ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ

Wednesday, Feb 24, 2021 - 01:39 PM (IST)

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਦਾ ਉਦਘਾਟਨ

ਅਹਿਮਦਾਬਾਦ (ਭਾਸ਼ਾ) : ਭਾਰਤ ਅਤੇ ਇੰਗਲੈਂਡ ਵਿਚਾਲੇ ਡੇਅ-ਨਾਈਟ ਮੈਚ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਬੁੱਧਵਾਰ ਨੂੰ ਨਵੇਂ ਸਿਰੇ ਤੋਂ ਤਿਆਰ ਕੀਤੇ ਗਏ ਮੋਟੇਰਾ ਦੇ ਸਰਦਾਰ ਪਟੇਲ ਸਟੇਡੀਅਮ ਦਾ ਉਦਘਾਟਨ ਕੀਤਾ ਜੋ ਦੁਨੀਆ ਦਾ ਸਭ ਤੋਂ ਵੱਡਾ ਅਤੇ ਅਤਿ-ਆਧੁਨਿਕ ਕ੍ਰਿਕਟ ਸਟੇਡੀਅਮ ਹੈ, ਜਿਸ ਵਿਚ 1 ਲੱਖ 32 ਹਜ਼ਾਰ ਦਰਸ਼ਕ ਬੈਠ ਸਕਦੇ ਹਨ। ਰਾਸ਼ਟਰਪਤੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਕਿਰੇਨ ਰੀਜੀਜੂ ਸਮੇਤ ਕਈ ਮਹਿਮਾਨਾ ਦੀ ਮੌਜੂਦਗੀ ਵਿਚ ਸਟੇਡੀਅਮ ਦਾ ਉਦਘਾਟਨ ਕੀਤਾ। 

ਇਹ ਵੀ ਪੜ੍ਹੋ: ਵਿਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਨਵੇਂ ਨਿਯਮ ਲਾਗੂ, ਦੇਣਾ ਪਵੇਗਾ ਸਵੈ ਘੋਸ਼ਣਾ ਫਾਰਮ

 

ਕਰੀਬ 63 ਏਕੜ ਤੋਂ ਜ਼ਿਆਦਾ ਖੇਤਰ ਵਿਚ ਫੇਲੇ ਇਸ ਸਟੇਡੀਅਮ ਦੀ ਦਰਸ਼ਕ ਸਮਰਥਾ 1 ਲੱਖ 32 ਹਜ਼ਾਰ ਹੈ ਅਤੇ ਇਸ ’ਤੇ 800 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮੈਲਬੌਰਨ ਕ੍ਰਿਕਟ ਗਰਾਊਂਡ ਸਭ ਤੋਂ ਵੱਡਾ ਸਟੇਡੀਅਮ ਸੀ, ਜਿਸ ਦੀ ਦਰਸ਼ਕ ਸਮਰਥਾ 90000 ਹੈ। ਪ੍ਰੈਸ ਸੂਚਨਾ ਬਿਊਰੋ ਵੱਲੋਂ ਜਾਰੀ ਸੂਚਨਾ ਵਿਚ ਕਿਹਾ ਗਿਆ, ‘ਇਹ ਓਲੰਪਿਕ ਆਕਾਰ ਦੇ 32 ਫੁੱਟਬਾਲ ਸਟੇਡੀਅਮਾਂ ਦੇ ਬਰਾਬਰ ਦਾ ਹੈ।’ ਇਸ ਮੈਦਾਨ ਨੂੰ 2015 ਵਿਚ ਨਵੀਨੀਕਰਣ ਲਈ ਬੰਦ ਕਰ ਦਿੱਤਾ ਗਿਆ ਸੀ। ਇਹ ਕ੍ਰਿਕਟ ਦੇ ਇਤਿਹਾਸ ਦੇ ਕਈ ਗੌਰਵਸ਼ਾਲੀ ਪਲਾਂ ਦਾ ਗਵਾਹ ਰਿਹਾ ਹੈ। ਇਸ ਵਿਚ ਸੁਨੀਲ ਗਾਵਸਕਰ ਦਾ 1987 ਵਿਚ 10,000 ਟੈਸਟ ਦੌੜਾਂ ਪੂਰੀਆਂ ਕਰਨਾ ਅਤੇ ਕਪਿਲ ਦੇਵ ਦਾ 432 ਟੈਸਟ ਵਿਕਟਾਂ ਲੈ ਕੇ 1994 ਵਿਚ ਸਰ ਰਿਚਰਡ ਹੈਡਲੀ ਦਾ ਰਿਕਾਰਡ ਤੋੜਦੇ ਹੋਏ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਨਣਾ ਸ਼ਾਮਲ ਹੈ। ਐਮ.ਸੀ.ਜੀ. ਦਾ ਡਿਜ਼ਾਇਨ ਬਣਾਉਣ ਵਾਲੇ ਆਸਟ੍ਰੇਲੀਆਈ ਆਰਕੀਟੈਕਟ ਫਰਮ ਪੋਪੁਲਸ ਸਮੇਤ ਕਈ ਮਾਹਰ ਇਸ ਦੇ ਨਿਰਮਾਣ ਵਿਚ ਸ਼ਾਮਲ ਸਨ। ਇਸ ਵਿਚ ਲਾਲ ਅਤੇ ਕਾਲੀ ਮਿੱਟੀ ਦੀਆਂ 11 ਪਿੱਚਾਂ ਬਣਾਈਆਂ ਗਈਆਂ ਹਨ। ਇਹ ਦੁਨੀਆ ਦਾ ਇਕੱਲਾ ਸਟੇਡੀਅਮ ਹੈ, ਜਿਸ ਵਿਚ ਮੁੱਖ ਅਤੇ ਅਭਿਆਸ ਪਿੱਚਾਂ ’ਤੇ ਇਕੋ ਜਿਹੀ ਮਿੱਟੀ ਹੈ।

