿਸ ਤਰ੍ਹਾਂ ਕੰਮ ਕਰਦਾ ਹੈ” ਆਦਿ ਵਿਸ਼ੇ ’ਤੇ ਵਿਸਥਾਰ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਪ੍ਰੋਗਰਾਂਮ ਵਿਚ ਮੁੱਖ ਤੌਰ ’ਤੇ ਰਿਟਾਇਡ ਕਮੀਸ਼ਨਡ ਫੌਜੀ ਅਧਿਕਾਰੀ ਹਾਜ਼ਰ ਸਨ। ਆਪਣੇ ਸੰਬੋਧਨ ਵਿਚ ਡਾ. ਭਾਗਵਤ ਨੇ ਕਿਹਾ ਕਿ ਸੰਘ ਨੂੰ ਸਮਝਣ ਲਈ ਉਸ ਨੂੰ ਅੰਦਰੋਂ ਦੇਖਣਾ ਜ਼ਰੂਰੀ ਹੈ, ਬਾਹਰਲੀ ਨਜ਼ਰ ਨਾਲ ਦੇਖਣ ’ਤੇ ਭ੍ਰਮ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਘ ਕੋਈ ਰਾਸ਼ਟਰੀ ਅਖਾੜਾ ਨਹੀਂ ਅਤੇ ਨਾ ਹੀ ਕਿਸੇ ਨਾਲ ਇਸ ਦੀ ਕੋਈ ਹੋੜ ਹੈ। ਸੰਘ ਦਾ ਕੰਮ ਰਾਸ਼ਟਰ ਹਿੱਤ ਵਿਚ ਸਮਾਜ ਨੂੰ ਸੰਗਠਿਤ ਕਰਨਾ ਹੈ। ਇਸ ਨੂੰ ਨਾ ਸੱਤਾ ਦੀ ਲੋੜ ਹੈ ਅਤੇ ਨਾ ਹੀ ਲੋਕਪ੍ਰਿਯਤਾ ਦੀ ਇੱਛਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਘ ਸਮਾਜ ਤੋਂ ਵੱਖਰੀ ਕੋਈ ਸੰਸਥਾ ਨਹੀਂ, ਸਗੋਂ ਸਮਾਜ ਦਾ ਹੀ ਸੰਗਠਿਤ ਅਤੇ ਮਜ਼ਬੂਤ ਰੂਪ ਹੈ। 

ਵਰਤਮਾਨ ਸਮੇਂ ਵਿਚ ਸੰਘ ਦੇਸ਼ ਭਰ ਵਿਚ 1,30,000 ਤੋਂ ਵੱਧ ਸੇਵਾ ਕਾਰਜਾਂ ਰਾਹੀਂ ਕਿਰਿਆਸ਼ੀਲ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸਮੂਹਿਕ ਤੌਰ ’ਤੇ “ਵੰਦੇ ਮਾਤਰਮ”ਦੇ ਸੁਰੀਲੇ ਗਾਇਨ ਨਾਲ ਹੋਈ, ਜਿਸ ਨਾਲ ਪੂਰਾ ਭਵਨ ਰਾਸ਼ਟਰਭਗਤੀ ਦੇ ਜਜ਼ਬੇ ਨਾਲ ਗੂੰਜ ਉੱਠਿਆ। ਸਥਾਨ ’ਤੇ “ਵੰਦੇ ਮਾਤਰਮ” ਦੇ ਇਤਿਹਾਸ, ਉਦਗਮ ਅਤੇ ਗਾਇਨ ਸੰਬੰਧੀ ਮਰਿਆਦਾ ਅਤੇ ਪ੍ਰੋਟੋਕੋਲ ਬਾਰੇ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਇਸ ਤੋਂ ਇਲਾਵਾ ਤਿੰਨਾਂ ਸੈਨਾਵਾਂ ਦੇ ਪਰਮਵੀਰ ਚੱਕਰ ਨਾਲ ਸਨਮਾਨਤ ਵੀਰਾਂ ਦੇ ਜੀਵਨ-ਪਛਾਣ ਦੀ ਪ੍ਰਦਰਸ਼ਨੀ ਨੇ ਹਾਜ਼ਰੀਨਾਂ ਵਿਚ ਗੌਰਵ ਅਤੇ ਪ੍ਰੇਰਣਾ ਦਾ ਸੰਚਾਰ ਕੀਤਾ। ਸਮਾਜਿਕ ਸਮਰਸਤਾ ਬਾਰੇ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਵਿਭਿੰਨਤਾ ਵਿਚ ਏਕਤਾ ਦੀ ਜੀਵੰਤ ਮੂਰਤੀ ਹੈ। ਜਾਤੀ, ਭਾਸ਼ਾ, ਖੇਤਰ ਅਤੇ ਪੰਥ ਤੋਂ ਉੱਪਰ ਉਠ ਕੇ ਰਾਸ਼ਟਰ ਹਿੱਤ ਨੂੰ ਸਰਵ ਉੱਚ ਮੰਨਣਾ ਹੀ ਸੱਚੀ ਰਾਸ਼ਟਰਭਗਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਵਿਚ ਆਪਸੀ ਵਿਸ਼ਵਾਸ, ਸਹਿਯੋਗ ਅਤੇ ਸਮਰਸਤਾ ਦਾ ਮਾਹੌਲ ਬਣਦਾ ਹੈ, ਉਦੋਂ ਹੀ ਰਾਸ਼ਟਰ ਮਜ਼ਬੂਤ ਹੁੰਦਾ ਹੈ। ਨਾਗਰਿਕ ਕਰਤੱਬਾਂ ਬਾਰੇ ਉਨ੍ਹਾਂ ਕਿਹਾ ਕਿ ਅਧਿਕਾਰਾਂ ਦੇ ਨਾਲ ਕਰਤੱਬਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨਾ ਰਾਸ਼ਟਰ ਨੂੰ ਮਜ਼ਬੂਤ ਬਣਾਉਂਦਾ ਹੈ। ਅਨੁਸ਼ਾਸਨ, ਨਿਸ਼ਠਾ ਅਤੇ ਚਰਿਤ੍ਰਬਲ ਵਰਗੇ ਗੁਣ ਸਮਾਜ ਦੇ ਹਰ ਖੇਤਰ ਵਿਚ ਫੈਲਣੇ ਚਾਹੀਦੇ ਹਨ। ਉਨ੍ਹਾਂ ਸਾਬਕਾ ਸੈਨਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਨੁਭਵ ਅਤੇ ਅਗਵਾਈ ਨਾਲ ਨੌਜਵਾਨ ਪੀੜ੍ਹੀ ਨੂੰ ਮਾਰਗਦਰਸ਼ਨ ਦੇਣ।


author

Gurminder Singh

Content Editor

Related News