ਇਹ ਵੀ ਪੜ੍ਹੋ: ਪਰਿਵਾਰ ਦੇ 7 ਮੈਬਰਾਂ ਦਾ ਕਤਲ ਕਰਨ ਵਾਲੀ ਸ਼ਬਨਮ ਦੀ ਦਇਆ ਪਟੀਸ਼ਨ ਰਾਜਪਾਲ ਕੋਲ ਪਹੁੰਚੀ, ਫਾਂਸੀ ਟਲੀ

 

ਰੀਜੀਜੂ ਨੇ ਉਦਘਾਟਨ ਦੇ ਮੌਕੇ ਕਿਹਾ, ‘ਅਸੀਂ ਬਚਪਨ ਵਿਚ ਭਾਰਤ ਵਿਚ ਸਭ ਤੋਂ ਵੱਡੇ ਸਟੇਡੀਅਮ ਦਾ ਸੁਫ਼ਨਾ ਦੇਖਣੇ ਸੀ ਅਤੇ ਹੁਣ ਬਤੌਰ ਖੇਡ ਮੰਤਰੀ ਇਸ ਨੂੰ ਪੂਰਾ ਹੁੰਦੇ ਦੇਖ ਮੇਰੀ ਖ਼ੁਸ਼ੀ ਦਾ ਟਿਕਾਣਾ ਨਹੀਂ ਹੈ।’ ਪਿਛਲੇ ਕੁੱਝ ਦਿਨਾਂ ਤੋਂ ਇੱਥੇ ਅਭਿਆਸ ਕਰ ਰਹੇ ਭਾਰਤ ਅਤੇ ਇੰਗਲੈਂਡ ਦੇ ਖਿਡਾਰੀਆਂ ਨੇ ਵੀ ਇਸ ਮੈਦਾਨ ਦੀ ਜੰਮ ਕੇ ਪ੍ਰਸ਼ੰਸਾਂ ਕੀਤੀ ਹੈ। ਇਸ ਵਿਚ ਅਜਿਹਾ ਡ੍ਰੇਨੇਜ ਸਿਸਟਮ ਲਗਾਇਆ ਗਿਆ ਹੈ ਕਿ ਮੀਂਹ ਦੇ ਬਾਅਦ ਪਾਣੀ ਕੱਢਣ ਲਈ ਸਿਰਫ਼ 30 ਮਿੰਟ ਲੱਗਣਗੇ। ਇਸ ਵਿਚ ਐਲ.ਈ.ਡੀ. ਲਾਈਟਾਂ ਛੱਤ ਦੇ ਪਰਿਮਾਪ ਦੇ ਨਾਲ ਹੀ ਫਿਕਸ ਕਰ ਦਿੱਤੀਆਂ ਗਈਆਂ ਹਨ, ਜਿਸ ਨਾਲ ਲਾਈਟ ਚੱਲਣ ’ਤੇ ਪਰਛਾਵਾਂ ਨਹੀਂ ਬਣੇਗਾ। ਇਹ ਅਜਿਹਾ ਇਕੱਲਾ ਕ੍ਰਿਕਟ ਸਟੇਡੀਅਮ ਹੈ, ਜਿਸ ਵਿਚ ਚਾਰ ਡਰੈਸਿੰਗ ਰੂਮ ਹਨ। ਇਸ ਤੋਂ ਇਲਾਵਾ ਕ੍ਰਿਕਟ ਅਕਾਦਮੀ, ਇੰਡੋਰ ਅਭਿਆਸ ਪਿੱਚਾਂ ਅਤੇ 2 ਵੱਖ ਅਭਿਆਸ ਮੈਦਾਨ ਹਨ।

ਇਹ ਵੀ ਪੜ੍ਹੋ: ਕਿਸਾਨੀ ਘੋਲ 'ਤੇ ਮੁੜ ਬੋਲੇ ਧਰਮਿੰਦਰ, ਟਵੀਟ ਕਰ ਜਤਾਈ ਆਪਣੀ ਬੇਵਸੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  
 


author

cherry

Content Editor

Related News